ਰਵੀ ਸਿੰਘ ਖਾਲਸਾ ਦੇ ਖਿਲਾਫ ਨਫਰਤ ਫੈਲਾਉਣ ਵਾਲੇ ਸਰਮਾਏਦਾਰੀ ਦੇ ਜ਼ਰਖਰੀਦ ਚੈਨਲਾਂ ਦਾ ਹੋਵੇ ਸਮਾਜਿਕ ਬਾਈਕਾਟ

ਜਿਸ ਕੌਂਮ ਨੂੰ ਮਾਣਸ ਕੀ ਜਾਤ ਸਭੈ ਏਕੇ ਪਹਿਚਾਨਵੋ ਦੀ ਵਿਚਾਰਧਾਰਾ ਵਿਰਸੇ ਵਿੱਚ ਮਿਲੀ ਹੋਵੇ,ਜਿੰਨਾਂ ਦੇ ਅੰਗ ਸੰਗ ਭਾਈ ਘਨਈਆ ਦੀ ਸੋਚ ਹੋਵੇ, ਉਹਨਾਂ ਨੂੰ ਅਪਣੇ ਧਰਮ ਦਾ ਕਰਮ ਕਰਦੇ ਸਮੇ ਕਦੇ ਹਕੂਮਤਾਂ ਦਾ ਡਰ ਭੈਅ ਨਹੀ ਸਤਾਉਂਦਾ ਬਲਕਿ ਉਹਨਾਂ ਤੇ ਗੁਰੂ ਦੀ ਅਜਿਹੀ ਬਖਸ਼ਿਸ਼ ਹੁੰਦੀ ਹੈ ਕਿ ਉਹ ਸਰਕਾਰਾਂ ਵੱਲੋਂ ਪੁਰਸ਼ਕਾਰਾਂ ਦੇ ਰੂਪ ਚ ਸੁੱਟੀ ਬੁਰਕੀ ਨੂੰ ਵੀ ਜੁੱਤੀ ਦੀ ਨੋਕ  ਦੇ ਬਰਾਬਰ ਸਮਝਣ ਦੇ ਕਾਬਲ  ਬਣ ਜਾਂਦੇ ਹਨ। ਉਹਨਾਂ ਨੂੰ ਅਜਿਹੇ ਪੁਰਸ਼ਕਾਰ ਅਪਣੀ ਕੌਂਮ ਨਾਲ ਹੋਈਆਂ ਧੱਕੇਸ਼ਾਹੀਆਂ,ਸਰਕਾਰੀ ਸਰਪ੍ਰਸਤੀ ਹੇਠ ਹੋਈ ਨਸਲਕੁਸ਼ੀ, ਅਪਣੀ ਹੀ ਫੌਜ ਵੱਲੋਂ ਬੇਰਹਿਮੀ ਨਾਲ ਕੀਤੇ ਗਏ ਹਮਲੇ ਨਾਲ ਢੱਠੇ ਸ੍ਰੀ ਅਕਾਲ ਤਖਤ ਸਾਹਿਬ ਜੀ  ਅਤੇ ਬੱਚੀਆਂ,ਬੀਬੀਆਂ,ਬੁੱਢੀਆਂ ਮਾਵਾਂ,ਭੈਣਾਂ ਨਾਲ ਬਲਾਤਕਾਰ ਦੀ ਉਹ ਡਰਾਉਣੀ ਤਸਵੀਰ ਸਾਹਮਣੇ ਪੇਸ਼ ਕਰਦੇ ਪਰਤੀਤ ਹੁੰਦੇ ਹਨ, ਜਿਹੜੀ ਤਸਵੀਰ ਹਮੇਸਾਂ ਉਹਨਾਂ ਦੇ ਜਿਹਨ ਚ ਉਕੱਰੀ ਹੋਈ ਉਹਨਾਂ ਦੀ ਗੈਰਤ ਨੂੰ ਹਲੂਣਦੀ ਰਹਿੰਦੀ ਹੈ। ਅਜਿਹੀ ਸੋਚ ਦਾ ਮਾਲਕ ਹੈ ਖਾਲਸਾ ਏਡ ਦਾ ਮੁੱਖ ਸੇਵਾਦਾਰ ਰਵੀ ਸਿੰਘ ਖਾਲਸਾ,ਜਿਸ ਨੇ ਸੰਸਾਰ ਪੱਧਰ ਤੇ ਜਿੱਥੇ ਸਿੱਖੀ ਦੀ ਵੱਖਰੀ ਪਛਾਣ ਨੂੰ ਸਥਾਪਤ ਕੀਤਾ ਹੈ,ਓਥੇ ਸਿੱਖੀ ਦੇ ਸਤਿਕਾਰ ਵਿੱਚ ਵੀ ਅਥਾਹ ਵਾਧਾ ਕੀਤਾ ਹੈ। ਦੁਨੀਆਂ ਦਾ ਕੋਈ ਅਜਿਹਾ ਮੁਲਕ ਨਹੀ ਜਿੱਥੇ ਕੋਈ ਕੁਦਰਤੀ ਜਾਂ ਗੈਰ ਕੁਦਰਤੀ ਆਫਤ  ਆਈ ਹੋਵੇ ਤੇ ਖਾਲਸਾ ਏਡ ਨਾ ਪਹੁੰਚੀ ਹੋਵੇ। ਇਸੇਤਰਾਂ ਹੀ ਭਾਰਤ ਦਾ ਵੀ ਕੋਈ ਅਜਿਹਾ ਸੂਬਾ ਨਹੀ ਜਿੱਥੇ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਮੌਕੇ ਖਾਲਸਾ ਏਡ ਨੇ ਅਪਣੀਆਂ ਸੇਵਾਵਾਂ ਨਾ ਦਿੱਤੀਆਂ ਹੋਣ।

ਇੱਕ ਸਰਸਰੀ ਝਾਤੀ ਖਾਲਸਾ ਏਡ ਦੇ ਕਾਰਜਾਂ ਤੇ ਵੀ ਮਾਰਨੀ ਬੇਹੱਦ ਜਰੂਰੀ ਹੈ,ਤਾਂ ਕਿ ਭਾਈ ਘਨੱਈਆ ਦੀ ਸੋਚ ਦੀ ਅਸਲ ਵਾਰਸ ਇਸ ਸੰਸਥਾ ਦੇ ਮੁੱਖ ਸੇਵਾਦਾਰ ਨੂੰ ਬਦਨਾਮ ਕਰਨ ਲਈ ਭਾਰਤ ਦੇ ਗੋਦੀ ਮੀਡੀਏ ਦੇ ਝੂਠ ਦਾ ਪਰਦਾ ਫਾਸ ਕੀਤਾ ਜਾ ਸਕੇ। 1999 ਅਪ੍ਰੈਲ  ਅਲਬਾਨੀਆ ਗ੍ਰਹਿ ਯੁੱਧ ‘ਚ ਕੋਸੋਵੋ ਮਿਸ਼ਨ, 1999 ਅਗਸਤ ਤੁਰਕੀ ਭੂਚਾਲ ਮਿਸ਼ਨ , 1999 ਦਿੰਸਬਰ ਉੜੀਸਾ ਸੁਨਾਮੀ , 2001 ਜਨਵਰੀ ਗੁਜਰਾਤ ਭੂਚਾਲ , 2002 ਜਨਵਰੀ ਕਾਂਗੋ ਅਤੇ ਰਵਾਂਡਾ ਜਵਾਲਾਮੁਖੀ ਦੌਰਾਨ ਆਈ ਆਫਤ, 2003 ਜੁਲਾਈ ਕਾਬੁਲ ਸ਼ਰਨਾਰਥੀ ਮਿਸ਼ਨ , 2004 ਦਿੰਸਬਰ ਅੰਡਮਾਨ ਟਾਪੂ ਸੁਨਾਮੀ , 2005 ਮਾਰਚ ਪਾਕਿਸਤਾਨ ਭੂਚਾਲ , 2007 ਮਾਰਚ ਇੰਡੋਨੇਸ਼ੀਆ ਸੁਨਾਮੀ, 2007 ਅਗਸਤ ਪੰਜਾਬ ਹੜ੍ਹ , 2010 ਜਨਵਰੀ ਹੈਤੀ ਭੂਚਾਲ, 2011 ਮਾਰਚ ਲੀਬੀਆ ਅਤੇ ਸੀਰੀਆ ਮਿਸ਼ਨ, 2013 ਜੂਨ   ਉਤਰਾਖੰਡ ਹੜ੍ਹ, 2013 ਸਿਤੰਬਰ ਮੁਜ਼ੱਫਰਨਗਰ ਦੰਗੇ , 2014 ਜਨਵਰੀ ਯੂਕੇ ਹੜ੍ਹ, 2014 ਅਪ੍ਰੈਲ ਲੇਬਨਾਨ ਸ਼ਰਨਾਰਥੀ ਮਿਸ਼ਨ , 2014 ਜੁਲਾਈ ਸਹਾਰਣਪੁਰ ਦੰਗੇ, 2014 ਸਿੰਤਬਰ : ਜੰਮੂ ਕਸ਼ਮੀਰ ਹੜ੍ਹ, 2015 ਅਪ੍ਰੈਲ   ਨੇਪਾਲ ਭੂਚਾਲ, 2015 ਜੁਲਾਈ ਯਮਨ ਗ੍ਰਹਿ ਯੁੱਧ, 2016 ਮਈ ਗ੍ਰੀਸ ਸ਼ਰਨਾਰਥੀ, 2017 ਅਗਸਤ ਰੋਹਿੰਗਿਆ ਮਿਸ਼ਨ, 2018 ਕੇਰਲਾ ਦੇ ਹੜ ਪੀੜਤਾਂ  ਅਤੇ ਕੋਵਿਡ 19 ਦੌਰਾਨ ਹਰ ਮੁਲਕ ਨੂੰ ਬਿਨਾ ਕਿਸੇ ਨਸਲ,ਮਜਹਬ,ਰੰਗ ਭੇਦ ਦੇ ਆਪਣੀਆਂ ਸੇਵਾਵਾਂ ਦੇ ਕੇ ਖਾਲਸਾ ਪੰਥ ਦੇ ਪੱਲੇ ਵਿੱਚ ਨੇਕੀ ਦੇ ਖੁੱਲੇ ਗੱਫੇ ਪਾਕੇ ਕੌਂਮ ਨੂੰ ਸਰਬਤ ਦੇ ਭਲੇ ਦੀ ਅਮੀਰੀ ਪਰਦਾਨ ਕੀਤੀ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਮੌਕੇ ਦੇਸ਼ ਦੀ ਇਹੋ ਮੁਤੱਸਬੀ ਹਕੂਮਤ ਨੇ ਰਵੀ ਸਿੰਘ ਖਾਲਸਾ ਨੂੰ ਵੱਡੇ ਪੁਰਸ਼ਕਾਰ ਨਾਲ ਸ਼ਨਮਾਨਿਤ ਕਰਨ ਦੀ ਪੇਸ਼ਕਸ਼ ਕੀਤੀ ਸੀ,ਪ੍ਰੰਤੂ ਇਸ ਗੁਰੂ ਦੇ ਸੱਚੇ ਸਿੱਖ ਨੇ ਭਾਰਤੀ ਹਕੂਮਤ ਦੀ ਪੇਸ਼ਕਸ਼ ਠੁਕਰਾ ਕੇ ਹਕੂਮਤ ਦੇ ਚਾਰੇ ਖਾਨੇ ਚਿੱਤ ਕਰ ਦਿੱਤੇ ਸਨ।ਭਾਂਵੇਂ ਉਸ ਸਮੇ ਤੋ ਹੀ ਇਹ ਸੰਸਥਾ ਅਤੇ ਸੰਸਥਾ ਦਾ ਮੁਖੀ ਸਿਰਦਾਰ ਰਵੀ ਸਿੰਘ ਖਾਲਸਾ ਹਕੂਮਤ ਦੀਆਂ ਅੱਖਾਂ ਵਿੱਚ ਰੋੜ ਵਾਂਗ ਰੜਕਦੇ ਆ ਰਹੇ ਹਨ,ਪ੍ਰੰਤੂ ਹੁਣ ਇਸ ਸੰਸਥਾ ਤੇ ਉਂਗਲ ਚੁਕਣੀ ਚੰਨ ਤੇ ਥੁੱਕਣ ਦੀ ਗਲਤ ਫਹਿਮੀ ਪਾਲਣ ਵਾਲੀ ਗੱਲ ਵਾਂਗ ਹੈ, ਇਸ ਦੇ ਬਾਵਜੂਦ ਵੀ ਬੇਸਰਮੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਭਾਰਤੀ ਮੀਡੀਏ ਨੂੰ ਇਸ ਸੰਸਥਾ ਦੇ ਨਾਮ ਨਾਲ ਅਤਵਾਦ ਦਾ ਲੇਵਲ ਲਾਉਣ ਦਾ ਮੌਕਾ ਉਸ ਸਮੇ ਮਿਲ ਗਿਆ, ਜਦੋ ਇਸ ਸੰਸਥਾ ਵੱਲੋਂ 2019 ਚ ਪੰਜਾਬ ਦੇ ਹੜ੍ਹ ਮਾਰੇ ਲੋਕਾਂ ਦੀ ਮਦਦ ਕੀਤੀ ਗਈ। ਰਹਿੰਦੀ ਕਸਰ  ਮੌਜੂਦਾ 2020 ਦੇ ਕਿਸਾਨ ਅੰਦੋਲਨ ਦੌਰਾਨ ਕੱਢ ਦਿੱਤੀ ਗਈ ਹੈ,ਜਦੋ ਜੀ ਨਿਊਜ ਵਰਗੇ ਫਿਰਕੂ ਚੈਨਲਾਂ ਨੇ ਸ਼ਰੇਆਮ ਇਸ ਸੰਸਥਾ ਦੇ ਮੁਖੀ ਖਿਲਾਫ ਕੂੜ ਪਰਚਾਰ ਕਰਨਾ ਸੁਰੂ ਕਰ ਦਿੱਤਾ।

