ਡਾ: ਭਗਵੰਤ ਸਿੰਘ ਦਾ ਸੇਵਾ-ਮੁਕਤੀ ਮੁਬਾਰਕ ਸਮਾਗਮ: ਵਿਸ਼ਵੀਕਰਨ ਦੇ ਸੰਕਟ ਉੱਤੇ ਵਿਚਾਰ ਚਰਚਾ

dr-bagwant-photo

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋ ਕਰਵਾਏ ਗਏ ਡਾ:ਭਗਵੰਤ ਸਿੰਘ ਸੇਵਾ-ਮੁਕਤੀ ਮੁਬਾਰਕ ਸਮਾਗਮ ਵਿੱਚ ਜਿੱਥੇ ਡਾ:ਭਗਵੰਤ ਸਿੰਘ ਦੀਆਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਚਿੰਤਕ ਦੇ ਖੇਤਰ ਵਿੱਚ ਭਾਸ਼ਾਂ ਵਿਭਾਗ ਦੇ ਖੋਜ਼ ਅਫਸਰ ਵੱਲੋਂ ਕੀਤੀਆਂ ਸੇਵਾਵਾਂ ਦੀ ਸਲਾਘਾ ਕੀਤੀ ਗਈ ਉੱਥੇ ਅਜਿਹੀਆਂ ਸਾਹਿਤਕ ਸ਼ਖਸੀਅਤਾ ਸੰਦਰਭ ਵਿੱਚ ਅਜੋਕੇ ਵਿਸ਼ਵੀਕਰਨ ਦੇ ਕੁ-ਪ੍ਰਭਾਵਾਂ ਉੱਤੇ ਵਿਚਾਰ ਚਰਚਾ ਵੀ ਕੀਤੀ ਗਈ।ਸਮਾਗਮ ਦੇ ਮੁਖ ਮਹਿਮਾਨ ਸ.ਭੁਪਿੰਦਰ ਸਿੰਘ ਮੱਲ੍ਹੀ (ਕੈਨੇਡਾ) ਪ੍ਰਧਾਨ ਵਿਸ਼ਵ ਵਿਰਾਸਤ ਫਾਊਡੇਸ਼ਨ (ਏਸ਼ੀਆ) ਨੈ ਕਿ ਕਿਹਾ ਕਿ ਅੱਜ ਦਾ ਮਨੁੱਖ ਪੂੰਜੀ ਵਿਕਾਸ ਦੀ ਚਕਾਚੌਧ ਵਿੱਚ ਆਪਣਾ ਨੈਤਿਕ ਪਤਨ ਕਰ ਚੁੱਕਾ ਹੈ।ਉਸਦੀ ਭਾਸ਼ਾ, ਵਿਰਾਸਤੀ ਸੱਭਿਆਚਾਰ ਨੂੰ ਅਜੌਕੇ ਵਿਸ਼ਵੀਕਰਨ ਦੇ ਮਗਰਮੱਛ ਨੇ ਆਪਣੇ ਜਬਾੜ੍ਹੇ ਵਿੱਚ ਲੈ ਲਿਆ ਹੈ।ਭਗਵੰਤ ਸਿੰਘ ਵਰਗੀਆਂ ਸਾਹਿਤਕ ਸ਼ਖਸੀਅਤਾਂ ਦੀ ਸਿਰਜਨਾਤਮਕ ਪਹੁੰਚ ਹੀ ਇਸ ਸਥਿਤੀ ਦਾ ਮੁਕਾਬਲਾ ਕਰ ਸਕਦੀ ਹੈ।

ਇਸ ਸਮਾਗਮ ਦੀ ਪ੍ਰਧਾਨਗੀ ਸ:ਬਲਬੀਰ ਸਿੰਘ ਕੰਵਲ (ਇੰਗਲੈਡ) ਪ੍ਰਸਿੱਧ ਖੋਜੀ ਵਿਦਵਾਨ ਨੇ ਕੀਤੀ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ:ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਡਾ:ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰਾ ਯੂਨੀਵਰਸਿਟੀ, ਡਾ:ਸ਼ਿਵਰਾਜ ਸਿੰਘ ਪੂਰਬੀ ਚਿੰਤਨ ਦੇ ਪ੍ਰਸਿੱਧ ਵਿਦਵਾਨ, ਡਾ:ਭਗਵੰਤ ਸਿੰਘ, ਡਾ:ਅਰਵਿੰਦਰ ਕੌਰ ਕਾਕੜਾ, ਕ੍ਰਿਸ਼ਨ ਬੇਤਾਬ, ਡਾ:ਅਸ਼ੋਕ ਪ੍ਰਵੀਨ ਭੱਲਾ, ਪਵਨ ਹਰਚੰਦਪੁਰੀ ਸ਼ਾਮਲ ਹੋਏ।

ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ:ਤੇਜਵੰਤ ਮਾਨ ਨੇ ਡਾ: ਭਗਵੰਤ ਸਿੰਘ ਦੁਆਰਾ ਭਾਸ਼ਾ ਵਿਭਾਗ ਦੀ ਪ੍ਰਬੰਧਕੀ ਅਤੇ ਸਾਹਿਤਕ ਸਰਗਰਮੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਸਮਿਆਂ ਵਿੱਚ ਅਜਿਹੇ ਅਧਿਕਾਰੀ ਦੀ ਹੋਂਦ ਸਾਡੇ ਲਈ ਇੱਕ ਆਦਰਸ਼ ਮਾਡਲ ਹੈ।ਅੱਜ ਜਦੋਂ ਉਤਪਾਦਕੀ ਵਿਕਾਸ ਮਾਡਲ ਨੇ ਮਾਨਵ ਦੀ ਸਿਰਜਨਾਤਮਕ ਸ਼ਕਤੀ ਨੂੰ ਵੱਡਾ ਖੋਰਾ ਲਾਇਆ ਹੈ।ਉਥੇ ਸਾਹਿਤਕਾਰਾ ਨੂੰ ਇੱਕ ਅਵਾਜ਼ ਵਿੱਚ ਅਜਿਹੇ ਮਕੈਨਿਕੀ ਉਤਪਾਦਕੀ ਵਿਕਾਸ ਨੂੰ ਰੱਦ ਕਰਕੇ ਆਪਣੇ ਇਤਿਹਾਸ, ਦਰਸ਼ਨ, ਸਮਾਜ ਅਤੇ ਸ਼ਬਦ ਨੂੰ ਬਚਾਉਣ ਲਈ ਯਤਨ ਕਰਕੇ ਚਾਹੀਦੇ ਹਨ।

ਡਾ:ਸ਼ਵਰਾਜ ਸਿੰਘ ਨੇ ਕਿਹਾ ਕਿ ਸਿੱਖ ਇਨਕਲਾਬ (ਬੰਦਾ ਬਹਾਦਰ) ਅਤੇ ਚੀਨ ਇਨਕਲਾਬ (ਮਾਓ) ਦਾ ਖਾਸਾ ਕਿਰਸਾਨੀ ਇਨਕਲਾਬ ਹੈ।ਵਿਸ਼ਵੀਕਰਨ ਦੀ ਵਧੇਰੇ ਮਾਰ ਕਿਰਸਾਨੀ ਉੱਤੇ ਪਈ ਹੈ।ਅਤੇ ਕਿਰਸਾਨੀ ਹੀ ਇਸ ਤੋਂ ਮੁਕਤ ਕਰਾਵੇਗੀ।

