ਸਵੱਛ ਭਾਰਤ ਦੇ ਸੁਫ਼ਨੇ ਦੀ ਹਕੀਕਤ

swachh-bharat-scheme

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਵੱਛ ਭਾਰਤ’ ਦਾ ਨਾਅਰਾ ਲਾਇਆ ਹੈ। ਜੇ ‘ਮੋਦੀ ਸਰਕਾਰ’ ਇਸ ਮੁਹਿੰਮ ਨੂੰ ਅਮਲੀ ਰੂਪ ਦੇ ਕੇ ਭਾਰਤ ਨੂੰ ਸੁੰਦਰ ਬਣਾਉਣ ਦੀ ਇੱਛਾ ਸ਼ਕਤੀ ਲਗਾਤਾਰ ਕਾਇਮ ਰੱਖਦੀ ਹੈ ਤਾਂ ਇਸ ਮੁਹਿੰਮ ਨੂੰ ਚੰਗਾ ਕਹਿਣਾ ਹੋਵੇਗਾ ਭਾਵੇਂ ਇਸ ਬਾਰੇ ਖ਼ਦਸ਼ੇ ਬਰਕਰਾਰ ਹਨ।

ਸਮੁੱਚੇ ਭਾਰਤ ਵਿੱਚ ਬਹੁਤ ਗੰਦਗੀ ਹੈ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਦਿਸਦੇ ਹਨ। ਲੋਕ ਆਪਣੇ ਘਰਾਂ ਦੀ ਸਫ਼ਾਈ ਤਾਂ ਕਰਦੇ ਹਨ ਪਰ ਘਰਾਂ ਦੇ ਬਾਹਰ ਗਲੀਆਂ ਵਿੱਚ ਫੈਲੇ ਗੰਦ ਨੂੰ ਕੋਈ ਨਹੀਂ ਹੂੰਝਦਾ। ਵਿਦੇਸ਼ਾਂ ਵਿੱਚ ਭਾਰਤ ਨੂੰ ‘ਡਰਟੀ ਇੰਡੀਆ’ (ਗੰਦਾ ਭਾਰਤ) ਅਤੇ ‘ਇੰਡੀਆ ਇਜ਼ ਐਨ ਓਪਨ ਬਾਥਰੂਮ’ (ਭਾਰਤ ਇੱਕ ਖੁੱਲ੍ਹਾ ਗੁਸਲਖ਼ਾਨਾ ਹੈ) ਕਰ ਕੇ ਜਾਣਿਆ ਜਾਂਦਾ ਹੈ। ਇੱਥੋਂ ਤਕ ਕਿ ਭਾਰਤੀ ਮੂਲ ਦੇ ਜੋ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ, ਉਹ ਜਦ ਕਦੇ ਭਾਰਤ ਆਉਂਦੇ ਹਨ ਤਾਂ ਇੱਥੋਂ ਦੀ ਗੰਦਗੀ ਵੇਖ ਕੇ ਹੈਰਾਨ ਹੁੰਦੇ ਹਨ। ਪੈਰ-ਪੈਰ ’ਤੇ ਖਿੱਲਰੀ ਰਫ਼ਾ-ਹਾਜਤ, ਮਲ-ਮੂਤਰ, ਕੂੜਾ-ਕਰਕਟ, ਰੂੜ੍ਹੀਆਂ, ਸੀਵਰੇਜ ਦੀ ਗੰਦਗੀ ਦੇ ਢੇਰ, ਨੱਕ ’ਤੇ ਰੁਮਾਲ ਰੱਖ ਕੇ ਲੰਘਣ ਲਈ ਮਜਬੂਰ ਕਰ ਦਿੰਦੇ ਹਨ। ਸਿੱਟੇ ਵਜੋਂ ਪਾਣੀ, ਹਵਾ ਤੇ ਸਮੁੱਚਾ ਵਾਤਾਵਰਨ ਬਦਬੂੁਦਾਰ ਹੋਇਆ ਪਿਆ ਹੈ।

