ਸਹੀ ਵਕਤ

Balraj Sidhu 170201 sahi timeeee

ਖਾਨਦਾਨੀ ਮਹਾਂ ਜੋਤਸ਼ੀ ਸ਼੍ਰੀ ਸ਼੍ਰੀ ਚਾਲੂਦਾਸ ਪੀਲੀ ਕਿਤਾਬ ਵਾਲੇ ਦੀ ਸਾਰੇ ਇਲਾਕੇ ਵਿੱਚ ਤੂਤੀ ਬੋਲਦੀ ਸੀ। ਹਰ ਵਕਤ ਲਾਲ-ਪੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੁਕਾਨ ਅੱਗੇ ਖੜੀਆਂ ਰਹਿੰਦੀਆਂ ਸਨ। ਅਨੇਕਾਂ ਅਫਸਰ ਤੇ ਨੇਤਾ ਉਸ ਨੂੰ ਪੁੱਛੇ ਬਗੈਰ ਬਾਥਰੂਮ ਵੀ ਨਹੀਂ ਸਨ ਜਾਂਦੇ। ਉਸ ਦੀਆਂ ਭਵਿੱਖਬਾਣੀਆਂ ਇਲਾਹੀ ਹੁਕਮ ਸਮਝੇ ਜਾਂਦੇ ਸਨ। ਦੂਰੋਂ ਦੂਰੋਂ ਲੋਕ ਉਸ ਕੋਲੋਂ ਮੁਸੀਬਤਾਂ ਤੋਂ ਬਚਣ ਲਈ ਉਪਾਅ ਕਰਾਉਣ ਪਹੁੰਚਦੇ ਸਨ। ਇਹ ਗੱਲ ਅਲੱਗ ਹੈ ਕਿ ਉਹ ਨੋਟਬੰਦੀ ਬਾਰੇ ਭਵਿੱਖਬਾਣੀ ਕਰਨ ਤੋਂ ਉੱਕ ਗਿਆ ਸੀ। ਉਸ ਦਾ ਖੁਦ ਦਾ ਦੋ ਕਰੋੜ ਬਹੁਤ ਮੁਸ਼ਕਲ ਨਾਲ ਹਵਾਲੇ ਦਾ ਕਾਰੋਬਾਰ ਕਰਨ ਵਾਲੇ ਇੱਕ   ਚੇਲੇ ਨੇ 50% ਕੱਟ ਲਗਾ ਸਫੈਦ ਕੀਤਾ ਸੀ। ਉਸ ਦੀਆਂ ਭਵਿੱਖਬਾਣੀਆਂ ਅਖਬਾਰ, ਦੀਵਾਰ ਅਤੇ ਇਸ਼ਤਿਹਾਰ, ਮਤਲਬ ਮਾਹੌਲ ਵੇਖ ਕੇ ਕੀਤੀਆਂ ਜਾਂਦੀਆਂ ਸਨ। ਉਹ ਸਿਆਸੀ ਹਵਾ ਦਾ ਅਨੁਮਾਨ ਲਗਾ ਕੇ ਹੀ ਕਿਸੇ ਰਾਜਨੀਤਕ ਪਾਰਟੀ ਦੀ ਹਾਰ ਜਿੱਤ ਬਾਰੇ ਅਕਾਸ਼ਵਾਣੀ ਕਰਦਾ ਸੀ।

