ਚੀਨ ਦਾ ਇੱਕ ਕਰੋਨਾ ਪੀੜਿਤ ਮਿਲਣਾ ਚਾਹੁੰਦਾ ਹੈ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੂੰ -ਦੱਸਣਾ ਚਾਹੁੰਦਾ ਹੈ ਆਪਣੀ ਉਤਪੀੜਨ ਦੀ ਗਾਥਾ

(ਦ ਏਜ ਮੁਤਾਬਿਕ) ਝੈਂਗ ਹਾਈ ਨਾਮ ਦਾ ਇੱਕ ਚੀਨੀ ਸ਼ਖ਼ਸ ਜਿਸ ਦੇ ਪਿਤਾ ਦੀ ਮੌਤ 1 ਫਰਵਰੀ, 2020 ਨੂੰ ਕਰੋਨਾ ਕਾਰਨ ਹੋਈ ਸੀ, ਨੇ ਐਲਾਨ ਕੀਤਾ ਹੈ ਕਿ ਜਿਹੜੀ ਸੰਸਾਰ ਸਿਹਤ ਸੰਸਥਾ (WHO) ਦੀ ਟੀਮ ਚੀਨ ਨਾਲ ਹੋਏ ਸਮਝੌਤੇ ਮੁਤਾਬਿਕ ਚੀਨ ਵਿੱਚ ਕਰੋਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆ ਰਹੀ ਹੈ, ਉਹ (ਝੈਂਗ ਹਾਈ) ਟੀਮ ਨੂੰ ਮਿਲਣਾ ਚਾਹੁੰਦਾ ਹੈ ਅਤੇ ਦੱਸਣਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਪਿਤਾ ਜਦੋਂ ਵੂਹਾਨ ਸ਼ਹਿਰ ਵਿੱਚੋਂ ਆਏ ਅਤੇ ਕਰੋਨਾ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਤਾਂ ਚੀਨੀ ਸਰਕਾਰ ਅਤੇ ਅਧਿਕਾਰੀਆਂ ਨੇ ਇਸ ਬਿਮਾਰੀ ਨੂੰ ਕਿਸ ਤਰ੍ਹਾਂ ਲਿਆ ਅਤੇ ਉਸਦਾ ਅਤੇ ਉਸਦੇ ਪਰਵਾਰ ਦਾ ਕਿਸ ਤਰ੍ਹਾਂ ਉਤਪੀੜਨ ਕੀਤਾ ਗਿਆ -ਉਹ ਇਹ ਆਪਬੀਤੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਨੂੰ ਨਿਜੀ ਤੌਰ ਉਪਰ ਮਿਲ ਕੇ ਦੱਸਣਾ ਚਾਹੁੰਦਾ ਹੈ। ਉਸਨੇ ਕਿਹਾ ਕਿ ਇਹ ਤਾਂ ਉਸ ਵੇਲੇ ਜੁਰਮ ਹੋਇਆ ਸੀ ਅਤੇ ਉਹ ਇਸ ਜੁਰਮ ਦੇ ਤੱਥਾਂ ਨੂੰ ਭਲੀ-ਭਾਂਤੀ ਜਾਣਦੇ ਹਨ ਇਸ ਲਈ ਵੈਸੇ ਤਾਂ ਡਬਲਿਊ ਐਚ ਓ ਦਾ ਕੋਈ ਕਾਰਨ ਹੀ ਨਹੀਂ ਬਣਦਾ ਕਿ ਚੀਨ ਵਿੱਚ ਹੋ ਰਹੇ ਜੁਰਮ ਦੀ ਪੜਤਾਲ ਕਰਨ ਲਈ ਇੱਥੇ ਆਵੇ ਕਿਉਂਕਿ ਉਹ ਤਾਂ ਉਹ ਦੇਖਣਗੇ ਜੋ ਉਨ੍ਹਾਂ ਨੂੰ ਦਿਖਾਇਆ ਜਾਵੇਗਾ ਅਤੇ ਇਹ ਗੱਲ ਵੀ ਪੱਕੀ ਹੈ ਕਿ ਜੋ ਦਿਖਾਇਆ ਜਾਵੇਗਾ ਉਹ ਸੱਚ ਹੈ ਹੀ ਨਹੀਂ। ਸ੍ਰੀ ਝੇਂਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਤੇ ਹੋਰ ਵੀ ਲੋਕਾਂ ਨੂੰ ਪ੍ਰਸ਼ਾਸਨ ਨੇ ਜ਼ਬਰਦਸਤੀ ਘਰਾਂ ਅੰਦਰ ਬੰਦ ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਚੀਨ ਦੇ ਬਾਹਰੀ ਰਾਜਾਂ ਦੇ ਮੰਤਰੀ ਨੇ ਹਾਲ ਦੀ ਘੜੀ ਇਸ ਟਿੱਪਣੀ ਉਪਰ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ ਹੈੇ। ਜ਼ਿਕਰਯੋਗ ਹੈ ਕਿ ਡਬਲਿਊ ਐਚ ਓ ਦੀ ਟੀਮ 14 ਜਨਵਰੀ ਤੋਂ ਹੀ ਚੀਨ ਵਿੱਚ ਪੜਤਾਲ ਕਰਨ ਵਾਸਤੇ ਆਈ ਹੋਈ ਹੈ ਅਤੇ ਹਾਲ ਦੀ ਘੜੀ ਉਹ 14 ਦਿਨਾਂ ਦੇ ਕੁਆਰਨਟੀਨ ਵਿੱਚ ਹੈ ਅਤੇ ਇਸਤੋਂ ਬਾਅਦ ਹੀ ਪੜਤਾਲ ਸ਼ੁਰੂ ਕਰੇਗੀ। ਖ਼ਬਰਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਵੂਹਾਨ ਦੇ ਪ੍ਰਸ਼ਾਸਨ ਨੇ ਜੋ ਕਾਰਵਾਈਆਂ ਕਰੋਨਾ ਦੀ ਬਿਮਾਰੀ ਸਮੇਂ ਕੀਤੀਆਂ, ਬਹੁਤ ਸਾਰੇ ਲੋਕ ਉਸਤੋਂ ਨਾਖ਼ੁਸ਼ ਹਨ ਅਤੇ ਬਹੁਤ ਕੁੱਝ ਬੋਲਣਾ ਅਤੇ ਦੱਸਣਾ ਚਾਹੁੰਦੇ ਹਨ ਪਰੰਤੂ ਚੀਨ ਦੀ ਸਰਕਾਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇ ਰਹੀ ਅਤੇ ਚੀਨੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਲੋਕਾਂ ਅੰਦਰ ਗੁੱਸਾ ਅਤੇ ਨਫ਼ਰਤ ਵੱਧ ਰਹੀ ਹੈ।

Install Punjabi Akhbar App

Install
×