ਬੇਅਦਬੀ ਕਰਵਾਉਣਾ ਬਾਦਲਾਂ ਦਾ ਤੌਰ ਤਰੀਕਾ ਬਹੁਤ ਪੁਰਾਣਾ- ਰਵੀਇੰਦਰ

  • ਲੋਕ ਬਾਦਲ ਟੱਬਰ ਦਾ ਹਮੇਸ਼ਾ ਲਈ ਭਾਂਡਾ ਤਿਆਗ ਦੇਣ- ਸਾਬਕਾ ਸਪੀਕਰ

Ravi-Inder-Singh-SAD-1920-Cha

ਬਠਿੰਡਾ/ 29 ਅਕਤੂਬਰ/  — ਵੋਟਾਂ ਲਈ ਬੇਅਦਬੀ ਕਰਵਾਉਣਾ ਬਾਦਲਾਂ ਦਾ ਤੌਰ ਤਰੀਕਾ ਬਹੁਤ ਪੁਰਾਣਾ ਹੈ, ਇਸ ਲਈ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਦੁਨਿਆਵੀ ਅਦਾਲਤਾਂ ਤੋਂ ਸਜ਼ਾ ਦਿਵਾਉਣ ਦੀ ਜੱਦੋ-ਜਹਿਦ ਕਰਨ ਤੋਂ ਇਲਾਵਾ ਉਹ ਇਸ ਟੱਬਰ ਦਾ ਹਮੇਸ਼ਾ ਲਈ ਭਾਂਡਾ ਵੀ ਤਿਆਗ ਦੇਣ। ਇਹ ਸੱਦਾ ਅਖੰਡ ਅਕਾਲੀ ਦਲ ਦੇ ਪ੍ਰਧਾਨ ਸ੍ਰ: ਰਵੀਇੰਦਰ ਸਿੰਘ ਨੇ ਦਿੱਤਾ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਦੀ ਮੌਜੂਦਗੀ ਵਿਚ ਸਥਾਨਕ ਪ੍ਰੈੱਸ ਕਲੱਬ ‘ਚ ਇੱਕ ਪੱਤਰਕਾਰ ਵਾਰਤਾ ਦੌਰਾਨ ਵੈਟਰਨ ਅਕਾਲੀ ਲੀਡਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬੇਅਦਬੀ ਉਦੋਂ ਹੋਈ ਸੀ, ਜਦ 1977 ਵਿਚ ਦੂਜੀ ਵਾਰ ਮੁੱਖ ਮੰਤਰੀ ਬਣਨ ਉਪਰੰਤ ਸ੍ਰ: ਬਾਦਲ ਦੀ ਹਕੂਮਤ ਨੇ ਪਿੰਡ ਸਰਾਏ ਨਾਗਾ ਵਿਖੇ ਇੱਕ ਮਮੂਲੀ ਝਗੜੇ ਦੇ ਚੱਲਦਿਆਂ ਨਿਹੰਗ ਸਿੰਘਾਂ ਨੂੰ ਪਾਵਨ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਘਰ ਵਿਖੇ ਗੋਲੀਆਂ ਨਾਲ ਛਲਨੀ ਕੀਤਾ ਸੀ।

ਇੱਕ ਬੇਲਦਾਰ ਤੋਂ ਅਧਿਆਤਮਕ ਆਗੂ ਬਣੇ ਪਿਆਰਾ ਸਿੰਘ ਭਨਿਆਰੇਵਾਲਾ ਦਾ ਹਵਾਲਾ ਦਿੰਦਿਆਂ ਰਵੀਇੰਦਰ ਨੇ ਦੱਸਿਆ ਕਿ ਆਪਣੇ ਇੱਕ ਕਰੀਬੀ ਡੀ ਆਈ ਜੀ ਦੀ ਮਦਦ ਨਾਲ ਸੀਨੀਅਰ ਬਾਦਲ ਨੇ 1997 ਵਿਚ ਤੀਜੀ ਵਾਰ ਮੁੱਖ ਮੰਤਰੀ ਬਣਨ ਉਪਰੰਤ ਉਸਨੂੰ ਇਸ ਲਈ ਉਭਾਰਿਆ ਸੀ, ਤਾਂ ਕਿ ਉਸ ਜ਼ਰੀਏ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਉਨ੍ਹਾਂ ਦਿਨਾਂ ‘ਚ ਮੋਰਿੰਡਾ ਲਾਗੇ ਰਤਨਗੜ੍ਹ ਤੇ ਘੜੂੰਆਂ ਵਰਗੇ ਪੰਜ ਪਿੰਡਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਲੇਕਿਨ ਮਾਹੌਲ ਦੇ ਖ਼ਰਾਬ ਹੋਣ ਦੇ ਡਰ ਕਾਰਨ ਸਥਾਨਕ ਲੋਕਾਂ ਨੇ ਅੰਦੋਲਨ ਕਰਨ ਦੀ ਬਜਾਏ ਸਿਰਫ਼ ਅਰਦਾਸ ਤੱਕ ਸੀਮਤ ਰਹਿਣਾ ਹੀ ਮੁਨਾਸਬ ਸਮਝਿਆ।

