ਦੇਸ਼ ਵਿੱਚ ਵਧਦਾ ਜਾ ਰਿਹਾ ਹੈ ਜ਼ਾਤ ਪਾਤ ਦਾ ਜ਼ਹਿਰ ਅਤੇ ਧਾਰਮਿਕ ਵਖਰੇਵਾਂ

ਕੁਝ ਦਿਨ ਪਹਿਲਾਂ ਜਿਲ੍ਹਾ ਜਾਲੌਰ (ਰਾਜਸਥਾਨ) ਦੇ ਸੁਰਾਨਾ ਪਿੰਡ ਵਿੱਚ ਇੱਕ ਬਹੁਤ ਹੀ ਵਿਚਲਿਤ ਕਰ ਦੇਣ ਵਾਲੀ ਘਟਨਾ ਹੋਈ ਹੈ ਕਿ ਇੱਕ ਕਥਿੱਤ ਉੱਚੀ ਜ਼ਾਤ ਦੇ ਟੀਚਰ ਵੱਲੋਂ ਇੱਕ ਦਲਿਤ ਵਿਦਿਆਰਥੀ ਦੀ ਇਸ ਲਈ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਸ ਨੇ ਉੱਚੀ ਜ਼ਾਤ ਦੇ ਟੀਚਰਾਂ ਲਈ ਸੁਰੱਖਿਅਤ ਮਟਕੇ ਤੋਂ ਪਾਣੀ ਪੀਣ ਦੀ ਹਿੰਮਤ ਕੀਤੀ ਸੀ। ਇਸ ਘਟਨਾ ਨੇ 1985 ਵਿੱਚ ਆਈ ਧਰਮਿੰਦਰ ਦੀ ਫਿਲਮ ਗੁਲਾਮੀ ਦੀ ਯਾਦ ਕਰਵਾ ਦਿੱਤੀ ਹੈ। ਸੋਚ ਕੇ ਹੈਰਾਨੀ ਹੁੰਦੀ ਹੈ ਕਿ ਭਾਰਤ ਵਿੱਚ ਸਦੀਆਂ ਤੋਂ ਚਲਦੀ ਆ ਰਹੀ ਜ਼ਾਤ ਪਾਤ ਪ੍ਰਥਾ ਨੇ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਸਮਾਜ ਨੂੰ ਕਿਵੇਂ ਆਪਣੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ। ਹੁਣ ਮਾਸਟਰ ਜੀ ਜੇਲ੍ਹ ਵਿੱਚ ਪਹੁੰਚ ਚੁੱਕੇ ਹਨ, ਜਿਥੇ ਸ਼ਾਇਦ ਉਨ੍ਹਾਂ ਨੂੰ ਆਪਣੇ ਲਈ ਪਾਣੀ ਵਾਲਾ ਵੱਖਰਾ ਘੜਾ ਅਤੇ ਅਲੱਗ ਰਸੋਈ ਨਸੀਬ ਨਹੀਂ ਹੋਵੇਗੀ।
ਪਰ ਜਿੱਸ ਮਸਲੇ ਨੇ ਇਸ ਵੇਲੇ ਸਭ ਤੋਂ ਵੱਧ ਖਤਰਨਾਕ ਰੂਪ ਧਾਰਿਆ ਹੋਇਆ ਹੈ, ਉਹ ਹੈ ਭਾਰਤ ਵਿੱਚ ਵਧਦਾ ਹੋਇਆ ਧਾਰਮਿਕ ਵਖਰੇਵਾਂ ਅਤੇ ਕੱਟੜਵਾਦ। ਕੁਝ ਮਹੀਨੇ ਪਹਿਲਾਂ ਇੱਕ ਮਹਿਲਾ ਨੇਤਾ ਵੱਲੋਂ ਦੂਸਰੇ ਧਰਮ ਦੇ ਇਸ਼ਟ ਦੇ ਖਿਲਾਫ ਕੀਤੀਆਂ ਟਿੱਪਣੀਆਂ ਕਾਰਨ ਧਾਰਮਿਕ ਮਾਹੌਲ ਵਿਸਫੋਟਕ ਬਣ ਗਿਆ ਸੀ। ਨੇਤਾ ਜੀ ਤਾਂ ਜ਼ਮਾਨਤ ਕਰਵਾ ਕੇ ਸਰਕਾਰੀ ਸਕਿਉਰਟੀ ਹੇਠ ਅਰਾਮ ਨਾਲ ਘਰ ਬੈਠੇ ਹੋਏ ਹਨ, ਪਰ ਉਨ੍ਹਾਂ ਦੀ ਲਗਾਈ ਅੱਗ ਕਾਰਨ ਕਈ ਮਾਸੂਮਾਂ ਦੀ ਜਾਨ ਚਲੀ ਗਈ ਹੈ। ਇਹ ਅੱਗ ਅਜੇ ਸ਼ਾਂਤ ਹੋਈ ਹੀ ਸੀ ਕਿ ਕੁਝ ਦਿਨ ਪਹਿਲਾਂ ਤੇਲੰਗਾਨਾ ਦੇ ਇੱਕ ਲੀਡਰ ਨੇ ਦੁਬਾਰਾ ਫੇਸਬੁੱਕ ‘ਤੇ ਅਜਿਹਾ ਹੀ ਬਿਆਨ ਦਾਗ ਦਿੱਤਾ ਹੈ। ਹੈਰਾਨੀਜਨਕ ਤਰੀਕੇ ਨਾਲ ਲੀਡਰ ਨੂੰ ਅਗਲੇ ਹੀ ਦਿਨ ਜ਼ਮਾਨਤ ਮਿਲ ਗਈ। ਜੇਲ੍ਹ ਤੋਂ ਬਾਹਰ ਆਉਂਦੇ ਸਾਰ ਕੋਈ ਪਛਤਾਵਾ ਕਰਨ ਦੀ ਬਜਾਏ ਉਸ ਨੇ ਬਿਆਨ ਜਾਰੀ ਕਰ ਦਿੱਤਾ ਕਿ ਅਜੇ ਤਾਂ ਉਸ ਦੀ ਕਲਿੱਪ ਦਾ ਦੂਸਰਾ ਹਿੱਸਾ ਆਉਣਾ ਬਾਕੀ ਹੈ। ਗੁਜਰਾਤ ਦੇ 2002 ਦੇ ਦੰਗਿਆਂ ਸਮੇਂ ਕਤਲ ਅਤੇ ਬਲਾਤਕਾਰ ਦੇ ਦੋਸ਼ੀਆਂ ਦੀ ਉਮਰ ਕੈਦ ਸਰਕਾਰ ਨੇ ਮਾਫ ਕਰ ਦਿੱਤੀ ਹੈ। ਪਰ ਜਿਸ ਤਰਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਉਸ ਤੋਂ ਸਾਰਾ ਦੇਸ਼ ਹੱਕਾ ਬੱਕਾ ਰਹਿ ਗਿਆ ਹੈ। ਬੰਬੇ ਹਾਈਕੋਰਟ ਦੇ ਜਿਸ ਜੱਜ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ, ਉਸ ਨੇ ਵੀ ਅਜਿਹਾ ਸਵਾਗਤ ਹੋਣ ‘ਤੇ ਟੀਕਾ ਟਿੱਪਣੀ ਕੀਤੀ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰਧੀਨ ਹੈ। ਇਹ ਵੀ ਹੈਰਾਨੀਜਨਕ ਹੈ ਕਿ ਨਿਰਭੈਆ ਅਤੇ ਆਰੂਸ਼ੀ ਕਤਲ ਕਾਂਡ ਵਰਗੇ ਮਸਲਿਆਂ ‘ਤੇ ਗਲਾ ਪਾੜ ਪਾੜ ਕੇ ਸ਼ੋਰ ਮਚਾਉਣ ਵਾਲੇ ਨੇਤਾ, ਮਹਿਲਾ ਸੰਗਠਨ ਅਤੇ ਨਿਊਜ਼ ਚੈਨਲਾਂ ਨੂੰ ਇਸ ਘਟਨਾਕ੍ਰਮ ਵੇਲੇ ਸੱਪ ਸੁੰਘ ਗਿਆ ਹੈ। ਜੇ ਅਖਬਾਰਾਂ ਮਸਲੇ ਨੂੰ ਨਾ ਉਛਾਲਦੀਆਂ ਤਾਂ ਇਸ ਨੂੰ ਕਿਸੇ ਜ਼ੇਬਕਤਰੇ ਦੇ ਪਕੜੇ ਜਾਣ ਦੀ ਖਬਰ ਤੋਂ ਵੱਧ ਅਹਿਮੀਅਤ ਨਹੀਂ ਸੀ ਮਿਲਣੀ।
ਧਾਰਮਿਕ ਅਸਿਹਣਸ਼ੀਲਤਾ ਦਾ ਮਤਲਬ ਹੈ ਦੂਸਰੇ ਧਰਮ ਦੇ ਪੈਰੋਕਰਾਂ ਦੇ ਵਿਚਾਰਾਂ ਨੂੰ ਸਮਝੇ ਬਿਨਾਂ ਹੀ ਨਾ ਸਿਰਫ ਖਾਰਜ ਕਰ ਦੇਣਾ, ਬਲਕਿ ਉਨ੍ਹਾਂ ਦੀ ਉਪਸਥਿੱਤੀ ਨੂੰ ਸਹਿਣ ਕਰਨ ਤੋਂ ਵੀ ਇਨਕਾਰ ਕਰ ਦੇਣਾ। ਅੱਜ ਕਲ੍ਹ ਭਾਰਤ ਵਿੱਚ ਤਾਂ ਇਸ ਗੱਲ ਦੀ ਵੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਕਿ ਦੂਸਰੇ ਧਰਮ ਵਾਲੇ ਨੂੰ ਕੀ ਪਹਿਨਣਾ ਤੇ ਖਾਣਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਭਿੰਨ ਧਾਰਮਿਕ ਵਿਚਾਰ ਰੱਖਣ ‘ਤੇ ਗੌਰੀ ਲੰਕੇਸ਼, ਨਰਿੰਦਰ ਦਾਬੋਲਕਰ, ਗੋਵਿੰਦ ਪਨਸਾਰੇ ਅਤੇ ਐਮ.ਐਮ. ਕਾਲਬੁਰਗੀ ਵਰਗੇ ਅਨੇਕਾਂ ਪ੍ਰਗਤੀਸ਼ੀਲ ਵਿਚਾਰਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਸਮਾਜ ਦਾ ਨਿਰਮਾਣ ਸਿਰਫ ਇੱਕ ਸਮਾਨ ਵਿਚਾਰ ਅਤੇ ਰੁੱਚੀਆਂ ਰੱਖਣ ਨਾਲ ਨਹੀਂ ਹੁੰਦਾ, ਬਲਕਿ ਵੱਖ ਵੱਖ ਧਰਮਾਂ, ਵਿਚਾਰ, ਖਾਣ ਪੀਣ, ਰਹਿਣ ਸਹਿਣ ਅਤੇ ਵਿਹਾਰ ਵਿੱਚ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀਆਂ ਨਾਲ ਹੁੰਦਾ ਹੈ। ਇਹ ਵਿਵਧਤਾ ਭਾਰਤੀ ਸਮਾਜ ਦੀ ਸਮੱਸਿਆ ਨਹੀਂ, ਸਗੋਂ ਸਦੀਆਂ ਦੀ ਗੌਰਵਮਈ ਵਿਕਾਸ ਯਾਤਰਾ ਦਾ ਜੀਵੰਤ ਦਸਤਾਵੇਜ਼ ਹੈ। ਅਸਹਿਣਸ਼ੀਲ ਮਾਨਸਿਕਤਾ ਵਾਲੇ ਸਮਾਜਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਧਾਰਮਿਕ ਕੱਟੜਵਾਦ ਅਜਿਹੀ ਹੀ ਇੱਕ ਗੰਭੀਰ ਚੁਣੌਤੀ ਹੈ।
ਜੇ ਭਾਰਤੀ ਧਾਰਮਿਕ ਕੱਟੜਵਾਦ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਪਿੱਛੇ ਸੌੜੀ ਮਾਨਸਿਕਤਾ ਤੇ ਸਿਰਫ ਅਤੇ ਸਿਰਫ ਵੋਟ ਰਾਜਨੀਤੀ ਕਰਨ ਵਾਲੇ ਰਾਜਨੀਤਕ ਦਲ, ਕੱਟੜ ਧਾਰਮਿਕ ਸੰਗਠਨ, ਪੈਸਾ, ਇਖਲਾਕ ਤੋਂ ਗਿਰੀਆਂ ਹੋਈਆਂ ਸੰਸਥਾਵਾਂ, ਸੋਸ਼ਲ ਮੀਡੀਆ ਅਤੇ ਵਿਕੇ ਹੋਏ ਇਲੈੱਟਰੋਨਿਕ ਨਿਊਜ਼ ਚੈਨਲਾਂ ਦਾ ਵੱਡਾ ਹੱਥ ਹੈ। ਇਹ ਸੰਸਥਾਵਾਂ ਸਿਰਫ ਆਪਣੇ ਸਵਾਰਥ ਨੂੰ ਸਾਹਮਣੇ ਰੱਖਦੀਆਂ ਹਨ ਤੇ ਦੇਸ਼ ਅਤੇ ਸਮਾਜ ਦੀ ਭਲਾਈ ਨਾਲ ਇਨ੍ਹਾਂ ਦਾ ਕੋਈ ਬਹੁਤਾ ਸਰੋਕਾਰ ਨਹੀਂ ਹੈ। ਇਹ ਸਮਾਜ ਵਿੱਚ ਸੁਤੰਤਰ ਵਿਚਾਰਾਂ ‘ਤੇ ਅੰਕੁਸ਼ ਲਗਾ ਕੇ ਅਲੋਚਨਾਵਾਂ ਅਤੇ ਜਨਚੇਤਨਾ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਨ ਦਾ ਯਤਨ ਕਰਦੀਆਂ ਹਨ। ਉਹ ਇਹ ਭੁੱਲ ਜਾਂਦੀਆਂ ਹਨ ਕਿ ਅਜਿਹਾ ਯਤਨ ਪਹਿਲਾਂ ਹੀ ਹਿਟਲਰ ਅਤੇ ਔਰੰਗਜ਼ੇਬ ਵੀ ਕਰ ਚੁੱਕੇ ਹਨ। ਇਹ ਯਤਨ ਹੀ ਧਾਰਮਿਕ ਕੱਟੜਤਾ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।
