ਗੈਰ ਕਾਨੂੰਨੀ ਢੰਗ ਨਾਲ ਕੋਲੰਬੀਆ ਪੁੱਜੇ ਨਾਬਾਲਗ ਲੜਕਿਆਂ ਦੀ ਵਾਪਸੀ ਨੂੰ ਲੈ ਕੇ ਰੇੜਕਾ ਜਾਰੀ

Colombia

ਗੈਰ ਕਾਨੂੰਨੀ ਢੰਗ ਨਾਲ ਕੋਲੰਬੀਆ ਪਹੁੰਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਨਾਬਾਲਗ ਲੜਕੇ ਅਜੇ ਵੀ ਕੋਲੰਬੀਆ ਮਾਈਗ੍ਰੇਸ਼ਨ ਦੀ ਦੇਖ ਰੇਖ ਵਿਚ ਹਨ। ਭਾਰਤੀ ਦੂਤਾਵਾਸ ਵਲੋਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਉਨ੍ਹਾਂ ਦੇ ਮਾਪਿਆਂ ਨੇ ਕੋਲੰਬੀਆ ਤੋਂ ਦਿੱਲੀ ਤੱਕ ਹਵਾਈ ਜਹਾਜ਼ ਦੀਆਂ ਟਿਕਟਾਂ ਨਹੀਂ ਭੇਜੀਆਂ। ਮਨਜੋਤ ਸਿੰਘ ਅਤੇ ਹਰਜੀਤ ਸਿੰਘ ਨਾਂਅ ਦੇ ਨਾਬਾਲਗ ਲੜਕੇ ਜਦੋਂ ਇਕੁਆਡੋਰ ਦੀ ਰਾਜਧਾਨੀ ਕੀਟੋ ਤੋਂ ਬਿਨਾਂ ਵੀਜ਼ਾ ਕੋਲੰਬੀਆ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਕਈ ਦਿਨ ਬੀਤ ਜਾਣ ਤੋਂ ਬਾਦ ਵੀ ਉਹ ਉੱਥੇ ਫ਼ਸੇ ਹੋਏ ਹਨ। ਮੁੰਡਿਆਂ ਦੇ ਮਾਪੇ ਇਸ ਗੱਲ ‘ਤੇ ਬਜ਼ਿਦ ਹਨ ਕਿ ਮੁੰਡਿਆਂ ਨੂੰ ਇਕੁਆਡੋਰ ਭੇਜ ਦਿੱਤਾ ਜਾਵੇ ਜਿੱਥੋਂ ਉਹ ਉਨ੍ਹਾਂ ਨੂੰ ਵਾਪਸ ਮੰਗਵਾ ਲੈਣਗੇ ਜਦੋਂਕਿ ਭਾਰਤੀ ਦੂਤਾਵਾਸ ਇਹ ਚਾਹੁੰਦਾ ਹੈ ਕਿ ਪਰਿਵਾਰ ਵਾਲੇ ਨਵੀਂ ਦਿੱਲੀ ਤੋਂ ਕੋਲੰਬੀਆ ਦੀ ਰਾਜਧਾਨੀ ਬਗੋਟਾ ਤੱਕ ਪੇਡ ਹਵਾਈ ਟਿਕਟਾਂ ਭੇਜਣ। ਅਧਿਕਾਰੀ ਇਹ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਕਿ ਮੁੰਡੇ ਇਕੁਆਡੋਰ ਤੋਂ ਗ਼ਾਇਬ ਹੋ ਜਾਣ। ਦੂਤਾਵਾਸ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਮਨਿਸਟਰੀ ਆਫ਼ ਓਵਰਸੀਜ਼ ਇੰਡੀਅਨ ਅਫੇਅਰਜ਼ ਨੂੰ ਮਾਮਲੇ ਵਿਚ ਦਖ਼ਲ ਦੇਣ ਲਈ ਲਿਖਿਆ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੂੰ ਵੀ ਕਿਹਾ ਸੀ ਕਿ ਉਹ ਲੜਕਿਆਂ ਦੇ ਮਾਪਿਆਂ ‘ਤੇ ਦਬਾਅ ਪਾਉਣ ਕਿ ਉਹ ਛੇਤੀ ਤੋਂ ਛੇਤੀ ਉਨ੍ਹਾਂ ਦੀ ਵਾਪਸੀ ਦਾ ਬੰਦੋਬਸਤ ਕਰਨ। ਲੜਕੇ ਕਿਉਂਕਿ ਦਸੂਹਾ ਸਬ ਡਵੀਜ਼ਨ ਨਾਲ ਸਬੰਧਿਤ ਹਨ, ਬੀਤੇ ਦਿਨੀਂ ਦਸੂਹਾ ਸਬ ਡਵੀਜ਼ਨਲ ਮੈਜਿਸਟ੍ਰੇਟ ਵੱਲੋਂ ਦੋਹਾਂ ਲੜਕਿਆਂ ਦੇ ਮਾਪਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਟਿਕਟਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਨਵੀਂ ਦਿੱਲੀ ਤੋਂ ਕੇਵਲ ਕੀਟੋ ਤੱਕ ਬੁਕਿੰਗ ਕਰਵਾਈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਕੁਆਡੋਰ ਵਿਚ ‘ਪਹੁੰਚਣ ‘ਤੇ ਵੀਜ਼ਾ’ ਸਹੂਲਤ ਹੋਣ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਭਾਰਤੀ ਜਿਨ੍ਹਾਂ ਵਿਚ ਜ਼ਿਆਦਾ ਪੰਜਾਬੀ ਸ਼ਾਮਿਲ ਹਨ, ਇੱਥੋਂ ਹੁੰਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਿਲ ਹੁੰਦੇ ਹਨ।

(ਹਰਪ੍ਰੀਤ ਕੌਰ)

Install Punjabi Akhbar App

Install
×