ਰਿਜਕ ਦੀ ਭਾਲ ਵਿੱਚ

ਕਾਲ ਚੱਕਰ ਦਾ ਪਹੀਆ ਘੁੰਮੀ ਜਾਂਦੈ,ਉੱਤਰ ਚੋ ਰਿੱਜਕ ਲੱਭਣ ਵਾਲੇ ਦੱਖਣ ਵੱਲ ਨੂੰ ਚਾਲੇ ਪਾਉਦੇ ਤੇ ਪੱਛਮ ਵਾਲੇ ਪੂਰਬ ਨੂੰ,ਕੱਤਕ ਕੂੰਜਾਂ ਵਾਂਗ ਪਰਦੇਸੋ ਜਨਮ ਭੂਮੀ ਦੀ ਠੰਢ ਵਿੱਚ ਨਿੱਘੀਆਂ ਰਜਾਈਆਂ ਚ ਰਾਤ ਦੇ ਸਰੂਰੇ ਪਏ ਐੱਨ ਆਰ ਆਈ ਪਿਉਮਾਂ ਐਡੀਦਾਸ ਆਲੇ ਲੋਅਰ ਤੇ ਹੁੱਡੀਆਂ ਪਾਕੇ ਅਜੇ ਧੁੱਪ ਚੜੀ ਤੋ ਸੇਕਣ ਲਈ ਉਠਣਗੇ।ਹਥੌੜੇ ਵਾਂਗ ਸਿਰ ਚ ਵੱਜ ਕੇ ਉਠਾਉਣ ਵਾਲੇ ਅਲਾਰਮਾਂ ਤੋ ਉਹਨਾਂ ਨੂੰ ਨਿਜਾਤ ਮਿਲੀ ਹੈ ਪਰ ਜਨਮ ਭੁਮੀ ਤੇ ਰਹਿ ਕੇ ਰਿਜਕ ਦੀ ਭਾਲ ਵਿੱਚ ਧੁੰਦ ਨੂੰ ਚੀਰਨ ਵਾਲੇ ਅਤੇ ਦੁੱਧ ਸਬਜੀ ਭਾਜੀ ਸ਼ਹਿਰ ਜਾ ਕੇ ਵੇਚਣ ਵਾਲੇ ਪਿੰਡ ਦੇ ਕਾਮਿਆਂ ਨੂੰ ਚੁੱਲਾ ਬਲਦਾ ਰੱਖਣ ਵਾਲਾ ਡਰ, ਅਲਾਰਮ ਤੋ ਵੀ ਭੈੜਾ ਲੱਗਦੈ ‘ਤੇ ਉਹ ਚਾਰਖਾਨੇ ਖੇਸ ਦਾ ਮੜਾ੍ਹਸਾ ਮਾਰ ਤਾਰਿਆਂ ਦੇ ਚਾਨਣੇ ਸ਼ਹਿਰ ਵਾਲੀ ਸੜਕ ਨੂੰ ਮਿਧਦੇ ਸ਼ਹਿਰ ਵੱਲ ਹੋ ਤੁਰਦੇ ਹਨ।ਸਾਈਕਲਾ ਤੇ ਰੇਹੜਿਆਂ ਉੱਤੇ ਚੁੱਪ ਚਪੀਤੇ।ਕਣਕ ਨੂੰ ਤੀਜਾ ਪਾਣੀ ਲਾਉਣ ਵਾਲਿਆਂ ਦੇ ਢਿੱਡ ਚ ਪਈ ਤੱਤੀ ਚਾਹ ਮੱਲੋਮਾਲੀ ਉਹਨਾਂ ਦੇ ਡੌਲਿਆ ਨੂੰ ਲਲਕਾਰਦੀ ਕਿ ਚੱਕ ਕਹੀ ਰੱਖ ਮੋਢੇ ਤੇ,ਸਵਾ ਪੰਜ ਪਾਣੀ ਵੱਢਣੈ ਧੋਰੀ ਖਾਲ ਤੋ ਅਤੇ ਕਣਕ ਨਰਮੇ ਦੀ ਵੱਟਤ ਤੋ ਫੀਸਾਂ ਭਰਨ ਵਾਲੇ ਦੂਜੇ ਪੋਚ ਦੇ ਪੈਰਾਂ ਹੇਠ ਤਿਲਕਵੀਆਂ ਵੱਟਾਂ ਦੀ ਵਜਾਏ ਕਾਰਪੈਟ ਹੋਣ ਦੇ ਸੁਪਨੇ ਸਜਾਉਣ ਵਾਲੇ ਪਿੰਡਾਂ ਦੇ ਬਜੁਰਗਾਂ ਦੇ ਸੁਪਨਮਈ ਸੰਸਾਰ ਚੋ ਉਡਾਰੀ ਭਰ ਕੇ ਮੈ ਯੂਨੀਵਰਸਿਟੀ ਤੱਕ ਪਹੁੰਚ ਗਿਆ ਸੀ।

