ਇਕ ਬੇਨਤੀ: ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੇ ਨਾਂ

Letter to Farmers and Labourerssss

ਸਤਿਕਾਰਤ, ਕਿਸਾਨ ਤੇ ਮਜ਼ਦੂਰ ਪਰਿਵਾਰੋ।

ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥

ਆਦਰ ਯੋਗ ਜੀਓ, ਦੁੱਖ ਅਤੇ ਸੁੱਖ ਮਨੁੱਖ ਦੇ ਦੋ ਕੱਪੜੇ ਹਨ, ਜਿਹੜੇ ਸਮੇਂ ਸਮੇਂ ਆਪਸ ਵਿਚ ਵਟਦੇ ਰਹਿੰਦੇ ਹਨ।ਮਨੁੱਖਾ ਜੀਵਨ ਪ੍ਰਮਾਤਮਾ ਦੀ ਦਾਤ ਹੈ ਜਿਹੜਾ ਸਾਨੂੰ ਜੀਊਣ ਲਈ ਮਿਲਦਾ ਹੈ।ਸੰਸਾਰ ਆਪਣੀ ਸਭ ਦੀ ਕਰਮ ਭੂਮੀ ਹੈ ਜਿੱਥੇ ਅਸੀਂ ਜੰਮਦੇ,ਪਲਦੇ,ਕੰਮਕਾਰ ਕਰਦੇ,ਪਰਿਵਾਰ ਸੰਭਾਲਦੇ ਜੀਵਨ ਦਾ ਸਫ਼ਰ ਮੁਕਾਉਂਦੇ ਹਾਂ।ਇਸ ਸੰਸਾਰ ਅੰਦਰ ਮਨੁੱਖ ਭਾਈਚਾਰਾ ਜਾਂ ਸਮਾਜ ਦੋ ਰੂਪਾਂ ਵਿਚ ਆਪਾਂ ਵੰਡਿਆਂ ਹੋਇਆ ਵੇਖਦੇ ਹਾਂ।ਇਕ ਹਿੱਸਾ ਅਮੀਰ ਹੈ ਅਤੇ ਦੂਜਾ ਗਰੀਬ।ਇਕ ਰਾਜਾ ਹੈ ਅਤੇ ਦੂਜਾ ਭਿਖਾਰੀ।ਇਹ ਵੀ ਇਕ ਕੁਦਰਤ ਦੇ ਕਰਤੇ ਦਾ ਖੇਲ ਹੈ।”ਇਕ ਰਾਜੇ ਇਕ ਭਿਖਾਰੀ ਜੀਓ ਸਭ ਤੇਰੇ ਚੋਜ ਵਿਡਾਣਾ”॥ਇਸ ਖੇਡ ਦੇ ਪਾਤਰਾਂ ਦੀ ਭੂਮਿਕਾ ਬੜੀ ਹੈਰਾਨੀ ਭਰੀ ਹੈ ਅੱਜ ਦਾ ਅਮੀਰ ਕੱਲ ਦਾ ਗਰੀਬ ਹੋ ਜਾਂਦਾ ਹੈ ਅਤੇ ਅੱਜ ਦਾ ਗਰੀਬ ਕੱਲ ਦਾ ਅਮੀਰ ਵੀ ਹੁੰਦਾ ਹੈ।