ਧਾਰਮਿਕ ਕੱਟੜਤਾ ਦੇ ਸਮਾਜ ‘ਤੇ ਭਿਆਨਕ ਅਸਰ ਵੇਖਣ ਨੂੰ ਮਿਲਦੇ ਹਨ। ਇਹ ਕੇਵਲ ਸਮਾਜ ਦੇ ਤਾਣੇ ਬਾਣੇ ਨੂੰ ਹੀ ਨਸ਼ਟ ਨਹੀਂ ਕਰਦੀ, ਬਲਕਿ ਦੇਸ਼ ਦੀ ਅਰਥ ਵਿਵਸਥਾ ਅਤੇ ਅੰਤਰਰਾਸ਼ਟਰੀ ਛਵੀ ‘ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਜਦੋਂ ਮਹਿਲਾ ਨੇਤਾ ਨੇ ਦੂਸਰੇ ਧਰਮ ਦੇ ਇਸ਼ਟ ਬਾਰੇ ਮਾੜੀਆਂ ਟਿੱਪਣੀਆਂ ਕੀਤੀਆਂ ਸਨ ਤਾਂ ਭਾਰਤ ਨੂੰ ਅਰਬ ਦੇਸ਼ਾਂ ਦੀ ਭਾਰੀ ਨੁਕਤਾਚੀਨੀ ਝੱਲਣੀ ਪਈ ਸੀ। ਕੁਝ ਦਿਨ ਪਹਿਲਾਂ ਰੂਸ ਨੇ ਆਈ.ਐਸ. ਦਾ ਇੱਕ ਆਤਮਘਾਤੀ ਅੱਤਵਾਦੀ ਗ੍ਰਿਫਤਾਰ ਕੀਤਾ ਹੈ ਜੋ ਇਨ੍ਹਾਂ ਟਿੱਪਣੀਆਂ ਦਾ ਹੀ ਬਦਲਾ ਲੈਣਾ ਚਾਹੁੰਦਾ ਸੀ। ਅੱਜ ਵੈਸ਼ਵੀਕਰਣ ਦੇ ਯੁੱਗ ਵਿੱਚ ਵਿੱਤ ਅਤੇ ਵਪਾਰ ਵਿਵਸਥਾ ਵਿੱਚ ਕਿਸੇ ਦੇਸ਼ ਦੀ ਛਵੀ ਦਾ ਬਹੁਤ ਮਹੱਤਵ ਹੈ। ਇਹ ਛਵੀ ਹੀ ਅੰਤਰਰਾਸ਼ਟਰੀ ਨਿਵੇਸ਼ਕਾਰਾਂ ਨੂੰ ਉਨ੍ਹਾਂ ਦੀ ਪੂੰਜੀ ਸੁਰੱਖਿਅਤ ਰਹਿਣ ਦਾ ਭਰੋਸਾ ਦਿੰਦੀ ਹੈ। ਇਸੇ ਕਾਰਨ ਕੋਈ ਅੰਤਰਰਾਸ਼ਟਰੀ ਕੰਪਨੀ ਪਾਕਿਸਤਾਨ ਅਤੇ ਅਫਗਾਨਿਸਤਾਨ ਆਦਿ ਵਰਗੇ ਕੱਟੜ ਦੇਸ਼ਾਂ ਵਿੱਚ ਨਿਵੇਸ਼ ਕਰਨ ਦੀ ਹਿੰਮਤ ਨਹੀਂ ਕਰਦੀ। ਸ੍ਰੀ ਲੰਕਾ ਦੀ ਆਰਥਿਕ ਬਰਬਾਦੀ ਵਿੱਚ ਧਾਰਮਿਕ ਕੱਟੜਵਾਦ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਥੇ 2019 ਦੌਰਾਨ ਚਰਚਾਂ ਵਿੱਚ ਹੋਏ ਬੰਬ ਧਮਾਕਿਆਂ ਨੇ ਸੈਲਾਨੀਆਂ ਨੂੰ ਐਨਾ ਡਰਾ ਦਿੱਤਾ ਸੀ ਕਿ ਉਹ ਸ੍ਰੀ ਲੰਕਾ ਆਉਣ ਤੋਂ ਕਤਰਾਉਣ ਲੱਗੇ, ਜਿਸ ਕਾਰਨ ਲੰਕਾ ਦਾ ਅਰਬਾਂ ਖਰਬਾਂ ਦਾ ਟੂਰਿਜ਼ਮ ਉਦਯੋਗ ਬਰਬਾਦ ਹੋ ਗਿਆ।
