ਪਿਛਲੇ ਸੱਤ ਸੌ ਸਾਲਾਂ ਤੋਂ ਜਿਹੜਾ ਕੋਹਿਨੂਰ ਹੀਰਾ, ਜ਼ੋਰਾਵਰਾਂ ਵੱਲੋਂ ਖੋਹਿਆ ਜਾਂਦਾ ਰਿਹਾ ਜਾਂ ਕਮਜ਼ੋਰਾਂ ਵੱਲੋਂ ਆਪਣੀ ਜਾਨ ਬਚਾਉਣ ਲਈ ਧਾੜਵੀਆਂ ਨੂੰ ਭੇਟ ਕੀਤਾ ਜਾਂਦਾ ਰਿਹਾ ਹੈ, ਅੱਜ ਉਸਨੂੰ ਕਾਨੂੰਨੀ ਦਾਅ ਪੇਚਾਂ ਰਾਹੀਂ ਮੰਗਿਆ ਜਾ ਰਿਹਾ ਹੈ। ਭਾਵੇਂ ਕਿ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਤਾਂ ਹੱਥ ਹੀ ਖੜ੍ਹੇ ਕਰ ਦਿੱਤੇ ਹਨ ਕਿ ਭਾਰਤ ਨੂੰ ਤਾਂ ਕੋਹਿਨੂਰ ਹੀਰਾ ਇੰਗਲੈਂਡ ਤੋਂ ਮੰਗਣ ਦਾ ਕੋਈ ਹੱਕ ਹੀ ਨਹੀਂ ਹੈ। ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਦਲੀਪ ਸਿੰਘ ਨੇ ਅੰਗਰੇਜਾਂ ਦੀ ਈਸਟ ਇੰਡੀਆ ਕੰਪਨੀ ਨੂੰ ਆਪਣੀ ਮਰਜ਼ੀ ਨਾਲ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਅੰਗਰੇਜਾਂ ਨੇ ਇਹ ਨਾ ਤਾਂ ਖੋਹਿਆ ਸੀ ਅਤੇ ਨਾ ਹੀ ਚੋਰੀ ਕੀਤਾ ਸੀ, ਇਸ ਲਈ ਸਾਨੂੰ ਤਾਂ ਇਹ ਇੰਗਲੈਂਡ ਤੋਂ ਮੰਗਣ ਦੀ ਲੋੜ ਹੀ ਨਹੀਂ ਹੈ। ਭਾਵੇਂ ਕਿ ਅਦਾਲਤ ਦਾ ਫੈਸਲਾ ਤਾਂ ਅਜੇ ਆਉਣਾ ਹੈ ਪਰ ਇਸ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਲਾਹੌਰ ਹਾਈਕੋਰਟ ਵਿੱਚ ਕਿਸੇ ਪਾਕਿਸਤਾਨੀ ਨਾਗਰਿਕ ਨੇ ਪਟੀਸ਼ਨ ਪਾ ਦਿੱਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਹੋਣ ਕਰਕੇ ਇਸ ਹੀਰੇ ਉੱਤੇ ਤਾਂ ਹੱਕ ਹੀ ਪਾਕਿਸਤਾਨ ਦਾ ਬਣਦਾ ਹੈ। ਇਸ ਤਰਾਂ ਹੁਣ ਭਾਰਤ ਅਤੇ ਪਾਕਿਸਤਾਨ ਦੋਹਾਂ ਹੀ ਦੇਸ਼ਾਂ ਵਿੱਚ ਕੋਹਿਨੂਰ ਨੂੰ ਲੈ ਕੇ ਸਿਆਸਤ ਗਰਮ ਹੋਈ ਫਿਰਦੀ ਹੈ।
