ਵਿਕਟੋਰੀਆਈ ਲੋਕ 5 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਨਿਕਲੇ ਬਾਹਰ -ਰਾਜ ਅੰਦਰ ਕੋਈ ਵੀ ਨਵਾਂ ਕਰੋਨਾ ਦਾ ਮਾਮਲਾ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਅੰਦਰ ਕਰੋਨਾ ਦੀ ਚੱਕਰ ਲੜੀ ਤੋੜਨ ਵਾਸਤੇ ਜਿਹੜਾ 5 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਸੀ, ਉਹ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ ਹੈ ਅਤੇ ਲੋਕ ਹੁਣ ਘਰਾਂ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਆ ਕੇ, ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਨ। ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਵੀ ਕੋਈ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਹੋਟਲ ਕੁਆਰਨਟੀਨ ਵਿੱਚ ਇੱਕ ਮਾਮਲਾ ਨਵਾਂ ਆਇਆ ਹੈ ਜੋ ਕਿ ਇੱਕ ਬਾਹਰੀ ਦੇਸ਼ ਤੋਂ ਵਾਪਸ ਪਰਤੇ ਯਾਤਰੀ ਦਾ ਹੈ। ਇਸੇ ਸਮੇਂ ਦੌਰਾਨ ਹੀ ਰਾਜ ਭਰ ਵਿੱਚ 30,000 ਤੋਂ ਵੀ ਜ਼ਿਆਦਾ ਕਰੋਨਾ ਟੈਸਟ ਕੀਤੇ ਗਏ ਹਨ ਪਰੰਤੂ ਲਗਾਤਾਰ ਦੂਸਰੇ ਦਿਨ ਵੀ ਮਾਮਲਾ ਜ਼ੀਰੋ ਜ਼ੀਰੋ ਹੀ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਰੈਸਟੋਰੈਂਟਾਂ ਆਦਿ ਦੇ ਖੁੱਲ੍ਹ ਜਾਣ ਦੇ ਨਾਲ ਨਾਲ ਹੁਣ ਆਸਟ੍ਰੇਲੀਆਈ ਓਪਨ ਟੈਨਿਸ ਦੇ ਚਾਹਵਾਨ ਵੀ ਖੁਸ਼ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਹੁਣ ਇਸ ਟੂਰਨਾਮੈਂਟ ਦੇ ਫਾਈਨਲ ਮੈਚਾਂ ਨੂੰ ਗ੍ਰਾਊਂਡ ਵਿੱਚ ਜਾ ਕੇ ਦੇਖਣ ਦਾ ਆਨੰਦ ਲੈ ਸਕਦੇ ਹਨ ਪਰੰਤੂ ਹਾਲੇ ਮੈਲਬੋਰਨ ਪਾਰਕ ਵਿੱਚ ਬੈਠਣ ਦੀ ਸਮਰੱਥਾ 50% ਹੀ ਰੱਖੀ ਗਈ ਹੈ। ਫੇਸ ਮਾਸਕ ਅਤੇ ਹੋਰ ਕੁੱਝ ਸੀਮਾਂ ਦੀਆਂ ਪਾਬੰਧੀਆਂ ਆਦਿ 26 ਫਰਵਰੀ ਤੱਕ ਲਾਗੂ ਰਹਿਣਗੀਆਂ ਅਤੇ ਆਂਕੜਿਆਂ ਨੂੰ ਵਾਚਦਿਆਂ ਹੁਣ 26 ਫਰਵਰੀ ਤੋਂ ਬਾਅਦ ਹੀ ਨਵੇਂ ਐਲਾਨ ਕੀਤੇ ਜਾਣਗੇ। ਮੈਲਬੋਰਨ ਵਾਲੇ ਹੋਟਲ ਵਿਚਲਾ ਕਰੋਨਾ ਆਊਟਬ੍ਰੇਕ ਦੇ ਹੁਣ ਮੌਜੂਦਾ 19 ਮਰੀਜ਼ ਹਨ ਅਤੇ ਇਨ੍ਹਾਂ ਮਰੀਜ਼ਾਂ ਦੇ 3,500 ਦੇ ਕਰੀਬ ਨੇੜਲੇ ਸੰਪਰਕ ਵਾਲੇ ਲੋਕ ਆਈਸੋਲੇਸ਼ਨ ਵਿਚ ਹਨ।

Install Punjabi Akhbar App

Install
×