ਕੀ ਇਹ ਪੰਜਾਬ ਵੀ ਮੇਰਾ ਹੈ?.. ਅਮਲ ਮੁਕਤ ਪੰਜਾਬ ਲਈ ਐਲਾਨਾਂ ਦੀ ਨਹੀਂ, ਐਲਾਨਾਂ ਤੇ ਅਮਲਾਂ ਦੀ ਲੋੜ

-ਚੋਹਲਾ ਸਾਹਿਬ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

amandeep hans 190727-drugs

ਇੰਜ ਲਗਦਾ ਏ ਮੇਰੇ ਕੋਲੋਂ

ਗੱਲ ਕੋਈ ਸੱਚੀ ਹੋ ਗਈ ਏ

ਤਾਹੀਓਂ ਕਰਨ ਸਵਾਗਤ ਮੇਰਾ

ਪੱਥਰ ਆਏ ਲੋਕਾਂ ਦੇ

ਉਹਨੂ ਕਹਿਣ ਦੀ ਲੋੜ ਨਹੀਂ ਬਾਬਾ

ਹੱਥ ਪਵਾਈਂ ਮੇਰੇ ਨਾਲ

ਇਸ ਧਰਤੀ ਤੇ ਜਿਹੜਾ ਬੰਦਾ

ਭਾਰ ਵੰਡਾਏ ਲੋਕਾਂ ਦੇ…. ..

ਬਾਬਾ ਨਜ਼ਮੀ ਸਾਹਿਬ ਦੀਆਂ ਇਹਨਾਂ ਸਤਰਾਂ ਨਾਲਮਾਝੇ ਦੇ ਨਸ਼ੇ ਨਾਲ ਚਰੂੰਡੇ ਜਾ ਰਹੇ ਕੁੱਝ ਪਿੰਡਾਂ ਤੋਂ ਰਿਪੋਰਟ ਲੈ ਕੇ ਹਾਜ਼ਰ ਹਾਂ-

ਹਲਕਾ ਚੋਹਲਾ ਸਾਹਿਬ ਚੱਲਦੇ ਹਾਂ, ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ ਤਾਂ ਉਦੋਂ ਵੀ ਇੱਥੇ ਨਸ਼ੇ ਨੂੰ ਲੈ ਕੇ ਬੁਰੇ ਹਾਲਾਤ ਸਨ,

ਜਦੋਂ ਹਕੂਮਤ ਬਦਲੀ ਤਾਂ ਇੱਥੇ ਨਸ਼ੇ ਨਾਲ ਬਰਬਾਦ ਹੋ ਰਹੇ ਘਰਾਂ ਚ ਆਸ ਦਾ ਦੀਵਾ ਜਗਿਆ ਸੀ ਕਿ ਨਵਾਂ ਹਾਕਮ ਨਸ਼ੇ ਦੇ ਖ਼ਾਤਮੇ ਲਈ ਚੁੱਕੀ ਗੁਰੂ ਦੀ ਸਹੁੰ ਨੂੰ ਬੇਦਾਵਾ ਨਹੀਂ ਦੇਵੇਗਾ, ਪਰ ਉਨ੍ਹਾਂ ਘਰਾਂ ਚ ਤਾਂ ਸਗੋਂ ਹਨੇਰ ਹੋਰ ਚੌਣਾ ਹੋ ਗਿਆ। ਢਾਈ ਸਾਲ ਦੇ ਵਕਫ਼ੇ ਬਾਅਦ ਫੇਰ ਇਸ ਹਲਕੇ ਚ ਗਏ, ਹਾਲਾਤਹੋਰ ਗ਼ਰਕ ਗਏ।

ਮੌਜੂਦਾ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਖ਼ਤਮ ਕਰਨ ਲਈ ਨਿੱਤ ਨਵੇਂ ਐਲਾਨ ਹੋ ਰਹੇ ਨੇ, ਕਦੇ ਪਿੰਡਾਂ ਚ ਮੀਟਿੰਗਾਂ ਦਾ ਦੌਰ ਚਲਾਇਆ ਜਾਂਦਾ ਹੈ, ਕਦੇ ਨਸ਼ੇੜੀਆਂ ਨੂੰ ਫੜ ਫੜ ਕੇ ਜੇਲ੍ਹਾਂ ਚ ਤੁੰਨਣ ਦੀ ਮੁਹਿੰਮ ਤੁਰ ਪੈਂਦੀ ਹੈ, ਕਦੇ ਨਸ਼ੇ ਦਾ ਮੁਫ਼ਤ ਇਲਾਜ ਕਰਵਾਉਣ ਲਈ ਕੋਈ ਮੁਹਿੰਮ ਚੱਲ ਪੈਂਦੀ, ਪਰ ਅਮਲ ਭਾਵ ਨਸ਼ੇ ਚੋਂ ਪੰਜਾਬ ਨੂੰ ਕੱਢਣ ਲਈ ਕਿਸੇ ਵੀ ਐਲਾਨ ਤੇ ਸਾਫ਼ ਨੀਅਤ ਨਾਲ ਅਮਲ ਨਹੀਂ ਹੁੰਦਾ, ਚਲਾਈਆਂ ਜਾ ਰਹੀਆਂ ਨਿੱਤ ਨਵੀਆਂ ਨਸ਼ਾ ਛੁਡਾਊ ਮੁਹਿੰਮਾਂ ਨੇ ਸਗੋਂ ਮੈਡੀਕਲ ਨਸ਼ਾ ਵਧਾ ਦਿੱਤਾ। ਡੈਪੋ ਮੁਹਿੰਮ ਨਿਰਾ ਡਰਾਮਾ ਸਿੱਧ ਹੋ ਰਹੀ ਹੈ। ਮਾਝੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਖ਼ਬਾਰੀ ਬਿਆਨ ਦਾਗੇ ਜਾ ਰਹੇ ਨੇ ਕਿ ਪਿੰਡਾਂ ਦੇ ਪਿੰਡ ਨਸ਼ਾ ਮੁਕਤ ਕਰ ਦਿੱਤੇ ਗਏ ਨੇ, ਪਰ ਨਸ਼ੇ ਨਾਲ ਮੌਤ ਦੇ ਮੂੰਹ ਪੈ ਰਹੇ ਜਵਾਨਾਂ ਦੇ ਮਾਪੇ ਆਖਦੇ ਨੇ ਕਿ ਸਾਡੇ ਪਿੰਡਾਂ ਚ ਫੇਰੀ ਤਾਂ ਪਾਓ ਹਾਲਾਤ ਦਾ ਪਤਾ ਲੱਗ ਜਾਊ..

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟਦਾਤਾ, ਰੱਤਾ ਗੁੱਦਾ, ਦਦੇਹਰ ਸਾਹਿਬ, ਗੰਡੀਵਿੰਡ, ਬਰਵਾਲਾ, ਖਾਰਾ ਦਾ ਦੌਰਾ ਕੀਤਾ, ਤਾਂ ਗਲੀਆਂ ਚ ਥਾਂ ਥਾਂ ਵਿਹਲੜ ਮੁੰਡੇ ਖੜੇ ਆਮ ਹੀ ਦਿਸਦੇ ਨੇ, ਪਹਿਲੀ ਨਜ਼ਰੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ੧੬-੧੭ ਸਾਲ ਤੋਂ ਲੈ ਕੇ ੨੦-੨੨ ਸਾਲ ਦੀ ਉਮਰ ਦੇ ਮੁੰਡੇ ਸੋਫ਼ੀ ਨਹੀਂ।

ਜਦੋਂ ਇਹਨਾਂ ਦੇ ਘਰਾਂ ਚ ਵੜੋ ਤਾਂ ਮਾਵਾਂ ਦੁਹੱਥੜੀਂ ਪਿੱਟਦੀਆਂ ਨੇ-

ਨਖੱਤਿਆਂ ਨੇ ਸਾਡੇ ਮੁੰਡਿਆਂ ਦੀ ਡੰਡ ਲਾਹ ਛੱਡੀ ਜੂ..

