ਬਿਹਾਰ ‘ਚ ਕੋਸੀ ‘ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਚੌਕਸ

BIHAR FLOODS

ਬਿਹਾਰ ‘ਚ ਕੋਸੀ ਨਦੀ ‘ਚ ਪਾਣੀ ਦਾ ਪੱਧਰ ਵਧਿਆ ਹੈ। ਬੀਰਪੁਰ ਬੈਰਾਜ ਦੇ ਮੁੱਖ ਅਧਿਕਾਰੀ ਵਿਸ਼ਨੂਕਾਂਤ ਪਾਠਕ ਨੇ ਦੱਸਿਆ ਕਿ ਕੋਸੀ ਦੇ ਪਾਣੀ ਦਾ ਪੱਧਰ ਵਧਿਆ ਜ਼ਰੂਰ ਹੈ ਪਰ ਇਸ ਦੇ ਵਿਸ਼ਾਲ ਜਲ ਖੇਤਰ ਨੂੰ ਵੇਖਦੇ ਹੋਏ ਜ਼ਿਆਦਾ ਪ੍ਰੇਸ਼ਾਨੀ ਦੀ ਗੱਲ ਨਹੀਂ ਹੈ। ਬਰਾਹ ਖੇਤਰ ‘ਚ ਸਵੇਰੇ 10 ਵਜੇ ਕੋਸੀ ਦੇ ਪਾਣੀ ਦਾ ਪੱਧਰ 1.30 ਲੱਖ ਕਿਊਸਿਕ ਸੀ ਅਤੇ ਹੁਣ ਪਾਣੀ ਦਾ ਪੱਧਰ ਵੱਧ ਰਿਹਾ ਹੈ। ਬਿਹਾਰ ਨਾਲ ਲੱਗਦੇ ਨਿਪਾਲ ‘ਚ ਭਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਦੇ ਬਾਅਦ ਅਜਿਹੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਨਿਪਾਲ ਦੇ ਰਸਤੇ ਕੋਸੀ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ। ਸੰਭਾਵਿਤ ਸੰਕਟ ਨਾਲ ਬਿਹਾਰ ਦੇ ਲਗਭਗ 8 ਜ਼ਿਲ੍ਹੇ ਸੁਪੌਲ, ਸਹਰਸਾ, ਮਾਧੇਪੁਰਾ, ਅਰਰਿਆ,ਪੂਰਨਿਮਾ, ਭਾਗਲਪੁਰ, ਖਗੜੀਆ ਮਧੁਬਨੀ ਦੀ 1.50 ਲੱਖ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਡਰ ਹੈ। ਸਰਕਾਰ ਵੱਲੋਂ ਜ਼ਰੂਰੀ ਅਤੇ ਬਚਾਉ ਕਾਰਜਾਂ ਲਈ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ ਦੀਆਂ 8 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।