ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਖੁਦ ਚੁੱਪ ਰਹਿਣ ਅਤੇ ਕਿਸਾਨਾ ਦੇ ਮਨ ਦੀ ਬਾਤ ਸੁਣਨ: ਚੰਦਬਾਜਾ

ਆਖਿਆ! ਕਿਸਾਨ, ਮਜਦੂਰ, ਵਪਾਰੀ ਅਤੇ ਮੁਲਾਜ਼ਮ ਨੂੰ ਵੀ ਬੋਲਣ ਦਾ ਹੈ ਅਧਿਕਾਰ

ਫਰੀਦਕੋਟ:- ਸਮਾਜਸੇਵਾ ਦੇ ਖੇਤਰ ‘ਚ ਜਿਕਰਯੋਗ ਅਤੇ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੀ ਸੰਸਥਾ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਨੇ ‘ਕਿਸਾਨ ਅੰਦੋਲਨ’ ਦੀ ਪੂਰਨ ਤੌਰ ‘ਤੇ ਹਮਾਇਤ ਕਰਦਿਆਂ ਆਖਿਆ ਹੈ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਨ ਕੀ ਬਾਤ’ ਵਾਲੇ ਪ੍ਰੋਗਰਾਮ ਦਾ ਢੰਗ-ਤਰੀਕਾ ਬਦਲ ਲੈਣਾ ਚਾਹੀਦਾ ਹੈ। ਸੁਸਾਇਟੀ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ‘ਚ ਹੋਈ ਅਹਿਮ ਮੀਟਿੰਗ ਦੌਰਾਨ ਹਰਵਿੰਦਰ ਸਿੰਘ ਮਰਵਾਹਾ, ਮੱਘਰ ਸਿੰਘ, ਰਾਜਪਾਲ ਸਿੰਘ ਹਰਦਿਆਲੇਆਣਾ ਅਤੇ ਅੰਤਰਰਾਸ਼ਟਰੀ ਹਾਕੀ ਕੋਚ ਹਰਬੰਸ ਸਿੰਘ ਨੇ ਆਖਿਆ ਕਿ ਦੇਸ਼ ਦੇ ਹਾਕਮ ਲਈ ਇਕ ਪਾਸੜ ਬਿਆਨਬਾਜੀ ਕਰਕੇ ਫੈਸਲੇ ਥੌਪਣ ਅਤੇ ਸਿਰਫ ਆਪਣੇ ਮਨ ਦੀ ਗੱਲ ਸਾਂਝੀ ਕਰਨ ਵਾਲੀਆਂ ਕਾਰਵਾਈਆਂ ਅਜੀਬ ਅਤੇ ਹਾਸੋਹੀਣੀਆਂ ਜਾਪਦੀਆਂ ਹਨ। ਕਿਉਂਕਿ ਗੁਰੂ ਸਾਹਿਬਾਨ ਨੇ ਵੀ ਕੁਝ ਕਹਿਣ ਅਤੇ ਕੁਝ ਸੁਣਨ ਦਾ ਉਪਦੇਸ਼ ਦਿੱਤਾ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਵਾਲ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਲਗਾਤਾਰ ਸਾਢੇ 6 ਸਾਲ ਪ੍ਰੈੱਸ ਦੇ ਸਾਹਮਣੇ ਨਾ ਆਉਣਾ ਅਰਥਾਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਜੁਰਅੱਤ ਨਾ ਦਿਖਾਉਣ ਵਾਲੀਆਂ ਗੱਲਾਂ ਦਾ ਜਵਾਬ ਕੌਣ ਦੇਵੇਗਾ? ਉਨਾਂ ਨਸੀਅਤ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲਗਾਤਾਰ ਸਾਢੇ 6 ਸਾਲ ਕੀਤੀ ਗਈ ਮਨ ਕੀ ਬਾਤ ਵਾਲੀਆਂ ਗੱਲਾਂ ਦਾ ਜਵਾਬ ਲੈਣ ਲਈ ਕਿਸਾਨ, ਮਜਦੂਰ, ਵਿਦਿਆਰਥੀ, ਵਪਾਰੀ, ਮੁਲਾਜ਼ਮ ਸਮੇਤ ਹਰ ਜਾਤ-ਨਸਲ ਦੇ ਵਿਅਕਤੀ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਪ੍ਰਧਾਨ ਮੰਤਰੀ ਦੇ ਮਨ ਦੀ ਗੱਲ ਦਾ ਆਮ ਲੋਕਾਂ ਦੇ ਮਨਾ ‘ਤੇ ਪੈ ਰਿਹਾ ਪ੍ਰਭਾਵ ਵੀ ਸਾਹਮਣੇ ਆ ਜਾਵੇਗਾ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਤੋਂ ਵੀ ਦੇਸ਼-ਵਿਦੇਸ਼ ਦੇ ਲੋਕ ਜਾਣੂ ਹੋ ਜਾਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਰੁਣਜੀਤ ਸਿੰਘ ਨਰੂਲਾ, ਜਗਤਾਰ ਸਿੰਘ ਗਿੱਲ, ਰਜਿੰਦਰ ਸਿੰਘ ਬਰਾੜ, ਜਗਜੀਵਨ ਸਿੰਘ ਸਰਾਫ, ਇੰਜੀ ਵਜਿੰਦਰ ਵਿਨਾਇਕ, ਇੰਸ. ਹਰੀਸ਼ ਵਰਮਾ, ਪ੍ਰਭਜੋਤ ਸਿੰਘ, ਮਨਦੀਪ ਸਿੰਘ, ਗੁਰਨਾਮ ਸਿੰਘ ਘਣੀਆ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਫੋਟੋ 28ਜੀ ਐਸ ਸੀ1

Install Punjabi Akhbar App

Install
×