ਕੁੱਤੀ ਚੋਰਾਂ ਨਾਲ ਰਲ਼ੀ ਹੋਈ ਜੇ

ਸਾਡੇ ਪਿੰਡਾਂ ਚ ਜਿੰਨਾ ਮਰਜ਼ੀ ਚਿੱਟਾ, ਗੋਲੀਆਂ, ਕੈਪਸੂਲ ਟੀਕੇ ਲੈ ਲਓ, ਸਾਡੇ ਪਿੰਡਾਂ ਚ ਡਾਕਟਰੀ ਦੀਆਂ ਦੁਕਾਨਾਂ ਪਾ ਕੇ ਬੈਠੇ ਕੁੱਝ ਬੰਦੇ ਸਾਡੀਆਂ ਜੜਾਂ ਪੱਟੀ ਜਾਂਦੇ ਨੇ, ਕੋਈ ਪੁੱਛਣ ਵਾਲਾ ਨਹੀਂ।

ਕੋਟਦਾਤਾ ਪਿੰਡ ਚ ਇੱਕ ਮਾਂ ਨੇ ਤਾਂ ਨਸ਼ੇ ਨਾਲ ਡੱਕੇ ਪੁੱਤ ਦੇ ਸਾਹਮਣੇ ਹੀ ਕਿਹਾ ਕਿ ਇਹਦੀਆਂ ਜੇਬਾਂ ਫਰੋਲੋ, ਥੱਬਾ ਗੋਲੀਆਂ ਨਿਕਲਣਗੀਆਂ, ਟਰੈਮਾਡੋਲ ਦੀਆਂ ਗੋਲੀਆਂ ਖਾਂਦਾ, ੨੧ਵਰ੍ਹਿਆਂ ਦਾ ਇਹ ਮੁੰਡਾ ਲੰਘੇ ਜੂਨ ਦੇ ਮਹੀਨੇ ਮਸਾਂ ਈ ਬਚਿਆ ਸੀ, ਖੰਘ ਬੁਖ਼ਾਰ ਦੀ ਦਵਾਈ ਲੈਣ ਲਈ ਮਾਂ ਤੋਂ ੧੦੦ ਰੁਪਿਆ ਲਿਆ ਤੇ ਕਿਸੇ ਆਰ ਐਮ ਪੀ ਤੋਂ ਨਸ਼ੇ ਦਾ ਟੀਕਾ ਲਵਾ ਆਇਆ, ਘਰ ਆ ਕੇ ਬੇਹੋਸ਼ ਹੋ ਗਿਆ, ਸਾਰਾ ਸਰੀਰ ਕਾਲਾ ਪੈ ਗਿਆ, ਮੰਜੇ ਤੇ ਪਿਆ ਬੁੜ੍ਹਕੇ, ਮਾਂ ਧੀ ਮਸਾਂ ਸਕੂਟਰ ਤੇ ਧੂਹ ਕੇ ਇੱਕ ਜਾਣਕਾਰ ਡਾਕਟਰ ਕੋਲ ਲੈ ਕੇ ਗਈਆਂ, ਉਹ ਦਾਖਲ ਨਾ ਕਰੇ, ਕਿ ਨਸ਼ਾ ਵਧ ਕੀਤਾ ਹੋਇਆ, ਇਹਨੇ ਨਹੀਂ ਬਚਣਾ, ਮਾਂ ਨੇ ਤਰਲੇ ਕੀਤੇ, ਤਾਂ ਡਾਕਟਰ ਨੇ ਦਵਾ ਦਾਰੂ ਕੀਤੀ, ਮੁੰਡਾ ਬਚ ਗਿਆ, ਜਦੋਂ ਅਸੀਂ ਇਹਨਾਂ ਦੇ ਘਰ ਗਏ ਉਸ ਵਕਤ ਵੀ ਗੋਲੀਆਂ ਦਾ ਥੱਬਾ ਉਹਦੀ ਜੇਬ ਚ ਸੀ, ਮਾਂ ਤੜਪਦੀ ਹੈ ਕਿ ਟਰੈਮਾਡੋਲ ਦੀਆਂ ਵੀਹ ਗੋਲੀਆਂ ਇੱਕ ਵੇਲੇ ਖਾ ਲੈਂਦਾ, ਕਈ ਵੇਰ ਐਲਪਰੈਕਸ ਦੀਆਂ ਗੋਲੀਆਂ ਵੀ ਥੱਬਾ ਸਾਰਾ ਚੁੱਕੀ ਫਿਰਦੈ।

ਸਾਡੇ ਤਾਂ ਕਈ ਮੁੰਡੇ ਚਾਲੀ ਪੰਤਾਲੀ ਗੋਲੀਆਂ ਵੀ ਦਿਨ ਚ ਈ ਖਾ ਜਾਂਦੇ ਨੇ।

ਟਰੈਮਾਡੋਲ ਤੇ ਐਲਪਰੈਕਸ ਪੀਹ ਕੇ ਡਿਸਟਿਲਡ ਵਾਟਰ ਚ ਘੋਲ ਕੇ ਟੀਕੇ ਲਾਏ ਜਾਂਦੇ ਨੇ।

ਇਹ ਜ਼ਹਿਰ ਇਹਨਾਂ ਨੂੰ ਕਿੰਨਾ ਚਿਰ ਜਿਉਂਦੇ ਰੱਖੂ..

ਕੋਟਦਾਤਾ, ਖਾਰਾ, ਬਰਵਾਲਾ, ਰੱਤਾ ਗੁੱਦਾ, ਗੰਡੀਵਿੰਡ ਪਿੰਡਾਂ ਚ ਵੀ ਨਸ਼ਾ ਕਿਥੋਂ ਲੈਂਦੇ ਨੇ .. ਇਸ ਸਵਾਲ ਤੇ ਜੁਆਬ ਮਿਲਦਾ ਹੈ- ਜਿੱਥੋਂ ਮਰਜ਼ੀ ਲੈ ਲਓ, ਜੇਬ ਚ ਪੈਸਾ ਚਾਹੀਦਾ। ਇੱਕ ਗਰਾਮ ਚਿੱਟਾ ਤਿੰਨ ਹਜ਼ਾਰ ਦਾ ਆਉਂਦਾ, ਕਈਆਂ ਨੇ ਤਾਂ ਚਿੱਟੇ ਦੀ ਥਾਂ ਨੀਲਾ ਥੋਥਾ ਵੇਚ ਕੇ ਮੁੰਡੇ ਮਾਰ ਛੱਡੇ।ਸਰਕਾਰ ਨੇ ਸਰਿੰਜਾਂ ਬਿਨਾ ਡਾਕਟਰ ਦੀ ਪਰਚੀ ਦੇ ਵੇਚਣ ਤੇ ਪਾਬੰਦੀ ਲਾਈ ਹੈ, ਪਰ ਸਾਡੇ ਪਿੰਡਾਂ ਚ ਸਰਿੰਜਾਂ ਜਿੰਨੀਆਂ ਮਰਜ਼ੀ ਲੈ ਲਓ.. ਇੱਕੋ ਹੀ ਸਰਿੰਜ ਵਰਤੀ ਜਾਂਦੇ ਨੇ,ਕਾਲਾ ਪੀਲੀਆ ਫੈਲਿਆ ਪਿਆ ਹੈ। ਹੋਰ ਕੋਈ ਮਾੜਾ ਰੋਗ ਵੀ ਹੋਊ, ਮਾਵਾਂ ਦਾ ਇਸ਼ਾਰਾ ਏਡਜ਼ ਵੱਲ ਹੈ।

ਬਰਵਾਲਾ ਪਿੰਡ ਚ ਲੰਘੇ ਇੱਕ ਮਹੀਨੇ ਚ ਨਸ਼ੇ ਦੀ ਓਵਰਡੋਜ਼ ਨਾਲ ਅੱਠ ਜਵਾਨ ਮੁੰਡੇ ਮਰ ਗਏ, ਤੇ ਇਲਾਕੇ ਦਾ ਪ੍ਰਸ਼ਾਸਨ ਇਸ ਪ੍ਰਚਾਰ ਤੇ ਜ਼ੋਰ ਲਾਈ ਜਾਂਦੈ ਕਿ ਨਸ਼ਾ ਮੁਕਤ ਹੋ ਗਏ ਪਿੰਡ।ਹਾਂ ਵਾਕਿਆ ਹੀ ਨਸ਼ਾ ਮੁਕਤ ਹੋ ਗਏ ..

ਇੱਕ ਇੱਕ ਘਰ ਦੇ ਦੋ ਦੋ ਪੁੱਤ ਵੀ ਨਸ਼ੇ ਚ ਲਿਪਤ ਨੇ, ਬਰਬਾਦੀ ਤੈਅ ਹੈ।

ਚੋਹਲਾ ਸਾਹਿਬ ਕਸਬੇ ਚ ਇੱਕ ਘਰ ਚ ਦੋ ਭਰਾਵਾਂ ਤੇ ਪਿਉ ਨੂੰ ਨਸ਼ਾ ਨਿਗਲ ਗਿਆ ਹੈ, ਤੀਜਾ ਪੁੱਤ ਵੀ ਨਸ਼ੇ ਚ ਗ਼ਰਕਿਆ ਪਿਆ ਹੈ, ਨਸ਼ਾ ਨਾ ਮਿਲੇ ਤਾਂ ਮਾਂ ਦੀ ਕੁੱਟਮਾਰ ਕਰਦਾ ਹੈ, ਬੁਢੜੀ ਮਾਂ ਜਿਉਂਦੇ ਪੁੱਤ ਲਈ ਵੀ ਵੈਣ ਪਾਉਂਦੀ ਜਰ ਨਹੀਂ ਹੁੰਦੀ।

ਪਰ ਹਕੂਮਤ ਸਭ ਜਰ ਰਹੀ ਹੈ.. ਕਿੱਡਾ ਜੇਰਾ ਹੈ ਐਨ ਮਹਾਰਾਜਿਆਂ ਵਰਗਾ ..

ਇੱਥੇ ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਨਸ਼ਾ ਮੁਕਤੀ ਮੁਹਿੰਮ ਲਈ ਸਰਕਾਰ ਕੰਮ ਤੇ ਲਾਉਂਦੀ ਹੈ। ਐਸ ਐਮ ਓ ਫ਼ਰਮਾਨ ਜਾਰੀ ਕਰਦਾ ਹੈ ਕਿ ਆਸ਼ਾ ਵਰਕਰਾਂ ਘਰੋ ਘਰੀਂ ਜਾਣ, ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨ, ਇਸ ਬਾਰੇ ਆਸ਼ਾ ਵਰਕਰਾਂ ਨੇ ਕਿਹਾ ਕਿ ਸਾਥੋਂ ਤਾਂ ਆਪਣੇ ਪੁੱਤ ਪਤੀ ਨਹੀਂ ਸਮਝਾਏ ਜਾਂਦੇ, ਬੇਗਾਨਿਆਂ ਤੋਂ ਅਸੀਂ ਜੁੰਡੇ ਪਟਵਾਉਂਣੇ ਆ, ਸਰਕਾਰ ਸਾਨੂੰ ਚਾਹੇ ਨੌਕਰੀਓਂ ਕੱਢ ਦੇਵੇ, ਆਹ ਕੰਮ ਅਸੀਂ ਨਹੀਂ ਕਰ ਸਕਦੀਆਂ।

ਪਿਛਲੇ ਦਿਨੀਂ ਸਿਹਤ ਮੰਤਰੀ ਦਾ ਤਰਨਤਾਰਨ ਜ਼ਿਲ੍ਹੇ ਦਾ ਦੌਰਾ ਸੀ, ਜੋ ਸਮਾਗਮ ਹੋਣਾ ਸੀ, ਉਹ ਵੀ ਨਸ਼ਾ ਮੁਕਤ ਪੰਜਾਬ ਨਾਲ ਜੁੜਿਆ ਸੀ, ਆਸ਼ਾ ਵਰਕਰਾਂ ਦੀ ਡਿਊਟੀ ਲਾਈ ਗਈ ਕਿ ਆਪਣੇ ਨਾਲ ੧੦ – ੧੦ ਨਸ਼ੇੜੀ ਲੈ ਕੇ ਆਇਓ, ਆਸ਼ਾ ਵਰਕਰਾਂ ਨੇ ਕਿਹਾ ਕਿ ਕੋਈ ਸਰਕਾਰ ਨੂੰ ਪੁੱਛੇ ਬਈ, ਕਿਹੜਾ ਨਸ਼ੇੜੀ ਇਉਂ ਨਾਲ ਤੁਰ ਪਊ?

ਸਰਕਾਰ ਦੇ ਐਲਾਨ, ਮੁਹਿੰਮਾਂ ਸਿਰਫ਼ ਮੀਡੀਆ ਚ ਪ੍ਰਾਪੇਗੰਡਾ ਕਰਕੇ ਦੁਨੀਆ ਨੂੰ ਦਿਖਾਉਣਾ ਹੈ , ਨਸ਼ੇ ਦੇ ਖ਼ਿਲਾਫ਼ ਲਾਲਾ.. ਲਾਲਾ.. ਕਰਨੀ ਹੈ, ਜਿੰਨੇ ਐਲਾਨ ਕੈਪਟਨ ਸਰਕਾਰ ਨੇ ਕੀਤੇ, ਜੇ ਇੱਕ ਤੇ ਵੀ ਇਮਾਨਦਾਰੀ ਨਾਲ ਅਮਲ ਕੀਤਾ ਹੁੰਦਾ ਤਾਂ ਨਸ਼ਾ ਖ਼ਤਮ ਨਾ ਸਹੀ, ਘੱਟ ਜ਼ਰੂਰ ਜਾਂਦਾ ..

ਉੱਜੜ ਰਹੇ ਘਰਾਂ ਚ ਵਕਤੋਂ ਪਹਿਲਾਂ ਬੁੱਢੀਆਂ ਹੋ ਰਹੀਆਂ ਮਾਂਵਾਂ ਦੱਸਦੀਆਂ ਨੇ ਕਿ ਘਰੋਂ ਜੇ ਪੈਸੇ ਨਹੀਂ ਮਿਲਦੇ ਤਾਂ ਔਂਤਰੇ ਚੋਰੀਆਂ ਕਰਦੇ ਨੇ, ਆਹ ਸਾਡੇ ਪਿੰਡਾਂ ਚ ਦੁਪਹਿਰੇ ਕੋਈ ਤੀਵੀਂ ਇਕੱਲੀ ਸੁੰਞੀ ਬੀਹੀ ਚੋਂ ਨੀਂ ਲੰਘ ਸਕਦੀ, ਜੈ-ਖਣੇ ਮੂੰਹ ਸਿਰ ਵਲੇਟ ਕੇ ਪਰਸ, ਵਾਲੀਆਂ, ਫੂਨ ਜੋ ਵੀ ਹੱਥ ਲੱਗੇ ਖੋਹ ਕੇ ਲੈ ਜਾਂਦੇ ਨੇ।

