ਮੁੜਨਾ…. ਮੋਦੀ ਦਾ ਪੰਜਾਬ ਤੋਂ ਵਾਪਿਸ..

ਕਈ ਦਿਨਾਂ ਤੋਂ ਭਾਰਤ ਦੇ ਅਖ਼ਬਾਰਾਂ ਅਤੇ ਚੈਨਲਾਂ ਵਿਚ ਗਾਹ ਪਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਵਾਪਿਸ ਮੁੜਣ ਦੀਆਂ ਖ਼ਬਰਾ ਤੋਂ ਬਿਨਾਂ ਹੋਰ ਕੋਈ ਖਬ਼ਰ ਹੀ ਨਹੀਂ ਆ ਰਹੀ।ਸੱਭ ਖਬ਼ਰਾਂ ਪਿੱਛੇ ਧੱਕ ਦਿੱਤੀਆਂ ਗਈਆਂ ਹਨ। ਮੋਦੀ ਦੇ ਬਠਿੰਡਾ ਹਵਾਈ ਅੱਡੇ ਉੱਤੇ ਪੰਜਾਬ ਦੇ ਅਧਿਕਾਰੀਆਂ ਨੂੰ ਇਹ ਕਹਿਣਾ ਕਿ ..ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕਿ ਮੈਂ ਪੰਜਾਬ ਵਿੱਚੋਂ ਆਪਣੀ ਜਾਨ ਬਚਾ ਕੇ ਬਠਿੰਡਾ ਹਵਾਈ ਅੱਡੇ ਤੋਂ ਵਾਪਿਸ ਜਾ ਰਿਹਾ ਹਾਂ.. ਨਿਰੋਲ ਅੱਗ ਲਾਉ ਸ਼ਬਦਾਵਲੀ ਹੈ।
5 ਜਨਵਰੀ ਨੂੰ ਮੈਂ ਸਵੇਰ ਤੋਂ ਪੰਜਾਬ ਅਤੇ ਨੈਸ਼ਨਲ ਚੈਨਲ ਬਦਲ ਬਦਲ ਕੇ ਹਰ ਖ਼ਬਰ ਉੱਤੇ ਨਜ਼ਰ ਰੱਖ ਰਿਹਾ ਸਾਂ। ਮੈਂ ਪ੍ਰਧਾਨ ਮੰਤਰੀ ਦੀ ਫੇਰੀ ਦੀ ਬਾਰੀਕ ਤੋਂ ਬਾਰੀਕ ਘਟਨਾ ਵੀ ਦੇਖਣ ਤੋਂ ਖੁੰਝਣਾ ਨਹੀਂ ਸਾਂ ਚਾਹੁੰਦਾ। ਮੈਂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਸ਼ੁਗਾਤਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹੋਂ ਆਪ ਦੇਖਣਾ ਅਤੇ ਸੁਣਨਾ ਚਾਹੁੰਦਾ ਸਾਂ। ਗਿਆਰਾਂ ਵਜ ਗਏ। ਬਾਰਾਂ ਵੱਜ ਗਏ। ਪ੍ਰਧਾਨ ਮੰਤਰੀ ਸੜਕ ਰਸਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸਮਾਧਾਂ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਜਾ ਰਹੇ ਹਨ। ਚੈਨਲਾਂ ਵਾਲੇ ਕਦੇ ਸ਼ਹੀਦਾਂ ਦੀਆਂ ਫ਼ੋਟੋਆਂ ਦਿਖਾਉਂਦੇ। ਕਦੇ ਮੋਦੀ ਦੇ ਕਾਫ਼ਲੇ ਦੀਆਂ। ਕਦੇ ਕਿਸਾਨਾਂ ਦੇ ਸੜ੍ਹਕ ਰੋਕਣ ਦੀਆਂ ਤਸਵੀਰਾਂ। ਤੇ ਕਦੇ ਫ਼ਿਰੋਜ਼ਪੁਰ ਰੈਲੀ ਵਾਲੀ ਥਾਂ। ਵੀ.