
ਵਿਗਿਆਨ, ਇਨੋਵੇਸ਼ਨ ਅਤੇ ਤਕਨਾਲੋਜੀ ਵਿਭਾਗ ਦੇ ਮੰਤਰੀ ਐਲਿਸਟਰ ਹੈਂਸਕਨਜ਼ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਨਿਊ ਸਾਊਥ ਵੇਲਜ਼ ਵਿੱਚ ਕੁਆਂਟਮ ਕੰਪਿਊਟਰ ਸਿਸਟਮਾਂ ਨੂੰ ਬੜ੍ਹਾਵਾ ਦੇਣ ਵਾਸਤੇ 7 ਮਿਲੀਅਨ ਡਾਲਰਾਂ ਦਾ ਕੁਆਂਟਮ ਕੰਪਿਊਟਿੰਗ ਕਮਰਸ਼ਿਲਾਈਜ਼ੇਸ਼ਨ ਫੰਡ ਸਥਾਪਿਤ ਕੀਤਾ ਹੈ। ਇਸ ਨਾਲ ਉਹ ਦਿਨ ਦੂਰ ਨਹੀਂ ਜਦੋਂ ਕਿ ਨਿਊ ਸਾਊਥ ਵੇਲਜ਼ ਰਾਜ ਇਸ ਖੇਤਰ ਵਿੱਚ, ਸਮੁੱਚੇ ਵਿਸ਼ਵ ਅੰਦਰ ਮੂਹਰੀ ਭੁਮਿਕਾ ਨਿਭਾਵੇਗਾ।
ਇਸ ਦੇ ਤਹਿਤ ਸਿਲੀਕਾਨ ਕੁਆਂਟਮ ਕੰਪਿਊਟਿੰਗ, ਦਿਰਾਗ ਅਤੇ ਕਿਊ-ਸੀ.ਟੀ.ਆਰ.ਐਲ. ਵਰਗੀਆਂ ਸੰਸਾਰ ਪ੍ਰਸਿੱਧ ਕੰਪਨੀਆਂ ਪੂਰਨ ਤੌਰ ਤੇ ਸਹਿਯੋਗੀ ਹੋਣਗੀਆਂ ਅਤੇ ਅਜਿਹੇ ਨਵੇਂ ਜਾਂ ਪਹਿਲਾਂ ਤੋਂ ਸਥਾਪਿਤ ਵਿਗਿਆਨੀਆਂ ਅਤੇ ਤਜੁਰਬੇਕਾਰਾਂ ਨੂੰ ਇਸ ਫੰਡ ਰਾਹੀਂ ਸਹਾਇਤਾ ਮੁਹੱਈਆ ਕਰਵਾਏਗਾ ਅਤੇ ਉਕਤ ਫੀਲਡ ਵਿੱਚ ਨਵੀਆਂ ਈਜਾਦਾਂ ਆਦਿ ਕਰਨ ਦੇ ਕੰਮਾਂ ਵੱਲ ਪ੍ਰੇਰਿਤ ਕਰੇਗਾ।
ਰਾਜ ਦੇ ਮੁੱਖ ਵਿਗਿਆਨੀ ਅਤੇ ਇੰਜਨੀਅਰ -ਪ੍ਰੋ. ਹਗ ਡੁਰਾਂਟ ਨੇ ਇਸ ਬਾਬਤ ਕਿਹਾ ਕਿ ਉਕਤ ਪਲਾਨ ਇੱਕ 20 ਸਾਲਾ ਪਲਾਨ ਹੈ ਅਤੇ ਰਾਜ ਸਰਕਾਰ ਨੂੰ ਪੂਰੀ ਉਮੀਦ ਹੈ ਕਿ ਇਸ ਸਮੇਂ ਦੌਰਾਨ 4 ਬਿਲੀਅਨ ਡਾਲਰਾਂ ਤੱਕ ਦਾ ਰੈਵਨਿਊ ਇਕੱਠਾ ਕੀਤਾ ਜਾਵੇਗਾ ਅਤੇ 16000 ਤੋਂ ਵੀ ਜ਼ਿਆਦਾ ਰੌਜ਼ਗਾਰ ਪ੍ਰਪਤੀਆਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਕੁਆਂਟਮ ਤਕਨਾਲੋਜੀ ਬਹੁਤ ਸਾਰੇ ਖੇਤਰਾਂ ਆਦਿ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਟ੍ਰਾਂਸਪੋਰਟ, ਸਿਹਤ ਸੰਭਾਲ, ਵਿੱਤੀ ਸੇਵਾਵਾਂ, ਸੁਰੱਖਿਆ, ਮੌਸਮ ਵਿਭਾਗ ਅਤੇ ਸਾਈਬਰ ਸੁਰੱਖਿਆ ਆਦਿ ਆਉਂਦੇ ਹਨ ਜਿੱਥੇ ਕਿ ਉਕਤ ਤਕਨਾਲੋਜੀ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਆਂ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਆਨਲਾਈਨ ਅਰਜ਼ੀਆਂ ਦੇ ਫਾਰਮ ਪ੍ਰਾਪਤ ਕੀਤੇ ਜਾ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖਰੀ ਤਾਰੀਖ਼ 2 ਫਰਵਰੀ ਸਵੇਰ ਦੇ 10 ਵਜੇ ਤੱਕ ਹੋਵੇਗੀ।