ਟਰਾਂਸਫ਼ਾਰਮਰਾਂ ਦਾ ਤੇਲ ਕੱਢ ਕੇ ਵੇਚ ਦਿੰਦੇ ਨੇ,

ਇਹ ਤਾਂ ਕਿਸੇ ਦਾ ਕੌਲੀ ਗਲਾਸ ਨਹੀਂ ਬਾਹਰ ਪਿਆ ਛੱਡਦੇ।

ਸਾਡੇ ਤਾਂ ਅਮਲ ਪੂਰਾ ਕਰਨ ਖ਼ਾਤਰ ਜੈ ਖਾਣਿਆਂ ਨੇ ਅਚਾਰੀ ਅੰਬਾਂ ਦੇ ਬੂਟੇ ਤੋਂ ਸਾਰਾ ਫਲ ਰਾਤੋ ਰਾਤ ਲਾਹ ਲਿਆ, ਵੇਚ ਕੇ ਨਸ਼ਾ ਕਰ ਗਏ।

ਤਰਨਤਾਰਨ ਜਿੱਥੇ ਡੀ ਸੀ ਰਹਿੰਦਾ, ਓਹਦੇ ਘਰ ਦੇ ਕੋਲ ਤਾਂ ਸ਼ਰੇਆਮ ਲੁੱਟਾਂ ਖੋਹਾਂ ਹੋਈ ਜਾਂਦੀਆਂ ਨੇ, ਆਵਦਾ ਨੱਕ ਤਾਂ ਬਚਾਅ ਨਹੀਂ ਹੁੰਦਾ, ਪਿੰਡਾਂ ਦਾ ਕੀ ਸਮਾਰ ਲੈਣਗੇ ਅਫ਼ਸਰ।

ਮਾਵਾਂ ਆਖਦੀਆਂ ਨੇ ਸਾਡੇ ਪਿੰਡਾਂ ਚ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਲਈ ਕਦੇ ਵੀ ਪੁਲਸ ਨਹੀਂ ਆਈ, ਕਦੇ ਕਿਸੇ ਮੋਹਤਬਰ ਨੇ ਕੋਈ ਸਖ਼ਤੀ ਨਾਲ ਪੈਰ ਨਹੀਂ ਪੁੱਟਿਆ, ਸਭ ਜਾਣਦੇ ਨੇ ਕਿ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਹੈ, ਸਾਡੇ ਤਾਂ ਕਈ ਬੁੱਢੀਆਂ ਸੁੱਥਣਾਂ ਦੇ ਨੇਫ਼ਿਆਂ ਚ ਚਿੱਟੇ ਦੀਆਂ ਪੁੜੀਆਂ, ਗੋਲੀਆਂ, ਕੈਪਸੂਲ ਲੁਕੋ ਕੇ ਸਪਲਾਈ ਕਰਨ ਜਾਂਦੀਆਂ ਨੇ

ਇਦੂੰ ਵੱਧ ਹੋਰ ਕੀ ਗਰਕਣਾ ਇਹਨਾਂ ਨੇ .. ..

ਮਾਝੇ ਦੀ ਅਣਖ ਇਹਨਾਂ ਬੋਲਾਂ ਚ ਨਹੀਂ ਧੜਕਦੀ, ਦਰਦਾਂ ਹੇਠ ਮਧੋਲੀ ਪਈ ਸਿਸਕਦੀ ਹੈ।

ਗੋਇੰਦਵਾਲ ਸਾਹਿਬ ਤੋਂ ਸਰਹਾਲੀ ਨੂੰ ਜਾਂਦੀ ਸੜਕ ਦੁਆਲੇ ਸ਼ਾਮਾਂ ਪਈਆਂ ਤੋਂ ਨਸ਼ੇੜੀਆਂ ਦੇ ਝੁੰਡ ਜੁੜਦੇ ਨੇ, ਕੁੱਝ ਸੜਕ ਤੇ ਸ਼ਰੇਆਮ ਖਲੋਅ ਕੇ ਤੇ ਕੁੱਝ ਝਾੜੀਆਂ ਦੇ ਓਹਲੇ ਬਹਿ ਕੇ ਟੀਕੇ ਲਾਉਂਦੇ, ਸੁੱਟੇ ਲਾਉਂਦੇ, ਖਹਿਬੜਦੇ ਆਮ ਹੀ ਦਿਸ ਜਾਂਦੇ ਨੇ।