ਯੂਨੀਂਵਰਸਿਟੀ ਪਟਿਆਲੇ ਮਾਸਟਰ ਡਿਗਰੀ ਕਰਦਿਆ ਮੈਂ ਹੋਸਟਲ ਵਿੱਚ ਰਹਿੰਦਾ ਹੁੰਦਾ ਸੀ ਪਰ ਹਰ ਦੂਜੇ ਸ਼ੁਕਰਵਾਰ ਨੂੰ ਘਰ ਆ ਜਾਂਦਾ ਤੇ ਫਿਰ ਸੋਂਮਵਾਰ ਨੂੰ ਪਿੰਡ ਤੋਂ ਪੰਜ ਕਿਲੋਮੀਟਰ ਦੂਰੀ ਤੇ ਮੰਡੀ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ ਛੇ ਵਜੇ ਵਾਲੀ ਟਰੇਨ ਫੜਦਾ ਹੁੰਦਾ ਸੀ।ਗੰਗਾਨਗਰ ਤੋਂ ਦਿੱਲੀ ਜਾਂਣ ਵਾਲੀ ਸੁਪਰਫਾਸਟ ਟਰੇਨ ਸੀ,ਮੰਡੀ ਚ ਵੜਨ ਲਈ ਫਾਟਕ ਲੰਘਣਾਂ ਪੈਦਾ ਸੀ,ਸਵੇਰ ਵੇਲੇ ਇਹ ਫਾਟਕ ਇਹਨਾਂ ਲਈ ਹੀ ਬੰਦ ਹੁੰਦਾ ਹੋਵੇਗਾ। ਭਾਵੇ ਠੰਡ ਹੁੰਦੀ ਭਾਵੇ ਗਰਮੀਂ ਕੋਈ ਨਾਂ ਕੋਈ ਮੈਨੂੰ ਸਕੂਟਰ ਮੋਟਰਸਾਈਕਲ ਤੇ ਮੰਡੀ ਤੱਕ ਛੱਡ ਆਉਂਦਾ।ਪਿੰਡ ਤੋਂ ਸ਼ਹਿਰ ਤੱਕ ਵਾਲੀ ਸੜਕ ਤੇ ਸ਼ਹਿਰ ਤੋਂ ਦੋ ਕਿਲੋਮੀਟਰ ਪਿੰਡ ਵੱਲ ਨੂੰ ਸਵੇਰੇ ਸਵੇਰੇ ਸ਼ਹਿਰੀ ਬਾਬੂਆਂ ਦੀਆਂ ਸੈਰ ਕਰਨ ਵਾਲੀਆਂ ਟੋਲੀਆਂ ਪਿੰਡ ਵੱਲ ਨੂੰ ਦੌੜੀਆਂ ਜਾਂਦੀਆਂ।ਸ਼ਹਿਰੀ ਬਾਬੂਆਂ ਦੇ ਢਿੱਡ ਪਹਿਲਾਂ ਦਿਸ ਪੈਦੇ।ਪੇਂਡੂ ਕਾਮਿਆਂ ਅਤੇ ਸ਼ਹਿਰੀ ਬਾਬੂਆਂ ਦੇ ਫਿਕਰਾਂ ਵਿੱਚ ਜਮੀਨ ਆਸਮਾਨ ਦਾ ਫਰਕ ਸੀ।ਅੱਥਰੇ ਘੋੜੇ ਵਾਂਗੂ ਸ਼ਾਂਮ ਨੂੰ ਕੁੜਤਿਆਂ ਦੇ ਗੀਝੇ ਵਿੱਚ ਪਏ ਨੀਲੇ ਪੱਤੇ ਉਹਨਾਂ ਨੂੰ ਕਾਬੂ ਤੋ ਬਾਹਰ ਕਰ ਦਿੰਦੇ। ਸਰਦੀ ਦੇ ਦਿਨਾਂ ਚ ਠੰਢ ਅਤੇ ਹਨੇਰਾ ਹੋਣ ਦੇ ਬਾਵਜੂਦ ਵੀ ਸੈਰ ਕਰਨ ਵਾਲਿਆ ਦੀ ਗਿਣਤੀ ਵਿੱਚ ਕਮੀ ਨਹੀਂ ਆਉਂਦੀ ਸੀ।ਮੇਰੇ ਸਮੇਤ ਮੇਰੇ ਪਿੰਡ ਦੇ ਹੋਰ ਕਾਮੇ,ਸਬਜੀ ਵੇਚਣ ਵਾਲੇ,ਦੂਰ ਦੁਰੇਡੇ ਰਿਸ਼ਤੇਦਾਰੀ ਵਿੱਚ ਜਾਂਣ ਵਾਲੇ ਕਿੰਨੇ ਲੋਕ ਸ਼ਹਿਰ ਵੱਲ ਨੂੰ ਜਾ ਰਹੇ ਹੁੰਦੇ ਤੇ ਸ਼ਹਿਰੀਏ ਪਿੰਡਾਂ ਵੱਲ ਨੂੰ ਭੱਜ ਰਹੇ ਹੁੰਦੇ।ਉਲਟ ਦਿਸ਼ਾ ਵਿੱਚ ਚੱਲਣ ਵਾਲੇ ਇਹਨਾਂ ਰਾਹਗੀਰਾਂ ਨੇ ਆਪਣੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਨੂੰ ਮੁੜ ਜਾਣਾ ਹੁੰਦਾ ਸੀ।ਸੋਚ ਉਪਜਦੀ ਕਿ ਸਾਨੂੰ ਕਿੱਥੇ ਸੰਤੁਸ਼ਟੀ ਮਿਲੂਗੀ।ਪਿੰਡਾਂ ਵਾਲੇ ਸ਼ਹਿਰਾਂ ਨੂੰ ਤੇ ਸ਼ਹਿਰਾਂ ਵਾਲੇ ਪਿੰਡਾਂ ਨੂੰ ਭੱਜ ਰਹੇ ਹਨ।ਵਰਤਾਰਾ ਅਜੇ ਵੀ ਬਾ-ਦਸਤੂਰ ਜਾਰੀ ਐ।

 

ਹਰਮੰਦਰ ਕੰਗ

Install Punjabi Akhbar App

Install
×