ਸਾਡੀ ਜਿੰਦਗੀ ਇਕ ਸੰਘਰਸ਼ ਹੈ ਜੋ ਅਸੀਂ ਲਗਾਤਾਰ ਘੁਲਦੇ ਜਾਂ ਲੜਦੇ ਹਾਂ।ਸਾਡੀ ਇਸ ਘਾਲ ਦੇ ਸਿੱਟੇ ਬਹੁਤ ਵਾਰੀ ਸਾਡੀ ਮਰਜ਼ੀ ਦੇ ਨਹੀਂ ਨਿਕਲਦੇ।ਕਈ ਵਾਰ ਆਪਾਂ ਸਫਲ ਹੁੰਦੇ ਹਾਂ ਤੇ ਕਈ ਵਾਰ ਆਪਾਂ ਅਸਫਲ ਹੰਦੇ ਹਾਂ ਤੇ ਕਈ ਵਾਰ ਆਪਾਂ ਹਾਰ ਜਾਂਦੇ ਹਾਂ।ਇਥੇ ਇਕ ਬੜਾ ਸਮਝਣ ਵਾਲਾ ਨੁਕਤਾ ਹਾਂ।ਅਸੀਂ ਜਿੱਤ ਹਾਰ ਦੇ ਪ੍ਰਭਾਵਾਂ ਤੋਂ ਬਚਣਾ ਕਿਵੇਂ ਹੈ। ਜਿਸ ਮਨੁੱਖ ਨੂੰ ਜਿੰਦਗੀ ਦੇ ਇਸ ਸਫਰ ਵਿਚ ਇਹ ਗੁਰ ਸਮਝ ਆ ਗਿਆ ਉਹ ਫਿਰ ਹਰ ਹਾਲਤ ਵਿਚ ਬੜਾ ਅਡੋਲ ਜਾਂ ਟਿਕਾਊ ਰਹਿੰਦਾ ਹੈ।ਤੁਸੀਂ ਦੇਖਿਆ ਹੋਵੇਗਾ ਸਾਡੇ ਉਤੇ ਖੁਸ਼ੀ ਦਾ ਅਤੇ ਗਮੀ ਦਾ, ਦੁੱਖ ਤੇ ਸੁੱਖ ਦਾ, ਭੁੱਖ ਦਾ ਰਜ਼ੇਵੇ ਦਾ ਵੱਖਰਾ ਵੱਖਰਾ ਅਸਰ ਸਾਹਮਣੇ ਆਉਂਦਾ ਹੈ “ਜਬ ਕਛੁ ਪਾਵੈ ਤਬ ਗਰਬੁ ਕਰਤ ਹੈ॥ਮਾਇਆ ਗਈ ਤਬ ਰੋਵਨੁ ਲਗਤੁ ਹੈ॥ਇਹ ਲਗਭਗ ਸਾਡੇ ਸਭ ਦੇ ਮਨ ਦੀ ਹਾਲਤ ਹੈ।

ਆਪਾਂ ਵੇਖਦੇ ਸੁਣਦੇ ਹਾਂ ਅਮੀਰੀ ਨੂੰ ਬਖਸਿਸ਼ ਆਖਿਆ ਹੈ ਅਤੇ ਗਰੀਬੀ ਨੂੰ ਸੰਤਾਪ-ਪੀੜਾ ਜਾਂ ਦੁੱਖ।ਸਾਡੇ ਸਾਹਮਣੇ ਵੱਡਾ ਸਾਰਾ ਸਵਾਲ ਹੈ ਕਿ ਆਪਾਂ ਕਿਸ ਤਰ੍ਹਾਂ ਜਿੰਦਗੀ ਜੀਵੀਏ ਕਿ ਸਾਡੇ ਸਮਾਜ ਦੀ ਠੀਕ ਤਸਵੀਰ ਰਹੈ। ਇਥੇ ਜਿਸ ਦੇ ਪਾਸ ਦੋ ਟਕੇ ਹੁੰਦੇ ਹਨ ਉਹ ਦੂਜੇ ਮਨੁੱਖ ਨਾਲ ਕਿਸ ਤਰ੍ਹਾਂ ਵਰਤਾਓ ਕਰਦਾ ਹੈ। ਭਾਵੇਂ ਆਪਾਂ ਖੁਦ ਇਸ ਤਰ੍ਹਾਂ ਦੇ ਵਰਤੋਂ ਵਿਹਾਰ ਦੇ ਪਾਤਰ ਹੁੰਦੇ ਹਾਂ ਮਗਰ ਕਦੀ ਠੀਕ ਤਰ੍ਹਾਂ ਸਾਨੂੰ ਵੀ ਸਮਝ ਨਹੀਂ ਪੈਦੀਂ।ਸੋਚ ਜੋ ਹੈ ਗੁਰੂ ਜੀ ਨੇ ਉਸ ਬਾਰੇ ਕਿਹਾ ਹੈ “ਨਿਰਧਨ ਆਦਰੁ ਕੋਈ ਨ ਦੇਇ॥”ਗਰੀਬ ਦੀ ਬਾਂਹ ਕੋਈ ਨਹੀਂ ਫੜਦਾ।ਸਕੇ ਭਰਾ ਵੀ ਗਰੀਬ ਭਰਾ ਦੀ ਬਾਂਹ ਫੜਨ ਤੋਂ ਮੂੰਹ ਫੇਰ ਜਾਂਦੇ ਹਨ।
ਸਾਡੇ ਆਲੇ ਦੁਆਲੇ ਸਮਾਜ ਵਿੱਚ ਕੁਝ ਮੁਹਾਵਰੇ ਪ੍ਰਚਲਤ ਹਨ ਕਿ ਗੁਰੂ ਬਿਨ੍ਹਾ ਗਤਿ ਨਹੀਂ ਸ਼ਾਹ ਬਿਨਾਂ ਪੱਤ ਨਹੀਂ॥ ਗੁਰੂ ਧਾਰਮਿਕ ਅਗਵਾਈ ਦਾ ਧੁਰਾ ਹੈ ਗਿਆਨ ਸਮਝ ਬਿਬੇਕ ਦਾ ਕੇਂਦਰ ਹੈ, ਜੋ ਨਿਰਸਵਾਰਥ ਹੈ। ਆਪਣਾ ਕਰਤੱਬ ਨਿਭਾਉਣ ਲਈ ਨਿਰੰਤਰ ਤੱਤਪਰ ਰਹਿੰਦਾ ਹੈ।ਸ਼ਾਹ ਜਿਸ ਨੂੰ ਕਿਹਾ ਗਿਆ ਹੈ ਉਹ ਸਵਾਰਥੀ, ਲਾਲਚੀ ਲੋਭੀ ਸੋਚ ਦਾ ਮਾਲਕ ਹੈ। ਉਹ ਗਰੀਬ ਦੇ ਕੰਮ ਆਉਣ ਤੋਂ ਪਹਿਲਾਂ ਉਸ ਦਾ ਖੂਨ ਮੰਗਦਾ ਹੈ ਜਾਂ ਪੀਦਾਂ ਹੈ।ਇਸ ਮਨੁੱਖ ਅੰਦਰ ਜ਼ਿੰਦਗੀ ਦੀ ਸਮਝ ਦਾ ਕਿਣਕਾ ਵੀ ਨਹੀਂ ਹੁੰਦਾ ।ਇਸ ਦੀਆਂ ਅੱਖਾਂ’ਤੇ ਮਮਤਾ ਸਵਾਰਥ ਤੇ ਲਾਲਚ ਦੀ ਪੱਟੀ ਬੱਝੀ ਹੋਈ ਹੈ। ਇਸ ਲਈ ਗਰੀਬ ਇਸ ਦੀ ਹਮਦਰਦੀ ਦਾ ਥਾਂ ਨਹੀਂ ਕਮਾਈ ਦਾ ਸਾਧਨ ਹੈ। ਅਸੀਂ ਕਈ ਵਾਰ ਕੁਝ ਇਸ ਤਰ੍ਹਾਂ ਦੇ ਮੁਹਾਵਰੇ ਘੜ ਕੇ ਆਪਣੇ ਡੋਲਦੇ ਥਿੜਕਦੇ ਮਨਾਂ ਨੂੰ ਟੇਕ ਦੇਣ ਦਾ ਯਤਨ ਕਰਦੇ ਹਾਂ ਕਿ “ਬੰਦਾ ਬੰਦੇ ਦਾ ਦਾਰੂ ਹੈ”ਅਰਥ ਹੈ ਬੰਦਾ ਬੰਦੇ ਦੀ ਗਰੀਬੀ ਵਾਲਾ ਦੁੱਖ ਕੱਟਣ ਲਈ ਮਦਦਗੀਰ ਹੈ। ਜੇਕਰ ਸੱਚੀ ਸਮਾਜ ਵਿਚ ਐਸਾ ਸਬਕ ਮਨੁੱਖ ਨੇ ਪਕਾ ਲਿਆ ਹੁੰਦਾ ਤਾਂ ਸਾਡੇ ਗਰੀਬੀ ਅਤੇ ਅਮੀਰੀ ਵਾਲੇ ਪਾੜੇ ਮਿਟ ਗਏ ਹੁੰਦੇ।

