ਨਿਊ ਸਾਊਥ ਵੇਲਜ਼ ਦੇ ਹੰਟਰ ਅਤੇ ਉਪਰਲੇ ਹੰਟਰ ਖੇਤਰ ਵਿਚਲੇ ਲਾਕਡਾਊਨ ਵਿੱਚ ਇੱਕ ਹਫ਼ਤੇ ਦਾ ਹੋਰ ਵਾਧਾ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਰਾਹੀਂ ਦਰਸਾਇਆ ਗਿਆ ਹੈ ਕਿ ਰਾਜ ਦੇ ਹੰਟਰ ਅਤੇ ਉਪਰਲੇ ਹੰਟਰ ਖੇਤਰ ਵਿਚਲੇ ਲਾਕਡਾਊਨ ਵਿੱਚ ਇੱਕ ਹਫ਼ਤੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ ਅਤੇ ਵਧੀਕ ਮੁੱਖ ਸਿਹਤ ਅਧਿਕਾਰੀ ਡਾ. ਮੈਰੀਅਨ ਗੇਲ ਦਾ ਕਹਿਣਾ ਹੈ ਕਿ ਉਕਤ ਖੇਤਰਾਂ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਅਜਿਹਾ ਕੀਤਾ ਗਿਆ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਮਿਲੇ ਕਰੋਨਾ ਮਾਮਲਿਆਂ ਵਿੱਚ 12 ਤਾਂ ਏਜਡ ਕੇਅਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿੱਚ ਇੱਕ ਸਟਾਫ ਮੈਂਬਰ ਵੀ ਸ਼ਾਮਿਲ ਹੈ।
ਡੂਬੋ ਖੇਤਰ ਵਿੱਚ ਵੀ 3 ਮਾਮਲੇ ਪਾਏ ਗਏ ਹਨ ਅਤੇ ਪੱਛਮੀ ਨਿਊ ਸਾਊਥ ਵੇਲਜ਼ ਵਿੱਚ ਹੁਣ ਕਰੋਨਾ ਦੇ ਮਾਮਲਿਆਂ ਦਾ ਆਂਕੜਾ 6 ਤੇ ਪਹੁੰਚ ਗਿਆ ਹੈ।
ਉਪਰੋਕਤ ਖੇਤਰ, ਕਿਉ਼ਂਕਿ ਜ਼ਿਆਦਾਤਰ ਐਬੋਰਿਜਨਲ ਲੋਕਾਂ ਦੇ ਖੇਤਰ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਨ ਅਹਿਤਿਆਦ ਵਰਤਣ ਅਤੇ ਕਿਸੇ ਖਾਸ ਸੂਰਤ ਵਿੱਚ ਫੌਰਨ ਨਜ਼ਦੀਕੀ ਸਿਹਤ ਕੇਂਦਰ ਨਾਲ ਸਲਾਹ ਕਰਨ ਦੀ ਅਪੀਲ ਕੀਤੀ ਗਈ ਹੈ।
ਮੌਜੂਦਾ ਸਮਿਆਂ ਵਿੱਚ ਕਰੋਨਾ ਤੋਂ ਪੀੜਿਤ 374 ਲੋਕ ਹਸਪਤਾਲ ਅੰਦਰ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ 62 ਲੋਕ ਆਈ.ਸੀ.ਯੂ. ਵਿੱਚ ਹਨ, 57 ਨੂੰ ਕਰੋਨਾ ਦਾ ਕੋਈ ਵੀ ਟੀਕਾ ਨਹੀਂ ਲੱਗਿਆ ਅਤੇ 5 ਨੂੰ ਐਸਟ੍ਰੇਜ਼ੈਨੇਕਾ ਜਾਂ ਫਾਈਜ਼ਰ ਦੀ ਇੱਕ ਇੱਕ ਡੋਜ਼ ਮਿਲੀ ਹੋਈ ਹੈ।
ਪ੍ਰੀਮੀਅਰ ਨੇ ਨੌਜਵਾਨਾਂ ਦਾ ਸ਼ੁਕਰਿਆ ਅਦਾ ਕਰਦਿਆਂ ਕਿਹਾ ਕਿ ਨੌਜਵਾਨ ਹੁਣ ਟੀਕਾਕਰਣ ਵਿੱਚ ਜ਼ਿਆਦਾ ਹਿੱਸਾ ਲੈ ਰਹੇ ਹਨ ਅਤੇ ਰਾਜ ਵਿੱਚ ਹੁਣ ਤੱਕ 10,000 ਹਾਇਰ ਸਕੈਂਡਰੀ ਦੇ ਵਿਦਿਆਰਥੀਆਂ ਨੂੰ ਕਰੋਨਾ ਤੋਂ ਬਚਾਉ ਲਈ ਟੀਕਾ ਲਗਾਇਆ ਜਾ ਚੁਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਵੈਕਸੀਨ ਦੀਆਂ ਹੋਰ ਡੋਜ਼ਾਂ ਸਤੰਬਰ ਦੇ ਮਹੀਨੇ ਵਿੱਚ ਆ ਰਹੀਆਂ ਹਨ ਅਤੇ ਬੀਤੇ 24 ਘੰਟਿਆਂ ਦੌਰਾਨ 106,000 ਲੋਕਾਂ ਨੂੰ ਕਰੋਨਾ ਤੋਂ ਬਚਾਉ ਦਾ ਟੀਕਾ ਲਗਾਇਆ ਗਿਆ ਹੈ।
ਰਾਜ ਭਰ ਵਿਚਲੇ ਸ਼ੱਕੀ ਥਾਂਵਾਂ ਦੀ ਸੂਚੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×