ਆਈ.ਪੀ. ਕੁਰਸੀਆਂ ਖ਼ਾਲੀ ਦੇਖ ਕੇ ਹੈਰਾਨੀ ਹੋ ਰਹੀ ਸੀ। ਚੈਨਲਾਂ ਉੱਤੇ ਲਗਾਤਾਰ ਆ ਰਿਹਾ ਸੀ ਕਿ ਪ੍ਰਧਾਨ ਮੰਤਰੀ ਛੇਤੀ ਹੀ ਰੈਲੀ ਵਿਚ ਪਹੁੰਚ ਰਹੇ ਹਨ। ਪੰਜਾਬ ਦਾ ਇੱਕ ਚੈਨਲ ਹੁਣ ਲਗਾਤਾਰ ਦਰਸ਼ਕਾਂ ਖਾਤਰ ਰੱਖੀਆਂ ਖ਼ਾਲੀ ਕੁਰਸੀਆਂ ਦਿਖਾ ਰਿਹਾ ਸੀ। ਦੂਰ ਦੂਰ ਤੱਕ ਲਾਲ ਰੰਗ ਦੀਆਂ ਖ਼ਾਲੀ ਕੁਰਸੀਆਂ ਨਜ਼ਰ ਆ ਰਹੀਆ ਸਨ। ਹੁਣੇ ਹੁਣੇ ਭਾਜਪਾ ਨਾਲ ਸਾਂਝ ਪਿਆਲੀ ਪਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਖਾਲੀ ਝਾਕਦੀਆਂ ਕੁਰਸੀਆਂ ਨੂੰ ਸੰਬੋਧਨ ਕਰਦਾ ਨਜ਼ਰੀਂ ਪੈ ਰਿਹਾ ਸੀ। ਮੈਂ ਕੋਲ ਬੈਠੀ ਪਤਨੀ ਨੂੰ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਨੂੰ ਹੁਣ ਤੱਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੀ ਨਹੀਂ ਦਿਖਾਇਆ ਗਿਆ, ਦਾਲ ਵਿਚ ਕੁੱਝ ਕਾਲਾ ਹੈ। ਚੈਨਲਾਂ ਵਾਲੇ ਖਾਲੀ ਕੁਰਸੀਆਂ ਵੀ ਲਗਾਤਾਰ ਦਿਖਾ ਰਹੇ ਸਨ। ਦੋ ਵਜਣ ਵਾਲੇ ਹੋ ਗਏ ਹਨ। ਤੇ ਹੁਣ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਦਿਖਾ ਰਹੇ ਹਨ। ਪਰ ਉੱਥੇ ਕਿਸਾਨ ਤਾਂ ਨਜ਼ਰ ਨਹੀਂ ਆ ਰਹੇ। ਬੀ.ਜੇ.ਪੀ. ਦੇ ਕੰਵਲ ਫੁੱਲ ਵਾਲੇ ਝੰਡੇ ਝੁੱਲ ਰਹੇ ਦਿਸ ਰਹੇ ਹਨ।
ਫੇਰ ਢਾਈ ਵਜੇ ਬੰਬ ਫਟਣ ਵਾਂਗ ਖ਼ਬਰ ਆਈ ਕਿ ਪ੍ਰਧਾਨ ਮੰਤਰੀ ਆਪਣੀ ‘ਜਾਨ ਬਚਾ ਕੇ’ ਵਾਪਿਸ ਦਿੱਲੀ ਪਰਤ ਗਏ ਹਨ। ਮੈਨੂੰ ਬੜਾ ਧੱਕਾ ਲੱਗਾ। ਮੇਰਾ ਮਨ ਬੜਾ ਦੁਖੀ ਹੋਇਆ। ਰੱਬ ਖ਼ੈਰ ਕਰੇ! ਕੁੱਝ ਗ਼ਲਤ ਵਾਪਰ ਸਕਦਾ ਹੈ। ਕੋਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈ।
ਵਾਕਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈ। ਬੀ.ਜੇ.ਪੀ. ਵੱਲੋਂ ਧੂੰਆਂ-ਧਾਰ ਬਿਆਨ ਦਿੱਤੇ ਜਾ ਰਹੇ ਹਨ। ਚੁਰਾਸੀ ਦੇ ਦੰਗੇ ਦੁਹਰਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪੰਜਾਬੀਆਂ, ਵਿਸ਼ੇਸ਼ ਤੌਰ ਤੇ ਸਿੱਖਾਂ ਪ੍ਰਤੀ ਨਫ਼ਰਤ ਉਗਲੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਆਪਣੇ ਆਪਣੇ ਨਜ਼ਰੀਏ ਤੋਂ ਬਿਆਨ ਦਾਗ਼ ਰਹੇ ਹਨ। ਅਸਲ ਤੱਥ ਲਭਣ ਲਈ ਕਮੇਟੀ ਅਤੇ ਕਮਿਸ਼ਨ ਬਿਠਾਏ ਜਾ ਰਹੇ ਹਨ।ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਇਹ ਰਾਜਨੀਤਕ ਮਸਲਾ ਨਹੀਂ ਹੈ, ਪ੍ਰਸਾਸ਼ਨਿਕ ਮਸਲਾ ਹੈ। ਕੋਈ ਕਹਿ ਰਿਹਾ ਹੈ ਕਿ ਇਹ ਪ੍ਰਸਾਸ਼ਨਿਕ ਨਹੀਂ, ਨਿਰੋਲ ਸਿਆਸੀ ਮਸਲਾ ਹੈ। ਠੀਕ, ਇਹ ਪ੍ਰਸਾਸ਼ਨਿਕ ਮਸਲਾ ਨਹੀਂ ਹੈ। ਇਹ ਸਿਆਸੀ ਮਸਲਾ ਹੈ, ਨਿਰੋਲ ਸਿਆਸੀ। ਮੋਦੀ ਐਨਾ ਨਿਆਣਾ ਨਹੀਂ ਕਿ ਉਹ ਕਹੇ ਕਿ ਉਹ ਪੰਜਾਬ ਤੋਂ ਜਾਨ ਬਚਾ ਕੇ ਆਇਆ ਹੈ। ਉਹਨੂੰ ਪਤਾ ਲਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ਪਈਆਂ ਹਨ। ਦੋ ਵਜੇ ਤੱਕ ਵੀ ਖਾਲੀ ਕੁਰਸੀਆਂ ਹੀ ਉਹ ਦੇਖ ਰਿਹਾ ਸੀ। ਹੁਣ ਮੋਦੀ ਸਾਹਿਬ ਭਲਾਂ ਕੀ ਕਹਿੰਦੇ ਕਿ ਖਾਲੀ ਕੁਰਸੀਆਂ ਕਰਕੇ ਉਹ ਵਾਪਿਸ ਜਾ ਰਿਹਾ ਹੈ? ਕੀ ਉਸ ਨੇ ਆਪਣੀ ਪਾਰਟੀ ਦੀ ਬੇਇਜ਼ਤੀ ਕਰਨੀ ਸੀ ਇਹ ਕਹਿ ਕੇ ਕਿ ਉਸ ਦੀ ਪੰਜਾਬ ਦੀ ਪਾਰਟੀ ਦਰਸ਼ਕਾਂ ਦੀ ਭੀੜ ਨਹੀਂ ਜੁਟਾ ਸਕੀ? ਕੀ ਮੋਦੀ ਨੇ ਆਪਣੇ ਸਿਰ ਆਪ ਹੀ ਖੇਹ ਪਾਉਣੀ ਸੀ? ਮੋਦੀ ਸਾਹਿਬ ਬੜੇ ਮੰਝੇ ਹੋਏ ਰਾਜਨੇਤਾ ਹਨ। ਇਸੇ ਲਈ ਉਸ ਨੇ ਇਹ ਪੈਂਤੜਾ ਅਪਣਾ ਲਿਆ। ਜਿਹੜਾ ਉਸ ਨੂੰ ਰਾਜਨੀਤਕ ਤੌਰ ਤੇ ਲਾਹੇਬੰਦ ਲਗਦਾ ਹੋਵੇ। ਮੋਦੀ ਅਤੇ ਮੋਦੀ ਦੀ ਪਾਰਟੀ ਰਾਜਨੀਤਕ ਤੌਰ ‘ਤੇ ਕਿਊਂ ਹਾਰੇ? ਤਿੰਨੇ ਕਾਨੂੰਨ ਵਾਪਿਸ ਲੈਣ ਦੀ ਨਮੋਸ਼ੀ ਤੋਂ ਤਾਂ ਉਹ ਅਜੇ ਤੱਕ ਵੀ ਨਹੀਂ ਸੰਭਲੇ।
ਅੱਜ ਭਾਰਤ ਵਿਚ ਮੋਦੀ ਤੇ ਉਸ ਦੀ ਪਾਰਟੀ ਬੀ.ਜੇ.ਪੀ.ਅਤੇ ਭਾਰਤ ਦੇ ਲੋਕਾਂ ਵਿਚ ਰਾਜਨੀਤਕ ਲੜਾਈ ਸ਼ੁਰੂ ਹੈ। ਰਾਜਨੀਤਕ ਲੜਾਈ ਕੀ ਹੈ? ਉਹ ਹੈ ਸਾਮਰਾਜ ਦੀਆਂ ਨਵ-ਉਦਾਰਵਾਦੀ ਪਾਲਿਸੀਆਂ ਨੂੰ ਲਾਗੂ ਕਰਵਾਉਣਾ। ਐਈ.ਐਮ.ਐਫ ਅਤੇ ਡਬਲਿਯੂ.ਟੀ.ਓ. ਦੀਆਂ ਲੋਕ-ਮਾਰੂ ਨੀਤੀਆਂ ਦਾ ਜੂਲਾ ਲੋਕਾਂ ਉੱਤੇ ਲੱਦਣਾ। ਪੂੰਜੀਵਾਦੀਆਂ ਅਤੇ ਕਾਰਪੋਰੇਟ ਸੈਕਟਰ ਕੋਲ ਦੇਸ਼ ਦੀ ਜ਼ਮੀਨ, ਧੰਨ ਦੌਲਤ, ਖਣਿਜ ਪਦਾਰਥਾਂ ਨੂੰ ਸੋਂਪਣਾ। ਇਹ ਇੱਕਲਾ ਸਾਡੇ ਦੇਸ਼ ਭਾਰਤ ਵਿਚ ਹੀ ਨਹੀਂ ਹੋ ਰਿਹਾ। ਸੰਸਾਰ ਭਰ ਵਿਚ ਹੋ ਰਿਹਾ ਹੈ। ਅਮਰੀਕਨ ਸਾਮਰਾਜ ਅਤੇ ਪੂੰਜੀਪਤੀ ਦੱਖਣੀ ਅਮਰੀਕਾ ਨੂੰ ਚੂੰਡ-ਚੂੰਡ ਖਾ ਰਹੇ ਹਨ। ਜਿੱਥੇ ਕਿਤੇ ਲੋਕ-ਪੱਖੀ ਸਰਕਾਰਾਂ ਆਉਂਦੀਆਂ ਹਨ, ਉਹਨਾਂ ਨੂੰ ਸਾਜਿਸ਼ਾਂ ਕਰਕੇ ਉਲਟਾ ਦਿੱਤਾ ਜਾਂਦਾ ਹੈ। ਜਿਵੇਂ ਹੁਣੇ ਹੁਣੇ ਚਿੱਲੀ ਵਿਚ ਖੱਬੇ-ਪੱਖੀ ਨੌਜਵਾਨ ਰਾਸ਼ਟਰਪਤੀ ਬਣਿਆ ਹੈ।