ਅਸਲ ਵਿੱਚ ਕੋਹਿਨੂਰ ਹੀਰਾ ਭਾਰਤ ਵਿੱਚ ਗੋਲਕੁੰਡਾ ਦੀਆਂ ਖਾਣਾਂ ਵਿਚੋਂ ਲਗਭਗ 800 ਸਾਲ ਪਹਿਲਾਂ ਕੱਢਿਆ ਗਿਆ ਸੀ। ਅਲਾਉਦੀਨ ਖਿਲਜੀ ਦੇ ਜੇਤੂ ਜਰਨੈਲ ਮਲਿਕ ਕਾਫੂਰ ਨੇ ਅੱਜ ਤੋਂ 706 ਸਾਲ ਪਹਿਲਾਂ ਇਹ ਹਿੰਦੂ ਰਾਜਿਆਂ ਤੋਂ ਖੋਹ ਲਿਆ। ਪਰ ਕੁਝ ਸਾਲਾਂ ਬਾਅਦ ਇੱਕ ਵਾਰ ਫਿਰ ਇਹ ਅਗਲੀ ਪੀੜ੍ਹੀ ਦੇ ਹੋਰ ਹਿੰਦੂ ਰਾਜਿਆਂ ਕੋਲ ਚਲਾ ਗਿਆ ਜਿੰਨ੍ਹਾਂ ਤੋਂ ਲੋਧੀ ਸਮਰਾਟਾਂ ਕੋਲ ਹੁੰਦਾ ਹੋਇਆ ਇਹ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਮੁਗਲ ਸਮਰਾਟ ਬਾਬਰ ਕੋਲ ਪਹੁੰਚ ਗਿਆ। ਲਗਭਗ ਦੋ ਸਦੀਆਂ ਮੁਗਲਾਂ ਕੋਲ ਰਹਿਣ ਤੋਂ ਬਾਅਦ ਇਹ ਨਾਦਰ ਸ਼ਾਹ ਧਾੜਵੀ ਕੋਲ ਚਲਾ ਗਿਆ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨ ਧਾੜਵੀਆਂ ਉੱਤੇ ਹਮਲੇ ਕਰਕੇ ਉਲਟੀ ਗੰਗਾ ਵਗਾਈ ਤਾਂ ਇਹ ਹੀਰਾ ਮਹਾਰਾਜੇ ਕੋਲ ਆ ਗਿਆ ਅਤੇ ਆਖਰ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਇਹ ਅੰਗਰੇਜਾਂ ਦੀ ਝੋਲੀ ਪੈ ਗਿਆ। ਇਸ ਤਰਾਂ ਇਹ ਹੀਰਾ ਨਾ ਤਾਂ ਕਦੇ ਖਰੀਦਿਆ ਗਿਆ ਹੈ ਅਤੇ ਨਾ ਹੀ ਕਦੇ ਵੇਚਿਆ ਗਿਆ ਹੈ। ਇਸਨੇ ਬਹੁਤ ਸਾਰੇ ਕਿਲੇ ਢਹਿੰਦੇ ਵੇਖੇ ਹੋਣਗੇ, ਬਹੁਤ ਸਾਰੇ ਤਾਜ ਪੈਰਾਂ ਵਿੱਚ ਰੁਲਦੇ ਵੇਖੇ ਹੋਣਗੇ ਅਤੇ ਵੱਡੇ-ਵੱਡੇ ਸਮਰਾਟਾਂ ਨੂੰ ਗਿੜਗਿੜਾਉਂਦੇ ਵੇਖਿਆ ਹੋਵੇਗਾ। ਦਰਬਾਰੀਆਂ ਦੀ ਆਪਾਧਾਪੀ, ਲੋਕਾਂ ਵਿੱਚ ਹਫੜਾ-ਦਫੜੀ, ਧ੍ਰੋਹ, ਕਤਲ, ਸਾਜ਼ਿਸ਼ਾਂ, ਪਲ-ਪਲ ਬਦਲਦੀਆਂ ਵਫਾਦਾਰੀਆਂ ਅਤੇ ਹੋਰ ਪਤਾ ਨਹੀਂ ਕੀ-ਕੀ ਵੇਖਿਆ ਹੋਵੇਗਾ ਇਸ ‘ਰੌਸ਼ਨੀ ਦੇ ਪਹਾੜ’ ਕੋਹਿਨੂਰ ਨੇ।
ਪਰ ਸਵਾਲ ਤਾਂ ਇਹ ਹੈ ਕਿ ਇਸ ਹੀਰੇ ਨੂੰ ਪ੍ਰਾਪਤ ਕਰਨ ਨਾਲ ਸਾਨੂੰ ਆਖਰ ਕਿਹੜਾ ਖਜ਼ਾਨਾ ਮਿਲਣ ਵਾਲਾ ਹੈ ਕਿ ਅਸੀਂ ਇਸਨੂੰ ਇੰਨਾ ਵੱਡਾ ਮੁੱਦਾ ਬਣਾਈ ਬੈਠੇ ਹਾਂ। ਮੰਨਿਆ ਕਿ ਇੰਗਲੈਂਡ ਦੇ ਅਜਾਇਬ ਘਰ ਤੋਂ ਲਿਆ ਕੇ ਸਾਡੇ ਦੇਸ਼ ਦੇ ਅਜਾਇਬ ਘਰ ਵਿੱਚ ਸਜਾਅ ਦੇਣ ਨਾਲ ਕੁਝ ਲੋਕਾਂ ਨੂੰ ਇੱਕ ਮਾਨਸਿਕ ਤਸੱਲੀ ਤਾਂ ਮਿਲ ਸਕਦੀ ਹੈ ਪਰ ਇਸ ਨਾਲ ਇੰਨੀ ਕਿਹੜੀ ਤਬਦੀਲੀ ਹੋ ਜਾਵੇਗੀ ਕਿ ਅਸੀਂ ਇਸ ਹੀਰੇ ਖਾਤਰ ਹੀ ਆਪਣੀ ਊਰਜਾ ਨਸ਼ਟ ਕਰਦੇ ਫਿਰੀਏ? ਜਦੋਂ ਕਿ ਸਾਨੂੰ ਤਾਂ ਅੱਜ ਆਪਣੇ ਦੇਸ਼ ਦੇ ਅਸਲੀ ਕੋਹਿਨੂਰ ਹੀਰੇ ਪਛਾਨਣ ਦੀ ਸਖਤ ਲੋੜ ਹੈ। ਜਿਵੇਂ ਕਿ ਅਰਬ ਦੇਸ਼ਾਂ ਨੇ ਆਪਣੀ ਧਰਤੀ ਹੇਠਲੇ ਕੋਹਿਨੂਰ (ਤੇਲ) ਨੂੰ ਪਛਾਣ ਲਿਆ ਤੇ ਅੱਜ ਉਹ ਅੱਤ ਦੇ ਅਮੀਰ ਹਨ। ਤੁਰਕਮੇਨਿਸਤਾਨ ਨੇ ਆਪਣੇ ਧਰਤੀ ਹੇਠਲੇ ਕੋਹਿਨੂਰ (ਕੁਦਰਤੀ ਗੈਸ) ਨੂੰ ਪਛਾਣ ਲਿਆ ਤੇ ਅੱਜ ਅਸੀਂ ਉਸ ਤੋਂ ਗੈਸ ਪਾਇਪਲਾਈਨ ਲੈਣ ਲਈ ਅਮਰੀਕਾ ਨੂੰ ਵਿਚੋਲਾ ਪਾਉਂਦੇ ਫਿਰਦੇ ਹਾਂ। ਕਜ਼ਾਖਸਤਾਨ ਵਰਗੇ ਦੇਸ਼ਾਂ ਨੇ ਆਪਣੇ ਕੋਹਿਨੂਰ (ਯੂਰੇਨੀਅਮ) ਨੂੰ ਪਛਾਣ ਲਿਆ ਤੇ ਅੱਜ ਭਾਰਤ ਤੇ ਪਾਕਿਸਤਾਨ ਵਰਗੇ ਦੇਸ਼ ਉਹਨਾਂ ਅੱਗੇ ਯੂਰੇਨੀਅਮ ਲਈ ਲੇਲੜੀਆਂ ਕੱਢ ਰਹੇ ਹਨ। ਅਮਰੀਕਾ ਨੇ ਆਪਣੇ ਕੋਹਿਨੂਰ (ਸ਼ੈਲ ਗੈਸ) ਦੀ ਖੋਜ ਕਰ ਲਈ ਹੈ ਤੇ ਅਜੇ ਕਈ ਸਾਲ ਹੋਰ ਉਹ ਦੁਨੀਆ ਦਾ ਥਾਣੇਦਾਰ ਬਣਿਆ ਰਹੇਗਾ। ਦੁਨੀਆ ਵਿਚ ਯੂਰਪ ਵਿਚ ਸਭ ਤੋਂ ਘੱਟ ਕੁਦਰਤੀ ਖਜ਼ਾਨਿਆਂ ਦੇ ਸੋਮੇ ਹਨ ਤੇ ਅਫਰੀਕਾ ਵਿਚ ਸਭ ਤੋਂ ਵੱਧ। ਫਿਰ ਵੀ ਪਿਛਲੀਆਂ 5 -6 ਸਦੀਆਂ ਤੋਂ ਯੂਰਪ ਦੁਨੀਆ ਦਾ ਸਭ ਤੋਂ ਅਮੀਰ ਖਿੱਤਾ ਹੈ ਤੇ ਅਫਰੀਕਾ ਸਭ ਤੋਂ ਗਰੀਬ ਕਿਉਂਕਿ ਅਫਰੀਕਾ ਵਾਲਿਆਂ ਦੀ ਅਗਿਆਨਤਾ ਹੀ ਉਹਨਾਂ ਦੀ ਦੁਸ਼ਮਣ ਹੈ। ਉਹਨਾਂ ਨੂੰ ਆਪਣੇ ਅਸਲੀ ਕੋਹਿਨੂਰਾਂ ਦੀ ਜਾਣਕਾਰੀ ਹੀ ਨਹੀਂ ਹੈ।
ਸਾਨੂੰ ਆਪਣੇ ਅਸਲੀ ਕੋਹਿਨੂਰ ਹੀਰੇ ਖੋਜਣ ਦੀ ਲੋੜ ਹੈ ਪਰ ਉਹਨਾਂ ਦੇ ਸੁਪਨੇ ਸਾਡੇ ਜੁਗਾੜੀ ਸਿਆਸਤਦਾਨਾਂ ਨੂੰ ਨਹੀਂ ਆ ਸਕਦੇ। ਸਾਡਾ ਸਭ ਤੋਂ ਵੱਡਾ ਕੋਹਿਨੂਰ ਹੀਰਾ ਹੈ ਸਾਡਾ ਜਨਸੰਖਿਆ ਬੋਨਸ (ਡੈਮੋਗ੍ਰਾਫਿਕ ਡਿਵੀਡਿੰਡ ), ਅਰਥਾਤ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਬਾਕੀ ਸਭ ਦੇਸ਼ਾਂ ਤੋਂ ਵੱਧ ਹੈ। ਇਸ ਲਈ ਸਾਡਾ ਸਭ ਤੋਂ ਵੱਡਾ ਖਜ਼ਾਨਾ ਸਾਡੇ ਦੇਸ਼ ਦੇ ਨੌਜਵਾਨ ਹਨ ਅਤੇ ਇਹਨਾਂ ਕੋਹਿਨੂਰ ਹੀਰਿਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸਾਡਾ ਦੇਸ਼ ਤਾਂ ਡਾਕਟਰ ਬਣਾਉਂਦਾ ਰਹਿ ਜਾਂਦਾ ਹੈ ਪਰ ਇਲਾਜ ਉਹ ਜਾ ਕੇ ਯੂਰਪ ਤੇ ਅਮਰੀਕਾ ਵਾਲਿਆਂ ਦਾ ਕਰਦੇ ਹਨ ਅਤੇ ਅਸੀਂ ਪਿੱਛੇ ਰਹਿ ਜਾਂਦੇ ਹਾਂ ਝੋਲਾ ਛਾਪ ਡਾਕਟਰਾਂ ਤੇ ਨੀਮ ਹਕੀਮਾਂ ਜੋਗੇ। ਸਾਡੇ ਸੂਚਨਾ ਤਕਨੀਕੀ ਮਾਹਰ ਸਾਡੇ ਹੀ ਦੇਸ਼ ਵਿਚ ਕੰਮ ਕਰਨਾ ਪਸੰਦ ਕਿਉਂ ਨਹੀਂ ਕਰਦੇ ? ਉਹ ਮਲਟੀਨੈਸ਼ਨਲ ਕੰਪਨੀਆਂ ਦੇ ਪੈਕੇਜਾਂ ਮਗਰ ਹੀ ਕਿਉਂ ਪਾਗਲ ਹੋਏ ਰਹਿੰਦੇ ਹਨ ? ਕਾਰਨ ਸਪਸ਼ਟ ਹੈ ਕਿ ਅਸੀਂ ਉਹਨਾਂ ਦੇ ਗੁਣਾਂ ਦਾ ਪੂਰਾ ਮੁੱਲ ਹੀ ਨਹੀਂ ਪਾਉਂਦੇ। ਅਸੀਂ ਆਪਣੇ ਕੋਹਿਨੂਰ ਹੀਰੇ, ਹਰਗੋਬਿੰਦ ਖੁਰਾਣੇ ਵਰਗੇ ਵਿਗਿਆਨੀ ਨੂੰ ਗਲੀਆਂ ਵਿਚ ਰੋਲ ਦਿੱਤਾ ਤੇ ਅਮਰੀਕਾ ਜਾ ਕੇ ਉਸ ਨੇ ਨੋਬਲ ਪ੍ਰਾਈਜ਼ ਜਿੱਤ ਲਿਆ। ਸਾਡੇ ਦੇਸ਼ ਦੇ ਬੱਚੇ ਕਿਹੜਾ ਵਿਗਿਆਨਕ ਖੋਜਾਂ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਯੋਗ ਅਗਵਾਈ ਅਤੇ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਕੰਮ ਹੈ। ਹਾਲਤ ਇਹ ਹੈ ਕਿ ਵਿਸ਼ਵ ਬੌਧਿਕ ਸੰਪਤੀ ਸੰਗਠਨ ਕੋਲ 2010 ਵਿਚ, ਨਵੀਆਂ ਖੋਜਾਂ ਨੂੰ ਪੇਟੈਂਟ ਕਰਵਾਉਣ ਲਈ ਆਈਆਂ ਦਰਖਾਸਤਾਂ ਵਿਚ ਜਪਾਨ ਤੋਂ 4।64 ਲੱਖ, ਅਮਰੀਕਾ ਤੋਂ 4।2 ਲੱਖ , ਚੀਨ ਤੋਂ 3 ਲੱਖ , ਜਰਮਨੀ ਤੋਂ 1।7 ਲੱਖ ਤੇ ਸਾਡੇ ਮਹਾਨ ਦੇਸ਼ ਤੋਂ ਸਿਰਫ 6000 ਦਰਖਾਸਤਾਂ ਹੀ ਪਹੁੰਚੀਆਂ।
ਸਾਡੇ ਦੇਸ਼ ਦੇ ਅਸਲੀ ਖਜ਼ਾਨੇ ਤਾਂ ਰੁਜ਼ਗਾਰ ਮੰਗਣ ਲਈ ਸੜਕਾਂ ਉੱਤੇ ਰੁਲਦੇ ਫਿਰਦੇ ਹਨ ਜਾਂ ਟੈਂਕੀਆਂ ਉੱਤੇ ਚੜ੍ਹੇ ਫਿਰਦੇ ਹਨ। ਕਿੰਨੇ ਹੀ ਕਾਬਲੀਅਤ ਰੱਖਣ ਵਾਲੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਰੁਜ਼ਗਾਰ ਖਾਤਰ, ਇਰਾਕ ਵਰਗੇ ਦੇਸ਼ਾਂ ਵਿੱਚ ਅੱਗ ਨਾਲ ਖੇਡਣ ਲਈ ਮਜ਼ਬੂਰ ਹਨ। ਕਿੰਨੇ ਹੀ ਨੌਜਵਾਨ ਸਿਰਫ ਇਸ ਲਈ ਜ਼ਿੰਦਗੀ ਨੂੰ ਜ਼ੋਖਮ ਵਿੱਚ ਪਾ ਕੇ ਵਿਦੇਸ਼ੀ ਸਾਗਰਾਂ ਵਿੱਚ ਡੁੱਬਣ ਲਈ ਘਰੋਂ ਨਿਕਲੇ ਫਿਰਦੇ ਹਨ ਕਿਉਂਕਿ ਆਪਣੇ ਦੇਸ਼ ਵਿੱਚ ਉਹਨਾਂ ਨੂੰ ਇੱਜ਼ਤ-ਮਾਣ ਵਾਲੀ ਨੌਕਰੀ ਨਹੀਂ ਮਿਲਦੀ ਜਿਸ ਨਾਲ ਉਹ ਆਪਣਾ ਪਰਿਵਾਰ ਪਾਲ ਸਕਣ। ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਵਰਗੇ ਸੂਬੇ ਦੀ ਜਵਾਨੀ ਨੂੰ ਰੋੜ੍ਹ ਕੇ ਲਿਜਾ ਰਿਹਾ ਹੈ। ਸਾਡੇ ਲੱਖਾਂ ਹੀ ਕੋਹਿਨੂਰ ਹੀਰੇ ਚਿੱਟਾ ਪੀ-ਪੀ ਕੇ ਆਪਣਾ ਭਵਿੱਖ ਕਾਲਾ ਕਰ ਰਹੇ ਹਨ ਅਤੇ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਜਾ ਰਹੇ ਹਨ। ਸਾਡੇ ਖੇਤਾਂ ਵਿਚਲੇ ਕੋਹਿਨੂਰ ਹੀਰੇ, ਕਰਜ਼ੇ ਦੇ ਸਤਾਏ ਹੋਏ ਖੁਦਕੁਸ਼ੀਆਂ ਕਰ ਕੇ ਆਪਣੀ ਜ਼ਿੰਦਗੀ ਦੀ ਬਲੀ ਚੜ੍ਹਾ ਰਹੇ ਹਨ। ਪਿਛਲੇ ਸੱਤਰ ਸਾਲਾਂ ਵਿੱਚ ਕਿਹੜੀ ਸਰਕਾਰ ਨੇ ਉਹਨਾਂ ਹੀਰਿਆਂ ਨੂੰ ਧੂੜ ਵਿੱਚ ਰੁਲਣ ਤੋਂ ਬਚਾਉਣ ਲਈ ਈਮਾਨਦਾਰੀ ਨਾਲ ਕੰਮ ਕੀਤਾ ਹੈ ? ਹਰ ਕੋਈ ਝੂਠੇ ਨਾਅਰਿਆਂ ਦੀ ਸਿਆਸਤ ਕਰਕੇ ਵੋਟਾਂ ਬਟੋਰਨ ਨੂੰ ਹੀ ਦੇਸ਼ ਸੇਵਾ ਬਣਾ ਕੇ ਪੇਸ਼ ਕਰ ਰਿਹਾ ਹੈ। ਆਪਣੇ ਜਿਉਂਦੇ-ਜਾਗਦੇ ਕੋਹਿਨੂਰ ਹੀਰਿਆਂ ਦੀ ਤਾਂ ਸਾਨੂੰ ਕਦਰ ਨਹੀਂ ਹੈ ਅਤੇ ਇੱਕ ਬੇਜਾਨ ਹੀਰੇ ਲਈ ਤਰਲੇ ਕੱਢਦੇ ਫਿਰਦੇ ਹਾਂ।