
ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਨੇ ਆਂਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਗਰਮੀਆਂ ਦੀ ਆਮਦ ਹੈ ਅਤੇ ਰਾਜ ਵਿਚਲੇ 228 ਤਰਨ ਤਾਲਾਂ ਵਾਲੀਆਂ ਥਾਵਾਂ ਉਪਰ ਕੀਤੇ ਗਏ ਸਰਵੇਖਣ ਮੁਤਾਬਿਕ ਸਮੁੰਦਰੀ ਕਿਨਾਰਿਆਂ, ਝੀਲਾਂ ਅਤੇ ਲਾਗੂਨਾਂ ਵਿਚੋਂ 89% ਬਹੁਤ ਵਧੀਆ (very good) ਐਲਾਨੇ ਗਏ ਹਨ। ਉਨਾ੍ਹਂ ਕਿਹਾ ਕਿ ਸਾਲ 1989 ਤੋਂ, ਜਦੋਂ ਤੋਂ ਅਜਿਹੇ ਸਰਵੇਖਣ ਸ਼ੁਰੂ ਕੀਤੇ ਗਏ ਹਨ, ਹੁਣ ਤੱਕ ਅਜਿਹੇ ਨਤੀਜੇ ਪਹਿਲੀ ਵਾਰੀ ਹੀ ਮਿਲੇ ਹਨ। ਪਾਣੀ ਦੀ ਸ਼ੁੱਧਤਾ ਦੇ ਆਂਕੜੇ ਹਰ ਸਾਲ ਹੀ ਬਦਲਦੇ ਰਹਿੰਦੇ ਹਨ ਅਤੇ ਇਹ ਬਾਰਿਸ਼ ਉਪਰ ਵੀ ਨਿਰਭਰ ਕਰਦੇ ਹਨ ਅਤੇ ਇਸ ਸਾਲ ਤਾਂ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ ਦੇ ਨਤੀਜੇ ਪਹਿਲਾਂ ਨਾਲੋਂ ਕਾਫੀ ਬਿਹਤਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ, ਸਾਰਿਆਂ ਨੂੰ ਬਾਕੀ ਦੀਆਂ ਪਹਿਲਾਂ ਤੋਂ ਹੀ ਨਿਰਧਾਰਿਤ ਸਾਵਧਾਨੀਆਂ ਦੇ ਨਾਲ ਨਾਲ ਇਸ ਵਾਰੀ ਕੋਵਿਡ-19 ਤੋਂ ਵੀ ਸਾਵਧਾਨ ਹੋ ਕੇ ਚਲਣਾ ਪੈ ਰਿਹਾ ਹੈ। ਖੁਲ੍ਹੇ ਸਮੁੰਦਰ ਵਿਚਲੇ 126 ਥਾਵਾਂ ਦੇ ਸਰਵੇਖਣ ਮੁਤਾਬਿਕ ਇਹ 98% ਤੱਕ ਸਾਫ ਹਨ ਅਤੇ ਇਨ੍ਹਾਂ ਵਿੱਚ ਬੋਂਡੀ ਅਤੇ ਮੈਨਲੀ ਦੇ ਬੀਚਾਂ ਨੂੰ ਬਹੁਤ ਵਧੀਆ ਅਤੇ ਵਧੀਆ ਐਲਾਨਿਆ ਗਿਆ ਹੈ। ਸਿਡਨੀ ਵਿਚਲੇ ਤਰਨ ਤਾਲਾਂ ਵਿਚੋਂ 92%, ਸੈਂਟਰਲ ਕੋਸਟ ਦੇ 59%, ਹੰਟਰ ਖੇਤਰ ਦੇ 96%, ਨਾਰਥ ਕੋਸਟ ਦੇ 83%, ਇਲਾਵਾਰਾ ਦੇ 100% ਅਤੇ ਦੱਖਣੀ ਕੋਸਟ ਦੇ 97% ਬਹੁਤ ਵਧੀਆ ਐਲਾਨੇ ਗਏ ਹਨ।