ਮੁੜ ਤੋਂ ਨਵਿਆਉਣ ਯੋਗ ਗੈਸ ਸਰਟੀਫਿਕੇਸ਼ਨ ਸਕੀਮ ਰਾਜ ਨੂੰ ਲੈ ਕੇ ਜਾਵੇਗੀ ਜ਼ੀਰੋ ਅਮਿਸ਼ਨ ਵਾਲੇ ਟੀਚੇ ਵੱਲ -ਊਰਜਾ ਮੰਤਰੀ

ਰਾਜ ਦੇ ਊਰਜਾ ਮੰਤਰੀ ਮੈਟ ਕੀਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਬਹੁਤ ਜਲੀਦੀ ਹੀ ਇੱਕ ਅਜਿਹੀ ਸਰਟੀਫਿਕੇਸ਼ਨ ਸਕੀਮ ਜਾਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਰਾਜ ਦੇ ਨਿਵਾਸੀ ਜਲਦੀ ਹੀ ਮੁੜ ਤੋਂ ਨਵਿਆਉਣਯੋਗ ਗੈਸ (renewable gas) ਨੂੰ ਆਪਣੇ ਘਰਾਂ ਅੰਦਰ ਇਸਤੇਮਾਲ ਕਰਨੀ ਸ਼ੁਰੂ ਕਰ ਦੇਣਗੇ ਅਤੇ ਰਾਜ ਨੂੰ ਪਹਿਲਾਂ ਤੋਂ ਮਿੱਥੇ ਗਏ ਜ਼ੀਰੋ ਅਮਿਸ਼ਨ ਵਾਲੇ ਟੀਚੇ ਵੱਲ ਵਧਣ ਵਿੱਚ ਸਹਾਈ ਹੋਣਗੇ।
ਉਕਤ ਪ੍ਰਾਜੈਕਟ ਦੇ ਤਹਿਤ ਰਾਜ ਵਿੱਚ ਵੇਸਟ ਪਾਣੀ, ਕੂੜਾ ਕਰਕਟ ਆਦਿ ਤੋਂ ਪੈਦਾ ਹੋਣ ਵਾਲੀ ਮੀਥੇਨ ਗੈਸ ਦਾ ਇਸਤੇਮਾਲ ਘਰਾਂ ਵਿਚਲੀ ਗੈਸ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।
ਸਿਡਨੀ ਦੇ ਮਾਲਾਬਾਰ ਵਿੱਚ ਅਜਿਹਾ ਹੀ ਵੇਸਟ ਵਾਟਰ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਰਾਹੀਂ ਕਿ 1.4 ਮਿਲੀਅਨ ਘਰਾਂ ਵਿੱਚੋਂ ਵੇਸਟ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਇਓਗੈਸ ਬਣਾਈ ਜਾ ਰਹੀ ਹੈ ਜੋ ਕਿ 60% ਮੀਥੇਨ ਹੁੰਦੀ ਹੈ। ਇੱਥੇ ਲਗਾਇਆ ਗਿਆ ਇੱਕ ਇੰਜਣ ਇਸ ਬਾਇਓਗੈਸ ਨੂੰ ਬਿਜਲੀ ਅਤੇ ਊਰਜਾ ਵਿੱਚ ਬਦਲਦਾ ਹੈ ਜੋ ਕਿ ਸਿਡਨੀ ਦੇ ਇਸ ਪਲਾਂਟ ਨੂੰ ਚਲਾਉਣ ਵਿੱਚ ਸਹਾਈ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਾਲ 2022 ਦੌਰਾਨ ਆਸਟ੍ਰੇਲੀਆ ਦੇ ਇਸ ਪਹਿਲੇ ਪਲਾਂਟ ਵਿਚੋਂ ਹਰ ਸਾਲ ਬਾਇਓਮਿਥੇਨ ਦੀ 95,000 ਗੀਗਾਜੌਲਜ਼ ਦਾ ਉਤਪਾਦਨ ਕੀਤਾ ਜਾਵੇਗਾ ਜੋ ਕਿ 6,300 ਘਰਾਂ ਦੀ ਗੈਸ ਦੀ ਮੰਗ ਦੀ ਪੂਰਤੀ ਕਰਨ ਲਈ ਕਾਫੀ ਹੋਵੇਗਾ।
ਜ਼ਿਆਦਾ ਜਾਣਕਾਰੀ ਸਰਕਾਰ ਦੀ ਵੈਬਸਾਈਟ greenpower.gov.au ਉਪਰੋਂ ਲਈ ਜਾ ਸਕਦੀ ਹੈ।

Install Punjabi Akhbar App

Install
×