ਇਲੈੱਕਸ਼ਨਾਂ ਦਾ ਐਲਾਨ ਹੂੰਦੇ ਸਾਰ ਪਾਰਟੀਆਂ ਨੇ ਆਪੋ ਆਪਣੇ ਮਹਾਂਰਥੀ ਚੋਣ ਮੈਦਾਨ ਵਿੱਚ ਝੋਂਕ ਦਿੱਤੇ। ਜਿੱਤ ਹਾਸਲ ਕਰਨ ਲਈ ਨੇਤਾ ਵੋਟਰਾਂ ਦੇ ਨਾਲ ਨਾਲ ਡੇਰਿਆਂ, ਬਾਬਿਆਂ ਅਤੇ ਜੋਤਸ਼ੀਆਂ ਵੱਲ ਗੇੜੇ ਮਾਰਨ ਲੱਗ ਪਏ। ਹਲਕਾ ਹਰਦਾਸ ਨਗਰ ਦੀ ਵੱਕਾਰੀ ਸੀਟ ਦੇ ਤਿੰਨ ਉਮੀਦਵਾਰ ਚਾਲੂਦਾਸ ਦੇ ਪੱਕੇ ਮੁਰੀਦ ਸਨ। ਸਾਰੇ ਇੱਕ ਦੂਸਰੇ ਤੋਂ ਅੱਖ ਬਚਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁੱਭ ਘੜੀ ਪਤਾ ਕਰਨ ਲਈ ਚਾਲੂਦਾਸ ਦੇ ਚਰਨੀਂ ਆ ਲੱਗੇ। ਕਾਗਜ਼ ਦਾਖਲ ਕਰਨ ਦੀ ਆਖਰੀ ਤਾਰੀਖ 30 ਦਸੰਬਰ ਸੀ। ਉਸ ਨੇ ਇੱਕ ਉਮੀਦਵਾਰ ਨੂੰ 17 ਤਾਰੀਖ ਸਵੇਰੇ 10 ਵੱਜ ਕੇ 14 ਮਿੰਟ ਅਤੇ 33 ਸੈਕੰਡ, ਦੂਸਰੇ ਨੂੰ 18 ਤਾਰੀਖ 2 ਵੱਜ ਕੇ 49 ਮਿੰਟ ਅਤੇ 6 ਸੈਕੰਡ ਦਾ ਅਤੇ ਤੀਸਰੇ ਨੂੰ 19 ਤਾਰੀਖ 11 ਵੱਜ ਕੇ 17 ਮਿੰਟ ਦਾ ਸ਼ੁੱਭ ਸਮਾਂ ਕਾਗਜ਼ ਦਾਖਲ ਲਈ ਨਿਸ਼ਚਿਤ ਕਰ ਕੇ ਦਿੱਤਾ। ਸਾਰੇ ਉਮੀਦਵਾਰਾਂ ਕੋਲੋਂ 51-51 ਹਜ਼ਾਰ ਰੁਪਏ ਕਾਰਜ ਸਿੱਧ ਕਰਨ ਦਾ ਉਪਾਅ ਕਰਨ ਦੇ ਨਾਮ ‘ਤੇ ਅਲੱਗ ਝਾੜ ਲਏ।