ਭਾਈ! ਕਦੀ ਕਬੀਲਿਆਂ ਦੇ ਰੂਪ ਵਿਚ ਸਾਡਾ ਸਮਾਜ ਸੀ ਕਬੀਲਿਆਂ ਦੇ ਸਰਦਾਰ ਹੁੰਦੇ ਸਨ ਉਹ ਵੀ ਆਪਣੇ ਕਬੀਲੇ ਪਾਸੋਂ ਰਾਖੀ ਬਦਲੇ ਧਨ ਸਮੱਗਰੀ ਲਿਆ ਕਰਦੇ ਸਨ। ਉਹ ਅਮੀਰ ਹੋਈ ਜਾਂਦੇ ਸਨ ਜਦੋਂ ਕਿ ਕਬੀਲਿਆਂ ਦਾ ਹਿੱਸਾ ਲੋਕ ਗਰੀਬੀ ਦੀ ਦਲਦਲ ਵਿਚ ਧੱਸਦੇ ਹੀ ਜਾਂਦੇ ਸਨ। ਸਮੇਂ ਦੇ ਨਾਲ ਇਕਾਪੁਰਖੀ ਰਾਜਿਆਂ ਦਾ ਰਾਜ ਆਇਆ ਜਦੋਂ ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ, ਵਾਂਗ ਹੀ ਰਾਜ ਪ੍ਰਬੰਧ ਚਲਦਾ ਸੀ। ਗਰੀਬ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆਂ ਜੀ ਹਜ਼ੂਰੀ ਕਰਦਾ ਧੌਣਾਂ ਨੀਵੀਆਂ ਕਰਕੇ ਦਿਨ ਕਟੀ ਕਰਨ ਲਈ ਮਜ਼ਬੂਰ ਸੀ। ਰਾਜੇ ਤੇ ਉਸ ਦੇ ਖਾਨਦਾਨ ਗਰੀਬਾਂ ਦਾ ਲਹੂ ਪੀ ਪੀ ਕੇ ਖਰਮਸਤੀਆਂ ਕਰਨ ਵਿਚ ਮਸਤ ਰਹਿੰਦੇ ਸਨ।

1947 ਤੋਂ ਲੋਕ ਰਾਜ ਆਇਆ ਹੈ ਜਿਸ ਨੂੰ ਲੋਕਤੰਤਰ ਆਖਦੇ ਹਨ।ਲੋਕਾਂ ਰਾਹੀਂ ਬਣੀ ਹਕੂਮਤ ਲੋਕਾਂ ਲਈ ਰਾਜ ਕਰਦੀ ਆ ਰਹੀ ਹੈ। 70 ਸਾਲਾਂ ਦੇ ਵਕਫੇ ਵਿੱਚ ਭਾਰਤ ਵਾਸੀ ਗਰੀਬ ਹੋਰ ਗਰੀਬ ਹੋ ਗਿਆ ਹੈ। ਅਮੀਰ ਨਵੇਂ ਰਾਜਨੀਤਕ ਆਗੂ, ਸਾਡੀਆਂ ਅੱਖਾਂ ਦੇ ਸਾਹਮਣੇ ਰਾਤੋ ਰਾਤ ਸ਼ਾਹ ਬਣ ਗਏ ਹਨ। ਅੱਜ ਵੀ ਆਪਾਂ ਚਾਹੇ ਕਿਸਾਨ ਹਾਂ ਜਾਂ ਮਜ਼ਦੂਰ ਸਭ ਇਨ੍ਹਾਂ ਨਵੇਂ ਹਾਕਮਾਂ ਦੇ ਰਹਿਮੋ ਕਰਮ ਵੱਲ ਹੀ ਟਿਕ ਟਿਕੀ ਲਾ ਕੇ ਵੇਖਣ ਲਈ ਮਜ਼ਬੂਰ ਹਾਂ। ਅੱਜ ਸਾਡੇ ਦੇਸ਼ ਅੰਦਰ ਕਿਨੀਆਂ ਹੀ ਰਾਜਨੀਤਕ ਜੱਥੇਬੰਦੀਆਂ ਹਨ ਜੋ ਗਰੀਬ ਕਿਸਾਨ ਅਤੇ ਮਜ਼ਦੂਰ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ। ਇਕ ਦੂਜੇ ਨੂੰ ਮਾੜਾ ਚੰਗਾ ਆਖਦੀਆਂ, ਹਕੂਮਤੀ ਕੁਰਸੀਆਂ ਲਈ ਚੋਣ ਦੰਗਲਾਂ ਵਿਚ ਕੁੱਦਦੀਆਂ ਹਨ।ਸਾਡੇ ਲਈ ਐਸੇ ਐਸੇ ਲਾਰੇ ਸਬਜ਼ ਬਾਗ ਸ਼ਬਦਾਂ ਦੇ ਰੰਗਾਂ ਵਿਚ ਸ਼ਿੰਗਾਰਦੇ ਹਨ ਕਿ ਭੋਲੇ ਭਾਲੇ ਲੋਕ ਕਿਉਂਕਿ ਇਨ੍ਹਾਂ ਦੀਆਂ ਚਾਲਬਾਜ਼ੀਆਂ ਨੂੰ ਸਮਝਣ ਦੀ ਸੋਚ ਨਹੀਂ ਰੱਖਦੇ, ਇਨ੍ਹਾਂ ਦੇ ਸ਼ਬਦ ਜਾਲਾਂ ਵਿਚ ਫਸਦੇ ਲਗਾਤਾਰ ਮਾਰ ਹੀ ਮਾਰ ਖਾ ਰਹੇ ਹਨ।