‘ਸਫ਼ਾਈ’ ਨਾਲ ਸਬੰਧਿਤ ਕਾਫ਼ੀ ਸਮੱਸਿਆਵਾਂ ਹਨ। ਘਰ ਦਾ ਕੂੜਾ- ਕਰਕਟ ਬਾਹਰ ਗਲੀ ਤਕ ਲੈ ਜਾਣ ਦੀ ਸਮੱਸਿਆ ਹੈ। ਇਸ ਸਮੱਸਿਆ ਦਾ ਸਬੰਧ ਗ਼ਰੀਬ ਘਰਾਂ ਨਾਲ ਹੈ। ਬੇਰੁਜ਼ਗਾਰੀ, ਗ਼ਰੀਬੀ ਅਤੇ ਗੰਦਗੀ ਸਕੀਆਂ ਭੈਣਾਂ ਹਨ। ਗ਼ਰੀਬ ਬੰਦੇ ਦੇ ਘਰ ਜੇ ਪਖ਼ਾਨਾ ਹੀ ਨਹੀਂ ਹੈ ਤਾਂ ਉਹ ਹਾਜਤ-ਰਫ਼ਾ ਕਿੱਥੇ ਕਰੇਗਾ। ਜ਼ਰੂਰੀ ਹੈ ਇਸ ਨੂੰ ਪਹਿਲ ਦਿੱਤੀ ਜਾਵੇ। ਹਰ ਪਰਿਵਾਰਕ ਇਕਾਈ ਕੋਲ ਇੱਕ ਵੱਖਰਾ ਗੁਸਲਖ਼ਾਨਾ ਹੋਵੇ। ਇਸ ਬਾਰੇ ਮੌਜੂਦਾ ਪ੍ਰਧਾਨ ਮੰਤਰੀ ਤੋਂ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ। ਹੁਣ ਇਸ ਮੰਤਵ ਲਈ 20 ਲੱਖ ਰੁਪਏ ਹਰ ਪਿੰਡ ਨੂੰ ਦੇਣ ਦੀ ਗੱਲ ਕੀਤੀ ਗਈ ਹੈ। ਜਿਸ ਪਰਿਵਾਰ ਨੇ ਰੁਜ਼ਗਾਰ ਚਲਾਉਣ ਲਈ ਘਰ ਵਿੱਚ ਕੋਈ ਮੱਝ, ਗਾਂ, ਬੱਕਰੀ, ਭੇਡ, ਕੁੱਕੜੀ ਆਦਿ ਰੱਖੀ ਹੈ, ਉਸ ਦਾ ਕੀ ਬਣੇਗਾ? ਇਸ ਦਾ ਸਬੰਧ ਸਿੱਧਾ ਹੀ ਗ਼ਰੀਬੀ ਨਾਲ ਹੈ। ਗ਼ਰੀਬੀ ਦੂਰ ਕੀਤੇ ਬਿਨਾਂ ਭਾਰਤ ਸਵੱਛ ਕਿਵੇਂ ਬਣੇਗਾ? ਗ਼ਰੀਬ ਘਰਾਂ ਵਿੱਚ ਤਾਂ ਸਿਆਲ ਨੂੰ ਸਾਰਾ ਪਰਿਵਾਰ ਉਸੇ ਕਮਰੇ ਵਿੱਚ ਸੌਂਦਾ ਹੈ ਜਿਸ ਵਿੱਚ ਪਸ਼ੂ ਬੰਨ੍ਹੇ ਹੁੰਦੇ ਹਨ। ਜੇ ਉਸ ਪਰਿਵਾਰ ਦਾ ਵਿਆਹਿਆ ਪੁੱਤਰ ਅੱਡ ਰਹਿਣਾ ਚਾਹਵੇ ਤਾਂ ਉਸ ਕੋਲ ਨਾ ਤਾਂ ਨਵਾਂ ਕਮਰਾ ਪਾਉਣ ਲਈ ਪੈਸੇ ਹੁੰਦੇ ਹਨ, ਨਾ ਸਥਾਨ। ਇਹ ਸਮੱਸਿਆ ਭਾਰਤ ਦੇ ਅੱਧਿਓਂ ਵੱਧ ਲੋਕਾਂ ਦੀ ਹੈ। ਗ਼ਰੀਬੀ ਤੇ ਅਨਪੜ੍ਹਤਾ ਨਜ਼ਦੀਕੀ ਰਿਸ਼ਤੇਦਾਰ ਹਨ। ਅੰਧਵਿਸ਼ਵਾਸ ਵੀ ਅਨਪੜ੍ਹਤਾ ਦੀ ਜਾਈ ਹੈ। ਅਨਪੜ੍ਹਤਾ ਹੋਣ ਕਰਕੇ ਗ਼ਰੀਬਾਂ ਤਕ ਭਾਰਤ ਨੂੰ ਸਵੱਛ ਬਣਾਉਣ ਵਾਲੀ ਮੁਹਿੰਮ ਨਹੀਂ ਪਹੁੰਚ ਸਕੇਗੀ। ਇਸ ਲਈ ਸਭ ਤੋਂ ਪਹਿਲਾਂ ਗ਼ਰੀਬੀ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਨੂੰ ਖ਼ਤਮ ਕੀਤੇ ਬਿਨਾਂ ਭਾਰਤ ਨੂੰ ਸੁੰਦਰ ਬਣਾਉਣ ਦਾ ਸੁਪਨਾ, ਇੱਕ ਨਾਅਰਾ ਮਾਤਰ ਹੀ ਰਹੇਗਾ। ਅੰਧਵਿਸ਼ਵਾਸਾਂ ਵਿੱਚ ਫਸੇ ਲੋਕ ਗੁੱਡੀਆਂ-ਪਟੋਲੇ, ਨਾਰੀਅਲ ਤੇ ਹੋਰ ਅਨੇਕਾਂ ਤਰ੍ਹਾਂ ਦੀ ਗੰਦਗੀ, ਛੱਪੜਾਂ, ਟੋਭਿਆਂ, ਨਦੀਆਂ, ਨਾਲਿਆਂ ’ਚ ਸੁੱਟਦੇ ਰਹਿੰਦੇ ਹਨ। ਇਸ ਨਾਲ ਗੰਦਗੀ ਵਿੱਚ ਹੋਰ ਵਾਧਾ ਹੁੰਦਾ ਹੈ। ਕਾਰਖ਼ਾਨਿਆਂ ਵਿੱਚੋਂ ਨਿਕਲਦੇ ਰਸਾਇਣ ਅਤੇ ਕਈ ਤਰ੍ਹਾਂ ਦੇ ਬਿਜਲਈ ਤੇ ਹੋਰ ਉਪਕਰਨਾਂ ਦੇ ਕਚਰੇ ਦੀ ਵੀ ਵੱਡੀ ਸਮੱਸਿਆ ਹੈ।

ਕੂੜਾ ਚੁੱਕਣ ਵਾਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ ਕਿ ਕੋਈ ਵਿਅਕਤੀ ਮੈਲ ਨਹੀਂ ਢੋਵੇਗਾ ਪਰ ਅੱਜ ਵੀ ਬਾਹਰ ਸੁੱਟੇ ਕੂੜੇ ਦੇ ਢੇਰਾਂ ਨੂੰ ਸਫ਼ਾਈ ’ਚ ਲੱਗੇ ਮਜ਼ਦੂਰ ਸਿਰ ’ਤੇ ਟੋਕਰੀਆਂ ਚੁੱਕ ਕੇ ਟਰਾਲੀਆਂ ਵਿਚ ਸੁੱਟਦੇ ਹਨ। ਜੋ ਸਫ਼ਾਈ ਸੇਵਕ ਸੀਵਰੇਜ ਦੇ ਗਟਰਾਂ ਵਿੱਚ ਉਤਰਦੇ ਹਨ, ਮੈਲ਼ ਨਾਲ ਲੱਥ-ਪੱਥ ਹੋ ਜਾਂਦੇ ਹਨ, ਸਿਰ ’ਤੇ ਚੁੱਕਣਾ ਤਾਂ ਪਾਸੇ ਰਿਹਾ। ਗਟਰਾਂ ’ਚ ਉੱਤਰ ਕੇ ਸਫ਼ਾਈ ਕਰਨ ਵਾਲਿਆਂ ਦੀ ਕਈ ਵਾਰ ਜ਼ਹਿਰੀਲੀਆਂ ਗੈਸਾਂ ਨਾਲ ਮੌਤ ਵੀ ਹੋ ਜਾਂਦੀ ਹੈ। ਸਰਕਾਰਾਂ ਨੇ ਸਫ਼ਾਈ ਕਰਮਚਾਰੀ ਬਹੁਤ ਘੱਟ ਗਿਣਤੀ ਵਿੱਚ ਰੱਖੇ ਹੋਏ ਹਨ। ਉਨ੍ਹਾਂ ’ਤੇ ਕੰਮ ਦਾ ਬੋਝ ਵਧੇਰੇ ਹੈ। ਇਸ ਲਈ ਜ਼ਰੂਰੀ ਹੈ ਕਿ ਲੋੜੀਂਦੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਭਰਤੀ ਕੀਤੇ ਜਾਣ ਤੇ ਉਨ੍ਹਾਂ ਨੂੰ ਵੱਧ ਤਨਖ਼ਾਹਾਂ ਦਿੱਤੀਆਂ ਜਾਣ। ਕੈਸੀ ਵਿਡੰਬਨਾ ਹੈ ਭਾਰਤ ਦੀ ਕਿ ਜੋ ਸਭ ਤੋਂ ਕਠਿਨ ਅਤੇ ਵਧੇਰੇ ਕੰਮ ਕਰਦਾ ਹੈ, ਉਸ ਨੂੰ ਸਭ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਜੋ ਵਿਹਲੇ ਰਹਿ ਕੇ ਕੁਰਸੀਆਂ ਤੋੜਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ। ਸੜਕ ’ਤੇ ਰੋੜੀ ਕੁੱਟਣ ਵਾਲੇ, ਭੱਠੇ ’ਤੇ ਇੱਟਾਂ ਪੱਥਣ ਵਾਲੇ ਤੇ ਸਾਰਾ ਦਿਨ ਕਹੀ ਚਲਾਉਣ ਜਿਹੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸਭ ਤੋਂ ਘੱਟ ਪੈਸੇ ਮਿਲਦੇ ਹਨ। ਮੌਜੂਦਾ ਪ੍ਰਬੰਧ ਵਿੱਚ ਕਿਸੇ ਮਨੁੱਖ ਦਾ ਮੁੱਲ ਕੰਮ ਕਰ ਕੇ ਨਹੀਂ, ਪੈਸੇ ਕਰਕੇ ਪੈਂਦਾ ਹੈ। ਫਿਰ ਸਭ ਤੋਂ ਵੱਧ ਮਿਹਨਤ ਦਾ ਮੁੱਲ ਕਿਵੇਂ ਪਵੇਗਾ? ਦੁਨੀਆਂ ਭਰ ਵਿੱਚ ਸਭ ਤੋਂ ਕਠਿਨ ਕਾਰਜ ਗੰਦਗੀ ਚੁੱਕਣ ਦਾ ਹੈ ਪਰ ਅਫ਼ਸੋਸ ਕਿ ਗੰਦਗੀ ਦੇ ਢੇਰ ਚੁੱਕ ਕੇ, ਸਭ ਨੂੰ ਗੰਦਗੀ ਤੋਂ ਬਚਾਉਣ ਵਾਲੇ ਨੂੰ ਸਭ ਤੋਂ ਘੱਟ ਪੈਸੇ ਮਿਲਦੇ ਹਨ। ਸਾਰਾ ਕੰਮ ਠੇਕੇ ’ਤੇ ਕਰਾਇਆ ਜਾਂਦਾ ਹੈ। ਠੇਕੇਦਾਰ ਪਹਿਲਾਂ ਹੀ ਘੱਟ ਮਿਲਦੇ ਪੈਸਿਆਂ ਵਿੱਚੋਂ ਵੀ ਵਧੇਰੇ ਹਿੱਸਾ ਆਪ ਰੱਖ ਲੈਂਦੇ ਹਨ। ਲੋੜ ਹੈ ਕਿ ਸਫ਼ਾਈ ਕਰਮਚਾਰੀ ਨੂੰ ਘੱਟੋ-ਘੱਟ ਤੀਜੇ ਦਰਜੇ ਦੇ ਅਧਿਕਾਰੀ ਦੇ ਬਰਾਬਰ ਤਨਖ਼ਾਹ ਦਿੱਤੀ ਜਾਵੇ। ਉਨ੍ਹਾਂ ਦਾ ਬੀਮਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਛੂਤ ਦੀਆਂ ਤੇ ਹੋਰ ਬੀਮਾਰੀਆਂ ਲੱਗਣ ਦੇ ਵੱਧ ਆਸਾਰ ਹਨ। ਉਹ ਅਕਸਰ 50 ਸਾਲ ਤਕ ਦੀ ਉਮਰ ਹੀ ਮਸਾਂ ਭੋਗਦੇ ਹਨ। ਉਨ੍ਹਾਂ ਦਾ ਲਗਾਤਾਰ ਡਾਕਟਰੀ ਮੁਆਇਨਾ ਅਤੇ ਇਲਾਜ ਕੀਤਾ ਜਾਵੇ। ਮੌਤ ਹੋ ਜਾਣ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਆਮ ਨਾਲੋਂ ਵਧੇਰੇ ਮੁਆਵਜ਼ਾ ਮਿਲੇ। ਉਨ੍ਹਾਂ ਦੀ ਭਰਤੀ ਸਥਾਈ ਤੇ ਸਰਕਾਰੀ ਪੱਧਰ ’ਤੇ ਹੋਵੇ। ਸਫ਼ਾਈ ਦਾ ਕੰਮ ਠੇਕੇ ’ਤੇ ਨਾ ਹੋਵੇ ਸਗੋਂ ਸਫ਼ਾਈ ਸੇਵਕਾਂ ਦੀ ਪੱਕੀ ਭਰਤੀ ਹੋਵੇ। ਸਫ਼ਾਈ ਕਾਮਿਆਂ ਦੇ ਬੱਚਿਆਂ ਦੀ ਪੜ੍ਹਾਈ ਦਾ ਵਧੇਰੇ ਧਿਆਨ ਰੱਖਿਆ ਜਾਵੇ ਅਤੇ ਨੌਕਰੀ ਵਿੱਚ ਉਨ੍ਹਾਂ ਲਈ ਕੋਟਾ ਰਾਖਵਾਂ ਹੋਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸਫ਼ਾਈ ਦਾ ਕੰਮ ਕਰਨ ਵੱਲ ਕੋਈ ਰੁਚਿਤ ਨਹੀਂ ਹੋਵੇਗਾ। ਅਜਿਹੀਆਂ ਹਾਲਤਾਂ ਵਿੱਚ ਸਵੱਛ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ।

ਨਦੀਆਂ, ਨਾਲਿਆਂ ਦੀ ਸਫ਼ਾਈ ਬਿਨਾਂ ਭਾਰਤ ਦੀ ਸੁੰਦਰਤਾ ਦੀ ਕਲਪਨਾ ਕਰਨਾ ਵੀ ਹਨੇਰੇ ਵਿੱਚ ਤੀਰ ਮਾਰਨ ਬਰਾਬਰ ਹੋਵੇਗੀ। ਗੰਗਾ ਦੀ ਸਫ਼ਾਈ ਤਾਂ ਹੋਵੇ ਪਰ ਉਸ ਤੋਂ ਇਲਾਵਾ ਹੋਰ ਨਦੀਆਂ-ਨਾਲਿਆਂ ਦੀ ਸਫ਼ਾਈ ਵੀ ਲੋੜੀਂਦੀ ਹੈ। ਸਭ ਤੋਂ ਪਹਿਲਾਂ ਗੰਦੇ ਨਾਲਿਆਂ ਦੀ ਸਫ਼ਾਈ ਹੋਵੇ। ਇਨ੍ਹਾਂ ਦੇ ਪਾਣੀ ਨੂੰ ਨਵੀਂ ਤਕਨੀਕੀ ਵਿਧੀ ਨਾਲ ਸਾਫ਼ ਕਰ ਕੇ ਸਵੱਛ ਅਤੇ ਫ਼ਸਲਾਂ ਦੇ ਯੋਗ ਬਣਾਉਣਾ ਹੋਵੇਗਾ।