ਪਰ ਹਾਂ, ਇਹ ਸਿਰਫ਼ ਜਾਗਦੀ ਅੱਖ ਨੂੰ ਦਿਸਦੇ ਨੇ, ਮੁਰਦਾ ਜ਼ਿਹਨ ਢੋਅ ਰਹੇ ਲੋਕਾਂ ਲਈ ਸਾਉਣ ਦੇ ਅੰਨ੍ਹੇ ਵਾਂਗ ਸਭ ਹਰਾ ਹਰਾ ਹੈ..

ਨਸ਼ੇ ਚ ਗ਼ਰਕਦੇ ਜਾ ਰਹੇ ਜਵਾਨਾਂ ਲਈ ਨਾ ਸਹੀ, ਨਸ਼ੇ ਤੋਂ ਬਚਿਆਂ ਨੂੰ ਬਚਾਉਣ ਲਈ ਕੋਈ ਤਾਂ ਬੋਲੇ..ਪਰ ਨਹੀਂ, ਇੱਥੇ ਤਾਂ ਸਭ ਪਾਸੇ ਡਰਾਉਣੀ ਚੁੱਪ ਪਸਰੀ ਹੋਈ ਹੈ।

ਜੇ ਜ਼ੁਲਮ ਕਰਨਾ ਪਾਪ ਹੈ, ਤਾਂ ਜ਼ੁਲਮ ਸਹਿਣਾ ਵੀ ਪਾਪ ਹੈ, ਗੁਰੂ ਸਾਹਿਬ ਦੀ ਸਿੱਖਿਆ ਹੈ, ਪਰ ਇਹਦੇ ਉੱਤੇ ਅਮਲ ਕਰਨ ਵਾਲਾ ਪੰਥ ਖ਼ਾਮੋਸ਼ ਹੈ..।

ਹਾਕਮ ਤਾਂ ਹੈ ਹੀ ਘੁੰਨਾ ਤੇ ਕਾਲੀ ਕਮਾਈ ਦੇ ਲਾਲਚ ਚ ਪਿਆ ਪ੍ਰਸ਼ਾਸਨ ਦਾ ਵੱਡਾ ਹਿੱਸਾ ਬੇਈਮਾਨ ਹੈ, ਅਜਿਹੇ ਚ ਪੰਜਾਬ ਦਾ ਕੌਣ ਵਾਲੀ-ਵਾਰਸ ਹੈ??

ਸੱਚ ਜਾਣਿਓ ਮਾਝੇ ਦੀ ਫ਼ਿਜ਼ਾ ਚ ਹੁਣ ਅਣਖ ਨਹੀਂ ਫਰਕਦੀ, ਨਸ਼ਾ ਉਛਾਲੇ ਮਾਰਦਾ ਹੈ, ਅਣਖ ਤਾਂ ਖੌਰੇ ਆਖ਼ਰੀ ਸਵਾਸਾਂ ਤੇ ਹੋਵੇ..

ਸੁਥਰੇ ਤਾਂ ਕਹਿਣਗੇ ਕਿ ਸਭ ਝੂਠ ਆ, ਪਰ ਅਸੀਂ ਤਾਂ ਏਹੀ ਕਹਿਣਾ ਹੈ-

ਵੇਖੇ ਭਾਵੇਂ ਨਾ ਉਹ ਵੇਖੇ

ਇਹ ਤੇ ਉਹਦੀ ਮਰਜ਼ੀ ਏ

ਮੇਰਾ ਕੰਮ ਸੀ ਸ਼ੀਸ਼ਾ ਧਰਨਾ

ਸ਼ੀਸ਼ਾ ਧਰ ਕੇ ਮੁੜਿਆ ਵਾਂ….॥

Install Punjabi Akhbar App

Install
×