ਭਾਈ ਰਵੀ ਸਿੰਘ ਦਾ ਕਸੂਰ ਸਿਰਫ ਐਨਾ ਕੁ ਹੈ ਕਿ ਉਹਨਾਂ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਲਈ ਹਰ ਤਰਾਂ ਦੀ ਸਹੂਲਤ ਪਰਦਾਨ ਕਰਨ ਦਾ ਫੈਸਲਾ ਕਰ ਲਿਆ।ਦਿੱਲੀ ਦੀਆਂ ਸੜਕਾਂ ਤੇ ਫਾਕੇ ਕੱਟ ਰਹੀ ਦੇਸ਼ ਦੀ ਕਿਸਾਨੀ ਅਤੇ ਮਜਦੂਰ ਜਮਾਤ ਨੂੰ ਜਰੂਰੀ ਲੋੜਾਂ ਦਾ ਸਮਾਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ,ਤਾਂ ਕਿ ਭੁੱਖੇ ਢਿੱਡ ਰਹਿ ਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਅਪਣੀ ਹੋਂਦ ਦੀ ਲੜਾਈ ਵਿੱਚ ਹੌਸਲਾ ਨਾ ਹਾਰ ਜਾਣ।ਉਹਨਾਂ ਦਾ ਇਹ ਕਦਮ ਕੋਈ ਅਲੋਕਾਰ ਕਦਮ ਨਹੀ ਸੀ,ਬਲਕਿ ਅਜਿਹੀ ਸੇਵਾ ਵਾਲੇ ਕਾਰਜ ਤਾਂ ਉਹਨਾਂ ਦੀ ਸੰਸਥਾ ਪਿਛਲੇ ਵੀਹ ਸਾਲਾਂ ਤੋ ਲਗਾਤਾਰ ਕਰਦੀ ਆ ਰਹੀ ਹੈ,ਇਸ ਸਬੰਧੀ ਉੱਪਰ ਦੱਸਿਆ ਵੀ ਜਾ ਚੁੱਕਾ ਹੈ ਕਿ ਕਿੱਥੇ ਅਤੇ ਕਦੋ ਇਸ ਸੰਸਥਾ ਨੇ ਬਿਪਤਾ ਮਾਰੇ ਲੋਕਾਂ ਲਈ ਉਹਨਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਪਣਾ ਜਿਕਰਯੋਗ ਫਰਜ ਅਦਾ ਕੀਤਾ ਹੈ। ਖਾਲਸਾ ਏਡ ਨੇ ਵਰ੍ਹਦੀਆਂ ਗੋਲੀਆਂ ਵਿੱਚ ਵੀ ਅਪਣੇ ਫਰਜਾਂ ਤੋ ਪਾਸਾ ਨਹੀ ਵੱਟਿਆ,ਬਲਕਿ ਪੂਰੇ ਹੌਸਲੇ ਅਤੇ ਸਿੱਦਤ ਨਾਲ ਅਪਣੀ ਜੁੰਮੇਵਾਰੀ  ਨੂੰ ਬਾਖੁਵੀ ਨਿਭਾਇਆ ਹੈ।