ਦੱਖਣੀ ਆਸਟ੍ਰੇਲੀਆ ਵਿੱਚ ਦਿਸੰਬਰ ਦੇ ਮਹੀਨੇ ਹੜ੍ਹਾਂ ਦੀਆਂ ਚਿਤਾਵਨੀਆਂ

ਟੁੱਟੇਗਾ ਬੀਤੇ 50 ਸਾਲਾਂ ਦਾ ਰਿਕਾਰਡ

ਮੁਰੇ ਨਦੀ ਵਿੱਚ 150 ਗੀਗਾ ਲੀਟਰ ਤੋਂ ਵੱਧ ਵਹੇਗਾ ਹਰ ਰੋਜ਼ ਪਾਣੀ

ਦੱਖਣੀ ਆਸਟ੍ਰੇਲੀਆ ਦੇ ਮੁਰੇ ਨਦੀ ਦੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਅਗਲੇ ਮਹੀਨੇ (ਦਿਸੰਬਰ 2022) ਦੌਰਾਨ ਕਾਫੀ ਹੜ੍ਹਾਂ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਉਕਤ ਨਦੀ ਵਿੱਚ ਹਰ ਰੋਜ਼ 165 ਗੀਗਾ ਲੀਟਰ ਪਾਣੀ ਵਹਿਣ ਦਾ ਅਨੁਮਾਨ ਹੈ ਅਤੇ ਸ਼ੰਕਾ ਇਹ ਵੀ ਜਾਹਿਰ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਪਾਣੀ 180 ਗੀਗਾ ਲੀਟਰ ਪ੍ਰਤੀ ਦਿਨ ਤੇ ਵੀ ਪਹੁੰਚ ਸਕਦਾ ਹੈ। ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਸਥਿਤੀ ਬੀਤੇ 50 ਸਾਲਾਂ ਵਿੱਚ ਪਹਿਲੀ ਬਣਨ ਜਾ ਰਹੀ ਹੈ ਜਦੋਂ ਕਿ ਇੰਨੀ ਮਾਤਰਾ ਵਿੱਚ ਪਾਣੀ ਇਸ ਖੇਤਰ ਵਿੱਚੋਂ ਦੀ ਲੰਘੇਗਾ।
ਇਸ ਸਥਿਤੀ ਦੇ ਅਗਲੇ ਸਾਲ 2023 ਤੱਕ ਬਣੇ ਰਹਿਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਨੂੰ ਵੀ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪ੍ਰੀਮੀਅਰ ਪੀਟਰ ਮੈਲੀਨਾਸਕਸ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਉਕਤ ਨਦੀ ਦੇ ਰੈਨਮਾਰਕ ਲੀਵੀ ਖੇਤਰ ਦਾ ਦੌਰਾ ਕੀਤਾ ਅਤੇ ਨਦੀ ਦੇ ਕਿਨਾਰਿਆਂ ਦੀ ਜਾਂਚ ਆਦਿ ਦੇ ਕੰਮਾਂ ਦਾ ਜਾਇਜ਼ਾ ਲਿਆ।
ਇਸ ਮਾਮਲੇ ਵਿੱਚ ਦੱਖਣੀ ਆਸਟ੍ਰੇਲੀਆ ਦੇ ਪਾਣੀ ਆਦਿ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸੁਸਾਨ ਕਲੋਜ਼ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਭਾਰੀ ਬਾਰਿਸ਼ ਹੈ ਅਤੇ ਮੁਰੇ-ਡਾਰਲਿੰਗ ਬੇਸਿਨ ਵਿੱਚ ਇਸ ਦਾ ਕਾਫੀ ਪ੍ਰਭਾਵ ਪਿਆ ਹੈ ਅਤੇ ਇਸੇ ਕਾਰਨ ਮੁਰੇ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਹਨ।
ਮੁਰੇ ਨਦੀ ਦੇ ਨਾਲ ਲਗਦੇ ਕੁੱਝ ਨਿਚਲੇ ਖੇਤਰਾਂ (ਕੋਬਡੋਗਲਾ ਅਤੇ ਪੈਸਲੇ) ਵਿੱਚ ਹੜ੍ਹਾਂ ਆਦਿ ਦੀਆਂ ਚਿਤਾਵਨੀਆਂ ਜਾਰੀ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਚੇਤੰਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰੀਮੀਅਰ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਜ਼ਿਆਦਾ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਇਸ ਖਤਰੇ ਦੇ ਸਮੇਂ ਵਾਸਤੇ ਹਰ ਤਰ੍ਹਾਂ ਨਾਲ ਤਿਆਰ ਹਨ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਆਦਿ ਦਾ ਸਹੀ ਪਾਲਨ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਵੀ ਅਣਗਹਿਲੀ ਲੋਕਾਂ ਵੱਲੋਂ ਨਾ ਦਿਖਾਈ ਜਾਵੇ।
ਰੈਨਮਾਰਕ ਦੇ ਮੇਅਰ ਨੇ ਵੀ ਇਸ ਬਾਬਤ ਲੋਕਾਂ ਨੂੰ ਚੇਤੰਨ ਰਹਿਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਇਸ ਸਮੇਂ ਨਾਲ ਨਜਿੱਠਣ ਵਾਸਤੇ ਰਾਜ ਸਰਕਾਰ ਜਲਦੀ ਹੀ ਇੱਕ ਪੈਕੇਜ ਦਾ ਐਲਾਨ ਕਰਨ ਜਾ ਰਹੀ ਹੈ।