ਇਸ ਵਿਚਾਰ ਚਰਚਾ ਵਿੱਚ ਪ੍ਰਸਿੱਧ ਵਿਦਵਾਨ ਡਾ: ਬਲਬੀਰ ਸਿੰਘ ਕੰਵਲ ਨੇ ਇਸ ਸਮਾਗਮ ਨੂੰ ਅੰਤਰ ਰਾਸ਼ਟਰੀ ਪੱਧਰ ਦਾ ਸਮਾਗਮ ਕਿਹਾ ਜਿੱਥੇ ਏਨੇ ਗੰਭੀਰ ਵਿਸ਼ੇ ਉੱਤੇ ਚਰਚਾ ਹੋਈ ਹੈ। ਡਾ: ਭਗਵੰਤ ਸਿੰਘ ਦੇ ਸੇਵਾ-ਮੁਕਤੀ ਸਮਾਗਮ ਵਿੱਚ ਡਾ: ਪ੍ਰਵੀਨ ਭੱਲਾ, ਅਰਮ ਗਰਗ ਕਲਮਦਾਨ, ਪਵਨ ਹਰਚੰਦਪੁਰੀ, ਡਾ: ਨਰਵਿੰਦਰ ਸਿੰਘ, ਡਾ: ਅਨਿਲ ਸੋਰੀ, ਡਾ: ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਡਾ: ਅਰਵਿੰਦਰ ਕੌਰ ਕਾਕੜਾ, ਭਰਗਾਨੰਦ, ਡਾ: ਦਵਿੰਦਰ ਕੌਰ, ਕਰਤਾਰ ਠੁਲੀਵਾਲ, ਅਵਤਾਰ ਸਿੰਘ ਧਮੋਟ, ਅੰਮ੍ਰਿਤਪਾਲ ਸਿੰਘ ਅਜ਼ੀਜ਼ ਆਦਿ ਵਿਦਵਾਨਾ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ  ਵਿੱਚ ਪ੍ਰਧਾਨਗੀ ਮੰਡਲ ਵੱਲੋਂ ਤਿੰਨ ਪੁਸਤਕਾਂ ਨਿਪੱਤਰੇ ਰੁਖ ਦਾ ਪ੍ਰਛਾਵਾਂ (ਤੇਜਿੰਦਰ ਸੋਹੀ), ‘ਪੰਜਾਬ ਦੇ ਸੰਗੀਤ ਘਰਾਣੇ'(ਬਲਬੀਰ ਸਿੰਘ ਕੰਵਲ) ਅਤੇ ‘ਪੰਜਾਬੀ ਭਾਸ਼ਾ ਅਤੇ ਸੱਭਿਆਚਾਰ-ਪੁਨਰ ਮੁਲੰਕਣ(ਡਾ ਸੁਖਵਿੰਦਰ ਸਿੰਘ ਪਰਮਾਰ) ਲੋਕ ਅਰਪਣ ਕੀਤੀਆਂ।ਡਾ:ਭਗਵੰਤ ਸਿੰਘ ਦੀ ਸੰਪਾਦਕੀ ਹੇਠ ਪ੍ਰਕਾਸ਼ਤ ਹੁੰਦੇ ਤ੍ਰੈ ਮਾਸਿਕ ‘ਜਾਗੋ’ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਮਾਸਿਕ ਪੱਤਰ ‘ਪਹਿਲ’ ਦੇ ਨਵੇ ਅੰਕਾਂ ਨੂੰ ਰਲੀਜ਼ ਕੀਤਾ ਗਿਆ। ਡਾ: ਭਗਵੰਤ ਸਿੰਘ, ਡਾ:ਭੁਪਿੰਦਰ ਸਿੰਘ ਮੱਲੀ, ਡਾ:ਬਲਬੀਰ ਸਿੰਘ ਕੰਵਲ ਦਾ ਸਭਾ ਵੱਲੋਂ ਲੋਹੀਆਂ ਪਹਿਨਾ ਕੇ ਸਨਮਾਨ ਕੀਤਾ।ਸਨਮਾਨ ਵੱਜੋਂ ਡਾ: ਅਰਵਿੰਦਰ ਕੌਰ ਕਾਕੜਾਂ ਸ਼ਾਇਰ ਅੰਮ੍ਰਿਤ ਅਜ਼ੀਜ਼, ਮਨਪ੍ਰੀਤ, ਚਰਨ ਬੰਬੀਹਾ, ਅਵਤਾਰ ਸਿੰਘ ਧਮੋਟ ਅਤੇ ਤੇਜਿੰਦਰ ਸਿੰਘ ਕੌਰ ਸੋਹੀ, ਡਾ:ਦਵਿੰਦਰ ਕੌਰ ਦਾ ਪੁਸਤਕਾਂ ਦੇ ਸੈਟ ਭੇਟ ਕੀਤੇ ਗਈ।

ਇਸ ਮੌਕੇ ਤੇ ਹੋਏ ਕਵੀ ਦਰਵਾਰ ਵਿੱਚ ਗੁਲਜ਼ਾਰ ਸਿੰਘ ਸ਼ੌਕੀ, ਅਮਰੀਕ ਗਾਗਾ, ਅਮਰਜੀਤ ਸਿੰਘ ਅਮਨ, ਕੁਲਵੰਤ ਕਸਕ, ਕ੍ਰਿਸ਼ਨ ਬੇਤਾਬ, ਗੁਰਬਚਨ ਝਨੇੜੀ, ਚਰਨ ਬੰਬੀਹਾ, ਦੇਸ਼ ਭੂਸ਼ਨ, ਤੇਜਿੰਦਰ ਸੋਹੀ, ਗੁਰਜੰਟ ਸਿੰਘ ਰਾਹੀ, ਅੰਮ੍ਰਿਤ ਅਜ਼ੀਜ਼, ਪੂਰਨ ਚੰਦ ਜੋਸ਼ੀ, ਸਤਿੰਦਰ ਫੱਤਾ, ਰਾਮ ਮੂਰਤ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ, ਅਵਤਾਰ ਧਮੋਟ, ਭੁਪਿੰਦਰ ਸਿੰਘ ਖਾਲਸਾ ਆਦਿ ਕਵੀਆਂ ਨੇ ਆਪਣੀ ਰਚਨਾਵਾਂ ਸੁਣਾਈਆਂ।

ਮੰਚ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਬਾਖੂਬੀ ਨਿਭਾਈ।ਅੰਤ ਵਿੱਚ ਸ.ਜਗਦੀਪ ਸਿੰਘ ਪ੍ਰਧਾਨ ਮਾਲਵਾ ਰਿਚਾਰਜ ਸੈਂਟਰ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×