ਇਹ ਸਾਰਾ ਕੁੱਝ ਜਾਣਦੇ ਹੋਏ ਵੀ ਖਾਲਸਾ ਏਡ ਨੂੰ ਨਿਸਾਨਾ ਬਨਾਉਣ ਤੋ ਸਪੱਸਟ ਹੁੰਦਾ ਹੈ ਕਿ ਕਿਸਤਰਾਂ ਇਹ ਮੁਤੱਸਬੀ ਹਕੂਮਤਾਂ ਅਤੇ ਭਾਰਤੀ ਸ੍ਰਮਾਏਦਾਰ ਜਮਾਤ ਦੇ ਜਰ-ਖਰੀਦ ਚੈਨਲ ਘੱਟ ਗਿਣਤੀਆਂ ਪ੍ਰਤੀ ਖਾਸ ਕਰਕੇ ਉਸ ਘੱਟ ਗਿਣਤੀ ਪ੍ਰਤੀ ਮੰਦ ਭਾਵਨਾ ਰੱਖਦੇ ਹਨ ਅਤੇ ਅਪਣੇ ਮਨਾਂ ਵਿੱਚ ਨਫਰਤ ਪਾਲ਼ੀ ਬੈਠੇ ਹਨ,ਜਿਹੜੀ ਕੌਂਮ ਮੁਲਕ ਦੀ ਕੁੱਲ ਅਬਾਦੀ ਦਾ ਦੋ ਪ੍ਰਤੀਸਤ ਹੋਣ ਦੇ ਬਾਵਜੂਦ ਵੀ ਪੂਰੀ ਦੁਨੀਆਂ ਦੇ ਲੋੜਵੰਦਾਂ ਦੀਆਂ ਲੋੜਾਂ ਬਗੈਰ ਕਿਸੇ ਨਸਲ ਰੰਗ ਦਾ ਭੇਦ ਜਾਣਿਆਂ ਪੂਰੀਆਂ ਕਰਨ ਦੀ ਇੱਛਾ ਰੱਖਦੀ ਹੈ।

ਇਹ ਕਹਿਣਾ ਵੀ  ਗਲਤ ਨਹੀ ਹੋਵੇਗਾ ਕਿ ਅਜਿਹੀ ਸੰਕੀਰਨ ਤੇ ਈਰਖਾਲੂ ਸੋਚ ਵਾਲੇ ਚੈਨਲਾਂ ਦੀ ਬਦੌਲਤ ਹੀ ਹੁਣ ਤੱਕ ਸਿੱਖਾਂ ਨੂੰ ਹਊਆ ਬਣਾ ਕੇ ਦੇਸ਼ ਦੀ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਰਿਹਾ ਹੈ,ਜਿਸ ਕਰਕੇ ਸਮੁੱਚਾ ਦੇਸ਼ ਉੱਚੇ ਆਦਰਸ਼ਾਂ ਵਾਲੀ ਸਿੱਖ ਕੌਂਮ ਨੂੰ ਨਫਰਤ ਅਤੇ ਬੇਰਹਿਮ ਨਜਰਾਂ ਨਾਲ ਦੇਖਦਾ ਰਿਹਾ ਹੈ।ਹੁਣ ਸ਼ੋਸ਼ਲ ਮੀਡੀਏ ਦਾ ਜਮਾਨਾ ਹੈ,ਇਸ ਕਰਕੇ ਲੋਕਾਂ ਨੂੰ ਅਸਲ ਸਚਾਈ ਪਤਾ ਲੱਗ ਚੁੱਕੀ ਹੈ।ਹੁਣ ਹਾਲਾਤ ਬਦਲ ਗਏ ਹਨ,ਕਿਉਕਿ ਪਹਿਲੀ ਗੱਲ ਤਾਂ ਇਹ ਹੈ ਕਿ ਖਾਲਸਾ ਏਡ ਤੇ ਇੱਕ ਵੀ ਅਜਿਹਾ ਦੋਸ਼ ਨਹੀ ਲੱਗ ਸਕਦਾ ਕਿ ਉਹ ਮਦਦ ਕਰਨ ਸਮੇ ਰੰਗ ਨਸਲ ਦਾ ਭੇਦ ਰੱਖਦੇ ਹੋਣ,ਦੂਜਾ ਉਹਨਾਂ ਦੇ ਧਰਮ ਕਾਰਜਾਂ ਨੂੰ ਹੁਣ ਪੂਰੀ ਦੁਨੀਆਂ ਦੇ ਲੋਕ ਸਲਾਮਾਂ ਕਰਦੇ ਹਨ। ਅਜੇ ਕੁੱਝ ਦਿਨਾਂ ਦੀ ਹੀ ਗੱਲ ਹੈ ਜਦੋ ਬਰਤਾਨੀਆਂ ਦੀ ਹਕੂਮਤ ਦੇ ਟਰਾਂਸਪੋਰਟ ਵਿਭਾਗ ਨੇ ਖਾਲਸਾ ਏਡ ਨੂੰ ਪੱਤਰ ਲਿਖ ਕੇ ਯੂ ਕੇ ਅਤੇ ਫਰਾਂਸ ਦੀ ਸਰਹੱਦ ਤੇ ਫਸੇ ਹਜਾਰਾਂ  ਯੋਰਪੀਅਨ ਟਰੱਕ ਡਰਾਇਵਰਾਂ ਦੀ ਮਦਦ ਕਰਨ ਬਦਲੇ ਉਹਨਾਂ ਦੀ ਸਲਾਘਾ ਕੀਤੀ ਹੈ। ਸੋ ਕਹਿਣ ਤੋ ਭਾਵ ਹੈ ਕਿ ਜਿਸ ਸੰਸਥਾ ਦੇ ਸ਼ੁਭ ਕਾਰਜਾਂ ਦੇ ਡੰਕੇ ਭਾਰਤ ਸਮੇਤ ਪੂਰੀ ਦੂਨੀਆਂ ਵਿੱਚ ਵੱਜਦੇ ਹੋਣ, ਉਸ ਸੰਸਥਾ ਅਤੇ ਸੰਸਥਾ ਦੇ ਮੁਖੀ ਸਿਰਦਾਰ ਰਵੀ ਸਿੰਘ ਖਾਲਸਾ ਤੇ ਭਾਰਤੀ ਮੀਡੀਆ ਝੂਠੇ ਨਸਲੀ ਵਿਤਕਰਿਆਂ ਦੇ ਦੋਸ਼ ਲਾਵੇ ਅਤੇ ਅੱਤਵਾਦੀ,ਵੱਖਵਾਦੀ ਵਰਗੇ ਲਕਵ ਉਸ ਸ਼ਖਸ਼ ਲਈ ਵਰਤੇ ਜਾਣ ਜਿਸ ਤੋ ਸਰਬਤ ਦੇ ਭਲੇ ਦੀ ਜਾਂਚ ਦੁਨੀਆ ਦੇ ਲੋਕ ਸਿੱਖਣਾ ਚਾਹੁੰਦੇ ਹੋਣ ਤਾਂ ਅਜਿਹੇ ਮੀਡੀਏ ਦੀ ਜਿੱਥੇ ਸਖਤ ਤੋ ਸਖਤ ਸਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਹੈ,ਓਥੇ ਆਪਸੀ ਭਾਈਚਾਰਕ ਸਾਂਝਾਂ ਦੇ ਦੁਸ਼ਮਣ ਅਤੇ ਨਫਰਤ ਦੇ ਭਾਬੜ ਬਾਲ ਕੇ ਅੱਗ ਸੇਕਣ ਦੇ ਚਾਹਵਾਨ, ਸਰਮਾਏਦਾਰ ਜਮਾਤ ਦੇ ਜ਼ਰਖਰੀਦ ਅਜਿਹੇ ਚੈਨਲਾਂ ਦਾ ਸਮਾਜਿਕ ਬਾਈਕਾਟ ਵੀ ਕਰਨਾ ਚਾਹੀਦਾ ਹੈ,ਜਿਹੜੇ ਚੰਦ ਛਿੱਲੜਾਂ ਬਦਲੇ ਮਾਨਵਤਾ ਦਾ ਘਾਣ ਕਰਦੇ ਹਨ।ਸੋ ਅਜਿਹੇ ਜਹਿਰੀਲੇ ਚੈਨਲਾਂ ਨੂੰ ਦੇਖਣਾ ਬੰਦ ਕਰ ਦਣਾ ਚਾਹੀਦਾ ਹੈ ਅਤੇ ਇਲਾਕਾਈ ਚੈਨਲਾਂ,ਅਖਬਾਰਾਂ ਅਤੇ ਯੂ ਟਿਊਬ ਚੈਨਲਾਂ ਨੂੰ ਵੱਧ ਤੋ ਵੱਧ ਦੇਖਿਆ ਜਾਣਾ ਚਾਹੀਦਾ ਹੈ, ਤਾਂ ਕਿ ਭਵਿੱਖ ਚ ਕੋਈ ਗੋਦੀ ਚੈਨਲ ਲੋਕ ਏਕਤਾ ਨੂੰ ਢਾਹ ਲਾਉਣ ਵਾਲੀ ਫਿਰਕੂ ਜਹਿਰ ਫੈਲਾਉਣ ਦੇ ਕਾਬਲ ਹੀ ਨਾ ਹੋ ਸਕੇ।

Install Punjabi Akhbar App

Install
×