ਬਾਬੇ ਨਾਨਕ ਦੇ ਅਸਲੀ ਸਿੱਖ ਪੱਖੋ ਕਲਾਂ ਦੇ ਦੋ ਪੋਲੀਉ ਗ੍ਰਸਤ ਨੌਜਵਾਨ  

ਅਖਵਾਉਣ ਨੂੰ ਤਾਂ ਭਾਵੇਂ ਅਨੇਕਾਂ ਧਰਮ ਪਰਚਾਰਕ ਦਾਅਵਾ ਕਰਦੇ ਹਨ ਕਿ ਉਹ ਹੀ ਅਸਲੀ ਧਰਮੀ ਹਨ ਅਤੇ ਉਹ ਖੁਦ ਧਰਮੀ ਹੀ ਨਹੀਂ ਬਲਕਿ ਅੱਗੇ ਵੀ ਲੱਖਾਂ ਧਰਮੀ ਲੋਕ ਪੈਦਾ ਕਰਨ ਦੇ ਦਾਅਵੇ ਕਰਦੇ ਹਨ। ਗੁਰੂ ਨਾਨਕ ਨੇਂ ਤਾਂ ਆਪਣਾਂ ਇੱਕੋ ਵਾਰਿਸ਼ ਹੀ ਐਲਾਨਿਆਂ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਮੁਸਕਲ ਨਾਲ ਲੱਭੇ ਸਨ ਪਰ ਵਰਤਮਾਨ ਤਾਂ ਲੱਖਾਂ ਧਰਮੀ ਪੈਦਾ ਕਰਨ ਦੇ ਦਾਅਵੇ ਕਰਦੇ ਹਨ ਜੋ ਗੁਰੂਆਂ ਤੋਂ ਵੀ ਵੱਡੇ ਬਣਦੇ ਹਨ। ਇੰਹਨਾਂ ਦੇ ਕੋਲ ਕਰੋੜਾਂ ਦੇ ਮੁਬਾਈਲ ਕਰੋੜਾਂ ਦੀਆਂ ਗੱਡੀਆਂ ਕਰੋੜਾਂ ਦੇ ਪੈਸਾ ਕਮਾਊ ਅਖੌਤੀ ਧਾਰਮਿਕ ਸਥਾਨ ਜਾਂ ਸੇਵਾ ਕੇਂਦਰ ਹਨ ਪਰ ਕਿਰਤ ਜੋ ਗੁਰੂ ਨਾਨਕ ਦਾ ਪਹਿਲਾ ਉਪਦੇਸ਼ ਹੈ ਦਾ ਉਹਨਾਂ ਕੋਲ ਨਾਮੋ ਨਿਸਾਨ ਨਹੀਂ। ਇਸ ਤਰਾਂ ਹੀ ਮੇਰੇ 11000 ਦੀ ਅਬਾਦੀ ਵਾਲੇ ਪਿੰਡ ਵਿੱਚ ਮੇਰੇ ਸਮੇਤ ਅਣਗਿਣਤ ਚੌਧਰੀ ਮਿਲ ਜਾਣਗੇ ਜੋ ਵੱਖੋ ਵੱਖਰੇ ਖੇਤਰਾਂ ਦੀ ਚੌਧਰ ਅਤੇ ਗਿਆਨ ਵੰਡਣ ਦੇ ਦਾਅਵਿਆਂ ਨਾਲ ਵੀ ਲੈਸ ਹਨ। ਕੀ ਆਪੇ ਐਲਾਨੇ ਸੰਤ , ਚੌਧਰੀ , ਪਰਚਾਰਕ ਅਸਲੀ ਵੀ ਹੁੰਦੇ ਹਨ ਜਾਂ ਨਵੇਂ ਜਮਾਨੇ ਦਾ ਗੋਰਖ ਧੰਦਾਂ ਹੀ ਹੈ ਇਹ ਸਮਝਣਾਂ ਕੋਈ ਔਖਾ ਨਹੀਂ। ਇਸ ਤਰਾਂ ਦੇ ਝੂਠੇ ਜਮਾਨੇ ਦੇ ਝੂਠੇ ਆਗੂਆਂ ਵਾਲੇ ਸਮੇਂ ਵਿੱਚ ਅਣਜਾਣੇ ਗੁਰੂਆਂ ਪੀਰਾਂ ਫਕੀਰਾਂ ਦੇ ਅਣਗਿਣਤ ਵਾਰਸ਼ ਵੀ ਰਹਿੰਦੇ ਹਨ ਜਿੰਹਨਾਂ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾਂ। ਇਹ ਹੀ ਉਹ ਅਸਲੀ ਮਹਾਨ ਸਿੱਖ ਜਾਂ ਲੋਕ ਹੁੰਦੇ ਹਨ ਜੋ ਆਪਣੇ ਆਚਰਣ ਨਾਲ ਅਸਲੀ ਸਿੱਖੀ ਅਤੇ ਅਸਲੀ ਧਰਮੀ ਹੋਣ ਦੀ ਗਵਾਹੀ ਪਾਉਂਦੇ ਹਨ। ਆਉ ਇਹੋ ਜਿਹੇ ਹੀ ਬਾਬੇ ਨਾਨਕ ਦੇ ਦੋ ਅਸਲੀ ਵਾਰਿਸ਼ਾਂ ਦੀ ਕਹਾਣੀ ਆਪ ਦੇ ਸਨਮੁੱਖ ਰੱਖਣ ਦੀ ਕੋਸਿਸ ਕਰਦਾ ਹਾਂ।

(ਸਿੰਗਾਰਾ ਸਿੰਘ )
(ਸਿੰਗਾਰਾ ਸਿੰਘ )

ਖੇਤਾਂ ਵਿੱਚ ਰਹਿਣ ਕਰਕੇ ਮੈਂ ਪਿੰਡ ਦੇ ਵਿੱਚ ਜਾਣ ਸਮੇਂ ਪਿੰਡ ਦੇ ਦੋ ਮੁੱਖ ਚੌਕਾਂ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਸਜਾਈ ਬੈਠੇ ਦੋ ਨੌਜਵਾਨ ਸਿੰਗਾਰਾ ਸਿੰਘ ਅਤੇ ਕੌਰ ਸਿੰਘ ਹਮੇਸਾਂ ਮੇਰੇ ਦਿਲ ਵਿੱਚ ਕੁੱਝ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿਉਂਕਿ ਉਹਨਾਂ ਦੋਨਾਂ ਦੀਆਂ ਦੋਵੇਂ ਦੋਵੇਂ ਲੱਤਾ ਪੋਲੀਉ ਦਾ ਸੌ ਪ੍ਰਤੀਸਤ ਸਿਕਾਰ ਹਨ ਪਰ ਇਸਦੇ ਬਾਵਜੂਦ ਉਹ ਟਰਾਈ ਸਾਈਕਲ ਤੇ ਬੈਠਿਆਂ ਜਾਂ ਉਝ ਹੀ ਬੈਠਿਆਂ ਹੋਇਆਂ ਸਾਈਕਲ ਰਿਪੇਅਰ ਕਰਦੇ ਰਹਿੰਦੇ ਹਨ। ਉਹਨਾਂ ਦੇ ਨਾਲ ਜਦ ਮੈਂ ਗਲਾਂ ਕੀਤੀਆਂ ਤਦ ਦੋਨਾਂ ਵੀਰਾਂ ਦੇ ਵਿੱਚ ਸਵੈਮਾਣ ਦਾ ਸਮੁੰਦਰ ਵਗਦਾ ਦੇਖਿਆ। ਗਲਾਂ ਕਰਦਿਆਂ 48 ਸਾਲਾ ਕੌਰ ਸਿੰਘ ਨੇ ਦੱਸਿਆ ਕਿ ਬਾਈ ਕੋਈ ਲੱਖ ਸੱਦੇ ਆਪਣੇ ਕਿਸੇ ਨਿੱਜੀ ਅਡੰਬਰ ਵਾਲੇ ਅਨੇਕਾਂ ਖਾਣੇ ਖਵਾਉਣ ਵਾਲਿਆਂ ਦੇ ਸੱਦੇ ਤੇ ਮੈਂ ਕਦੀ ਨਹੀਂ ਜਾਂਦਾ ਐਵੇਂ ਕਿਸੇ ਦੇ ਸੁਆਦਲੇ ਖਾਣੇ ਖਾਣ ਦੀ ਬਜਾਇ ਆਪਣੀ ਕਮਾਕੇ ਖਾਈਦੀ ਹੈ। ਇਸ ਤਰਾਂ ਸਿੰਗਾਰਾਂ ਸਿੰਘ ਦੀ ਗਲ ਦਿਲ ਨੂੰ ਧੂਹ ਪਾਉਂਦੀ ਹੈ ਕਿ ਉਸਦਾ ਬਾਪ ਵੀ ਉਸਦੇ ਦੂਸਰੇ ਤੰਦਰੁਸਤ ਭਾਈਆਂ ਦੀ ਥਾਂ ਉਸਦੇ ਨਾਲ ਹੈ ਅਤੇ ਉਹ ਲੋੜ ਪੈਣ ਤੇ ਉਸਦੀ ਮਦਦ ਵੀ ਕਰਦਾ ਹੈ।

(ਕੌਰ ਸਿੰਘ)
(ਕੌਰ ਸਿੰਘ)

ਸਿੰਗਾਰਾਂ ਸਿੰਘ ਦਾ ਕਹਿਣਾਂ ਸੀ ਕਿ ਉਹ ਵਿਹਲੇ ਸਮੇਂ ਵਿੱਚ ਕਿਤਾਬਾਂ ਪੜਦਾ ਹੈ ਅਤੇ ਰਵਿੰਦਰਨਾਥ ਟੈਗੋਰ ਦੀ ਕਿਤਾਬ ਮੇਰੇ ਗਲਾਂ ਕਰਨ ਸਮੇਂ ਵੀ ਉਸ ਕੋਲ ਪਈ ਸੀ। ਕੌਰ ਸਿੰਘ ਅਤੇ ਸਿੰਗਾਰਾਂ ਸਿੰਘ ਦੋਨਾਂ ਦੀਆਂ ਬਚਪਨ ਵਿੱਚ ਹੀ ਪੋਲੀਉ ਨਾਲ ਦੋਵੇਂ ਲੱਤਾਂ ਨੇ ਕੰਮ ਕਰਨਾਂ ਛੱਡ ਦਿੱਤਾ ਸੀ । ਗਰੀਬ ਕਿਰਤੀ ਪਰੀਵਾਰਾਂ ਵਿੱਚ ਰਹਿਣ ਵਾਲੇ ਇਹ ਵੀਰਾਂ ਨੇ ਜਿੰਦਗੀ ਵਿੱਚ ਹਰ ਕਰ ਸਕਣ ਵਾਲੀ ਕਿਰਤ ਤੇ ਹੱਥ ਅਜਮਾਇਆ ਹੋਇਆ ਹੈ ਜਿਸ ਵਿੱਚ ਕੌਰ ਸਿੰਘ ਨੇ ਪੰਦਰਾਂ ਸਾਲ ਭੱਠਿਆਂ ਤੇ ਇੱਟਾਂ ਪੱਥਣ ਦਾ ਕੰਮ ਕੀਤਾ ਹੈ ਅਤੇ ਪਿੱਛਲੇ ਪੰਦਰਾਂ ਸਾਲ ਤੋਂ ਸਾਈਕਲ ਰਿਪੇਅਰ ਦੀ ਦੁਕਾਨ ਕਰ ਰਿਹਾ ਹੈ। ਇਸ ਤਰਾਂ ਦੇ ਕੰਮਾਂ ਵਿੱਚ ਜੂਝਦਾ ਸਿੰਗਾਰਾਂ ਸਿੰਘ ਵੀ ਪਿੱਛਲੇ ਲੰਬੇ ਸਮੇਂ ਤੋਂ ਇਹ ਕਿਰਤ ਕਰਦਾ ਹੋਇਆ ਲਕਵੇ ਦੇ ਸਿਕਾਰ ਆਪਣੇ ਬਾਪ ਦੀ ਵੀ ਸੇਵਾ ਕਰਦਾ ਹੋਇਆ ਹੌਸਲੇ ਦੀ ਕੰਧ ਬਣਿਆਂ ਹੋਇਆ ਹੈ। ਇੰਹਨਾਂ ਦੇ ਕੋਲ ਬੈਠਿਆਂ ਹਰ ਚੰਗੇ ਮਨੁੱਖ ਵਿੱਚ ਕਿਰਤ ਕਰਨ ਦਾ ਉਤਸਾਹ ਪੈਦਾ ਹੁੰਦਾਂ ਹੈ ਜੋ ਗੁਰੂ ਨਾਨਕ ਜੀ ਦਾ ਪਹਿਲਾ ਅਸੂਲ ਹੈ ਜਦੋਂ ਕਿ ਕਹਿੰਦੇ ਕਹਾਉਦੇ ਵੱਡੇ ਸਿੱਖ ਪਰਚਾਰਕਾਂ ਕੋਲ ਬੈਠਿਆਂ ਲੁਟੇਰੇ ਬਣਨ ਦਾ ਅਹਿਸਾਸ ਪੈਦਾ ਹੁੰਦਾਂ ਹੈ। ਲੋਕਾਂ ਨੂੰ ਗੁਲਾਮਾਂ ਵਾਂਗ ਪੈਰਾਂ ਵਿੱਚ ਬਿਠਾਉਣ ਵਾਲੇ ਧਾਰਮਿਕ ਰਾਜਨੀਤਕ ਨੇਤਾ ਜਾਂ ਅਖੌਤੀ ਕੀਰਤਨੀਏ ਜੋ ਅਣਗਿਣਤ ਸਿੰਗਾਰਾਂ ਅਤੇ ਸਾਧਨਾਂ ਨਾਲ ਲੈਸ ਹੁੰਦੇ ਹਨ ਦੂਸਰਿਆਂ ਨੂੰ ਉਹਨਾਂ ਦੀ ਤਰਸਯੋਗ ਹਾਲਤ ਦਿਖਾਉਂਦੇ ਰਹਿੰਦੇ ਹਨ ਜਿਸਨੂੰ ਤੋੜਨ ਲਈ ਮਨੁੱਖ ਚੋਰ ਲੁਟੇਰਾ ਧੌਖੇਬਾਜ ਬਣਨ ਦੀ ਸੋਚਦਾ ਹੈ। ਇਹੋ ਜਿਹੇ ਕਿਰਤੀ ਨੌਜਵਾਨਾਂ ਕੋਲ ਬੈਠਿਆਂ ਵਿਹਲੜਾ ਨੂੰ ਵੀ ਸਰਮ ਅਤੇ ਕਿਰਤੀਆਂ ਨੂੰ  ਹਿੰਮਤ ਮਿਲਦੀ ਹੈ ਕਿਰਤ ਕਰਨ ਦੀ। ਕਿਸੇ ਫਲਸਫੇ ਦਾ ਪਰਚਾਰ ਗੱਲਾਂ ਕਥਾ ਕਹਾਣੀਆਂ ਸੁਣਾਕਿ ਹੀ ਨਹੀਂ ਕੁੱਝ ਕਰਕੇ ਦਿਖਾਉਣ ਵਾਲੇ ਹੀ ਕਰ ਸਕਦੇ ਹਨ। ਇਹ ਕਿਰਤੀ ਨੌਜਵਾਨ ਮੇਰੇ ਲਈ ਸਦਾ ਹੀ ਪਰੇਰਣਾਂ ਸਰੋਤ ਹਨ ਅਤੇ ਗੁਰੂ ਨਾਨਕ ਦੇ ਅਸਲੀ ਵਾਰਿਸ਼ ਵੀ । ਇਹਨਾਂ ਅਣਜਾਣੇ ਬਹਾਦਰ ਦਲੇਰ ਸਿਰੜੀ ਵੀਰਾਂ ਤੋਂ  ਮੈਂ ਵੀ ਹਮੇਸਾਂ ਕਿਰਤ ਕਰਨ ਦੀ ਸਵੈਮਾਣ ਦੀ ਸਿੱਖਿਆ ਗ੍ਰਹਿਣ ਕਰਨ ਦੀ ਕੋਸਿਸ ਕਰਦਾ ਹਾਂ।

ਜਦ ਕਦੀ ਵੀ ਇਸ ਤਰਾਂ ਦੇ ਮਹਾਨ ਕਿਰਤੀ ਲੋਕਾਂ ਦੀ ਤੁਲਨਾਂ ਵਿਹਲੜ ਲੋਕਾਂ ਨਾਲ ਕਰੀਦੀ ਹੈ ਤਦ ਬਹੁਤ ਸਾਰੇ ਗਿਆਨ ਦੇ ਸੋਮੇ ਵਿਚਾਰ ਪ੍ਰਵਾਹ ਵਿੱਚ ਸਾਮਲ ਹੋ ਜਾਂਦੇ ਹਨ। ਸੱਚੇ ਗਿਆਨਵਾਨ ਲੋਕ ਧਰਮੀ ਹੁੰਦੇ ਹਨ ਅਤੇ ਉਹ ਕਿਰਤ ਦਾ ਔਖਾ ਰਸਤਾ ਫੜਦੇ ਹਨ ਜਦੋਂਕਿ ਝੂਟੇ ਲੋਕ ਗੁਰਬਾਣੀ ਅਨੁਸਾਰ ਪਾਪੀ ਹੁੰਦੇ ਹਨ ਅਤੇ ਅਗਿਆਨੀ ਵੀ ਜੋ ਵਿਹਲੜ ਰਹਿਕੇ ਬਿਨਾਂ ਕਿਰਤ ਦਾ ਰਾਹ ਫੜਕੇ ਸਿਰਫ ਗੱਲਾਂ ਗੀਤਾਂ ਗੱਪਾਂ ਦੀ ਅੰਨੀ ਮੋਟੀ ਕਮਾਈ ਵਾਲਾ ਰਾਹ ਫੜਦੇ ਹਨ। ਕਿਰਤੀ ਮਨੁੱਖ ਸਧਾਰਨ ਭੇਸ਼ ਧਾਰਦਾ ਅਤੇ ਸਾਦੇ ਕੱਪੜੇ ਪਹਿਨਦਾ ਹੈ ਜਦੋਂਕਿ ਭੇਖੀ ਝੂਠਾ ਪਖੰਡੀ ਬੰਦਾਂ ਲੁੱਟ ਦੀ ਕਮਾਈ ਨਾਲ ਮਹਿੰਗੇ ਕੱਪੜੇ ਮਹਿੰਗੇ ਆਧੁਨਿਕ ਸਾਜੋ ਸਮਾਨ ਵਰਤਦਾ ਹੈ। ਸਧਾਰਨ ਕਿਰਤੀ ਧਰਮੀ ਬੰਦਾਂ ਆਮ ਲੋਕਾਂ ਵਿੱਚ ਵਿਚਰਦਾ ਹੈ ਜਦੋਂ ਕਿ ਗੈਰ ਕਿਰਤ ਪਾਪ ਦੀ ਕਮਾਈ ਖਾਣ ਵਾਲੇ ਅਮੀਰਾਂ ਦੀ ਚਾਪਲੂਸੀ ਜਾਂ ਤਾਕਤਵਰ ਰਾਜਨੀਤਕਾਂ ਅਤੇ ਲੋਕਾਂ ਨਾਲ ਵਰਤਣ ਅਤੇ ਸੌਦੇਬਾਜੀਆਂ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਇਸ ਤਰਾਂ ਦੀ ਬਹੁਤ ਸਾਰੀਆਂ ਵਖਰੇਵਿਆਂ ਦੀਆਂ ਗਲਾਂ ਅਖੌਤੀ ਧਾਰਮਿਕਾਂ ਅਤੇ ਕਿਰਤੀ ਲੋਕਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਗਿਆਨਵਾਨ ਧਰਮੀ ਲੋਕ ਹਮੇਸ਼ਾ ਕਿਰਤੀ ਲੋਕਾਂ ਨੂੰ ਅਸਲੀ ਸੰਤ ਪਰਚਾਰਕ ਜਾਂ ਮਨੁੱਖ ਦਾ ਦਰਜਾ ਦੇਣਗੇ ਜਦੋਂ ਕਿ ਅਗਿਆਨੀ  ਗੈਰ ਧਾਰਮਿਕ ਲੋਕ ਸੋਸੇਬਾਜਾਂ ਵਿਹਲੜਾਂ ਦਿਖਾਵਿਆਂ ਵਾਲਿਆਂ ਨੂੰ ਹੀ ਧਰਮੀ ਦਾ ਖਿਤਾਬ ਦੇਣਗੇ। ਫੈਸਲਾ ਹਰ ਮਨੁੱਖ ਆਪਣੀ ਬੁੱਧੀ ਅਨੁਸਾਰ ਹੀ ਕਰਦਾ ਹੈ ਪਰ ਮੇਰੇ ਲਈ ਇਹ ਕਿਰਤੀ ਲੋਕ ਹੀ ਗੁਰੂ ਨਾਨਕ ਦੇ ਵਾਰਸ ਅਤੇ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਸਿੰਘ ਹਨ। ਕੁਦਰਤ ਇਹੋ ਜਿਹੇ ਕਿਰਤੀ ਲੋਕਾਂ ਦਾ ਸਦਾ ਸਾਥ ਦਿੰਦੀ ਹੈ ਅਤੇ ਕੁਦਰਤ ਦੇ ਵਿੱਚੋਂ ਪੈਦਾ ਹੋਏ ਅਸਲੀ ਮਨੁੱਖ ਇੰਹਨਾਂ ਨੂੰ ਇਜਤ ਅਤੇ ਪਿਆਰ ਵੀ ਬਖਸਦੇ ਹਨ। ਕਬੀਰ ਜੀ ਦੇ ਬੋਲ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਨੁਸਾਰ ਗਿਆਨਵਾਨ ਬੰਦਾਂ ਧਰਮੀ ਹੁੰਦਾਂ ਹੈ ਅਤੇ ਧਰਮੀ ਸਦਾ ਕਿਰਤ ਕਰਦਾ ਹੈ ਜਦੋਕਿ ਝੂਠਾ ਬੰਦਾਂ ਪਾਪੀ ਹੁੰਦਾ ਹੈ ਅਤੇ ਪਾਪੀ ਬੰਦਾ ਵਿਹਲੜ ਠੱਗੀਆਂ ਝੂਠਾਂ ਦੀ ਕਮਾਈ ਦੇ ਰਾਹ ਪੈ ਜਾਂਦਾ ਹੈ। ਫੇਸਲਾ ਸਾਡੇ ਆਪਣੇ ਉੱਪਰ ਹੈ ਕਿ ਅਸੀ ਕਿਸ ਨੂੰ ਚੰਗਾ ਸਮਝਦੇ ਹਾਂ।

Install Punjabi Akhbar App

Install
×