ਵਧਦੀ ਧਾਰਮਿਕ ਕੱਟੜਤਾ ਦੇਸ਼ ਅੰਦਰ ਚੱਲ ਰਹੇ ਰਾਜਨੀਤਕ ਅਤੇ ਸਮਾਜਕ ਸਿਸਟਮ ਵਿੱਚ ਭਟਕਾਵ ਪੈਦਾ ਕਰ ਰਹੀ ਹੈ। ਇਸ ਨੂੰ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਗਰੀਬੀ, ਬੇਰੋਜ਼ਗਾਰੀ, ਭੁੱਖ ਅਤੇ ਜਨਸੰਖਿਆ ਵਿਸਫੋਟ ਦੀ ਚਰਚਾ ਕਰਨ ਦੀ ਬਜਾਏ ਧਾਰਮਿਕ ਕੱਟੜਵਾਦ ਅਤੇ ਵਿਰੋਧੀ ਧਰਮ ਦੇ ਖਾਣ ਪੀਣ ਤੇ ਪਹਿਨਣ ਦੇ ਤਰੀਕਿਆਂ ਨੂੰ ਰਾਜਨੀਤਕ ਮੁੱਦਾ ਬਣਾਇਆ ਜਾ ਰਿਹਾ ਹੈ। ਇਸ ਨਾਲ ਚੋਣਾਂ ਦੌਰਾਨ ਤੱਟ ਫੱਟ ਨਤੀਜੇ ਤਾਂ ਹਾਸਲ ਕੀਤੇ ਜਾ ਸਕਦੇ ਹਨ, ਪਰ ਦੇਸ਼ ਦੀ ਲੰਬੇ ਸਮੇਂ ਦੀ ਵਿਕਾਸ ਯਾਤਰਾ ‘ਤੇ ਬੁਰੇ ਪ੍ਰਭਾਵ ਪੈਂਦੇ ਹਨ। ਸਮਾਜ ਵਿੱਚ ਵਿਗਿਆਨਕ ਅਤੇ ਪ੍ਰਗਤੀਸ਼ੀਲ ਸੋਚ ਨੂੰ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਧੱਕਾ ਲੱਗਦਾ ਹੈ। ਧਾਰਮਿਕ ਕੱਟੜਤਾ ਨੂੰ ਉਤਪੰਨ ਕਰਨ ਲਈ ਸਮਾਜ ਦੇ ਇੱਕ ਹਿੱਸੇ ਦੇ ਮਨ ਵਿੱਚ ਸਮਾਜ ਦੇ ਦੂਸਰੇ ਹਿੱਸੇ ਵੱਲੋਂ ਖਤਰੇ ਦੇ ਕਾਲਪਨਿਕ ਵਿਚਾਰ ਭਰੇ ਜਾਂਦੇ ਹਨ। ਇਹ ਦਰਸਾਇਆ ਜਾਂਦਾ ਹੈ ਕਿ ਸਮਾਜ ਦਾ ਦੂਸਰਾ ਹਿੱਸੇ ਕਿਸੇ ਦਿਨ ਦੇਸ਼ ‘ਤੇ ਕਬਜ਼ਾ ਜਮਾ ਲਵੇਗਾ। ਇਸ ਕੰਮ ਵਿੱਚ ਕੁਝ ਧਰਮ ਗੁਰੂ ਵੀ ਰੱਜ ਕੇ ਨਾਕਾਰਤਮਿਕ ਯੋਗਦਾਨ ਪਾ ਰਹੇ ਹਨ। ਇੱਕ ਦੂਸਰੇ ਦੇ ਧਰਮ ਨੂੰ ਗਾਲ੍ਹਾਂ ਕੱਢਣਾ, ਦੰਗੇ ਭੜਕਾਉਣ ਲਈ ਉਕਸਾਉਣਾ ਅਤੇ ਦੇਸ਼ ਤੋਂ ਬਾਹਰ ਕੱਢ ਦੇਣ ਦੀਆਂ ਧਮਕੀਆਂ ਦੇਣੀਆਂ ਆਦਿ ਇਸੇ ਪ੍ਰਕਿਰਿਆ ਦਾ ਹਿੱਸਾ ਹੈ। ਲੀਡਰਾਂ ਆਦਿ ‘ਤੇ ਟੇਕ ਰੱਖਣ ਦੀ ਬਜਾਏ ਇਸ ਵਧਦੀ ਜਾ ਰਹੀ ਧਾਰਮਿਕ ਕੱਟੜਤਾ ਨੂੰ ਠੱਲਣ ਲਈ ਸਮਾਜ ਦੇ ਨਰੋਏ ਭਾਗ ਨੂੰ ਅੱਗੇ ਆਉਣ ਦੀ ਜਰੂਰਤ ਹੈ। ਇਸ ਯਤਨ ਵਿੱਚ ਬੁੱਧੀਜੀਵੀ, ਇਮਾਨਦਾਰ ਰਾਜਨੀਤਕ ਵਰਗ, ਆਮ ਲੋਕਾਂ ਅਤੇ ਜਾਗਦੀ ਜ਼ਮੀਰ ਵਾਲੇ ਪੱਤਰਕਾਰਾਂ ਨੂੰ ਝੰਡਾ ਬੁਲੰਦ ਕਰਨਾ ਪਵੇਗਾ।