ਮੇਰੇ ਕਿਸਾਨ ਤੇ ਮਜ਼ਦੂਰ ਵੀਰੋ ਤੇ ਭੈਣੋਂ ਅਸੀਂ ਆਪਣੀ ਆਪਣੀ ਜ਼ਿੰਦਗੀ ਨੂੰ ਸਮਝਣ ਦਾ ਥੋੜਾ ਉਪਰਾਲਾ ਜਾਂ ਯਤਨ ਕਰੀਏ ਤਾਂ ਸੱਚ ਜਾਣਿਉ ਸਾਡੀ ਗਰੀਬੀ ਮੁੱਕ ਸਕਦੀ ਹੈ। ਇਸ ਵਾਸਤੇ ਸਾਨੂੰ ਜਾਗਣਾ ਪਵੇਗਾ। ਆਪਣਾ ਜੀਵਨ ਜੀਉਣ ਦਾ ਢੰਗ ਤੇ ਪੱਧਰ ਸਾਨੂੰ ਸਭ ਨੂੰ ਰਲ ਕੇ ਨਵੇਂ ਸਿਰੇ ਤੋਂ ਵਿਉਂਤਣਾ ਲਾਜ਼ਮੀ ਹੋ ਗਿਆ ਹੈ। ਹਮੇਸ਼ਾ ਗਰੀਬ ਨੇ ਅਮੀਰ ਦੇ ਜੀਵਨ ਦੀ ਨਕਲ ਮਾਰਨ ਦੀ ਗਲਤੀ ਕੀਤੀ ਹੈ। ਉਸ ਵਰਗੇ ਕੱਪੜੇ, ਉਸ ਵਰਗਾ ਘਰ ਤੇ ਉਸ ਵਰਗੀਆਂ ਸੁੱਖ ਸਹੂਲਤਾਂ ਦੀ ਦੌੜ। ਇਹੀ ਤੇ ਸਾਡੀ ਤਬਾਹੀ ਦਾ ਮੂਲ ਕਾਰਣ ਹੈ। ਤੁਸੀਂ ਦੇਖਿਆ ਅੱਜ ਸਾਡੇ ਪਰਿਵਾਰ ਛੋਟੇ ਹੋ ਗਏ ਮਗਰ ਜੀਵਨ ਲੋੜਾਂ ਦੀ ਪੂਰਤੀ ਔਖੀ ਹੋ ਗਈ ਹੈ। ਜਦੋਂ ਕਦੀ ਅਸੀਂ ਆਪਣੇ ਪਿੱਛੇ ਪਰਤ ਕੇ ਵੇਖਦੇ ਹਾਂ ਸਾਡੇ ਬਾਪ ਦੇ ਘਰ 7 ਬੱਚੇ ਸਨ। 3-4 ਏਕੜ ਜ਼ਮੀਨ ਸੀ। ਘਰ ਦੇ ਵੇਹੜੇ ਵਿਚ ਖੁਸ਼ੀ ਸੀ। ਸੰਤੁਸ਼ਟੀ ਸੀ। ਨਾ ਘਰ ਵਿਚ ਮੋਟਰ ਸਾਈਕਲ-ਸਕੂਟਰ ਸੀ ਤੇ ਨਾ ਕਾਰ। ਕਦੀ ਕਰਜ਼ਾ ਨਹੀਂ ਸੀ ਚੜ੍ਹਿਆ। ਜ਼ਮੀਨ ਗਹਿਣੇ ਜਾਂ ਬੈਅ ਕਰਨ ਦਾ ਖਿਆਲ ਨਹੀਂ ਸੀ ਆਇਆ। ਹਾਂ ਇਸਦੇ ਉਲਟ ਪਿਤਾ ਹਰ ਸਾਲ ਬਿਨ੍ਹਾ ਕਿਸੇ ਦਾ ਹੱਕ ਮਾਰਿਆਂ ਬੱਚਿਆਂ ਦੇ ਖਾਣ ਪਾਉਣ ਵੱਲੋਂ ਹੱਥ ਘੁੱਟਦਿਆਂ ਅੱਧਾ ਕਿਲਾ ਜਾਂ ਪੰਜ ਕਨਾਲੀ ਮੁੱਲ ਜਰੂਰ ਲੈ ਲੈਦਾਂ ਸੀ।

