ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਲੋਕੀਅਰ ਵੈਲੀ ਵਾਲੇ ਖੇਤਰ ਵਿੱਚ ਹੜ੍ਹਾਂ ਕਾਰਨ, ਸੈਂਕੜਿਆਂ ਦੀ ਤਾਦਾਦ ਵਿੱਚ ਨਿਚਲੇ ਇਲਾਕਿਆਂ ਵਿੱਚ ਰਹਿੰਦੇ ਲੋਕ, ਆਪਣਾ ਘਰ-ਬਾਰ ਛੱਡ ਕੇ ਉਚੀਆਂ ਅਤੇ ਸੁਰੱਖਿਅਤ ਥਾਂਵਾਂ ਤੇ ਜਾਣ ਲਈ ਮਜਬੂਰ ਹੋ ਰਹੇ ਹਨ। ਕਾਰਨ -ਖੇਤਰ ਵਿੱਚ ਪੈ ਰਹੀ ਮੁਸਲਧਾਰ ਬਾਰਿਸ਼ ਨੇ ਡੈਮਾਂ ਅਤੇ ਨਦੀਆਂ ਨੂੰ ਪਾਣੀ ਨਾਲ ਭਰ ਦਿੱਤਾ ਹੈ ਅਤੇ ਨਦੀਆਂ ਦਾ ਪਾਣੀ ਹੁਣ ਕਿਨਾਰਿਆਂ ਤੋਂ ਬਾਹਰ ਵਹਿ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ।
ਲੋਕੀਅਰ ਵੇਲੀ ਦੇ ਲੇਡਲੇ ਇਲਾਕੇ ਵਿੱਚ 260 ਰਿਹਾਇਸ਼ੀ ਘਰ, ਹੜ੍ਹ ਦੇ ਪਾਣੀ ਵਿੱਚ ਡੁੱਬਣ ਦੀ ਕਤਾਰ ਤੇ ਹਨ।
ਬ੍ਰਿਸਬੇਨ, ਇਪਸਵਿਚ, ਲੋਕੀਅਰ ਵੈਲੀ, ਡਾਰਲਿੰਗ ਡਾਊਨਜ਼, ਮੋਰਟਨ ਬੇਅ, ਦ ਸਨਸ਼ਾਈਨ ਕੋਸਟ, ਵਾਈਡ ਬੇਅ-ਬਰਨਟ, ਬੰਡਾਬਰਗ ਅਤੇ ਗਲੈਡਸਟੋਨ ਵਰਗੇ ਖੇਤਰਾਂ ਵਿੱਚ 132 ਮਿਲੀ ਮੀਟਰ ਤੱਕ ਦੀ ਭਾਰੀ ਬਾਰਿਸ਼ ਹੋ ਰਹੀ ਹੈ।
ਰਾਜ ਦੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੇ ਬੀਤੀ ਰਾਤ ਘੱਟੋ ਘੱਟ 7 ਬਚਾਉ ਅਭਿਆਨ ਚਲਾਏ ਾਅਤੇ 900 ਤੋਂ ਵੀ ਜ਼ਿਆਦਾ ਮਦਦ ਦੀਆਂ ਕਾਲਾਂ ਉਪਰ ਬਚਾਉ ਕਾਰਜ ਕੀਤੇ।
ਪ੍ਰਭਾਵਿਤ ਇਲਾਕਿਆਂ ਦੇ 70 ਦੇ ਕਰੀਬ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ।
ਰਾਜ ਦੇ ਸਾਬਕਾ ਪ੍ਰੀਮੀਅਰ ਕੈਂਪਬੈਲ ਨਿਊਮੈਨ ਨੇ ਇਸ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਵਿੱਚ ਇਸ ਸਮੇਂ ਹੜ੍ਹਾਂ ਆਦਿ ਨੂੰ ਕੰਟਰੋਲ ਕਰਨ ਵਾਲੇ ਪ੍ਰਾਜੈਕਟਾਂ ਦੀ ਜ਼ਰੂਰਤ ਹੈ ਅਤੇ ਸਰਕਾਰ ਇਸ ਸਮੇਂ ਇਹ ਕਰ ਰਹੀ ਹੈ ਕਿ ਲੋਕਾਂ ਨੂੰ ਚਿਤਾਵਨੀਆਂ ਦੇ ਰਹੀ ਹੈ -ਬਈ ਹੜ੍ਹ ਆਏ ਹਨ ਆਪਣਾ ਬਚਾਉ ਕਰ ਲਵੋ…..।