ਮਾਮਲਾ ਵੱਧ ਰਹੇ ਵਿਆਜ ਦੀਆਂ ਦਰਾਂ ਦਾ
‘ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ’ ਦੇ ਗਵਰਨਰ -ਫਿਲਿਪ ਲੋਵੇ ਉਪਰ ਕਾਫੀ ਉਂਗਲਾਂ ਉਠਣ ਲੱਗੀਆਂ ਹਨ ਅਤੇ ਇਸ ਦੇ ਚੱਲਦਿਆਂ ਹੀ ਹੁਣ ਬਹੁਤ ਸਾਰੀਆਂ ਪਾਰਲੀਮਾਨੀ ਕਮੇਟੀਆਂ ਗਵਰਨਰ ਸਾਹਬ ਦੀ ਕਲਾਸ ਲੈਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਮਾਮਲਾ ਇਹ ਹੈ ਕਿ ਬੀਤੇ ਸਾਲ ਮਈ ਦੇ ਮਹੀਨੇ ਤੋਂ ਹੁਣ ਤੱਕ ਜੋ 9 ਵਾਰੀ ਵਿਆਜ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਉਸਦਾ ਭਵਿੱਖ ਕੀ ਹੈ ਅਤੇ ਕੀ ਆਉਣ ਵਾਲੇ ਸਮਿਆਂ ਅੰਦਰ ਵੀ ਕੋਈ ਹੋਰ ਵਾਧਾ ਹੋਣ ਜਾ ਰਿਹਾ ਹੈ ਜਿਸ ਨਾਲ ਕਿ ਆਸਟ੍ਰੇਲੀਆਈਆਂ ਦੀਆਂ ਜੇਬ੍ਹਾਂ ਉਪਰ ਹੋਰ ਬੋਝ ਪੈਣ ਵਾਲਾ ਹੈ….?
ਜ਼ਿਕਰਯੋਗ ਹੈ ਕਿ ਸ੍ਰੀ ਲੋਵੇ ਨੇ ਨਵੰਬਰ 2021 ਵਿੱਚ ਆਪਣਾ ਇੱਕ ਬਿਆਨ ਦਿੱਤਾ ਸੀ ਜਿਸ ਰਾਹੀਂ ਉਨ੍ਹਾਂ ਕਿਹਾ ਸੀ ਕਿ ਸਾਲ 2024 ਤੱਕ ਦੇਸ਼ ਅੰਦਰ ਨਕਦੀ ਦੀ ਦਰ 0.1% ਹੀ ਰਹੇਗੀ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਨਕਦੀ ਦੀ ਦਰ ਵਿੱਚ 9 ਵਾਰੀ ਇਜ਼ਾਫ਼ਾ ਕੀਤਾ ਗਿਅ ਹੈ ਅਤੇ ਇਹ ਦਰ ਹੁਣ 3.35% ਤੱਕ ਪਹੁੰਚ ਚੁਕੀ ਹੈ।
ਉਨ੍ਹਾਂ ਦੇ ਉਪਰੋਕਤ ਬਿਆਨ ਦੀ ਨੁਕਤਾਚੀਨੀ ਹਰ ਤਰਫ਼ੋਂ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਗਵਰਨਰ ਸਾਹਬ ਦੇ ਉਕਤ ਬਿਆਨ ਦੇ ਆਖਿਰ ਮਾਇਨੇ ਕੀ ਰਹੇ ਹਨ…..?
ਗਵਰਨਰ -ਫਿਲਿਪ ਲੋਵੇ ਨੂੰ ਉਨ੍ਹਾਂ ਦੇ ਕਾਰਜਕਾਲ ਸਮਾਪਤ ਹੋਣ ਤੇ 3 ਸਾਲਾਂ ਦਾ ਹੋਰ ਪਦਭਾਰ ਸੰਭਾਲਿਆ ਗਿਆ ਸੀ ਜੋ ਕਿ ਇਸੇ ਸਾਲ ਸਤੰਬਰ ਦੇ ਮਹੀਨੇ ਦੌਰਾਨ ਖ਼ਤਮ ਹੋ ਰਿਹਾ ਹੈ ਅਤੇ ਇਸੇ ਹਫ਼ਤੇ ਬੁੱਧਵਾਰ ਨੂੰ ਉਹ ਸੈਨੇਟ ਦੇ ਸਨਮੁੱਖ ਹੋਣਗੇ ਅਤੇ ਫੇਰ ਸ਼ੁਕਰਵਾਰ ਨੂੰ ਹਾਊਸ ਆਫ਼ ਰਿਪ੍ਰਿਜ਼ੈਂਨਟੇਟਿਵਜ਼ ਦੀ ਕਮੇਟੀ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਵੇਗਾ।