ਨਿਊ ਸਾਊਥ ਵੇਲਜ਼ ਵਿਚੋਂ ਮਹਿਲਾ ਖਿਡਾਰੀਆਂ ਨੂੰ ਖੇਡਾਂ ਵਿੱਚ ਉਪਰ ਲਿਆਉਣ ਵਾਸਤੇ ਲੱਖਾਂ ਡਾਲਰਾਂ ਦਾ ਫੰਡ ਜਾਰੀ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੀ ਨੇ ਦੱਸਿਆ ਹੈ ਕਿ ਰਾਜ ਅੰਦਰ ਲੜਕੀਆਂ ਨੂੰ ਫੁੱਟਬਾਲ ਪ੍ਰਤੀ ਉਤਸਾਹਿਤ ਕਰਨ ਵਾਸਤੇ ਰਾਜ ਸਰਕਾਰ ਨੇ 750,000 ਡਾਲਰਾਂ ਦਾ ਇੱਕ ਫੰਡ ਜਾਰੀ ਕੀਤਾ ਹੈ ਅਤੇ ਵਧੀਆਂ ਖਿਡਾਰਨਾਂ ਨੂੰ ਹੁਣ ਤੋਂ ਹੀ ਚੁਣ ਕੇ, ਉਨ੍ਹਾਂ ਦੀ ਭਰਪੂਰ ਤਿਆਰੀ ਕਰਵਾ ਕੇ ਆਉਣ ਵਾਲੇ 2023 ਫੀਫਾ ਵਰਲਡ ਕੱਪ (ਮਹਿਲਾਵਾਂ) ਵਿੱਚ ਖੇਡਣ ਵਾਸਤੇ ਭੇਜਿਆ ਜਾਵੇਗਾ। ਉਕਤ ਨਿਵੇਸ਼ ਰਾਹੀਂ ਵਧੀਆ ਟ੍ਰੇਨਿੰਗ ਦੇ ਕੇ ਲੜਕੀਆਂ ਨੂੰ ਵਧੀਆ ਖਿਡਾਰਨਾਂ ਬਣਨ ਵਿੱਚ ਮਦਦ ਕੀਤੀ ਜਾਵੇਗੀ ਅਤੇ ਸੰਸਾਰ ਪੱਧਰ ਉਪਰ ਜਿੱਥੇ ਉਹ ਦੇਸ਼ ਦੀ ਨੂਮਾਇੰਦਗੀ ਕਰਦੀਆਂ ਰਹਿਣਗੀਆਂ ਉਥੇ ਹੀ ਆਪਣਾ ਸੁਨਹਿਰੀ ਭਵਿੱਖ ਵੀ ਬਣਾਉਂਦੀਆਂ ਰਹਿਣਗੀਆਂ। ਇਸ ਫੰਡਿੰਗ ਨਾਲ ਕੁੱਝ ਟ੍ਰੇਨਿੰਗ ਹੱਬਾਂ ਬਣਾਈਆਂ ਜਾਣਗੀਆਂ ਜੋ ਕਿ ਸਦਰਨ ਹਾਈਲੈਂਡਜ਼ ਅਤੇ ਟੇਬਲਲੈਂਡਜ਼, ਸਾਊਥ ਕੋਸਟ, ਰਿਵਰੀਨਾ, ਪੱਛਮੀ ਨਿਊ ਸਾਊਥ ਵੇਲਜ਼ ਅਤੇ ਉਤਰੀ ਨਿਊ ਸਾਊਥ ਵੇਲਜ਼ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੀਆਂ ਲੜਕੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਖੇਡਾਂ ਦੀ ਤਿਆਰੀ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦਾ ਵੀ ਧਿਆਨ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵਜ਼ੀਫ਼ੇ ਵੀ ਦਿੱਤੇ ਜਾਣਗੇ। ਸ੍ਰੀ ਬੈਰੀਲੈਰੋ ਨੇ ਕਿਹਾ ਕਿ ਸਾਡੀ ਧਰਤੀ ਇੱਕ ਅਜਿਹੀ ਧਰਤੀ ਹੈ ਜਿੱਥੇ ਕਿ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਹੋਏ ਅਤੇ ਉਨ੍ਹਾਂ ਨੇ ਆਪਣਾ ਅਤੇ ਦੇਸ਼, ਕੌਮ ਦਾ ਨਾਮ ਰੌਸ਼ਨ ਕੀਤਾ ਅਤੇ ਇਸ ਅਮੀਰ ਵਿਰਾਸਤ ਦੇ ਇਤਿਹਾਸ ਵਿੱਚ ਹੀ ਮੈਟਿਲਦਾਸ ਟੀਮ ਪੈਦਾ ਹੋਈ ਅਤੇ ਇਸ ਦਾ ਵਿਰਸਾ ਹਮੇਸ਼ਾ ਕਾਇਮ ਰਹੇ ਇਸ ਲਈ ਸਰਕਾਰ ਪੂਰੀ ਤਰ੍ਹਾਂ ਸੁਹਿਰਦਗੀ ਨਾਲ ਉਦਮਸ਼ੀਲ ਹੈ। ਖੇਡਾਂ ਪ੍ਰਤੀ ਵਿਭਾਗਾਂ ਦੇ ਕਾਰਜਕਾਰੀ ਮੰਤਰੀ ਸ੍ਰੀ ਜਿਓਫ ਲੀ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਔਰਤਾਂ ਦੇ ਫੀਫਾ ਵਰਲਡ ਕੱਪ 2023 ਲਈ ਇਹ ਖਿਡਾਰੀ ਜ਼ਰੂਰ ਤਿਆਰ ਹੋਣਗੇ ਅਤੇ ਚੰਗੇ ਖਿਡਾਰੀਆਂ ਦੀ ਭਾਵਨਾ ਨਾਲ ਦੁਨੀਆਂ ਨੂੰ ਆਪਣੀ ਖੇਡ ਦਾ ਕਮਾਲ ਵੀ ਦਿਖਾਉਣਗੇ। ਹੁਣ ਦੇ ਕਈ ਅਤੇ ਸਾਬਕਾ ਮੈਟਿਲਦਾਸ ਦੇ ਖਿਡਾਰੀ ਜਿਵੇਂ ਕਿ ਐਲੀ ਕਰਪੈਂਟਰ, ਸੈਲੀ ਸ਼ਿਪਰਡ ਅਤੇ ਐਮੀ ਚੈਪਮੈਨ ਆਦਿ ਸਭ ਨਿਊ ਸਾਊਥ ਵੇਲਜ਼ ਅੰਦਰ ਹੀ ਫਲੇ ਫੁਲੇ ਹਨ ਅਤੇ ਹੁਣ ਇਹ ਸਭ ਵੀ ਆਪਣੇ ਭਾਈਚਾਰੇ ਨੂੰ ਵਧਣ ਫੁਲਣ ਵਿੱਚ ਮਦਦ ਵੀ ਕਰਨਗੇ।

Install Punjabi Akhbar App

Install
×