ਨਿਊ ਸਾਊਥ ਵੇਲਜ਼ ਵਿਚਲੇ 400 ਤੋਂ ਵੀ ਜ਼ਿਆਦਾ ਲੱਕੜੀ ਦੇ ਪੁਲ਼ਾਂ ਨੂੰ ਬਦਲਣ ਲਈ ਕੰਮ ਸ਼ੁਰੂ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੈਂਦੇ ਅਜਿਹੇ ਪੁਲ਼ ਜਿਹੜੇ ਕਿ ਲੱਕੜੀ ਦੇ ਬਣੇ ਹੋਏ ਹਨ, ਦਾ ਨਵੀਨੀਕਰਣ ਕਰਕੇ ਵਧੀਆ ਆਵਾਜਾਈ ਦਾ ਪ੍ਰਬੰਧ ਸਿਰੇ ਚਾੜ੍ਹਨ ਦਾ ਕੰਮ ਨਿਊ ਸਾਊਥ ਵੇਲਜ਼ ਸਰਕਾਰ ਨੇ ਆਰੰਭ ਦਿੱਤਾ ਹੈ। ਇਸ ਵਾਸਤੇ ਰਾਜ ਸਰਕਾਰ ਨੇ 500 ਮਿਲੀਅਨ ਦਾ ਫੰਡ ਵੀ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲਾ ਸਾਰਾ ਸਾਲ ਹੀ ਆਫ਼ਤਾਵਾਂ ਨਾਲ ਭਰਪੂਰ ਰਿਹਾ ਹੈ ਅਤੇ ਇਸ ਤੋਂ ਬਾਅਦ ਹੁਣ ਜਦੋਂ ਸਰਕਾਰ ਨੇ ਆਪਣੇ ਕਾਰਜ ਸ਼ੁਰੂ ਕੀਤੇ ਹਨ ਤਾਂ ਦੇਖਣ ਵਿੱਚ ਆਇਆ ਹੈ ਕਿ ਜੇਕਰ ਇਨ੍ਹਾਂ ਲੱਕੜ ਦੇ ਪੁਲ਼ਾਂ ਦੀ ਥਾਂ ਤੇ ਵਧੀਆ ਅਤੇ ਆਧੁਨਿਕ ਪੁਲ਼ਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਲੋੜ ਪੈਣ ਤੇ ਇਹ ਆਵਾਜਾਈ ਲਈ ਵਧੀਆ ਸਾਬਿਤ ਹੁੰਦੇ ਹਨ ਅਤੇ ਕੁਦਰਤੀ ਆਫ਼ਤਾਵਾਂ ਦਾ ਇਨ੍ਹਾਂ ਉਪਰ ਜਲਦੀ ਜਲਦੀ ਮਾੜਾ ਅਸਰ ਵੀ ਨਹੀਂ ਪੈਂਦਾ। ਜਿੱਥੇ ਇਹ ਨਿਰਮਾਣ ਹਿਤ ਨਵੇਂ ਪੁਲ਼ ਲੋਕਾਂ ਵਾਸਤੇ ਵਧੀਆ ਆਵਾਗਮਨ ਦਾ ਸਾਧਨ ਸਿੱਧ ਹੋਣਗੇ ਉਥੇ ਹੀ ਇਹ ਸਥਾਨਕ ਲੋਕਾਂ ਲਈ ਸਿੱਧੇ ਅਤੇ ਅਸਿੱਧੇ ਤੌਰ ਤੇ ਰੌਜ਼ਗਾਰ ਦਾ ਸਾਧਨ ਵੀ ਬਣਨਗੇ। ਖੇਤਰੀ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਕਿਹਾ ਕਿ ਸਰਕਾਰ ਦੇ ਇਸ ਪ੍ਰਾਜੈਕਟ ਲਈ ਸਰਕਾਰ ਨੇ ਸਥਾਨਕ 54 ਕਾਂਸਲਾਂ ਨੂੰ 290 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਫੰਡ ਮੁਹੱਈਆ ਕਰਵਾ ਦਿੱਤਾ ਹੈ ਜਿਸ ਨਾਲ ਕਿ ਇਸ ਪ੍ਰਾਜੈਕਟ ਦੇ ਪਹਿਲੇ ਗੇੜ ਵਿੱਚ 424 ਪੁਲ਼ਾਂ ਦੇ ਨਵ-ਨਿਰਮਾਣ ਕਾ ਕੰਮ ਕੀਤਾ ਜਾਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਭਰ ਅੰਦਰ ਇਸ ਕੰਮ ਨੂੰ ਸੰਪੂਰਨ ਕਰਨ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਰਾਜ ਸਰਕਾਰ ਵੱਲੋਂ ਕੀਤਾ ਜਾਣਾ ਹੈ। ਹੰਟਰ ਖੇਤਰ ਦੇ ਐਮ.ਪੀ. ਮਾਈਕਲ ਜੋਹਨਸੇਨ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਰਾਜ ਅੰਦਰ ਇੱਕ ਨਵਾਂ ਅਤੇ ਆਧੁਨਿਕ ਸੜਕੀ ਜਾਲ ਵਿਛੇਗਾ ਅਤੇ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਪਹੁੰਚੇਗਾ। ਇਕੱਲੇ ਡਨਗੋਗ ਖੇਤਰ ਵਿੱਚ ਹੀ 23 ਅਜਿਹੇ ਲੱਕੜੀ ਦੇ ਪੁਲ਼ਾਂ ਨੂੰ ਤੋੜ ਕੇ ਵਧੀਆ ਅਤੇ ਪੱਕੇ ਪੁਲ਼ ਬਣਾਏ ਜਾਣਗੇ ਅਤੇ ਇਸ ਦਾ ਸਿੱਧਾ ਲਾਭ ਹੋਰਾਂ ਤੋਂ ਇਲਾਵਾ ਸਥਾਨਕ ਨਿਵਾਸੀਆਂ ਨੂੰ ਹੀ ਹੋਵੇਗਾ।

Install Punjabi Akhbar App

Install
×