ਪੱਛਮੀ ਆਸਟ੍ਰੇਲੀਆ ਅੰਦਰ ਬੁਸ਼ਫਾਇਰ ਤੋਂ ਨਵੀਆਂ ਚਿਤਾਵਨੀਆਂ ਜਾਰੀ -ਕਈ ਥਾਂਈਂ ਘਰਾਂ ਨੂੰ ਦਿੱਤੇ ਖਾਲੀ ਕਰਨ ਦੇ ਆਦੇਸ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਦੇ ਦੱਖਣੀ-ਪੱਛਮੀ ਖੇਤਰ ਵਿੱਚ ਸਥਿਤ ਰੋਕਿੰਗਹੈਮ ਖੇਤਰ ਵਿੱਚ ਵੀ ਲੋਕਾਂ ਨੂੰ ਬੁਸ਼ਫਾਇਰ ਤੋਂ ਸਚੇਤ ਕਰਨ ਵਾਸਤੇ ਨਵੀਆਂ ਆਪਾਤਕਾਲੀਨ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਕੁਝ ਖੇਤਰਾਂ ਵਿੱਚ ਤਾਂ ਕਿਹਾ ਗਿਆ ਹੈ ਕਿ ਤੁਹਾਡੀ ਜ਼ਿੰਦਗੀ ਖ਼ਤਰੇ ਵਿੱਚ ਹੈ ਅਤੇ ਇਸ ਲਈ ਆਪਣੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਫੌਰਨ ਕਦਮ ਚੁੱਕੋ ਅਤੇ ਸਮਾਂ ਰਹਿੰਦਿਆਂ ਆਪਣੇ ਘਰਾਂ ਨੂੰ ਛੱਡ ਕੇ ਅਤੇ ਮਹਿਜ਼ ਜ਼ਰੂਰੀ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਉ। ਅਜਿਹੀਆਂ ਚਿਤਾਵਨੀਆਂ ਬੀਤੇ ਕੱਲ੍ਹ ਦੇਰ ਸ਼ਾਮ ਤੋਂ ਹੀ ਦਿੱਤੀਆਂ ਜਾ ਰਹੀਆਂ ਹਨ। ਖਾਸ ਕਰਕੇ ਖੇਤਰ ਜਿਵੇਂ ਕਿ ਰੋਕਿੰਗਹੈਮ ਵਿਚਲੇ ਬਾਲਡਿਵਿਸ ਦੇ ਕੁੱਝ ਖੇਤਰ ਜਿਨ੍ਹਾਂ ਵਿੱਚ ਕਿ ਕਾਰਨਪ ਰੋਡ, ਯੰਗ ਰੋਡ ਅਤੇ ਕਵਿਨਾਨਾ ਫਰੀਵੇਅ ਸਾਉਥਬਾਊਂਡ ਆਦਿ ਸ਼ਾਮਿਲ ਹਨ। ਅੱਗ ਤੋਂ ਬਚਾਉ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗ (DFES) ਨੇ ਲੋਕਾਂ ਨੂੰ ਕਿਹਾ ਹੈ ਕਿ ਘਰਾਂ ਤੋਂ ਸੁਰੱਖਿਅਤ ਥਾਵਾਂ ਤੇ ਜਾਣ ਵਾਸਤੇ, ਸਹੀ ਦਿਸ਼ਾ ਅਤੇ ਸੁਰੱਖਿਅਤ ਰਾਹ ਹੀ ਚੁਣੋ ਅਤੇ ਜੇਕਰ ਕਿਸੇ ਕਾਰਨ ਤੁਸੀਂ ਘਰਾਂ ਵਿੱਚ ਹੀ ਰਹਿ ਗਏ ਹੋ ਤਾਂ ਫੇਰ ਘਰਾਂ ਅੰਦਰ ਅਜਿਹਾ ਸੁਰੱਖਿਤ ਥਾਂ ਚੁਣੋ ਜਿੱਥੇ ਕਿ ਅੱਗ ਦਾ ਅਸਰ ਨਾ ਹੋ ਸਕੇ ਅਤੇ ਜਾਂ ਫੇਰ ਘੱਟ ਤੋਂ ਘੱਟ ਹੋਵੇ ਅਤੇ ਤੁਹਾਡੀ ਜ਼ਿੰਦਗੀ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮੌਜੂਦਾ ਸਮੇਂ ਵਿੱਚ ਬੁਸ਼ਫਾਇਰ ਦੀਆਂ ਲਪਟਾਂ ਉਤਰ-ਪੂਰਬੀ ਦਿਸ਼ਾਵਾਂ ਵੱਲ ਵੱਧ ਰਹੀਆਂ ਹਨ ਅਤੇ ਲਗਭੱਗ 50 ਦੇ ਕਰੀਬ ਅੱਗ ਬੁਝਾਊ ਯੋਧੇ ਇਸ ਅੱਗ ਉਪਰ ਕਾਬੂ ਪਾਉਣ ਤੇ ਲੱਗੇ ਹਨ ਅਤੇ ਹਵਾਈ ਜੈਟਾਂ ਰਾਹੀਂ ਵੀ ਪਾਣੀ ਗਿਰਾ ਕੇ ਇਸ ਅੱਗ ਉਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਵਿਨਾਨਾ ਫਰੀਵੇਅ ਸਾਊਥ ਬਾਊਂਡ ਵਾਲੀ ਸੜਕ ਨੂੰ ਸੇਫਟੀ ਬੇਅ ਅਤੇ ਕਾਰਨੁਪ ਸੜਕ ਵਿਚਾਲੇ ਬੰਦ ਕਰ ਦਿੱਤਾ ਗਿਆ ਹੈ।

Install Punjabi Akhbar App

Install
×