ਅਖੀਰ ਵਿੱਚ ਅੱਜ ਕਲ੍ਹ ਪੰਜਾਬ ਵਿੱਚ ਚੱਲ ਰਹੇ ਮੂਰਖਾਨਾ ਸੋਸ਼ਲ ਮੀਡੀਆ ਯੁੱਧ ਬਾਰੇ ਗੱਲ ਕਰਨੀ ਬਣਦੀ ਹੈ। ਕੁਝ ਮੂਰਖ ਲੋਕਾਂ ਵੱਲੋਂ ਰੱਜ ਕੇ ਇੱਕ ਦੂਸਰੇ ਦੀ ਜ਼ਾਤ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਇੱਕ ਦੂਸਰੇ ਨੂੰ ਵੇਖ ਲੈਣ ਅਤੇ ਧੌਣ ਵਿੱਚੋਂ ਕਿੱਲਾ ਕੱਢ ਦੇਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਵਿਗੜੀ ਹੋਈ ਮਾਨਸਿਕਤਾ ਵਾਲੇ ਇਹ ਵਿਹਲੜ ਲੋਕ ਬਿਨ੍ਹਾਂ ਵਜ੍ਹਾ ਪੰਜਾਬ ਦੇ ਸਮਾਜਕ ਭਾਈਚਾਰੇ ਨੂੰ ਤਾਰ ਤਾਰ ਕਰ ਕੇ ਜ਼ਹਿਰ ਘੋਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭੂਤ ਕਾਲ ਵਿੱਚ ਪੰਜਾਬ ਨੇ ਨਕਸਲਵਾਦ, ਅੱਤਵਾਦ ਅਤੇ ਗੈਂਗਸਟਰਵਾਦ (ਅਜੇ ਚੱਲ ਰਿਹਾ ਹੈ) ਵਰਗੇ ਬਹੁਤ ਭਿਆਨਕ ਦਿਨ ਵੇਖੇ ਹਨ। ਸੈਂਕੜੇ ਮਾਵਾਂ ਦੇ ਨੌਜਵਾਨ ਪੁੱਤਰ ਇਸ ਦੀ ਭੇਂਟ ਚੜ੍ਹ ਚੁੱਕੇ ਹਨ। ਇਸ ਲਈ ਇਹ ਕੂੜ ਦਿਮਾਗ ਲੋਕ ਪੰਜਾਬ ਨੂੰ ਨਫਰਤ ਦੀ ਭੱਠੀ ਵਿੱਚ ਝੋਕਣ ਦੀ ਕੋਸ਼ਿਸ਼ ਕਰਨ ਦੀ ਬਜਾਏ ਪੰਜਾਬ ‘ਤੇ ਕ੍ਰਿਪਾ ਕਰਨ ਅਤੇ ਕਿਸੇ ਸਾਂਝੀ ਜਗ੍ਹਾ ‘ਤੇ ਇਕੱਠੇ ਹੋ ਕੇ ਆਪੋ ਵਿੱਚ ਨਿੱਬੜ ਲੈਣ। ਐਵੇਂ ਸੋਸ਼ਲ ਮੀਡੀਆ ‘ਤੇ ਦਮਗਜ਼ੇ ਨਾ ਮਾਰਨ।

Install Punjabi Akhbar App

Install
×