ਪਿੰਡਾਂ ਵਿੱਚ ਰੂੜੀਆਂ ਦੇ ਢੇਰਾਂ ਦੇ ਢੇਰ ਹਨ। ਪਿੰਡਾਂ ਦੀਆਂ ਨਾਲੀਆਂ ਦਾ ਪਾਣੀ ਬਾਹਰ ਲਿਜਾਣ ਲਈ ਕੋਈ ਸਾਧਨ ਨਹੀਂ ਹੈ। ਕੋਈ ਛੱਪੜ ਨਹੀਂ ਹੈ ਜੇ ਹਨ ਤਾਂ ਉਹ ਵੀ ਗੰਦੇ ਹਨ। ਜੇ ਕੋਈ ਵਿਰਲਾ- ਟਾਵਾਂ ਛੱਪੜ ਹੈ ਵੀ ਤਾਂ ਉਸ ਦਾ ਵਾਧੂ ਪਾਣੀ ਨਿਕਲਣ ਲਈ ਨਿਕਾਸੀ ਨਾਲ਼ਾ ਨਹੀਂ ਹੈ। ਛੱਪੜ ਸ਼ਾਮਲਾਟ ਦੀ ਵਾਧੂ ਭੌਂਇ ਸਮਝ ਕੇ ‘ਵੱਡੇ ਲੋਕਾਂ’ ਨੇ ਪੂਰ ਕੇ ਮੱਲ ਲਏ ਹੋਏ ਹਨ ਅਤੇ ਉੱਪਰ ਮਕਾਨ ਬਣਾ ਲਏ ਗਏ ਹਨ।

ਸੜਕਾਂ ਉੱਪਰ ਥੋੜ੍ਹੇ-ਥੋੜ੍ਹੇ ਫ਼ਾਸਲੇ ’ਤੇ ਸਾਰੇ ਚੁਰਾਹਿਆਂ, ਮੋੜਾਂ ਉੱਪਰ ਕੂੜਾ ਦਾਨ (ਗਾਰਬੇਜ ਬਾਕਸ) ਰੱਖੇ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਜਨਤਕ ਸਥਾਨਾਂ ’ਤੇ ਗੁਸਲਖ਼ਾਨੇ ਹੋਣ, ਜਿਨ੍ਹਾਂ ਦੀ ਰੋਜ਼ਾਨਾ ਸਫ਼ਾਈ ਹੋਵੇ। ਜੇ ਭਾਰਤ ਸਰਕਾਰ ਦੇਸ਼ ਨੂੰ ਸਾਫ਼ ਸੁਥਰਾ ਬਣਾਉਣਾ ਲੋਚਦੀ ਹੈ ਤਾਂ ਜ਼ਰੂਰੀ ਹੈ ਕਿ ਇਸ ਨੂੰ ਫੋਕੀ ਸ਼ੁਹਰਤ ਜਾਂ ਰਾਜਨੀਤਕ ਸਟੰਟ ਨਾ ਬਣਾਇਆ ਜਾਵੇ। ਸਿਰਫ਼ ਦੋ ਅਕਤੂਬਰ ਵਾਂਗ ਝਾੜੂ ਫੜ ਕੇ ਫੋਟੋ ਖਿਚਵਾਉਣ ਤਕ ਸੀਮਤ ਨਾ ਰਹੇ ਕਿਉਂਕਿ ਸਾਫ਼- ਸਫ਼ਾਈ ਦਾ ਕੰਮ ਭਾਰਤ ਦੇ ਲੋਕਾਂ ਨੇ ਕਰਨਾ ਹੈ। ਆਮ ਲੋਕਾਂ ਦੀ ਸਵੈ-ਇੱਛਤ ਭਾਈਵਾਲੀ ਬਿਨਾਂ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

(ਮੱਖਣ ਕੁਹਾੜ)  – ਸੰਪਾਦਕੀ ਪੰਜਾਬੀ ਟ੍ਰਿਬਿਯੂਨ

Welcome to Punjabi Akhbar

Install Punjabi Akhbar
×
Enable Notifications    OK No thanks