ਉਸ ਦਾ ਮੂੰਹ ਲੱਗਿਆ ਸ਼ਾਗਿਰਦ ਘਸੀਟਾ ਸਾਰਾ ਤਮਾਸ਼ਾ ਬਹੁਤ ਗਹੁ ਨਾਲ ਵੇਖ ਰਿਹਾ ਸੀ। ਜਦੋਂ ਉਸ ਕੋਲੋਂ ਨਾ ਹੀ ਰਿਹਾ ਗਿਆ ਤਾਂ ਉਸ ਨੇ ਚਾਲੂਦਾਸ ਨੂੰ ਪੁੱਛਿਆ, ”ਗੁਰੂ ਜੀ ਇਹ ਕੀ ਲੋਹੜਾ ਮਾਰੀ ਜਾਂਦੇ ਉ? ਇੱਕ ਸੀਟ ਤੋਂ ਇੱਕ ਉਮੀਦਵਾਰ ਜਿੱਤਣਾ ਆ ਕਿ ਤਿੰਨ? ਤੁਸੀਂ ਤਾਂ ਸਾਰਿਆਂ ਨੂੰ ਈ ਸ਼ੁੱਭ ਘੜੀ ਦਾ ਲਾਲੀਪਾਪ ਪਕੜਾਈ ਜਾਂਦੇ ਉ। ਜਿਹੜੇ ਹਾਰ ਗਏ ਉਹ ਤੁਹਾਡੇ ਗਲ ਨਹੀਂ ਪੈਣਗੇ? ਐਵੇਂ ਨਾ ਸਿਰ ਪੜਵਾ ਕੇ ਬਹਿ ਜਾਇਉ।” ਚਾਲੂਦਾਸ ਹੱਸਣ ਲੱਗ ਪਿਆ, ”ਉਏ ਮੂਰਖਾ ਜਿਸ ਬੰਦੇ ਨੂੰ ਆਪਣੇ ਆਪ ‘ਤੇ ਯਕੀਨ ਨਹੀਂ ਉਸ ਨੇ ਸਾਡੇ ਗਲ ਕੀ ਪੈਣਾ? ਜੇ ਟੂਣੇ ਟਾਮਣ ਅਤੇ ਸ਼ੁੱਭ ਘੜੀਆਂ ਨਾਲ ਜਿੱਤ ਪ੍ਰਾਪਤ ਹੁੰਦੀ ਹੋਵੇ ਫਿਰ ਵੋਟਰਾਂ ਪਿੱਛੇ ਧੂੜ ਫੱਕਣ ਦੀ ਕੀ ਜਰੂਰਤ ਹੈ? ਲੀਡਰ ਘਰੇ ਬੈਠੇ ਬਿਠਾਏ ਨਾ ਜਿੱਤ ਜਾਇਆ ਕਰਨ। ਫਿਰ ਤਾਂ ਮੈਂ ਵੀ ਕੋਈ ਜਾਦੂ ਮੰਤਰ ਮਾਰ ਕੇ ਐਮ.ਐਲ.ਏ. ਬਣ ਜਾਂਦਾ। ਨਾਲੇ ਆਪਾਂ ਆਪਣਾ ਬਚਾਅ ਪਹਿਲਾਂ ਹੀ ਕਰ ਲਿਆ ਆ। ਮਿੰਟਾਂ ਨਾਲ ਸਕਿੰਟ ਵੀ ਟੋਚਣ ਕਰ ਦਿੱਤੇ ਨੇ। ਕੋਈ ਟਾਈਮ ਸਿਰ ਕਾਗਜ਼ ਦਾਖਲ ਕਰਨ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਇੱਕ ਅੱਧ ਮਿੰਟ-ਸਕਿੰਟ ਤਾਂ ਅੱਗੇ ਪਿੱਛੇ ਹੋ ਈ ਜਾਣਾ। ਉਹੀ ਪੁਆਇੰਟ ਆਪਾਂ ਪਕੜ ਲੈਣਾ ਅਗਲੇ ਨੂੰ ਝੂਠਾ ਸਾਬਤ ਕਰਨ ਲਈ। ਨਾਲੇ ਅੱਜ ਤੱਕ ਕਿੰਨੇ ਕੁ ਲੋਕ ਵੇਖੇ ਆ ਜੋਤਸ਼ੀਆਂ ਦੇ ਗਲ ਪੈਂਦੇ? ਆਪੇ ਆਪਣੇ ਮਾੜੇ ਕਰਮਾਂ ਨੂੰ ਰੋ ਧੋ ਕੇ ਚੁੱਪ ਕਰ ਜਾਂਦੇ ਨੇ।” ਚਾਲੂਦਾਸ ਦੇ ਅਟੱਲ ਸੱਚਾਈ ਨਾਲ ਲਬਰੇਜ਼ ਪ੍ਰਵਚਨ ਸੁਣ ਕੇ ਘਸੀਟੇ ਨੇ ਭੱਜ ਕੇ ਉਸ ਦੇ ਚਰਣ ਪਕੜ ਲਏ।

 

Install Punjabi Akhbar App

Install
×