ਕੀ ਉਸ ਨੂੰ ਟਿਕਣ ਦੇਣਗੇ ਇਹ ਸਾਮਰਾਜੀ? ਕੋਲੰਬੀਆ ਵਿਚ ਵੀ ਖੱਬੇ-ਪੱਖੀ ਅਤੇ ਕਾਰਪੋਰੇਟ-ਪੱਖੀ ਪਾਰਟੀਆਂ ਵਿਚ ਆ ਰਹੀ ਚੋਣ ਵਿਚ ਟੱਕਰ ਹੋ ਰਹੀ ਹੈ। ਇਸੇ ਤਰ੍ਹਾਂ ਦੀ ਲੜਾਈ ਅੱਜ ਸਾਰੇ ਭਾਰਤ ਵਿਚ ਹੋ ਰਹੀ ਹੈ। ਇੱਕ ਪਾਸੇ ਆਰ.ਐਸ.ਐਸ. ਸਾਮਰਾਜੀਆਂ ਅਤੇ ਕਾਰਪੋਰੇਟ ਪੱਖੀ ਹਨ, ਦੂਜੇ ਪਾਸੇ ਉਹ ਪਾਰਟੀਆਂ ਹਨ, ਜਿਹੜੀਆਂ ਲੋਕ-ਪੱਖੀ ਹਨ। ਕਿਸਾਨ ਸੰਘਰਸ਼ ਨੇ ਤਿੰਨ ਕਿਸਾਨਾਂ ਵਿਰੋਧੀ ਕਾਨੂੰਨਾਂ ਵਿਰੁੱਧ ਲੰਮੀ ਲੜਾਈ ਲੜਕੇ ਭਾਰਤ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਕੁਲ ਸੰਸਾਰ ਨੂੰ ਸਿਆਸੀ ਤੌਰ ਤੇ ਜਾਗ੍ਰਤ ਕੀਤਾ ਹੈ। ਪੂੰਜੀਪਤੀਆਂ ਵਿਰੁੱਧ ਲੜਾਈ ਦਿਨੋ ਦਿਨ ਤੇਜ਼ ਹੋਣੀ ਹੈ।
ਪੂੰਜੀਪਤੀਆਂ ਵਿਰੁੱਧ ਆਮ ਲੋਕਾਂ ਦਾ ਸੰਘਰਸ਼ ਲੰਮੇ ਸਮੇਂ ਤੋਂ ਚਲ ਰਿਹਾ ਹੈ। ਅਫ਼ਰੀਕਾ ਦੇ ਦੇਸ਼ ਕਾਂਗੋ ਦੇ ਲੋਕ ਪੱਖੀ ਪ੍ਰਧਾਨ ਮੰਤਰੀ ਲੰਮੂਬਾ ਨੂੰ ਸਾਮਰਾਜੀਆਂ ਨੇ ਰਾਤ ਨੂੰ ਕਤਲ ਕਰਕੇ ਇਕ ਖਾਈ ਵਿਚ ਸੁਟ ਦਿਤਾ ਸੀ। ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਬੰਗਲਾ ਦੇਸ਼ ਦੇ ਰਾਸ਼ਟਰਪਤੀ ਮੁਜੀਬ ਰਹਿਮਾਨ ਨੂੰ ਲੋਕ ਦੋਖੀਆਂ ਨੇ ਕਤਲ ਕੀਤਾ। ਹੁਣ ਤੱਕ ਉਹ ਦੇਸ਼ ਇਸੇ ਲਈ ਇਕ ਧਰਮ-ਅਧਾਰਤ ਇਸਲਾਮਿਕ ਦੇਸ਼ ਬਣਿਆ ਹੋਇਆ ਹੈ। ਹੁਣ ਤੱਕ ਉੱਥੇ ਧਰਮ-ਨਿਰਪੱਖ ਜਮਹੂਰੀਅਤ ਬਹਾਲ ਨਹੀਂ ਹੋਈ। ਲਾਤੀਨੀ ਅਮਰੀਕਾ ਦੇ ਖੱਬੇ-ਪੱਖੀ ਗੁਰੀਲਾ ਚੀਗੁਬੇਗ ਨੂੰ ਕਿਵੇਂ ਸੰਨ ਲਾ ਕੇ ਕਤਲ ਕੀਤਾ। ਕਿਊਬਾ ਦੇ ਫੀਦਲ ਕਾਸਤਰੋ ਨੂੰ ਕਤਲ ਕਰਨ ਲਈ ਅਮਰੀਕਾ ਨੇ ਕਿੰਨੀ ਵਾਰ ਕੋਸ਼ਿਸ਼ ਕੀਤੀ। ਪਰ ਉਹ ਸਦਾ ਬਚਦਾ ਰਿਹਾ।
