ਧਾਰਮਿਕ ਅਤੇ ਬਹੁ-ਸਭਿਅਕ ਅਦਾਰਿਆਂ ਨੂੰ ਵੱਖ ਵੱਖ ਭਾਸ਼ਾਵਾਂ ਆਦਿ ਵਿੱਚ ਕੋਵਿਡ ਸਬੰਧੀ ਸੰਦੇਸ਼ ਫੈਲਾਉਣ ਵਾਸਤੇ ਧੰਨਵਾਦ

ਨਿਊ ਸਾਊਥ ਵੇਲਜ਼ ਰਾਜ ਸਰਕਾਰ ਦੇ ਬਹੁ-ਸਭਿਆਚਾਰਕ ਵਿਭਾਗਾਂ ਦੇ ਮੰਤਰੀ ਨੈਟੇਲੀ ਵਾਰਡ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਉਨ੍ਹਾਂ ਸਭ ਅਦਾਰਿਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕਰੋਨਾ ਦੌਰਾਨ ਘਰਾਂ ਅੰਦਰ ਰਹਿਣ ਤੋਂ ਲੈ ਕੇ ਕੋਵਿਡ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਆਦਿ ਨੂੰ ਦੇਸ਼ ਅੰਦਰਲੇ ਬਹੁ ਸਭਿਆਚਾਰਕ ਸਮਾਜ ਲਈ ਅਲੱਗ ਅਲੱਗ ਭਾਸ਼ਾਵਾਂ ਅਤੇ ਵੰਨਗੀਆਂ ਰਾਹੀਂ ਫੈਲਾਉਣ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸਾਡਾ ਦੇਸ਼ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰ ਦਾ ਸੁਮੇਲ ਹੈ ਇਸ ਵਾਸਤੇ ਇਹ ਬਹੁਤ ਹੀ ਜ਼ਰੂਰੀ ਸੀ ਕਿ ਕਰੋਨਾ ਨਾਮ ਦੀ ਆਫ਼ਤ ਤੋਂ ਬਚਾਉ ਵਾਸਤੇ ਹਰ ਕਿਸੇ ਨੂੰ ਉਸੇ ਦੀ ਭਾਸ਼ਾ ਵਿੱਚ ਸਾਰੀ ਜਾਣਕਾਰੀ ਮਿਲੇ ਅਤੇ ਉਪਰੋਕਤ ਅਦਾਰਿਆਂ ਨੇ ਬਾਖੂਬੀ ਆਪਣਾ ਕੰਮ ਪੂਰੇ ਸਨਮਾਨ ਅਤੇ ਆਪਣੀ ਕਾਰਜਕੁਸ਼ਲਤਾ ਤੋਂ ਵੀ ਵੱਧ ਚੜ੍ਹ ਕੇ ਕੀਤਾ ਹੈ ਅਤੇ ਆਪਣਾ ਪੂਰਾ ਫਰਜ਼ ਨਿਭਾਉਣ ਲਈ ਸਰਕਾਰ ਉਨ੍ਹਾਂ ਦੀ ਆਭਾਰੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਅਜਿਹੇ ਅਦਾਰਿਆਂ ਨੇ 60 ਦੇ ਕਰੀਬ ਭਾਸ਼ਾਵਾਂ ਵਿੱਚ ਕੋਵਿਡ-19 ਸਬੰਧੀ ਸੰਦੇਸ਼ ਫੈਲਾਏ; ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਆਦਿ ਰਾਹੀਂ ਅਜਿਹੇ ਸੰਦੇਸ਼ ਸਮਾਜ ਅੰਦਰ ਫੈਲਾਏ ਗਏ; ਵੱਖ ਵੱਖ ਭਾਸ਼ਾਵਾਂ ਅਤੇ ਵੰਨਗੀਆਂ ਵਿੱਚ ਵੀਡੀਉ ਤਿਆਰ ਕਰਕੇ ਆਨਲਾਈਨ ਪਾਈਆਂ ਗਈਆਂ ਜਿਨ੍ਹਾਂ ਵਿੱਚ ਕਿ ਕੋਵਿਡ ਸਬੰਧੀ ਸੰਦੇਸ਼ ਸਨ; ਬਹੁ-ਸਭਿਆਚਾਰਕ ਰੇਡੀਓ ਆਦਿ ਉਪਰ ਵੀ ਵੱਖ ਵੱਖ ਭਾਸ਼ਾਵਾਂ ਆਦਿ ਵਿੱਚ ਪ੍ਰੋਗਰਾਮ ਪੇਸ਼ ਕੀਤੇ ਗਏ; ਅਤੇ ਇਸਤੋਂ ਇਲਾਵਾ ਵੀ ਹੋਰ ਕਈ ਗਤੀਵਿਧੀਆਂ ਰਾਹੀਂ ਅਜਿਹੇ ਅਦਾਰਿਆਂ ਨੇ ਸਰਕਾਰ ਦੀ ਕਰੋਨਾ ਤੋਂ ਬਚਾਉ ਸਬੰਧੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਇਸੇ ਹਫ਼ਤੇ ਅਖ਼ਬਾਰਾਂ ਆਦਿ ਲਈ ਇੱਕ ਪੂਰੇ ਪੇਜ ਦੀ ਮਸ਼ਹੂਰੀ ਵੀ ਸਰਕਾਰ ਵੱਲੋਂ ਕੱਢੀ ਜਾ ਰਹੀ ਹੈ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks