ਕੁਆਡ ਸੰਮੇਲਨ ਵਿੱਚ ਐਂਥਨੀ ਐਲਬਨੀਜ਼ ਦੀ ਚੀਨ ਨੂੰ ਦੋ ਟੁੱਕ ਚਿਤਾਵਨੀ
ਜਪਾਨ ਦੇ ਟੋਕੀਓ ਵਿੱਚ ਚੱਲ ਰਹੇ ਕੁਆਡ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੀਜਿੰਗ ਨੂੰ ਦੋ ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਉਪਰ ਲਗਾਈਆਂ ਗਈਆਂ ਪਾਬੰਧੀਆਂ ਅਤੇ ਵਧਾਏ ਗਏ ਟੈਕਸਾਂ ਨੂੰ ਖ਼ਤਮ ਕਰੋ ਅਤੇ ਘਟਾਓ -ਤਾਂ ਗੱਲ ਕਰਾਂਗੇ।
ਜ਼ਿਕਰਯੋਗ ਹੈ ਕਿ ਟੋਕੀਓ ਵਿੱਚ ਕੁਆਡ ਸੰਮੇਲਨ ਚੱਲ ਰਿਹਾ ਹੈ ਜਿੱਥੇ ਕਿ ਅਮਰੀਕਾ, ਭਾਰਤ, ਜਪਾਨ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਨੇਤਾ ਭਾਗ ਲੈ ਰਹੇ ਹਨ।
ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਸਭ ਨਾਲ ਮਿੱਤਰਤਾ ਹੀ ਚਾਹੁੰਦਾ ਹੈ ਅਤੇ ਸਭ ਦੇਸ਼ਾਂ ਨਾਲ ਵਧੀਆ ਅਤੇ ਸੰਤੁਲਿਤ ਮੇਲ-ਮਿਲਾਪ ਰੱਖਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਤਾਂ ਚੀਨ ਦੇ ਖ਼ਿਲਾਫ਼ ਕੋਈ ਕਦਮ ਚੁੱਕਿਆ ਹੀ ਨਹੀਂ ਗਿਆ ਸਗੋਂ ਚੀਨ ਨੇ ਹੀ ਆਸਟ੍ਰੇਲੀਆ ਵੱਲੋਂ ਨਿਰਯਾਤ ਕੀਤਾ ਜਾਣ ਵਾਲਾ ਜੌਂ, ਵਾਈਨ, ਕੋਲਾ ਅਤੇ ਸੀਅ-ਫੂਡ ਆਦਿ ਉਪਰ ਵਾਧੂ ਦੇ ਟੈਕਸ ਲਗਾ ਕੇ ਉਨ੍ਹਾਂ ਵਪਾਰਕ ਜ਼ਰੂਰੀ ਵਸਤੂਆਂ ਉਪਰ ਵਾਧੂ ਦੀਆਂ ਪਾਬੰਧੀਆਂ ਲਗਾ ਦਿੱਤੀਆਂ ਹਨ ਜੋ ਕਿ ਫ਼ੌਰਨ ਹਟਾਈਆਂ ਜਾਣੀਆਂ ਚਾਹੀਦੀਆਂ ਹਨ।
ਇਸਤੋਂ ਇਲਾਵਾ ਜੋ ਰੱਖਿਆ ਸਮਝੌਤਾ ਚੀਨ ਅਤੇ ਸੋਲੋਮਨ ਟਾਪੂਆਂ ਦੀਆਂ ਸਰਕਾਰਾਂ ਵਿਚਾਲੇ ਹੁੰਦਾ ਦਿਖਾਈ ਦੇ ਰਿਹਾ ਹੈ ਉਸ ਉਪਰ ਵੀ ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਜਤਾਇਆ ਹੈ ਅਤੇ ਚੀਨ ਨੂੰ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਸੋਲੋਮਨ ਦੀ ਧਰਤੀ ਨਾਲ ਆਸਟ੍ਰੇਲੀਆ ਸਦੀਆਂ ਪੁਰਾਣੀ ਸਾਂਝ ਹੈ ਅਤੇ ਚੀਨ ਇਸ ਸਾਂਝ ਨੂੰ ਵੀ ਤੋੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ਨਿਚਰਵਾਰ ਨੂੰ ਆਸਟ੍ਰੇਲੀਆਈ ਰਾਜਨੀਤੀ ਵਿੱਚ ਹੋਈ ਤਬਦੀਲੀ ਕਾਰਨ, ਚੀਨ ਦੇ ਪ੍ਰਧਾਨ ਮੰਤਰੀ ਲੀ ਕੇਪੀਆਂਗ ਨੇ, ਦੇਸ਼ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਵਧਾਈ ਸੰਦੇਸ਼ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਾਜਨੀਤਿਕ ਸੰਬੰਧ ਸੁਧਾਰਨ ਦਾ ਨਿਯੋਤਾ ਵੀ ਭੇਜਿਆ ਹੈ।