ਹੋ ਸਕਦਾ ਹੈ ਉਪਰਲਾ ਸੱਚ ਹੈਰਾਨ ਕਰੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਅੱਜ ਤੇ ਸਾਡੇ ਦੋ ਦੋ ਜਵਾਕ ਹਨ। ਸਾਡੇ ਧੂੰ ਨਿਕਲੇ ਹੋਏ ਹਨ। ਭਾਗਾਂ ਵਾਲਿਓ ਤੁਸੀਂ ਤੇ ਮੈਂ ਆਪਣੇ ਅੱਜ ਦੇ ਹਾਲਾਤ ਨੂੰ ਠੀਕ ਹੀ ਬਿਆਨਦੇ ਹਾਂ। ਮਗਰ ਸਾਡੇ ਵੱਡਿਆਂ ਦੇ ਕੋਲ ਦੋ ਵੱਡੀਆਂ ਦਾਤਾਂ ਕਹਿ ਲਈਏ ਜਾਂ ਰਹਿਮਤਾਂ ਸਨ। ਪਹਿਲਾ ਰੱਬ ਤੇ ਭਰੋਸਾ ਤੇ ਦੂਜਾ ਹੱਡ ਭੰਨਵੀ ਕਮਾਈ ਦਾ ਸਿਰੜ। ਅੱਜ ਸਾਡੇ ਪਾਸੋਂ ਦੋਵੇਂ ਨਿਆਮਤਾਂ ਕਿਧਰੇ ਨ ਕਿਧਰੇ ਗਵਾਚ ਗਈਆਂ ਹਨ ਜਾਂ ਅਸੀਂ ਇਸ ਪਾਸੇ ਤੁਰਨਾਂ ਜਾਂ ਸੋਚਣਾ ਹੀ ਗਵਾਰਾ ਨਹੀਂ ਕਰਦੇ।ਸਾਦਾ ਖਾਣਾ ਪਾਉਣਾ ਤੇ ਸਾਦਾ ਰਹਿਣਾ ਇਹ ਉਨ੍ਹਾਂ ਦੇ ਜੀਵਨ ਦੀ ਅਮੀਰੀ ਸੀ। ਜੋ ਮੇਰੇ ਕੋਲ ਜਾਂ ਮੇਰੇ ਪਰਿਵਾਰ ਕੋਲ ਨਹੀਂ ਹੈ।

