ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ‘ਤੇ ਬਣੀ ਲਘੂ ਫ਼ਿਲਮ “ਰਹਿਮਤ” ਰਿਲੀਜ਼

ਬਰੈਂਪਟਨ (ਹਬ): ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਸੱਜਰੀ ਪੈੜ ਦਾ ਰੇਤਾ ਵਰਗੇ ਬਹੁ-ਚਰਚਿਤ ਨਾਵਲਾਂ ਨਾਲ ਤੂਫ਼ਾਨ ਵਾਂਗ ਆਉਣ ਵਾਲਾ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨਾਵਲਕਾਰੀ ਦੇ ਨਾਲ-ਨਾਲ ਹੁਣ ਫ਼ਿਲਮਾਂ ਵੱਲ ਮੁੜਿਆ ਹੈ। ਉਸ ਦੀ ਕਹਾਣੀ “ਮੜ੍ਹੀਆਂ ‘ਤੇ ਬਲਦੇ ਦੀਵੇ” ਉਪਰ ਬਣੀ ਲਘੂ ਫ਼ਿਲਮ “ਰਹਿਮਤ” ਇਸ ਫ਼ਿਲਮ ਦੇ ਬਰੈਂਪਟਨ ਵਸਦੇ ਪ੍ਰੋਡਿਊਸਰ ਸ੍ਰ. ਬਲਰਾਜ ਬਰਾੜ ਅਤੇ “ਕੌਮਾਂਤਰੀ ਪ੍ਰਦੇਸੀ” ਅਤੇ “ਹਮਦਰਦ ਵੀਕਲੀ” ਦੇ ਮੁੱਖ ਸੰਪਾਦਕ ਸ੍ਰ. ਅਮਰ ਸਿੰਘ ਭੁੱਲਰ ਵੱਲੋਂ “ਹਮਦਰਦ ਵੀਕਲੀ” ਦੇ ਦਫ਼ਤਰ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਦੇ ਨਿਰਦੇਸ਼ਕ ਹਰਪ੍ਰੀਤ ਬਾਹੜੇ ਅਤੇ ਇਸ ਦੇ ਸਹਾਇਕ ਨਿਰਦੇਸ਼ਕ ਮਨਿੰਦਰ ਮੋਗਾ ਹਨ। ਮਿਊਜ਼ਿਕ ਗੁਰਸ਼ੇਰ ਚਾਨਾ ਨੇ ਦਿੱਤਾ ਹੈ। ਸ੍ਰ. ਬਲਰਾਜ ਬਰਾੜ ਨੇ ਦੱਸਿਆ ਕਿ ਫ਼ਿਲਮ “ਰਹਿਮਤ” ਇੱਕ ਅਜਿਹੇ ਨਾਸਤਿਕ ਬੰਦੇ ਦੀ ਕਹਾਣੀ ਹੈ, ਜੋ ਰੱਬ ਦੀ ਹੋਂਦ ਤੋਂ ਹੀ ਮੁਨੱਕਰ ਹੈ, ਅਤੇ ਫ਼ਿਰ ਉਹ ਰੱਬ ਵੱਲ ਨੂੰ ਕਿਸ ਤਰ੍ਹਾਂ ਮੁੜਦਾ ਹੈ, ਫ਼ਿਲਮ ਦੇਖ ਕੇ ਹੀ ਪਤਾ ਲੱਗਦਾ ਹੈ। ਸ੍ਰ. ਬਰਾੜ ਨੇ ਇਹ ਵੀ ਦੱਸਿਆ ਕਿ ਫ਼ਿਲਮ ਦੀ ਡੀ.ਵੀ.ਡੀ. ਬਰੈਂਪਟਨ ਅਤੇ ਟੋਰੋਂਟੋ ਇਲਾਕੇ ਦੇ ਤਮਾਮ ਸਟੋਰਾਂ ਉਪਰ ਉਪਲੱਭਦ ਹੈ। ਇਹ ਵੀ ਦੱਸਦੇ ਜਾਈਏ ਕਿ ਜੱਗੀ ਕੁੱਸਾ ਦੀਆਂ ਲਿਖੀਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਨੇੜਲੇ ਭਵਿੱਖ ਵਿਚ ਤੁਹਾਨੂੰ ਸਿਨੇਮਾ ਘਰਾਂ ਵਿਚ ਦੇਖਣ ਨੂੰ ਮਿਲਣਗੀਆਂ।
ਹੋਰ ਜਾਣਕਾਰੀ ਲਈ ਸ੍ਰ. ਬਰਾੜ ਨਾਲ ਗੱਲ ਕਰ ਸਕਦੇ ਹੋ: 416 727 1913

Install Punjabi Akhbar App

Install
×