
ਕੋਟਕਪੂਰਾ:- ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਅਤੇ ਵਿਸ਼ਵਾਸ਼ ਵਲੋਂ ਸਾਂਝੇ ਤੌਰ ‘ਤੇ ਕ੍ਰਿਸਮਿਸ ਡੇ ਮੌਕੇ ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰਾਂ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਲ ਟਰੈਕਟਰ-ਟਰਾਲੀਆਂ ਸਮੇਤ ਹਰ ਤਰਾਂ ਦੇ ਵਾਹਨਾਂ ‘ਤੇ ਰਿਫਲੈਕਟਰ ਲਾਉਣ ਲਈ ਇਕ ਟੀਮ ਰਵਾਨਾ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ ਅਤੇ ਡਾ ਸੁਨੀਲ ਛਾਬੜਾ ਨੇ ਦੱਸਿਆ ਕਿ ਕਿਸਾਨ ਅੰਦੋਲਨ ‘ਚ ਸ਼ਾਮਲ ਆਗੂਆਂ ਨੇ ਕਲੱਬਾਂ ਨਾਲ ਖੁਦ ਸੰਪਰਕ ਕਰਕੇ ਦੱਸਿਆ ਸੀ ਕਿ ਪਿਛਲੇ ਮਹੀਨੇ 25-26 ਅਤੇ 27 ਨਵੰਬਰ ਨੂੰ ਦਿੱਲੀ ਵੱਲ ਜਾਂਦਿਆਂ ਧੁੰਦ ਜਾਂ ਰਾਤ ਦੇ ਸਮੇਂ ਰਿਫਲੈਕਟਰ ਨਾ ਹੋਣ ਕਾਰਨ ਕਈ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨ ਹਾਦਸਾਗ੍ਰਸਤ ਹੋ ਗਏ ਸਨ। ਸੁਰਜੀਤ ਸਿੰਘ ਘੁਲਿਆਣੀ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਅਤੇ ਨਰਜਿੰਦਰ ਸਿੰਘ ਖਾਰਾ ਨੇ ਆਖਿਆ ਕਿ ਪੰਜਾਬ ਜਾਂ ਹਰਿਆਣੇ ‘ਚੋਂ ਕਿਸਾਨ ਅੰਦੋਲਨ ਲਈ ਜਾ ਰਹੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾ ਅਤੇ ਉੱਥੇ ਹਾਜਰ ਵਾਹਨਾ ਉੱਪਰ ਰਿਫਲੈਕਟਰ ਲਾਉਣ ਦੀ ਲੋੜ ਹੈ। ਉਨਾ ਦੱਸਿਆ ਕਿ ਕਿਸਾਨੀ ਅੰਦੋਲਨ ਨਾਲ ਸਬੰਧਤ ਹਰੇ ਰੰਗ ਦੇ 800 ਤੋਂ ਜਿਆਦਾ ਰਿਫਲੈਕਟਰ ਬਣਾ ਕੇ ਉੱਥੇ ਭੇਜੇ ਜਾ ਰਹੇ ਹਨ। ਵਿਜੈ ਕੁਮਾਰ ਟੀਟੂ, ਮਨਜੀਤ ਸਿੰਘ ਲਵਲੀ, ਵਿਜੈ ਝਾਂਜੀ ਅਤੇ ਅਮਰਦੀਪ ਸਿੰਘ ਮੀਤਾ ਨੇ ਕ੍ਰਿਸਮਿਸ ਡੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਵਰਤਮਾਨ ਸਮੇਂ ‘ਚ ਸਾਰੇ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਣੇ ਚਾਹੀਦੇ ਹਨ। ਭੁਪਿੰਦਰ ਸਿੰਘ ਐੱਸਡੀਓ, ਮੀਕਣ ਸਹਿਗਲ, ਮਨਮੋਹਨ ਕ੍ਰਿਸ਼ਨ ਆਦਿ ਨੇ ਦੱਸਿਆ ਕਿ ਉਕਤ ਕਲੱਬਾਂ ਦੀ ਟੀਮ ਟਿੱਕਰੀ ਅਤੇ ਸਿੰਘੂ ਬਾਰਡਰਾਂ ਵਿਖੇ ਖੁੱਲੇ ਅਸਮਾਨ ਹੇਠ ਆਪਣੇ ਪਰਿਵਾਰਾਂ ਸਮੇਤ ਕੜਾਕੇ ਦੀ ਠੰਡ ‘ਚ ਰਾਤਾਂ ਬਤੀਤ ਕਰ ਰਹੇ ਕਿਸਾਨਾ ਨਾਲ ਗੱਲਬਾਤ ਕਰੇਗੀ।
ਖਬਰ ਨਾਲ ਸਬੰਧਤ ਤਸਵੀਰ ਵੀ।