ਮੈਲਬੋਰਨ ਹਵਾਈ ਅੱਡੇ ਉਪਰ ਅੱਜ ਤੜਕੇ ਸਵੇਰ ਤੋਂ ਹੀ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਕਾਰਨ ਇਹ ਹੈ ਕਿ ਕਾਂਟਾਜ਼ ਕੰਪਨੀ ਦੇ ਜਹਾਜ਼ਾਂ ਵਿੱਚ ਇੰਧਣ ਭਰਨ ਵਾਲੇ ਸਟਾਫ਼ ਨੇ ਪਹਿਲਾਂ ਤੋਂ ਦੱਸੇ ਮੁਤਾਬਿਕ, ਹੜਤਾਲ ਕੀਤੀ ਹੋਈ ਹੈ ਅਤੇ ਇਸ ਕਾਰਨ ਫਲਾਈਟਾਂ ਦੇ ਆਵਾਗਮਨ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਹਨ ਅਤੇ ਮੁਸਾਫ਼ਿਰਾਂ ਦੀ ਪ੍ਰੇਸ਼ਾਨੀ ਵੀ ਜਾਇਜ਼ ਹੀ ਹੈ। ਹੜਤਾਲ ਕਾਰਨ ਕਾਂਟਾਜ਼ ਦੀਆਂ ਆਪਣੀਆਂ ਫਲਾਈਟਾਂ ਤੋਂ ਇਲਾਵਾ ਆਸਟ੍ਰੇਲੀਆਈ ਏਅਰ ਐਕਸਪ੍ਰੈਸ ਅਤੇ ਡੀ.ਐਚ.ਐਲ ਦੀਆਂ ਫਲਾਈਟਾਂ ਦੇ ਨਾਲ ਨਾਲ ਕੁੱਝ ਅੰਤਰ-ਰਾਸ਼ਟਰੀ ਫਲਾਈਟਾਂ ਉਪਰ ਵੀ ਅਸਰ ਪੈ ਰਿਹਾ ਹੈ।
ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਏਅਰਲਾਈਨਜ਼ ਦੇ ਅਧਿਕਾਰੀ ਉਨ੍ਹਾਂ ਨਾਲ ਆ ਕੇ ਗੱਲ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਵਿੱਚ ਲੋੜੀਂਦਾ ਵਾਧਾ ਨਹੀਂ ਹੁੰਦਾ, ਉਹ ਹੜਤਾਲ ਵਾਲੇ ਕਦਮ ਚੁੱਕਦੇ ਹੀ ਰਹਿਣਗੇ।
ਕਾਂਟਾਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ, ਯਾਤਰੀਆਂ ਉਪਰ ਕੋਈ ਅਸਰ ਨਹੀਂ ਪੈ ਰਿਹਾ ਹੈ ਇਸ ਵਾਸਤੇ ਯਾਤਰੀਆਂ ਨੂੰ ਆਪਣੇ ਫਲਾਈਟ ਸ਼ਡਿਊਲ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੇ ਮਿੱਥੇ ਸਮੇਂ ਸਿਰ ਹੀ ਏਅਰਪੋਰਟ ਪਹੁੰਚਣਾ ਚਾਹੀਦਾ ਹੈ।
ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦਾ ਕਹਿਣਾ ਹੈ ਕਿ ਕਾਂਟਾਜ਼ ਕੰਪਨੀ ਨੇ ਆਪਣਾ 6 ਮਹੀਨਿਆਂ ਦਾ ਲਾਭ 1 ਬਿਲੀਅਨ ਡਾਲਰ ਦਿਖਾਇਆ ਹੈ ਪਰੰਤੂ ਜ਼ਮੀਨ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਬੀਤੇ 3 ਸਾਲਾਂ ਤੋਂ ਬਿਨ੍ਹਾਂ ਕਿਸੇ ਵਾਧੇ ਦੇ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾ ਰਹੇ ਹਨ ਜੋ ਕਿ ਨਾਜਾਇਜ਼ ਹਨ। ਕੰਪਨੀ ਨੂੰ ਤੁਰੰਤ ਵਰਕਰਾਂ ਦੀਆਂ ਮੁਸ਼ਕਲਾਂ ਅਤੇ ਜਾਇਜ਼ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।