ਲੰਡਨ ਦੀ ਆਬਾਦੀ ਨੇ ਤੋੜਿਆ ਰਿਕਾਰਡ

london2ਦੁਨੀਆ ਦੇ ਸਭ ਤੋਂ ਸੋਹਣੇ ਅਤੇ ਆਕਰਸ਼ਿਤ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਲੰਡਨ ਦੀ ਆਬਾਦੀ 86 ਲੱਖ ਤੱਕ ਪਹੁੰਚ ਗਈ ਹੈ, ਜਿਸ ਵਿਚ ਬੀਤੇ 25 ਵਰਿ੍ਹਆਂ ਵਿਚ 20 ਲੱਖ ਦਾ ਵਾਧਾ ਹੋਇਆ ਹੈ | 1939 ਤੋਂ ਬਾਅਦ ਇਹ ਸਭ ਤੋਂ ਵੱਡਾ ਵਾਧਾ ਗਿਣਿਆ ਜਾ ਰਿਹਾ ਹੈ | ਲੰਡਨ ਦੇ ਮੇਅਰ ਬੌਰਿਸ ਜੌਹਨਸਨ ਅਨੁਸਾਰ 2050 ਤੱਕ ਲੰਡਨ ਦੀ ਆਬਾਦੀ 110 ਲੱਖ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ | ਜ਼ਿਕਰਯੋਗ ਹੈ ਕਿ ਹਲਿੰਗਡਨ ਇਲਾਕੇ ਵਿਚ ਸਭ ਤੋਂ ਵੱਡਾ ਵਾਧਾ ਹੋਇਆ ਹੈ, ਜਿੱਥੇ 44 ਫ਼ੀਸਦੀ ਕਾਲੇ ਅਤੇ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਲੋਕ ਵਸਦੇ ਹਨ | ਲੰਡਨ ਦਾ ਕੁੱਲ ਰਕਬਾ 1,572 ਸੁਕੇਅਰ ਕਿਲੋਮੀਟਰ ਹੈ, ਜੋ ਆਬਾਦੀ ਦੇ ਹਿਸਾਬ ਨਾਲ 5197 ਲੰਡਨ ਵਾਸੀਆਂ ਕੋਲ ਇਕ ਸੁਕੇਅਰ ਕਿਲੋਮੀਟਰ ਬਣਦਾ ਹੈ | ਲੰਡਨ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ | ਹਲਿੰਗਡਨ ਬਾਰੋ ਦੀ 1939 ਵਿਚ ਕੁੱਲ ਆਬਾਦੀ 159,000 ਸੀ, ਜੋ ਹੁਣ ਵੱਧ ਕੇ 289,000 ਹੋ ਗਈ ਹੈ, ਜਦ ਕਿ ਇਸਲਿੰਗਟਨ ਇਲਾਕੇ ਦੀ 1939 ਵਿਚ 343,000 ਵਸੋਂ ਹੁਣ ਘੱਟ ਕੇ 221,000 ਹੋ ਗਈ ਹੈ | ਲੰਡਨ ਦੀ ਵੱਧ ਰਹੀ ਆਬਾਦੀ ਦਾ ਮੁੱਖ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਲੰਡਨ ਵਿਚ ਹੁਣ 38 ਲੱਖ ਕਾਲੇ ਅਤੇ ਘੱਟ ਗਿਣਤੀ ਪਿਛੋਕੜ ਵਾਲੇ ਲੋਕ ਵਸਦੇ ਹਨ, ਜੋ 2038 ਵਿਚ 50 ਫ਼ੀਸਦੀ ਹੋ ਜਾਣਗੇ | ਲੰਡਨ ਵਸਦੇ ਲੋਕਾਂ ਦੀ ਅੰਦਾਜ਼ਨ ਔਸਤਨ ਉਮਰ 62 ਤੋਂ 82 ਸਾਲ ਹੈ|

(ਮਨਪ੍ਰੀਤ ਸਿੰਘ ਬੱਧਨੀ ਕਲਾਂ)