ਇਸ ਲਈ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦਾ ‘ਜਾਨ ਬਚਾ ਕੇ’ ਆਉਣ ਦਾ ਨਾਟਕ ਕਰਨਾ ਕੋਈ ਨਵੀਂ ਗਲ ਨਹੀਂ ਹੈ। ਇਹ ਹੁੰਦਾ ਹੀ ਰਹਿੰਦਾ ਹੈ। ਭਾਰਤ ਵਿਚ ਲੜਾਈ ਜੋ ਹੁਣ ਸਿੱਧੀ ਅਤੇ ਤਿੱਖੀ ਹੋ ਰਹੀ ਹੈ। ਦੇਸ਼ ਵੇਚਣ ਵਾਲਿਆਂ ਅਤੇ ਦੇਸ਼ ਦੇ ਰਖਿਅਕਾਂ ਵਿਚਾਲੇ ਲੜਾਈ ਜੋ ਤਿੱਖੀ ਹੋਣ ਜਾ ਰਹੀ ਹੇ।
ਅੱਜ ਲੋੜ ਹੈ ਕਿ ਦੇਸ਼ ਵਿਚ ਪਬਲਿਕ ਸੈਕਟਰ ਤੱਕੜਾ ਹੋਵੇ। ਸਾਰੇ ਕੰਮ-ਧੰਦੇ ਕੌਮੀ ਕੀਤੇ ਜਾਣ। ਕਿਰਤੀਆਂ ਅਤੇ ਕਿਸਾਨਾਂ ਕੋਲ ਪੈਸਾ ਹੋਵੇ। ਉਹਨਾਂ ਦੀ ਖ਼ਰੀਦ ਸ਼ਕਤੀ ਵਧੇ। ਇਸੇ ਨਾਲ ਦੇਸ਼ ਗਰੀਬੀ ਅਤੇ ਬੇਰੁਜ਼ਗਾਰੀ ਦੀ ਜਿੱਲਣ ਵਿਚੋਂ ਨਿਕਲ ਸਕਦਾ ਹੈ। ਲੋਕ ਦੋਖੀਆਂ ਅਤੇ ਲੋਕ ਪੱਖੀਆਂ ਦੀ ਲੜਾਈ ਹੁਣ ਤਿੱਖੀ ਤੋਂ ਤਿੱਖੇਰੀ ਹੋਣੀ ਹੀ ਹੋਣੀ ਹੈ। ਜਿੱਤ ਆਖ਼ਰ ਲੋਕ-ਪੱਖੀਆਂ ਦੀਆਂ ਹੋਣੀ ਹੈ। ਸਾਰੇ ਸੰਸਾਰ ਵਿਚ ਹੋਣ ਜਾ ਰਹੀ ਹੈ।
ਸੋ ਮੋਦੀ ਦੇ ਫਿਰੋਜ਼ਪੁਰ ਕਾਂਡ ਦਾ ਕੁੱਝ ਨਹੀਂ ਬਨਣਾ। ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨਾਂ ਵਰਗਾ ਹਸ਼ਰ ਇਸ ਦਾ ਵੀ ਹੋਣਾ ਹੈ। ਸੰਸਾਰ ਭਰ ਵਿਚ ਜ਼ੋਕਾਂ ਅਤੇ ਲੋਕਾਂ ਦੀ ਲੜਾਈ ਵੀ ਅੱਜ ਏਜੰਡੇ ਉੱਤੇ ਹੈ। ਫ਼ਿਰੋਜ਼ਪੁਰ ਦਾ ਕਾਂਡ ਉਸੇ ਦਾ ਹਿੱਸਾ ਹੈ।

(ਰਿਪੁਦਮਨ ਸਿੰਘ ਰੂਪ)
+91 98767-68960

Install Punjabi Akhbar App

Install
×