ਮਹਾਰਾਣੀ ਐਲਿਜ਼ਾਬੈਥ 2 ਦੇ ਅਕਾਲ ਚਲਾਣੇ ਤੋਂ ਬਾਅਦ ਆਮ ਅਤੇ ਖਾਸ ਲੋਕਾਂ ਵਿੱਚ ਇੱਕ ਖਾਸ ਚਰਚਾ ਛਿੜ ਚੁਕੀ ਹੈ ਕਿ ਹੁਣ ਆਸਟ੍ਰੇਲੀਆ ਦੇਸ਼ ਗਣਤੰਤਰ ਬਣ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਕਾਨੂੰਨੀ ਤੌਰ ਤੇ ਇੱਕ ਰਿਫਰੈਂਡਮ ਲਿਆਉਣਾ ਪਵੇਗਾ ਜਿਸ ਰਾਹੀਂ ਕਿ ਜਨਤਕ ਰਾਇ ਲਈ ਜਾਵੇਗੀ।
ਹਾਲ ਦੀ ਘੜੀ, ਇੱਕ ਸਰਵੇਖਣ ਦਰਸਾਉਂਦਾ ਹੈ ਕਿ ਜੇਕਰ ਅੱਜ ਹੀ ਉਕਤ ਰਿਫਰੈਂਡਮ ਲੈ ਆਇਆ ਜਾਵੇ ਅਤੇ ਲੋਕਾਂ ਦੀ ਰਾਇ ਉਪਰ ਵੋਟਾਂ ਮੰਗੀਆਂ ਜਾਣ ਤਾਂ ਨਤੀਜੇ ਕੋਈ ਜ਼ਿਆਦਾ ਹਾਂ ਵਾਚਕ ਨਹੀਂ ਆਉਣਗੇ ਕਿਉਂਕਿ ਇਸ ਸਮੇਂ ਕੀਤੇ ਗਏ ਇੱਕ ਸਰਵੇਖਣ ਅਨੁਸਾਰ 46% ਲੋਕ ਹੀ ਹਾਲ ਦੀ ਘੜੀ ਦੇਸ਼ ਦੇ ਗਣਤੰਤਰ ਹੋ ਜਾਣ ਵਿੱਚ ਵਿਸ਼ਵਾਸ਼ ਦਿਖਾ ਰਹੇ ਹਨ।
ਵੈਸੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀ ਆਪਣੀ ਰਾਇ ਦਿੰਦਿਆਂ ਕਿਹਾ ਸੀ ਕਿ ਹਾਲੇ ਦੇਸ਼ ਅੰਦਰ ਰਿਫਰੈਂਡਮ ਦਾ ਉਚਿਤ ਮਾਹੌਲ ਨਹੀਂ ਹੈ ਅਤੇ ਇਸਨੂੰ ਅਗਲੇ ਕੁੱਝ ਸਾਲਾਂ ਤੱਕ ਟਾਲਿਆ ਜਾ ਸਕਦਾ ਹੈ।
ਰਿਪੋਰਟ ਰਾਹੀਂ ਦਰਸਾਇਆ ਗਿਆ ਹੈ ਕਿ ਹਾਲੇ ਸਿਰਫ ਵਿਕਟੌਰੀਆ ਰਾਜ ਦੇ ਲੋਕ ਹੀ ਜ਼ਿਆਦਾਤਰ ਇਹੋ ਚਾਹੁੰਦੇ ਹਨ ਕਿ ਆਸਟ੍ਰੇਲੀਆ ਨੂੰ ਹੁਣ ਬ੍ਰਿਟੇਨ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ ਅਤੇ ਗਣਤੰਤਰ ਹੋ ਜਾਣਾ ਚਾਹੀਦਾ ਹੈ ਇਸ ਵਿੱਚ ਵੀ ਜ਼ਿਆਦਾਤਰ (56%) 18 ਤੋਂ 34 ਸਾਲਾਂ ਤੱਕ ਦੇ ਲੋਕ ਸ਼ਾਮਿਲ ਹਨ।
75% ਦਾ ਮੰਨਣਾ ਹੈ ਕਿ ਮਹਾਰਾਣੀ ਐਲਿਜ਼ਾਬੈਥ 2 ਨੇ ਆਪਣੇ ਜੀਵਨ ਕਾਲ਼ ਦੌਰਾਨ ਵਧੀਆ ਕੰਮ ਕੀਤੇ ਹਨ ਅਤੇ 45% ਇਹ ਵੀ ਕਹਿੰਦੇ ਦੇਖੇ ਗਏ ਹਨ ਕਿ ਹੁਣ ਕਿੰਗ ਚਾਰਲਸ 3 ਵੀ ਵਧੀਆ ਕੰਮ ਹੀ ਕਰੇਗਾ ਅਤੇ ਆਸਟ੍ਰੇਲੀਆ ਦੀ ਹੋਰ ਤਰੱਕੀ ਦੇ ਨਵੇਂ ਰਾਹੀ ਖੁੱਲ੍ਹਣਗੇ।