ਸਟੋਕਟਨ ਬੀਚ ਦੀ ਮੁੜ ਤੋਂ ਬਹਾਲੀ -ਸਰਕਾਰ ਵੱਲੋਂ ਲਾਈਸੈਂਸ ਮਨਜ਼ੂਰ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਬੜੀ ਦੇਰ ਤੋਂ ਚਰਚਿਤ ਲਾਈਸੈਂਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਤਹਿਤ ਸਟੋਕਟਨ ਬੀਚ ਦੀ ਮੁੜ ਤੋਂ ਬਹਾਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਸ ਤਰਫ਼ ਸਰਕਾਰ ਨੇ ਇੱਕ ਹੋਰ ਕਦਮ ਪੁੱਟ ਲਿਆ ਹੈ। ਵਧੀਕ ਪ੍ਰੀਮੀਆਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤਾ ਲਾਈਸੈਂਸ ਦੀ ਮੰਗ ਜ਼ਿਓਲੋਜੀਕਲ ਸਰਵੇ ਆਫ ਨਿਊ ਸਾਊਥ ਵੇਲਜ਼ ਵਿਭਾਗ ਵੱਲੋਂ ਬੀਤੇ ਦਿਸੰਬਰ ਦੇ ਮਹੀਨੇ ਵਿੱਚ ਕੀਤੀ ਗਈ ਸੀ ਤਾਂ ਕਿ ਉਕਤ ਬੀਚ ਉਪਰ ਸਹੀ ਢੰਗ ਤਰੀਕਿਆਂ ਅਤੇ ਪੈਮਾਨਿਆਂ ਆਦਿ ਨਾਲ ਖੋਜਾਂ ਕੀਤੀਆਂ ਜਾ ਸਕਣ। ਇਸ ਦੇ ਤਹਿਤ ਹੁਣ ਸਮੁੰਦਰੀ ਕਿਨਾਰੇ ਤੋਂ 5.5 ਕਿਲੋਮੀਟਰ ਦੇ ਘੇਰੇ ਵਿੱਚ ਉਕਤ ਬੀਚ ਦੇ ਪ੍ਰਾਜੈਕਟਾਂ ਨੂੰ ਉਲੀਕਿਆ ਜਾਵੇਗਾ। ਇਸ ਵਾਸਤੇ ਰੇਤ ਦੀਆਂ ਸੈਂਪਲਾਂ ਇਕੱਠੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਆਂਕੜਿਆਂ ਮੁਤਾਬਿਕ ਹੀ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਗਤੀਵਿਧੀਆਂ ਵਿੱਚ ਪੁਰਾਣੇ ਸਮੁੰਦਰੀ ਜਹਾਜ਼ਾਂ (ਡੁੱਬ ਚੁਕੇ ਜਾਂ ਤਬਾਹ ਹੋ ਚੁਕੇ) ਆਦਿ ਦੀਆਂ ਖੋਜਾਂ ਵੀ ਸ਼ਾਮਿਲ ਹਨ ਅਤੇ ਇਨ੍ਹਾਂ ਖੋਜਾਂ ਨੂੰ ਭਵਿੱਖ ਵਿੱਚ ਸਾਂਭ ਸੰਭਾਲ ਕੇ ਰੱਖਿਆ ਜਾਵੇ ਇਸ ਵਾਸਤੇ ਵੀ ਉਚਿਤ ਪ੍ਰਬੰਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਾਈਸੈਂਸ ਦੇ ਮਿਲ ਜਾਣ ਨਾਲ ਹੁਣ ਇੱਥੇ ਦੇ ਸਥਾਨਕ ਕੰਮ-ਧੰਦਿਆਂ ਅਤੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਸਥਾਨਕ ਮੁੱਦਿਆਂ ਨੂੰ ਸੁਲਝਾਉਣ ਵਿੱਚ ਵੀ ਪੂਰੀ ਮਦਦ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਨੇ ਬੀਤੇ ਸਾਲ ਮਾਰਚ 2020 ਵਿੱਚ ਇਸ ਕੰਮ ਵਾਸਤੇ 1 ਮਿਲੀਅਨ ਡਾਲਰਾਂ ਦਾ ਫੰਡ ਵੀ ਸੁਰੱਖਿਅਤ ਰੱਖਿਆ ਹੋਇਆ ਹੈ। ਜ਼ਿਆਦਾ ਜਾਣਕਾਰੀ ਲਈ www.resourcesandgeoscience.nsw.gov.au/stockton ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×