ਸਾਬਕਾ ਸਪੀਕਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਬਾਈਕਾਟ ਦੇ ਫ਼ੈਸਲੇ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਤੇ ਉਸਦਾ ਪਰਿਵਾਰ ਵੋਟਾਂ ਹਾਸਲ ਕਰਨ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਸਾਹਮਣੇ ਨਤਮਸਤਕ ਹੀ ਨਹੀਂ ਹੁੰਦਾ ਰਿਹਾ, ਬਲਕਿ ਸਿੰਘ ਸਾਹਿਬਾਨ ਜ਼ਰੀਏ ਉਸਨੂੰ ਬਿਨ ਮੰਗਿਆਂ ਮੁਆਫ਼ੀ ਵੀ ਦੁਆ ਦਿੱਤੀ ਸੀ। ਇੱਥੇ ਹੀ ਬੱਸ ਨਹੀਂ ਜਦ ਸਿੱਖ ਪੰਥ ਨੇ ਅਜਿਹੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਤਾਂ ਉਸਨੂੰ ਪ੍ਰਵਾਨ ਕਰਵਾਉਣ ਵਾਸਤੇ ਗੁਰੂ ਕੀ ਗੋਲਕ ਚੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਅਖ਼ਬਾਰਾਂ ਦੇ ਨਾਂ ਜਾਰੀ ਕਰਵਾ ਦਿੱਤੇ।

ਇਹ ਸਪਸ਼ਟ ਹੋਣ ਦੇ ਬਾਵਜੂਦ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੋ ਘਟਨਾਕ੍ਰਮ ਵਾਪਰਿਆ ਹੈ, ਉਸ ਵਿਚ ਸਿਰਸੇ ਵਾਲਿਆਂ ਦੀ ਸਰਗਰਮ ਭੂਮਿਕਾ ਸੀ, ਬਾਦਲ ਬਾਪ ਬੇਟੇ ਨੇ ਕਿਸੇ ਵੀ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨੀ ਮੁਨਾਸਬ ਨਾ ਸਮਝੀ। ਉਲਟਾ ਹੋਇਆ ਇਹ ਕਿ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਹੀ ਕਹਿਰਾਂ ਦਾ ਤਸ਼ੱਦਦ ਝੱਲਣਾ ਪਿਆ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਦੋ ਜਣੇ ਮਾਰੇ ਗਏ। ਏਨਾ ਕੁੱਝ ਵਾਪਰਨ ਦੇ ਬਾਵਜੂਦ ਵੀ ਬਾਦਲ ਪਰਿਵਾਰ ਦੇ ਕੰਨ ਤੇ ਜੂੰ ਨਾ ਸਰਕੀ।

ਵੱਖ ਵੱਖ ਟਕਸਾਲੀ ਆਗੂਆਂ ਵੱਲੋਂ ਅਹੁਦਿਆਂ ਤੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਰਵੀਇੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਬਾਦਲ ਉੱਪਰ ਅਥਾਹ ਮਾਣ ਸੀ, ਲੇਕਿਨ ਗਿ: ਗੁਰਮੁਖ ਸਿੰਘ ਦੇ ਪ੍ਰਗਟਾਵਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਜਦ ਸਭ ਕੁੱਝ ਬੇਨਕਾਬ ਕਰਕੇ ਰੱਖ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਬਾਦਲ ਪਰਿਵਾਰ ਨਾਲੋਂ ਅਲਹਿਦਾ ਕਰਨਾ ਸ਼ੁਰੂ ਕਰ ਦਿੱਤਾ। ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵੱਲੋਂ ਸਜ਼ਾ ਦੀ ਕੀਤੀ ਜਾ ਰਹੀ ਮੰਗ ਨੂੰ ਨਾ ਕਾਫ਼ੀ ਸਮਝਦਿਆਂ ਸ੍ਰੀ ਰਵੀਇੰਦਰ ਨੇ ਕਿਹਾ ਕਿ ਅਦਾਲਤੀ ਸਜ਼ਾਵਾਂ ਦੀ ਮੰਗ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਉਸ ਬਾਦਲ ਪਰਿਵਾਰ ਦਾ ਹਮੇਸ਼ਾ ਲਈ ਭਾਂਡਾ ਤਿਆਗ ਦੇਣ, ਜਿਸਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਹੈ। ਇਸ ਮੌਕੇ ਪਰਗਟ ਸਿੰਘ ਭੋਡੀਪੁਰਾ ਤੇ ਤੇਜਿੰਦਰ ਸਿੰਘ ਪੰਨੂ ਵੀ ਮੌਜੂਦ ਸਨ।

(ਬਲਵਿੰਦਰ ਸਿੰਘ ਭੁੱਲਰ)

+91 98882-75913

Welcome to Punjabi Akhbar

Install Punjabi Akhbar
×
Enable Notifications    OK No thanks