ਅੱਜ ਅਖਬਾਰਾਂ, ਰੇਡਿਓ ਤੇ ਦੂਰਦਰਸ਼ਨ ਆਏ ਰੋਜ਼ ਜਿਹੜੀਆਂ ਖਬਰਾਂ ਦੇ ਰਹੇ ਹਨ, ਉਹ ਪੜ ਸੁਣਕੇ ਕਾਲਜੇ ਨੂੰ ਰੁੱਗ ਭਰ ਆਉਂਦਾ ਹੈ। ਅੱਜ ਮੇਰਾ ਕਿਸਾਨ ਤੇ ਮਜ਼ਦੂਰ ਪਰਿਵਾਰਕ ਭਾਈਚਾਰਾ ਕਿਹੜੇ ਰਾਹ ਪੈ ਤੁਰਿਆ ਹੈ। ਆਤਮ ਹੱਤਿਆ!ਆਤਮ ਹੱਤਿਆ! ਆਤਮ ਹੱਤਿਆ!!! ਕੀ ਹੈ ਇਹ! ਕਿਉਂ ਕਰਦੇ ਹਾਂ ਇਸ ਤਰ੍ਹਾਂ? ਕੀ ਹੋ ਗਿਆ ਹੈ ਸਾਨੂੰ? ਬੱਸ ਇਸ ਕਰਕੇ ਕਿ ਮੇਰੇ ਸਿਰ ਤੇ 5 – 7 ਲੱਖ ਜਾਂ 15 ਲੱਖ ਕਰਜ਼ਾ ਚੜ੍ਹ ਗਿਆ ਹੈ! ਕੀ ਆਤਮ-ਹੱਤਿਆ ਦਾ ਰਾਹ, ਸ਼ੇਰਾਂ ਵਾਲਾ ਕਾਰਨਾਮਾ ਹੈ ਜਾਂ ਬੁਝ-ਦਿਲਾਂ ਕਾਇਰਾਂ ਵਾਲੀ ਨਕੰਮੀ ਕਰਤੂਤ। ਤੂੰ ਮਨੁੱਖ ਹੈ… ਧਰਤੀ ਦਾ ਸਰਦਾਰ ਹੈ। ਮੇਰੇ ਪਰਿਵਾਰ ਦੇ ਸਜਣੋਂ! ਆਓ ਰਲ ਕੇ ਸੋਚੀਏ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਕੀ ਇਹ ਸਾਡੀ ਵਾਕਿਆ ਹੀ ਮਜ਼ਬੂਰੀ ਹੈ? ਕਿਧਰੇ ਆਪਾਂ, ਵੱਡੇ ਭੁਲੇਖੇ ਵਿਚ ਫਸਾ ਤੇ ਨਹੀਂ ਦਿੱਤੇ ਗਏ? ਕੀ ਮੇਰੇ ਮਰਨ ਨਾਲ ਪਰਿਵਾਰ ਦਾ ਕਰਜ਼ਾ ਮੁੱਕ ਜਾਵੇਗਾ ਜਾਂ ਮੈਂ ਤੇ ਛੁਟਕਾਰਾ ਪਾ ਲਵਾਗਾਂ। ਇਹ ਸੋਚ ਗਲਤ ਹੈ! ਗਲਤ ਹੈ! ਗਲਤ ਹੈ!!! ਆਪਾਂ ਆਤਮ ਹੱਤਿਆਵਾਂ ਨਹੀਂ ਕਰਨੀਆਂ। ਆਪਾਂ ਤੇ, ਆਪਣੀ ਗਰੀਬੀ ਦੇ ਜਾਲ ਨੂੰ ਤੋੜਨਾ ਹੈ। ਆਪਾਂ, ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਅਰਥ ਦੱਸਣੇ ਹਨ ਕਿ ਦੁੱਖ ਦਾ ਮੁਕਾਬਲਾ ਕਿਵੇਂ ਕਰੀਦਾ ਹੈ। ਗਰੀਬੀ ਪ੍ਰਛਾਂਵੇ ਵਰਗੀ ਹੈ, ਜਿਹੜਾ ਢਲਦਾ ਰਹਿੰਦਾ ਹੈ। ਆਪਾਂ ਆਪਣੇ ਅੰਦਰ ਝਾਤ ਮਾਰੀਏ,ਆਲੇ ਦੁਆਲੇ ਦੇ ਲੋਟੂ ਟੋਲਿਆਂ ਨੂੰ ਪਹਿਚਾਣ ਕੇ ਜ਼ਿੰਦਗੀ ਨੂੰ ਢੰਗ ਨਾਲ ਜੀਊਣ ਲਈ ਸਬਰ ਸੰਤੋਖ ਦਾ ਰਾਹ ਚੁਣੀਏ। ਰਾਜਸੀ ਲੋਕਾਂ ਦੀਆਂ ਚੋਪੜੀਆਂ ਤੇ ਸਾਨੂੰ ਲਾਲਚ ਦੇਣ ਵਾਲੀਆਂ ਗੱਲਾਂ ਵਿਚ ਫਸਣਾ ਬੰਦ ਕਰੀਏ।

