ਬ੍ਰਿਸਬੇਨ ‘ਚ ਕੌਮਾਂਤਰੀ ਪਾੜ੍ਹਿਆਂ ਬਗੈਰ ਰੈਸਟੋਰੈਂਟ ਅਤੇ ਕੈਫੇ ਕਾਮਿਆਂ ਤੋਂ ਵਾਂਝੇ ਕਾਰੋਬਾਰੀ

ਸਰਕਾਰੀ ਨੀਤੀਆਂ ਦੀ ਸਾਰਥਕਤਾ ਤੋਂ ਨਿਰਾਸ਼, ਕਈ ਵਪਾਰ ਹੋਏ ਬੰਦ

ਤਕਰੀਬਨ 37,595 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੁਈਨਜ਼ਲੈਂਡ ਛੱਡਿਆ

(ਬ੍ਰਿਸਬੇਨ) ਜਿੱਥੇ ਸਮੁੱਚੇ ਆਸਟਰੇਲੀਆ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਦਾ ਪ੍ਰਭਾਵ ਮਹਾਂਮਾਰੀ ਵੱਲ ਵੱਧ ਰਿਹਾ ਹੈ ਉੱਥੇ ਰੈਸਟੋਰੈਂਟ ਅਤੇ ਕੈਫੇ ਮਾਲਕ ਹੁਨਰਮੰਦ ਕਾਮਿਆਂ ਅਤੇ ਖ਼ਾਸ ਕਰਕੇ ਕੌਮਾਂਤਰੀ ਪਾੜ੍ਹਿਆਂ ਤੋਂ ਬਿਨਾਂ ਆਮ ਕਰਮਚਾਰੀਆਂ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ਦੇ ਹੋਰਨਾਂ ਰਾਜਾਂ ਵਾਂਗ ਸੂਬਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਦੱਖਣ ਵਾਲੇ ਪਾਸੇ ਸੰਨੀਬੈਂਕ ਇਲਾਕੇ ਦੇ ਸਭ ਤੋਂ ਬਹੁ-ਸੱਭਿਆਚਾਰਕ ਉਪਨਗਰਾਂ ਵਿੱਚੋਂ ਇੱਕ ਹੈ, ਜੋ ਕਿ ਵਿਸ਼ਵ ਭਰ ਦੇ ਪਕਵਾਨਾਂ ਦੀ ਬਹੁਤਾਤ ਤੋਂ ਰੈਸਟੋਰੈਂਟਾਂ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਰੈਸਟੋਰੈਂਟ ਮਾਲਕਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਪਾੜ੍ਹਿਆਂ ਨੂੰ ਵਾਪਸ ਪਰਤਣ ਲਈ ਅਚੰਭੇ ਵਾਲੀ ਪਹੁੰਚ ਉਹਨਾਂ ਦੇ ਕਾਰੋਬਾਰਾਂ ਨੂੰ ਹੋਰ ਵੀ ਲੰਬੇ ਸਮੇਂ ਲਈ ਨੁਕਸਾਨ ਝੱਲਣ ਵੱਲ ਧੱਕ ਰਹੀ ਹੈ। ਸੰਨੀਬੈਂਕ ਚੈਂਬਰ ਆਫ਼ ਕਾਮਰਸ ਤੋਂ ਫਰਿਆ ਓਸਟੋਪੋਵਿਚ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਦੌਰਾਨ ਇਸ ਖੇਤਰ ਵਿੱਚ ਕੰਮ ਕਰਨਾ ਆਮ ਗੱਲ ਹੈ। ਪਰ ਜਦੋਂ ਤੋਂ ਕੋਵਿਡ-19 ਮਹਾਂਮਾਰੀ ਫੈਲੀ ਹੈ, ਤਕਰੀਬਨ 37,595 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੁਈਨਜ਼ਲੈਂਡ ਛੱਡ ਦਿੱਤਾ ਹੈ ਅਤੇ ਹੁਣ ਕਾਮਿਆਂ ਦੀ ਕਿੱਲਤ ਇਹਨਾਂ ਵਪਾਰਾਂ ਦਿਨੋ-ਦਿਨ ਨਿਗਲ ਰਹੀ ਹੈ। ਸਰਦਾਰ ਜੀ ਇੰਡੀਅਨ ਰੈਸਟੋਰੈਂਟ ਦੇ ਮਾਲਕ ਗੁਰਮੀਤ ਸਿੰਘ ਅਤੇ ਸਿਤਾਰ ਤੋਂ ਸੁਮਿਤ ਨੇ ਆਪਣੇ ਸਾਂਝੇ ਬਿਆਨ ‘ਚ ਕਿਹਾ ਕਿ, “2020 ਵਿੱਚ ਇਹ ਧਿਆਨ ਦੇਣ ਯੋਗ ਨਹੀਂ ਸੀ ਕਿਉਂਕਿ ਰੈਸਟੋਰੈਂਟ ਕਾਫ਼ੀ ਸਮੇਂ ਲਈ ਬੰਦ ਹੋ ਗਏ ਸਨ, ਪਰ ਹੌਲੀ-ਹੌਲੀ ਸਟਾਫ ਦੂਰ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਵਿਦਿਆਰਥੀਆਂ ਨੂੰ ਵਾਪਸ ਵਿਦੇਸ਼ ਜਾਣਾ ਪਿਆ। ਹੁਣ ਕੰਮ ਤਾਂ ਹੈ ਪਰ ਕਾਮਿਆਂ ਦੀ ਥੋੜ ਹੈ।” ਉਹਨਾਂ ਚਿੰਤਾ ਜਤਾਈ ਕਿ ਮਜ਼ੂਦਾ ਸਰਕਾਰੀ ਨੀਤੀਆਂ ਸਥਾਨਕ ਕਾਰੋਬਾਰਾਂ ਨੂੰ ਤੇਜ਼ੀ ਨਾਲ ਮਦਦ ਕਰਨ ‘ਚ ਅਸਫ਼ਲ ਸਾਬਤ ਹੋ ਰਹੀਆਂ ਹਨ। ਪੰਜਾਬੀ ਪੈਲੇਸ ਦੇ ਮਾਲਕ ਬੱਲੀ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਹਿਲਾਂ ਕੋਵਿਡ ਕਾਰਨ ਬਹੁਤ ਸਾਰੇ ਕਾਰੋਬਾਰ ਬੰਦ ਕਰਨੇ ਪਏ ਅਤੇ ਹੁਣ ਸਟਾਫ਼ ਦੀ ਵੱਡੀ ਘਾਟ ਦੇ ਚੱਲਦਿਆਂ ਪਿਛਲੇ ਦੋ ਸਾਲਾਂ ਤੋਂ ਅਸਾਮੀਆਂ ਖਾਲੀ ਪਈਆਂ ਹਨ। ਮੈਂ ਤੇ ਮੇਰਾ ਪਰਿਵਾਰ ਭਾਰੀ ਦਬਾਅ ਅਤੇ ਤਣਾਅ ‘ਚ ਸੱਤੇ ਦਿਨ ਕੰਮ ਕਰ ਰਹੇ ਹਾਂ। ਸਾਨੂੰ ਬਹੁਤ ਘੱਟ ਬਿਨੈਕਾਰ ਮਿਲ ਰਹੇ ਹਨ ਅਤੇ ਜੋ ਮਿਲਦੇ ਹਨ ਉਹ ਗੈਰ ਵਾਜਬ ਤਨਖਾਹਾਂ ਦੀ ਮੰਗ ਕਰ ਰਹੇ ਹਨ। ਕੰਮ ਹੋਣ ਦੇ ਬਾਵਜੂਦ ਕਾਰੋਬਾਰ ਡੁੱਬ ਰਹੇ ਹਨ ਪਰ ਸਰਕਾਰਾਂ ਚੁੱਪ ਹਨ। ਮਜ਼ੂਦਾ ਕਾਮੇ ਕੰਮ ਦੇ ਬੋਝ ਕਾਰਨ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇੰਡੀਅਨ ਬ੍ਰਦਰਜ਼ ਦੇ ਮਾਲਕ ਰਾਜ ਸਿੰਘ ਭਿੰਦਰ ਨੇ ਦੱਸਿਆ ਕਿ ਕਾਮਿਆਂ ਦੀ ਘਾਟ ਦੇ ਚੱਲਦਿਆਂ ਉਹਨਾਂ ਦੇ ਪੰਜਾਂ ਚੋਂ ਦੋ ਰੈਸਟੋਰੈਂਟ, ਇੱਕ ਫੂਡ ਟਰੱਕ ਅਤੇ ਕੇਟਰਿੰਗ ਦਾ ਕੰਮ ਠੱਪ ਪਿਆ ਹੈ। ਉਹਨਾਂ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਨਵੇਂ ਨਿਯਮਾਂ ‘ਚ ਪਾੜ੍ਹਿਆਂ ਨੂੰ ਇਸ ਖੇਤਰ ‘ਚ ਪੱਕੇ ਹੋਣ ਲਈ ਤਿੰਨ ਸਾਲਾ ਦਾ ਤਜ਼ਰਬਾ ਅਤੇ ਆਈਲੇਟਸ ‘ਚ ਸੱਤ ਬੈਂਡ ਜ਼ਰੂਰੀ ਹਨ। ਜਿਸਦੇ ਚੱਲਦਿਆਂ ਕੂਈਨਜ਼ਲੈਂਡ ਦੇ ਪਾੜ੍ਹੇ ਪੜਾਈ ਉਪਰੰਤ ਤਸਮਾਨੀਆ ਅਤੇ ਐਡੀਲੇਡ ‘ਚ ਇੱਕ ਸਾਲ ਦੇ ਤਜ਼ਰਬੇ ਅਤੇ ਛੇ ਬੈਂਡ ਨਾਲ ਸਟੇਟ ਸਪਾਂਸਰਸ਼ਿਪ ਰਾਹੀਂ ਪੱਕੇ ਹੋਣ ਲਈ ਜਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਸਰਕਾਰਾਂ ਸ਼ਰਨਾਰਥੀਆਂ ਨੂੰ ਤਾਂ ਪੱਕੇ ਕਰ ਰਹੀਆਂ ਹਨ ਪਰ ਪਾੜ੍ਹਿਆਂ ਲਈ ਰਾਹ ਬੰਦ ਕਰਦੀਆਂ ਜਾ ਰਹੀਆਂ ਹਨ। ਖੱਟਾ ਮਿੱਠਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਨਿਰਦੇਸ਼ਕ ਕਮਰ ਬੱਲ ਦੱਸਦੇ ਹਨ ਕਿ ਉਹਨਾਂ ਮਹਾਂਮਾਰੀ ਦੇ ਦੌਰਾਨ ਆਪਣੇ ਆਪ ਨੂੰ ਵਧੇਰੇ ਹੱਥੀਂ ਕੰਮ ਕਰਦੇ ਹੋਏ ਪਾਇਆ ਹੈ। ਉਹਨਾਂ ਅਨੁਸਾਰ ਲਗਭਗ 40 ਪ੍ਰਤੀਸ਼ਤ ਸਟਾਫ ਦੀ ਕਮੀ ਹੈ, ਕਿਉਂਕਿ ਇੱਥੇ ਕੋਈ ਵਿਦਿਆਰਥੀ ਅਤੇ ਕੰਮਕਾਜੀ ਵੀਜ਼ਾ ਧਾਰਕ ਨਹੀਂ ਹਨ। ਉਹ ਸ਼ੈੱਫ, ਵੇਟਰ, ਵੇਟਰਸ, ਮੈਨੇਜਰ ਆਦਿ ਸਭ ਕੁਝ ਲੱਭ ਰਹੇ ਹਨ। ਉੱਧਰ ਇਕ ਪ੍ਰਸਿੱਧ ਕੈਫੇ ਦੀ ਮਾਲਕਣ ਕੈਮ ਲੂ ਅਤੇ ਹੈਨਰੀ ਲੇਂਗ ਦੱਸਦੇ ਹਨ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਉਹਨਾਂ ਆਪਣਾ ਲਗਭਗ ਸਾਰਾ ਸਟਾਫ ਗੁਆ ਦਿੱਤਾ। ਪੰਜ ਦੀ ਟੀਮ ਤੋਂ ਲੈ ਕੇ ਹੁਣ ਉਸਦੇ ਕੋਲ ਸਿਰਫ ਇੱਕ ਵਿਅਕਤੀ ਹੀ ਹੈ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਪਰਿਵਾਰ ਨੂੰ ਵੀ ਇਸ ਵਿੱਚ ਸ਼ਾਮਲ ਹੋਣਾ ਪਿਆ। ਉਹ ਮੁਸ਼ਕਲ ‘ਚ ਹਨ ਕਿਉਂਕਿ ਅਜੇ ਵੀ ਵੱਡੀਆਂ ਦੇਣਦਾਰੀਆਂ ਬਕਾਇਆ ਹਨ। ਉੱਧਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ‘ਚ ਸਾਨੂੰ ਨਹੀਂ ਪਤਾ ਕਿ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਵਾਪਸ ਆਉਣਗੇ? ਪਰ ਬ੍ਰਿਸਬੇਨ ਤੋਂ ਬਾਹਰ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਗਿਣਤੀ ਦੇ ਅਨੁਪਾਤ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਉਹ ਮੈਡੀਕਲ ਅਤੇ ਸਿਹਤ ਦੇ ਵਿਦਿਆਰਥੀਆਂ ਨੂੰ ਪਹਿਲ ਦੇਣਗੇ। ਗੌਰਤਲਬ ਹੈ ਕਿ ਜਦੋਂ ਸਰਹੱਦਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁੱਲ੍ਹਦੀਆਂ ਹਨ, ਤਾਂ ਉਨ੍ਹਾਂ ਨੂੰ ਅਜੇ ਵੀ ਟੂਵੂਮਬਾ ਨੇੜੇ ਵੈੱਲਕੈਂਪ ਖੇਤਰੀ ਕੁਆਰੰਟੀਨ ਸਹੂਲਤ ‘ਤੇ ਦੋ ਹਫ਼ਤਿਆਂ ਦੀ ਕੁਆਰੰਟੀਨ ਪੂਰੀ ਕਰਨੀ ਪਵੇਗੀ।

Install Punjabi Akhbar App

Install
×