ਕਰੋਨਾ ਮਹਾਂਮਾਰੀ -ਗੈਰ ਜੁਮੇਵਾਰ ਆਗੂ, ਸਿਹਤ ਵਿਭਾਗ ਦੀਆਂ ਕਮੀਆਂ ਤੇ ਲੋਕਾਂ ‘ਚ ਚੇਤਨਤਾ ਦੀ ਘਾਟ ਜੁਮੇਵਾਰ

ਕਰੋਨਾ ਵਇਰਸ ਦੀ ਮਹਾਂਮਾਰੀ ਨੇ ਸਮੁੱਚੀ ਦੁਨੀਆਂ ਹਿਲਾ ਕੇ ਰੱਖ ਦਿੱਤੀ ਹੈ, ਚੀਨ ਤੋਂ ਚੱਲੇ ਇਸ ਵਾਇਰਸ ਨੇ ਅਮਰੀਕਾ ਬਰਤਾਨੀਆ ਇਟਲੀ ਸਪੇਨ ਭਾਰਤ ਪਾਕਿਸਤਾਨ ਬਰਾਜੀਲ ਆਸਟਰੇਲੀਆ ਮਲੇਸੀਆ ਨਿਊਜੀਲੈਂਡ ਆਦਿ ਅਨੇਕਾਂ ਦੇਸਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸਾਰੀ ਦੁਨੀਆਂ ਇਸ ਮਹਾਂਮਾਰੀ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਜੱਦੋਜਹਿਦ ਕਰ ਰਹੀ ਹੈ। ਸੰਸਾਰ ਪੱਧਰ ਦੀ ਸਿਹਤ ਸੰਸਥਾ ”ਵਰਲਡ ਹੈਲਥ ਆਰਗੇਨਾਈਜੇਸਨ” ਵੱਲੋਂ ਜਿੱਥੇ ਇਸ ਬੀਮਾਰੀ ਦੀ ਰੋਕਥਾਮ ਲਈ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉੱਥੇ ਹਰ ਦੇਸ ਤੱਕ ਪਹੁੰਚ ਕਰਕੇ ਸਮੇਂ ਸਮੇਂ ਸੁਝਾਅ ਵੀ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਾਇਰਸ ਕੋਈ ਨਵੀ ਬਲਾ ਨਹੀਂ ਹੈ, ਹਰ ਇਨਸਾਨ ਦੇ ਸਰੀਰ ‘ਚ ਸੈਂਕੜੇ ਵਾਇਰਸ ਤੇ ਬੈਕਟੀਰੀਆ ਹੁੰਦੇ ਹਨ। ਇਹਨਾਂ ਵਿੱਚ ਸਿਹਤ ਦੀ ਸੁਰੱਖਿਆ ਕਰਨ ਵਾਲੇ ਵੀ ਹੁੰਦੇ ਹਨ ਤੇ ਨੁਕਸਾਨ ਪਹੁੰਚਾਉਣ ਵਾਲੇ ਵੀ। ਜਦ ਮਨੁੱਖੀ ਸਰੀਰ ‘ਚ ਕਮਜੋਰੀ ਆ ਜਾਂਦੀ ਹੈ ਅਤੇ ਉਸਦੀ ਬੀਮਾਰੀਆਂ ਨਾਲ ਲੜਣ ਦੀ ਸਮਰੱਥਾ ਘਟ ਜਾਂਦੀ ਹੈ ਤਾਂ ਨੁਕਸਾਨ ਕਰਨ ਵਾਲੇ ਵਾਇਰਸ ਭਾਰੂ ਪੈ ਜਾਂਦੇ ਹਨ। ਇਹ ਸਰੀਰ ਦਾ ਆਮ ਵਰਤਾਰਾ ਹੈ। ਕਰੋਨਾ ਵਾਇਰਸ ਵੀ ਕਈ ਕਿਸਮ ਦਾ ਹੈ ਅਤੇ ਕਾਫ਼ੀ ਪੁਰਾਣਾ ਹੈ, ਪਰ ਇਸੇ ਜਾਤੀ ਦਾ ਹੀ ਇੱਕ ਨਵਾਂ ਵਾਇਰਸ ਆਇਆ ਹੈ ਜਿਸਦਾ ਨਾਂ ਕੋਵਿਡ-19 ਰੱਖਿਆ ਗਿਆ ਹੈ, ਇਸੇ ਨੇ ਹੀ ਸਾਰੀ ਦੁਨੀਆਂ ਚਿੰਤਾ ਵਿੱਚ ਡਬੋ ਦਿੱਤੀ ਹੈ। ਇਸ ਵਾਇਰਸ ਦੇ ਪੈਦਾ ਹੋਣ ਬਾਰੇ ਵੀ ਦੋ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਇੱਕ ਹੈ ਕਿ ਇਹ ਵਾਇਰਸ ਚਮਗਿੱਦੜ ਖਾਣ ਕਾਰਨ ਪੈਦਾ ਹੋਇਆ ਹੈ ਕਿਉਂਕਿ ਇਸ ਵਿੱਚ 88 ਫੀਸਦੀ ਅੰਸ਼ ਚਮਗਿੱਦੜ ਵਾਲੇ ਹੋਣਾ ਪਰਤੱਖ ਹੋ ਚੁੱਕਾ ਹੈ। ਦੂਜਾ ਹੈ ਕਿ ਚੀਨ ਖੁਦ ਹੀ ਕੋਈ ਵਾਇਰਸ ਤਿਆਰ ਕਰ ਰਿਹਾ ਸੀ, ਜੋ ਕਿ ਮਾਰੂ ਰੁਖ਼ ਅਖਤਿਆਰ ਕਰ ਗਿਆ। ਪੈਦਾ ਹੋਣ ਦਾ ਕਾਰਨ ਤਾਂ ਕੁੱਝ ਵੀ ਹੋਵੇ, ਪਰ ਹੈ ਤਬਾਹੀ ਕਰਨ ਵਾਲਾ। ਇਸ ਵਾਇਰਸ ਦਾ ਅਜੇ ਵੀ ਇੱਕ ਗੁਣ ਬਚਾਅ ਵਾਲਾ ਹੈ ਕਿ ਇਹ ਹਵਾ ਦੁਆਰਾ ਨਹੀਂ ਫੈਲਦਾ, ਜੇਕਰ ਅਜਿਹਾ ਹੁੰਦਾ ਤਾਂ ਹੁਣ ਤੱਕ ਦੁਨੀਆਂ ਖਾਤਮੇ ਵੱਲ ਤੁਰ ਪੈਣੀ ਸੀ। ਇਹ ਇੱਕ ਦੂਜੇ ਤੱਕ ਮੇਲ ਮਿਲਾਪ ਨਾਲ ਹੀ ਫੈਲਦਾ ਹੈ। ਇਸਤੋਂ ਪੀੜ੍ਹਤ ਕਿਸੇ ਮਰੀਜ ਦਾ ਕਿਸੇ ਵਸਤੂ ਨੂੰ ਹੱਥ ਲੱਗ ਜਾਵੇ ਤਾਂ ਇਹ ਵਾਇਰਸ ਜੋ ਅਤੀ ਛੋਟਾ ਹੋਣ ਕਾਰਨ ਦੇਖਿਆ ਵੀ ਨਹੀਂ ਜਾ ਸਕਦਾ, ਉਸ ਵਸਤੂ ਨੂੰ ਹੱਥ ਲਾਉਣ ਵਾਲੇ ਹਜ਼ਾਰਾਂ ਲੋਕਾਂ ਤੱਕ ਚਲਾ ਜਾਂਦਾ ਹੈ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸਤੋਂ ਪੈਦਾ ਹੋਈ ਬੀਮਾਰੀ ਨਾਲ ਮੌਤ ਹੋਣ ਦੀ ਦਰ ਭਾਵੇਂ ਹੋਰ ਵਾਇਰਸਾਂ ਦੇ ਮੁਕਾਬਲੇ ਬਹੁਤ ਘੱਟ ਹੈ, ਪਰ ਇਸਦੀ ਫੈਲਣ ਦੀ ਗਤੀ ਦਰ ਬਹੁਤ ਤੇਜ ਹੈ। ਇਹ ਵਾਇਰਸ ਬੀਮਾਰ ਵਿਅਕਤੀਆਂ, ਬਜੁਰਗਾਂ ਤੇ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। ਇਹ ਸਰੀਰ ਦੇ ਅੰਦਰਲੇ ਉਸ ਅੰਗ ਜਾਂ ਹਿੱਸੇ ਤੇ ਪ੍ਰਭਾਵ ਪਾਉਂਦਾ ਹੈ ਜੋ ਪਹਿਲਾਂ ਹੀ ਕਮਜੋਰ ਹੋਵੇ। ਜੋ ਵਿਅਕਤੀ ਤੰਦਰੁਸਤ ਹਨ ਉਹ ਇਸ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚ ਜਾਂਦੇ ਹਨ। ਦੁਨੀਆਂ ਭਰ ਵਿੱਚ ਹੁਣ ਤੱਕ 3,83,390 ਮਰੀਜਾਂ ਦੀ ਸਨਾਖਤ ਕੀਤੀ ਗਈ, ਜਿਹਨਾਂ ਚੋਂ 1,02,548 ਠੀਕ ਹੋ ਚੁੱਕੇ ਹਨ, 16,582 ਮਰੀਜਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ 2,64,260 ਇਲਾਜ ਅਧੀਨ ਹਨ। ਇਹਨਾਂ ਵਿੱਚੋਂ ਵੀ 2,52,181 ਖਤਰੇ ਤੋਂ ਬਾਹਰ ਹਨ ਸਿਰਫ 12,079 ਮਰੀਜਾਂ ਦੀ ਹਾਲਤ ਨਾਜੁਕ ਹੈ ਜੋ ਸਿਰਫ 5 ਫੀਸਦੀ ਹੀ ਬਣਦੇ ਹਨ। ਜੇਕਰ ਮੌਤ ਦਰ ਦੇਖੀਏ ਤਾਂ ਇਕੱਲੇ ਭਾਰਤ ਵਿੱਚ ਹੀ ਹਰ ਸਾਲ 4 ਲੱਖ ਤੋਂ ਵੱਧ ਵਿਅਕਤੀ ਟੀ ਬੀ ਨਾਲ ਮਰ ਜਾਂਦੇ ਹਨ ਜਦ ਕਿ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਤਾਂ ਇਸਤੋਂ ਵੀ ਕਈ ਗੁਣਾਂ ਜਿਆਦਾ ਹੋਵੇਗੀ। ਇਸਤੋਂ ਸਪਸਟ ਹੈ ਕਿ ਇਸ ਵਾਇਰਸ ਨਾਲ ਮਰਨ ਦਾ ਬਹੁਤਾ ਡਰ ਨਹੀਂ ਹੈ, ਪਰ ਅੱਗੇ ਫੈਲਣ ਦਾ ਖਤਰਾ ਜਿਆਦਾ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਸੰਸਾਰ ਦੇ ਸਾਰੇ ਦੇਸ ਹੀ ਇਸ ਬੀਮਾਰੀ ਦੀ ਦਵਾਈ ਲੱਭਣ ਲਈ ਯਤਨਸ਼ੀਲ ਹਨ। ਪਰ ਸਾਡੇ ਦੇਸ ਭਾਰਤ ਦੇ ਸਿਆਸੀ ਤੇ ਧਾਰਮਿਕ ਆਗੂਆਂ ਦੇ ਬਿਆਨਾਂ ਨੂੰ ਹਾਸੋਹੀਣੇ ਤਾਂ ਨਹੀਂ ਕਿਹਾ ਜਾ ਸਕਦਾ ਬਲਕਿ ਕੁਰਾਹੇ ਪਾਉਣ ਵਾਲੇ ਹਨ। ਅੱਜ ਜਦੋ ਇਨਸਾਨ ਨੇ ਚੰਦਰਮਾ ਤੇ ਪੈਰ ਧਰ ਲਏ ਹਨ ਵਿਗਿਆਨ ਸਿਖ਼ਰਾਂ ਨੂੰ ਛੋਹ ਰਿਹਾ ਹੈ, ਉਦੋਂ ਦੇਸ਼ ਦੇ ਨੇਤਾ ਗਊ ਮੂਤ ਪੀਣ ਜਾਂ ਗੋਹਾ ਮਲਣ ਦੀਆਂ ਸਿਫਾਰਸਾਂ ਕਰ ਰਹੇ ਹਨ। ਧਾਰਮਿਕ ਆਗੂ ਕਹਾਉਣ ਵਾਲੇ ਹਿੰਦੂ ਮਹਾਂ ਸਭਾ ਦੇ ਇੱਕ ਪ੍ਰਧਾਨ ਸਵਾਮੀ ਚਤਰੂਪਾਣੀ ਨੇ ਇਸ ਵਾਇਰਸ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ, ”ਕਰੋਨਾ ਵਾਇਰਸ ਨਹੀਂ ਹੈ, ਬਲਕਿ ਛੋਟੇ ਜੀਵ ਜੰਤੂਆਂ ਦੀ ਸੁਰੱਖਿਆ ਲਈ ਆਇਆ ਇੱਕ ਅਵਤਾਰ ਹੈ, ਜੋ ਉਹਨਾਂ ਨੂੰ ਖਾਣ ਵਾਲਿਆਂ ਨੂੰ ਮੌਤ ਦੀ ਸਜ਼ਾ ਦਾ ਸੰਦੇਸ ਹੈ।” ਇੱਥੇ ਹੀ ਬੱਸ ਨਹੀਂ ਇੱਕ ਸਾਧਵੀ ਪ੍ਰਾਚੀ ਤਾਂ ਇੱਥੋਂ ਤੱਕ ਕਹਿਣ ਚਲੀ ਗਈ, ”ਗਊ ਦਾ ਗੋਬਰ ਰੋਟੀ ਤੇ ਬਟਰ ਦੀ ਤਰ੍ਹਾਂ ਲਾ ਕੇ ਖਾਣ ਨਾਲ ਕਰੋਨਾ ਨਹੀਂ ਹੋਵੇਗਾ।” ਜਦੋਂ ਅਜਿਹੇ ਬਿਆਨ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਕਚਿਆਣ ਆਉਂਦੀ ਹੈ ਅਤੇ ਦੇਸ ਦੇ ਭਵਿੱਖ ਤੇ ਵੀ ਤਰਸ ਆਉਂਦਾ ਹੈ ਕਿ ਜਿਸ ਦੇਸ ਦੇ ਆਗੂ ਅਜਿਹੇ ਹੋਣ ਉਸਦਾ ਕੀ ਬਣੇਗਾ?
ਜੇ ਹੋਰ ਦੇਸਾਂ ਦੀ ਗੱਲ ਕਰੀਏ! ਅਮਰੀਕਾ ਬਰਤਾਨੀਆਂ ਨੂੰ ਤਾਂ ਭਾਵੇਂ ਵਿਗਿਆਨ ਦਾ ਮੋਢੀ ਮੰਨਿਆਂ ਜਾਂਦੈ, ਪਰ ਇੱਕ ਛੋਟਾ ਜਿਹਾ ਦੇਸ ਹੈ ‘ਕਿਊਬਾ’। ਜਿੱਥੇ ਸਮੁੱਚੀ ਵਿੱਦਿਆ ਤੇ ਸਿਹਤ ਸਹੂਲਤਾਂ ਮੁਫ਼ਤ ਹਨ। ਉਸ ਦੇਸ ਦੇ 90 ਫੀਸਦੀ ਲੋਕ ਨਾਸਤਿਕ ਹਨ, ਉਸ ਨੇ ਪੜ੍ਹਾਈ ਤੇ ਜੋਰ ਦੇ ਕੇ ਉੱਚਕੋਟੀ ਦੇ ਡਾਕਟਰ ਤੇ ਵਿਗਿਆਨੀ ਪੈਦਾ ਕੀਤੇ ਹਨ। ਉਸ ਦੇਸ਼ ਦੇ ਰਾਸਟਰਪਤੀ ਮਿਗੇਲ ਡਿਆਸ ਕਾਨੇਲ ਦਾ ਬਿਆਨ ਸੀ, ”ਅਸੀਂ ਬੰਬ ਨਹੀਂ ਬਣਾਏ, ਨਿਊਕਲੀਅਰ ਬੰਬ ਨਹੀਂ ਸੁੱਟੇ, ਅਸੀਂ ਆਪਣੇ ਦੇਸ਼ ‘ਚ ਡਾਕਟਰ ਬਣਾਏ ਹਨ, ਜੋ ਮਾਨਵਤਾ ਦੀ ਸੇਵਾ ਵਿੱਚ ਹਾਜਰ ਹਨ। ਇਹ ਹੈ ਵਿਗਿਆਨਕ ਸੋਚ। ਸਾਡੇ ਦੇਸ ਦੇ ਸੱਤ੍ਹਾਧਾਰੀ ਅਤੇ ਸਾਧ ਬਾਬੇ ਹਮੇਸਾਂ ਇਹੋ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਨਾਲ ਬੀਮਾਰੀਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਜੇ ਕੋਈ ਧਾਰਮਿਕ ਆਗੂ ਵਿਗਿਆਨਕ ਵਿਚਾਰ ਪੇਸ ਕਰ ਵੀ ਦੇਵੇ ਤਾਂ ਉਸਦਾ ਖੰਡਨ ਕਰਨ ਵਾਲੇ ਖੁੰਬਾਂ ਵਾਂਗੂੰ ਖੜੇ ਹੋ ਜਾਂਦੇ ਹਨ। ਮੌਜੂਦਾ ਹਾਲਾਤਾਂ ਦੇਖਦਿਆਂ ਸਿੱਖ ਧਰਮ ਦੇ ਇੱਕ ਪੜ੍ਹੇ ਲਿਖੇ ਸੂਝਵਾਨ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਜਦ ਭਿਆਨਕ ਹਾਲਾਤ ਦੇਖਦਿਆਂ ਲੋਕਾਂ ਦੇ ਬਚਾਅ ਲਈ ਵਿਗਿਆਨਕ ਗੱਲ ਕੀਤੀ, ਕਿ ਕਰੋਨਾ ਤੋਂ ਬਚਣ ਲਈ ਇਕੱਠਾਂ ਵਿੱਚ ਨਾ ਜਾਇਆ ਜਾਵੇ, ਗੁਰੂਘਰਾਂ ਦੀ ਥਾਂ ਆਪਣੇ ਘਰਾਂ ਵਿੱਚ ਰਹਿ ਕੇ ਪਾਠ ਕੀਤੇ ਜਾਣ ਤੇ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ ਜਾਵੇ ਤਾਂ ਇੱਕ ਹੋਰ ਤਖ਼ਤ ਸਾਹਿਬ ਦੇ ਜਥੇਦਾਰ ਨੇ ਖੰਡਨ ਕਰਦਾ ਬਿਆਨ ਦਾਗ ਦਿੱਤਾ ਕਿ ਗੁਰੂ ਘਰ ਜਾਣ ਤੇ ਹੀ ਬੀਮਾਰੀਆਂ ਤੇ ਦੁੱਖ ਦੂਰ ਹੋ ਜਾਂਦੇ ਹਨ, ਹੋਰ ਵੀ ਕਈਆਂ ਨੇ ਇਤਰਾਜ ਕੀਤਾ। ਦਰਬਾਰ ਸਾਹਿਬ ਦੇ ਬਾਹਰ ਜੇਕਰ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਡਿਊਟੀ ਕਰ ਰਹੇ ਪੁਲਿਸ ਕਰਮਚਾਰੀ ਸਰਧਾਲੂਆਂ ਨੂੰ ਸੁਝਾਅ ਦੇਣ ਲੱਗੇ ਤਾਂ ਉਹਨਾਂ ਤੇ ਸਰਧਾਲੂਆਂ ਨੂੰ ਰੋਕਣ ਦੇ ਦੋਸ਼ ਲਾ ਦਿੱਤੇ। ਪਰ ਹੁਣ ਜਦ ਇਹ ਬੀਮਾਰੀ ਭਿਆਨਕ ਰੂਪ ਅਖ਼ਤਿਆਰ ਕਰ ਗਈ ਤਾਂ ਦੇਸ ਭਰ ਦੇ ਗੁਰਦੁਆਰੇ ਮੰਦਰ ਮਸਜਿਦਾਂ ਚਰਚਾਂ ਨੂੰ ਬੰਦ ਕਰਨ ਦੀ ਕਾਰਵਾਈ ਸੁਰੂ ਹੋ ਗਈ, ਧਾਰਮਿਕ ਸਮਾਗਮ ਰੋਕ ਦਿੱਤੇ ਗਏ। ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਸਾਧ, ਬਾਬੇ, ਪੁਜਾਰੀ, ਜੋਤਸੀ, ਪੁੱਛਾਂ ਦੇਣ ਵਾਲੇ, ਟੂਣੇ ਧਾਗੇ ਕਰਨ ਵਾਲੇ, ਡੇਰੇਦਾਰ ਬਾਬੇ ਆਦਿ ਪਤਾ ਨਹੀਂ ਕਿਹੜੀਆਂ ਖੱਡਾਂ ਵਿੱਚ ਵੜ ਗਏ, ਹੁਣ ਅੱਖ ‘ਚ ਪਾਏ ਨਹੀਂ ਰੜਕਦੇ। ਮਨੁੱਖਤਾ ਤੇ ਆਏ ਇਸ ਭਾਰੀ ਸੰਕਟ ਸਮੇਂ ਧਾਰਮਿਕ ਅਸਥਾਨਾਂ ਦੇ ਦਰਵਾਜੇ ਬੰਦ ਹੋ ਗਏ। ਆਖ਼ਿਰ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ” ਕਰੋਨਾ ਵਾਇਰਸ ਜਿੰਦਗੀ ਦੀ ਸਭ ਤੋਂ ਵੱਡੀ ਚਣੌਤੀ ਹੈ, ਇਸਦਾ ਨਵੇਂ ਅਤੇ ਅਧੁਨਿਕ ਤਰੀਕਿਆਂ ਰਾਹੀਂ ਹੱਲ ਕੱਢਣ ਦੀ ਲੋੜ ਹੈ।”
ਜੇਕਰ ਭਾਰਤ ‘ਚ ਇਸ ਵਾਇਰਸ ਦੇ ਫੈਲਣ ਦਾ ਵਿਸਲੇਸਣ ਕਰੀਏ ਤਾਂ ਸਪਸ਼ਟ ਹੈ ਕਿ ਸਾਡੀਆਂ ਸਰਕਾਰਾਂ ਨੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਹਮੇਸਾਂ ਲਾਪਰਵਾਹੀ ਹੀ ਵਰਤੀ ਹੈ ਕੋਈ ਅਗਾਊ ਪ੍ਰਬੰਧ ਨਹੀਂ ਕੀਤੇ, ਜਦ ਆਫ਼ਤ ਸਿਰ ਤੇ ਆ ਪੈਂਦੀ ਹੈ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਦੇਸ ਦੇ ਸਿਹਤ ਵਿਭਾਗ ਦਾ ਢਾਂਚਾ ਵੀ ਅਬਾਦੀ ਤੇ ਸਮੇਂ ਦੀ ਨਜਾਕਤ ਦੇ ਅਨੁਕੂਲ ਨਹੀਂ ਹੈ, ਉਸ ਕੋਲ ਨਾ ਲੋੜੀਂਦੇ ਡਾਕਟਰ ਤੇ ਹਸਪਤਾਲ ਹਨ ਅਤੇ ਨਾ ਹੀ ਲੋੜੀਂਦਾ ਸਾਜੋ ਸਮਾਨ। ਦੇਸ ਦੇ ਰਾਜਨੀਤਕ ਆਗੂ ਗੈਰ ਜੁਮੇਵਾਰ ਹਨ ਜੋ ਆਫ਼ਤ ਦਾ ਹੱਲ ਕਰਨ ਦੇ ਉਲਟ ਗੁੰਮਰਾਹਕੁੰਨ ਬਿਆਨਬਾਜੀ ਕਰਕੇ ਸਮਾਂ ਲੰਘਾਉਂਦੇ ਹਨ। ਅਫ਼ਸਰਸ਼ਾਹੀ ਸਮਝਦੀ ਹੈ ਕਿ ਉਹਨਾਂ ਦਾ ਕੰਮ ਲੋਕਾਂ ਦੀ ਸੇਵਾ ਕਰਨੀ ਨਹੀਂ ਸਗੋਂ ਲੋਕਾਂ ਨੂੰ ਦਬਾਅ ਕੇ ਰੱਖਣਾ ਤੇ ਤਨਖਾਹਾਂ ਲੈਣੀਆਂ ਹੀ ਉਹਨਾਂ ਦੀ ਡਿਊਟੀ ਹੈ। ਪਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਲੋਕਾਂ ਵਿੱਚ ਵੀ ਚੇਤਨਤਾ ਨਹੀਂ ਹੈ ਕਿ ਕੁਦਰਤੀ ਆਫ਼ਤਾਂ ਮਹਾਂਮਾਰੀ ਆਦਿ ਦਾ ਟਾਕਰਾ ਕਿਵੇਂ ਕੀਤਾ ਜਾਵੇ ਅਤੇ ਸਰਕਾਰਾਂ ਉੱਪਰ ਉਹਨਾਂ ਦੇ ਹੱਲ ਲਈ ਦਬਾਅ ਕਿਵੇਂ ਪਾਇਆ ਜਾਵੇ?
ਜਿਵੇਂ ਸਮੁੱਚੀ ਦੁਨੀਆਂ ਇਸ ਬਿਮਾਰੀ ਨੂੰ ਰੋਕਣ ਲੱਗੀ ਹੈ ਅਤੇ ਸਾਡੀਆਂ ਸਰਕਾਰਾਂ ਯਤਨਸ਼ੀਲ ਹਨ, ਇਸਨੂੰ ਜਲਦੀ ਠੱਲ੍ਹ ਪੈਣ ਦੀ ਵੱਡੀ ਉਮੀਦ ਹੈ। ਪਰ ਇਸ ਮਹਾਂਮਾਰੀ ਤੋਂ ਸਬਕ ਲੈਂਦਿਆਂ ਸਰਕਾਰਾਂ ਨੂੰ ਅੱਗੇ ਲਈ ਲੋਕਾਂ ਨੂੰ ਬਚਾਉਣ ਵਾਸਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਤੇ ਇੰਜਨੀਅਰ ਬਣਾਉਣ ਵਾਲੀਆਂ ਸੰਸਥਾਵਾਂ ਵੱਲ ਉਚੇਚਾ ਧਿਆਨ ਦੇਣਾ ਪਵੇਗਾ। ਭਾਰਤੀ ਲੋਕ ਬਹੁਤ ਦਾਨੀ ਹਨ, ਇੱਕ ਅਵਾਜ਼ ਤੇ ਅਰਬਾਂ ਖਰਬਾਂ ਰੁਪਏ ਦਾਨ ਵਜੋਂ ਦੇ ਦਿੰਦੇ ਹਨ ਪਰ ਉਹਨਾਂ ਦਾ ਦਾਨ ਯੋਗ ਤੇ ਸਹੀ ਵਰਤੋਂ ਵਿੱਚ ਨਹੀਂ ਆਉਂਦਾ, ਇਸ ਲਈ ਦਾਨੀ ਸੱਜਨਾਂ ਨੂੰ ਵੀ ਸੋਚਣਾ ਪਵੇਗਾ ਕਿ ਵਿੱਦਿਅਕ ਤੇ ਸਿਹਤ ਸੰਸਥਾਵਾਂ ਲਈ ਦਾਨ ਦਿੱਤਾ ਜਾਣਾ ਚਾਹੀਦਾ ਹੈ, ਜੋ ਮਨੁੱਖਤਾ ਦੇ ਭਲੇ ਲਈ ਹੋਵੇਗਾ।