ਮੇਰੇ ਕਿਸਾਨ ਤੇ ਮਜ਼ਦੂਰ ਵੀਰੋ ਭੈਣੋ, ਸਾਡਾ ਕੋਈ ਹਮਦਰਦ ਨਹੀਂ ਹੈ। ਅਸੀਂ ਆਪਣੀ ਸਹਾਇਤਾ ਮਦਦ ਆਪ ਕਰਨੀ ਹੈ। ਗੁਰੂ ਨਾਨਕ ਸਾਹਿਬ ਦਾ ਸਬਕ ਪਕਾ ਲਈਏ।”ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥”ਆਪਣੇ ਪਿੰਡਾਂ ਵਿਚ ਰਾਜਨੀਤਕ ਆਗੂ ਵੜ੍ਹਨੇ ਬੰਦ ਕਰ ਦਈਏ। ਸਾਰਾ ਪਿੰਡ ਏਕਾ ਕਰ ਲਈਏ। ਅਸੀਂ ਪੈਸੇ ਦੇ ਕੇ ਕੰਮ ਕਰਵਾਉਣੇ ਬੰਦ ਕਰ ਦਈਏ। ਆਪਣੇ ਪਿੰਡ ਦੀ ਆਪਣੀ ਹਕੂਮਤ “ਪੰਚਾਇਤ” ਆਪ ਤਿਆਰ ਕਰੀਏ, ਸਰਬ ਸੰਮਤੀ ਨਾਲ। ਸੰਦ ਸਾਂਝੇ ਕਰ ਲਈਏ। ਫਾਲਤੂ ਟਰੈਕਟਰ ਤੇ ਸੰਦ ਸਭ ਵੇਚ ਦੇਈਏ। ਪੜ੍ਹੇ ਲਿਖੇ ਬੱਚਿਆਂ ਨੂੰ ਸਹਿਕਾਰੀ ਸੰਸਥਾ ਬਣਾ ਕੇ ਬਰਾਬਰ ਹਿੱਸਾ ਪਤੀ ਰੱਖ ਕੇ ਵਣਜ ਵਪਾਰ ਕਰਨ ਲਈ ਯੋਗ ਬਣਾ ਦਈਏ। ਸਾਡੇ ਆਪਣੇ ਬੱਚੇ ਹੀ ਅਧਿਆਪਕ, ਪਟਵਾਰੀ ਤੇ ਹੋਰ ਅਹੁਦੇਦਾਰ ਹੋਣਗੇ। ਆਪਣੀ ਜਿੰਦਗੀ ਵਿਚੋਂ, ਸਾਰੇ ਨਸ਼ੇ ਬਾਹਰ ਕੱਢ ਦੇਈਏ। ਧੀਆਂ ਪੁੱਤਾਂ ਦੇ ਵਿਆਹ ਕਾਰਜਾਂ ਤੇ ਨ ਦਾਜ ਲੈਣਾ ਹੈ ਨਾ ਦੇਣਾ ਹੈ। ਵਿਆਹ ਲਈ ਪਿੰਡਾਂ ਦੇ ਘਰ ਤੇ ਹੋਰ ਗੁਰੂ ਘਰਾਂ ਦੀ ਵਰਤੋਂ ਕਰਨੀ ਹੈ। ਪੈਲਸਾਂ ਵਿਚ ਜਾ ਕੇ ਉਜੜਨਾ ਨਹੀਂ। ਡੀ.ਜੇ ਤੇ ਗਾਉਣ ਵਾਲੀਆਂ ਧੀਆਂ ਦੀ ਥਾਂ ਤੇ ਢਾਡੀ ਵਾਰਾਂ ਸੁਣ ਕੇ ਆਪਣੀ ਅਣਖ ਜਗਾਈਏ। ਵਿਰਸੇ ਨੂੰ ਗਲ ਨਾਲ ਲਾਈਏ। ਆਪਾਂ ਤਾਂ ਦੂਜਿਆਂ ਦੀ ਮਦਦ ਕਰਨੀ ਹੈ। ਆਪਾਂ ਖੁਦ ਹੀ ਬੇਸਮਝੀ ਅਤੇ ਹਕੂਮਤ ਦੇ ਗਲਤ ਪ੍ਰਚਾਰ ਵਿਚ ਫਸ ਗਏ ਹਾਂ। ਅੱਜ ਨਰਕ ਭੋਗ ਰਹੇ ਹਾਂ। ਆਓ ਸਵਰਗ ਹੈ ਧਰਤੀ ਤੇ ਸਵਰਗ ਬਣਾ ਬਹੀਏ। ਥੋੜੀ ਸਮਝਦਾਰੀ ਵਾਲੀ ਅੱਖ ਤੇ ਖੋਲੀਏ। ਭੁੱਲ ਕੇ ਵੀ ਆਤਮ-ਹੱਤਿਆ ਦਾ ਖਿਆਲ ਅੰਦਰ ਨਹੀਂ ਵੜਨ ਦੇਣਾ। ਤਕੜੇ ਹੋਈਏ। ਰੱਬ ਵੀ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਕਰਨ ਲਈ ਕਾਮਯਾਬ ਹੁੰਦਾ ਹੈ।

ਗੁਰੁ ਪੰਥ ਦਾ ਦਾਸ
ਕੇਵਲ ਸਿੰਘ
ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ
095920-93472

Install Punjabi Akhbar App

Install
×