ਮਾਮਲਾ ਹੈਦਰਾਬਾਦ ਵਿਚ ਡਾ ਪ੍ਰਿਅੰਕਾ ਰੈਡੀ ਨੂੰ ਹਵਸ ਦਾ ਸ਼ਿਕਾਰ ਬਣਾਏ ਜਾਣ ਤੋਂ ਬਾਅਦ ਜਿੰਦਾ ਜਲਾਏ ਜਾਣ ਦਾ

ਜਿੰਨੀ ਦੇਰ ਬਲਾਤਕਾਰ ਵਰਗੇ ਜੁਰਮਾਂ ਦਾ ਵਿਰੋਧ ਜਿਤਾਉਣ ਤੋਂ ਪਹਿਲਾਂ ਰੰਗ ਨਸਲ ਪਛਾਣੇ ਜਾਣ ਦੀ ਪ੍ਰਵਿਰਤੀ ਖ਼ਤਮ ਨਹੀਂ ਹੁੰਦੀ, ਓਨੀ ਦੇਰ ਇਹ ਵਹਿਸ਼ੀ ਕਾਰੇ ਬੰਦ ਹੋਣੇ ਅਸੰਭਵ ਹੋਣਗੇ૴..

ਜਿਸ ਮੁਲਕ ਦੀ ਸੰਸਕ੍ਰਿਤੀ ਵਿਚ ਔਰਤ ਨੂੰ ਮਹਿਜ਼ ਮਨੋਰੰਜਨ ਦੀ ਵਸਤੂ ਤੋਂ ਵੱਧ ਕੁੱਝ ਵੀ ਨਾ ਸਮਝਿਆ ਜਾਂਦਾ ਹੋਵੇ, ਓਥੇ ਹੈਦਰਾਬਾਦ ਵਰਗੀਆਂ ਗੈਰ ਮਨੁੱਖੀ ਘਟਨਾਵਾਂ ਦਾ ਵਾਪਰਨਾ ਸੁਭਾਵਿਕ ਹੈ। ਇਹ ਵਰਤਾਰਾ ਸਿੱਧ ਕਰਦਾ ਹੈ ਕਿ ਭਾਰਤ ਜਿਸ ਰਸਤੇ ਤੇ ਤੁਰਿਆ ਹੋਇਆ ਹੈ, ਉਹ ਰਾਮ ਰਾਜ ਵੱਲ ਨਹੀਂ ਜੰਗਲ ਰਾਜ ਵੱਲ ਜਾਂਦਾ ਹੈ। ਭਾਰਤ ਨੂੰ ਅਜਿਹੇ ਅਖੌਤੀ ਰਾਮ ਰਾਜ ਬਣਾਉਣ ਦਾ ਰਾਮ ਰੌਲਾ ਪਾਇਆ ਜਾ ਰਿਹਾ ਹੈ, ਜਿਸ ਦੀ ਤਸਵੀਰ ਆਏ ਦਿਨ ਸਪਸ਼ਟ ਹੁੰਦੀ ਜਾ ਰਹੀ ਹੈ, ਕਿ ਇਹ ਸੱਚਮੁੱਚ ਉਹ ਰਾਜ ਹੋਵੇਗਾ, ਜਿਹੜਾ ਹਜ਼ਾਰਾਂ ਸਾਲ ਪਹਿਲਾਂ ਮਨੁੱਖਾ ਜਾਤੀ ਨੂੰ ਊਚ ਨੀਚ, ਛੂਆ ਛੂਤ ਦਾ ਗ੍ਰਹਿਣ ਲਾਉਣ ਵਾਲੇ ਮੰਨੂ ਨੇ ਚਿਤਵਿਆ ਸੀ। ਇਹ ਉਹਦੀ ਵਰਣਵੰਡ ਦਾ ਹੀ ਨਤੀਜਾ ਹੈ ਕਿ ਮੁਲਕ ਅੰਦਰ ਪਸ਼ੂਆਂ ਦੀ ਰੱਖਿਆ ਲਈ ਤਾਂ ਸਖ਼ਤ ਕਾਨੂੰਨ ਬਣ ਸਕਦੇ ਹਨ, ਪਰ ਔਰਤਾਂ ਤੇ ਹੁੰਦੇ ਜਿਣਸੀ ਛੇੜਛਾੜ ਤੋਂ ਵੀ ਅੱਗੇ ਦਿਲ ਕੰਬਾਊ ਵਹਿਸ਼ੀ ਹਮਲਿਆਂ ਨੂੰ ਰੋਕਣ ਲਈ ਦੇਸ਼ ਦਾ ਕਾਨੂੰਨ ਸਮਰੱਥ ਨਹੀਂ ਬਣ ਸਕਿਆ। ਪਸ਼ੂਆਂ ਖ਼ਾਤਰ ਲੜਾਈਆਂ, ਝਗੜੇ, ਦੰਗੇ ਫ਼ਸਾਦ ਕਰਵਾਏ ਜਾ ਸਕਦੇ ਹਨ, ਸਰਕਾਰ ਪਸ਼ੂ ਰੱਖਿਆ ਦਾ ਕਾਨੂੰਨ ਪਾਸ ਕਰਕੇ ਪਸ਼ੂਆਂ ਦੀ ਮਰਨ ਦਰ ਤੇ ਵਿਰਾਮ ਚਿੰਨ੍ਹ ਲਾ ਸਕਦੀ ਹੈ, ਪਰੰਤੂ ਜੱਗ ਜਨਨੀ ਨਾਲ ਹੁੰਦਾ ਵਰਤਾਰਾ ਰੋਕਣਾ ਸ਼ਾਇਦ ਰਾਮ ਰਾਜੀ ਹਕੂਮਤਾਂ ਦੇ ਵਿਧਾਨ ਵਿਚ ਸ਼ਾਮਿਲ ਹੀ ਨਹੀਂ ਹੈ, ਕਿਉਂਕਿ ਜਿੱਥੋਂ ਦੇ ਸ਼ਾਸਤਰ ਔਰਤ ਨੂੰ ਪੈਰ ਦੀ ਜੁੱਤੀ, ਤੇ ਭੋਗ ਵਿਲਾਸ ਦੀ ਵਸਤੂ ਤੋ ਵੱਧ ਕੁੱਝ ਨਾ ਸਮਝਦੇ ਹੋਣ, ਅਤੇ ਹਕੂਮਤ ਵੀ ਅਜਿਹੇ ਸ਼ਾਸਤਰ ਪੂਜਕਾਂ ਦੀ ਹੋਵੇ, ਓਥੇ ਅਜਿਹੀਆਂ ਘਟਨਾਵਾਂ ਤੋ ਇਲਾਵਾ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਗਊ ਰੱਖਿਆ ਦੇ ਨਾਮ ਤੇ ਸਰਕਾਰ ਨੇ ਹਰ ਚੀਜ਼ ਤੇ ਟੈਕਸ ਲਾਏ ਹੋਏ ਹਨ, ਗਊ ਰੱਖਿਆ ਲਈ ਜਿੱਥੇ ਸਰਕਾਰ ਪੱਬਾਂ ਭਾਰ ਹੈ, ਓਥੇ ਦੇਸ਼ ਅੰਦਰ ਕਿੰਨੇ ਹੀ ਗਊ ਰੱਖਿਅਕ ਦਲ ਬਣੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਿਲ ਹੈ, ਪਰੰਤੂ ਇਹ ਕਿੰਨਾ ਸ਼ਰਮਨਾਕ ਹੈ ਕਿ ਦੇਸ਼ ਅੰਦਰ ਦੋ ਸਾਲ ਦੀ ਬੱਚੀ ਤੋ ਲੈ ਕੇ 8 ਸਾਲ ਦੀਆਂ ਬੱਚੀਆਂ ਬਲਾਤਕਾਰ ਵਰਗੇ ਵਹਿਸ਼ੀ ਜੁਰਮ ਦਾ ਸ਼ਰੇਆਮ ਸ਼ਿਕਾਰ ਹੋ ਰਹੀਆਂ ਹਨ, ਅਜਿਹੇ ਘਿਣਾਉਣੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ ਦਿਲਚਸਪੀ ਨਹੀਂ ਲੈਂਦੀ।
ਮੁਟਿਆਰ ਕੁੜੀਆਂ ਦੇਸ਼ ਅੰਦਰ ਅਸੁਰੱਖਿਅਤ ਮਹਿਸੂਸ ਹੀ ਨਹੀਂ ਕਰ ਰਹੀਆਂ, ਬਲਕਿ ਉਨ੍ਹਾਂ ਦੀ ਅਸੁਰੱਖਿਅਤ ਮਨੋ-ਦਸ਼ਾ ਨਾਲ ਆਏ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿਚ ਇਹ ਜੁਰਮ ਦਰ ਘਟਣ ਦਾ ਨਾਮ ਨਹੀਂ ਲੈ ਰਹੀ, ਸਕੂਲੀ ਵਿਦਿਆਰਥਣਾਂ ਤੋ ਲੈ ਕੇ ਡਾਕਟਰ ਅਤੇ ਫ਼ੌਜੀ ਅਫ਼ਸਰ ਬੀਬੀਆਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ, ਪਰ ਇਸ ਦੇ ਬਾਵਜੂਦ ਸੁਣਵਾਈ ਕਿਧਰੇ ਵੀ ਨਹੀਂ ਹੈ। ਅਜੇ ਕੁੱਝ ਦਿਨ ਪਹਿਲਾਂ ਭਾਰਤੀ ਨੀਮ ਫ਼ੌਜ ਆਈ ਟੀ ਬੀ ਪੀ ਦੀ ਇੱਕ ਡਾਕਟਰ ਬੀਬੀ ਨੇ ਜਿਣਸ਼ੀ ਸ਼ੋਸ਼ਣ ਤੋਂ ਪਰੇਸ਼ਾਨ ਹੋ ਕੇ ਆਪਣੀ ਫ਼ੌਜ ਦੀ ਅਫ਼ਸਰੀ ਨੂੰ ਲੱਤ ਮਾਰ ਦਿੱਤੀ ਹੈ ਅਤੇ ਕੂਕ ਕੂਕ ਕੇ ਆਪਣੀ ਦਰਦ ਕਹਾਣੀ ਬਿਆਨ ਕਰਦੀ ਸੋਸ਼ਲ ਮੀਡੀਏ ਤੇ ਦੇਖੀ ਸੁਣੀ ਜਾ ਸਕਦੀ ਹੈ। ਔਰਤਾਂ ਦੇ ਜਿਣਸੀ ਜ਼ੁਲਮਾਂ ਦੇ ਜੋ ਮਾਮਲੇ ਵੱਧ ਚਰਚਾ ਵਿਚ ਰਹੇ ਹਨ, ਉਨ੍ਹਾਂ ਚੋ ਕੁੱਝ ਇੱਕ ਹੀ ਹੇਠਾਂ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿਚ ਜੁਲਾਈ 1997 ਵਿਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਕਸਬੇ ਦੀ ਕਿਰਨਜੀਤ ਕੌਰ ਨਾਲ ਸਮੂਹਿਕ ਬਲਾਤਕਾਰ, 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ਚ ਬੀਬੀ ਨਿਰਭੇਆ ਨਾਲ ਸਮੂਹਿਕ ਬਲਾਤਕਾਰ, 16 ਅਪ੍ਰੈਲ 2018 ਨੂੰ ਕਸ਼ਮੀਰ ਦੀ ਅੱਠ ਸਾਲਾ ਬੱਚੀ ਆਸਿਫਾ ਨਾਲ ਕਠੂਆ ਦੇ ਮੰਦਰ ਚ ਸਮੂਹਿਕ ਬਲਾਤਕਾਰ, 5 ਨਵੰਬਰ 2017 ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਚ ਇੱਕ ਢਾਈ ਸਾਲਾ ਬੱਚੀ ਪੁੰਨਿਆ ਪ੍ਰਿਆ ਮਿੱਤਰਾ ਨਾਲ ਬਲਾਤਕਾਰ, 1 ਨਵੰਬਰ 2019 ਨੂੰ ਮੱਧ ਪ੍ਰਦੇਸ ਦੇ ਭੋਪਾਲ ਚ ਹਨਿੰਦਰਾ ਸ਼ਰਮਾ ਨਾਲ ਸਮੂਹਿਕ ਬਲਾਤਕਾਰ ਅਤੇ ਹੁਣ ਹੈਦਰਾਬਾਦ ਚ ਇੱਕ ਅਭਾਗੀ ਵੈਟਰਨਰੀ ਡਾਕਟਰ ਪ੍ਰਿਅੰਕਾ ਰੈਡੀ ਦਾ ਦਿਲ ਦਹਿਲਾ ਦੇਣ ਵਾਲਾ ਸਮੂਹਿਕ ਬਲਾਤਕਾਰ ਤੇ ਵਹਿਸ਼ੀਆਨਾ ਕਤਲ ਇਹ ਦਰਸਾਉਂਦਾ ਹੈ ਕਿ ਭਾਰਤ ਦੇਸ਼ ਔਰਤਾਂ ਲਈ ਸੁਰੱਖਿਅਤ ਨਹੀਂ ਰਿਹਾ।
(ਉੱਪਰ ਦਿੱਤੀ ਗਈ ਬਲਾਤਕਾਰ ਦੇ ਕੇਸਾਂ ਦੀ ਤੁੱਛ ਕੁ ਮਾਮਲਿਆਂ ਦੀ ਸੂਚੀ ਸਿਰਫ਼ ਇਸ ਪ੍ਰਵਿਰਤੀ ਵੱਲ ਇਸ਼ਾਰਾ ਮਾਤਰ ਹੈ, ਕਿਉਂਕਿ ਜਿਸ ਦੇਸ਼ ਅੰਦਰ ਹਰ ਦੋ ਘੰਟੇ ਬਾਅਦ ਬਲਾਤਕਾਰ ਦੀ ਘਟਨਾ ਵਾਪਰਦੀ ਹੋਵੇ, ਜਿੱਥੇ ਕੁੱਝ ਮਹੀਨਿਆਂ ਦੀਆਂ ਬੱਚੀਆਂ ਇਸ ਹੈਵਾਨੀਅਤ ਭਰੀ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਹੋਣ, ਓਥੇ ਗਿਣਤੀ ਕਰਨੀ ਕਿਵੇਂ ਸੰਭਵ ਹੋ ਸਕਦੀ ਹੈ)
ਭਾਰਤੀਆਂ ਲਈ ਬੇਹੱਦ ਸ਼ਰਮਨਾਕ ਗੱਲ ਇਹ ਹੈ ਕਿ ਜਦੋਂ ਤੁਸੀਂ ਬਲਾਤਕਾਰ ਸਬੰਧੀ ਗੂਗਲ ਤੇ ਸਰਚ ਕਰਦੇ ਹੋ ਤਾਂ ਇੱਕ ਦਮ ਹਜ਼ਾਰਾਂ ਪੀੜਤ ਅਭਾਗਣਾਂ ਇੱਕ ਇੱਕ ਨਾਮ ਦੀਆਂ ਹੀ ਸਾਹਮਣੇ ਆ ਜਾਂਦੀਆਂ ਹਨ, ਜਿਹੜੀਆਂ ਗੈਰ ਮਨੁੱਖੀ ਹਵਸ ਦਾ ਸ਼ਿਕਾਰ ਹੋ ਕੇ ਜਾਨਾਂ ਗੁਆ ਚੁੱਕੀਆਂ ਹਨ, ਜਿਸ ਨੂੰ ਦੇਖ ਕੇ ਜਾਪਦਾ ਹੈ ਕਿ ਇਸ ਮੁਲਕ ਅੰਦਰ ਇਨਸਾਨ ਨਹੀਂ ਹਬਸ਼ੀ ਭੇੜੀਏ ਰਹਿੰਦੇ ਹਨ ਤੇ ਰਾਜ ਕਰਨ ਵਾਲੇ ਇਨਸਾਨ ਨਹੀਂ ਸ਼ੈਤਾਨ ਹੀ ਹੋ ਸਕਦੇ ਹਨ। ਇਸ ਤੋਂ ਵੀ ਸ਼ਰਮਨਾਕ ਵਰਤਾਰਾ ਇਹ ਹੈ ਕਿ ਅਜਿਹੀਆਂ ਦਰਿੰਦਗੀ ਭਰੀਆਂ ਮੰਦ-ਭਾਗੀਆਂ ਘਟਨਾਵਾਂ ਨੂੰ ਸਾਡੇ ਅਖੌਤੀ ਸਭਿਅਕ ਸਮਾਜ ਵੱਲੋਂ ਰੰਗ ਨਸਲ ਨਾਲ ਮੇਲ ਕੇ ਦੇਖਿਆ ਜਾਂਦਾ ਹੈ। ਭਾਰਤ ਵਿਚ ਜਦੋਂ ਵੀ ਕੋਈ ਅਜਿਹੀ ਅਣਹੋਣੀ ਵਾਪਰਦੀ ਹੈ ਤਾਂ ਸਭ ਤੋ ਪਹਿਲਾਂ ਪੀੜਤ ਦੀ ਨਸਲ ਪਛਾਣੀ ਜਾਂਦੀ ਹੈ, ਧਰਮ ਜਾਣਿਆ ਜਾਂਦਾ ਹੈ, ਫਿਰ ਬਲਾਤਕਾਰੀਆਂ ਦੇ ਧਰਮ ਦਾ ਪਤਾ ਲਾਇਆ ਜਾਂਦਾ ਹੈ, ਉਸ ਹਿਸਾਬ ਨਾਲ ਹੀ ਉਸ ਦਾ ਵਿਰੋਧ ਜਿਤਾਇਆ ਜਾਂਦਾ ਹੈ। ਮਸਲਨ ਬਲਾਤਕਾਰ ਦਾ ਸ਼ਿਕਾਰ ਹੋਈ ਅਭਾਗਣ ਬੱਚੀ ਮੁਸਲਮਾਨ ਹੈ, ਤਾਂ ਰਲਵਾਂ ਮਿਲਵਾਂ ਪ੍ਰਤੀਕਰਮ ਆਏਗਾ। ਜੇਕਰ ਰਾਜਨੀਤੀ ਦੇ ਖੇਤਰ ਨੂੰ ਨਫ਼ਰਤ ਦਾ ਅਖਾੜਾ ਬਣਾ ਕੇ ਰਾਜਨੀਤਕ ਮਹਿਲਾਵਾਂ ਵੀ ਮਹਿਜ਼ ਰੰਗ ਨਸਲ ਕਰਕੇ ਬਲਾਤਕਾਰ ਵਰਗੇ ਨਾ-ਬਖਸ਼ਣਯੋਗ ਗੁਨਾਹ ਨੂੰ ਗੁਨਾਹ ਨਹੀਂ ਬਲਕਿ ਸਹੀ ਠਹਿਰਾਉਣ ਲੱਗ ਜਾਣ, (ਜਿਹਾ ਕਿ ਆਸਿਫਾ ਦੇ ਮਾਮਲੇ ਵਿਚ ਇੱਕ ਭਾਜਪਾ ਮਹਿਲਾ ਆਗੂ ਵੱਲੋਂ ਅਜਿਹਾ ਬੇਹੂਦਾ ਬਿਆਨ ਦਿੱਤਾ ਗਿਆ ਸੀ)ਫਿਰ ਓਥੇ ਔਰਤ ਤੇ ਹੁੰਦੇ ਜਿਣਸੀ ਹਮਲਿਆਂ ਦੀ ਦਰ ਚ ਕਮੀ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇਕਰ ਬੱਚੀ ਹਿੰਦੂ ਹੈ ਤੇ ਬਲਾਤਕਾਰੀ ਮੁਸਲਿਮ ਹੈ ਤਾਂ ਵਿਰੋਧ ਦੀ ਰੰਗਤ ਹੋਰ ਹੋਵੇਗੀ, ਜਦੋਂ ਕਿ ਹੋਣਾ ਇਹ ਚਾਹੀਦਾ ਹੈ ਕਿ ਇਹਨਾਂ ਗੈਰ ਮਨੁੱਖੀ ਜ਼ੁਲਮਾਂ ਖ਼ਿਲਾਫ਼ ਸਾਰੇ ਮੁਲਕ ਦੇ ਲੋਕ ਇੱਕ ਮੱਤ ਹੋਣ ਅਤੇ ਸਰਕਾਰਾਂ ਅਜਿਹੇ ਸਖ਼ਤ ਕਾਨੂੰਨ ਬਣਾਉਣ ਕਿ ਸ਼ੈਤਾਨ ਮਨੁੱਖ ਦੇ ਅੰਦਰਲੀ ਹਵਸ ਦੀ ਪ੍ਰਵਿਰਤੀ ਅੰਦਰ ਹੀ ਦਮ ਤੋੜ ਜਾਵੇ।
ਸੋ ਜਿੰਨੀ ਦੇਰ ਹੈਦਰਾਬਾਦ ਦੀ ਛੱਬੀ ਸਾਲਾ ਡਾਕਟਰ ਬੱਚੀ ਪ੍ਰਿਅੰਕਾ ਰੈਡੀ ਵਰਗੀਆਂ ਅਭਾਗਣ ਧੀਆਂ ਨਾਲ ਵਾਪਰੀਆਂ ਹੌਲਨਾਕ ਘਟਨਾਵਾਂ ਦਾ ਵਿਰੋਧ ਰੰਗ ਨਸਲ ਦੇ ਭੇਦ ਭਾਵ ਨਾਲ ਮਹਿਜ਼ ਮੋਮਬਤੀਆਂ ਜਲਾ ਕੇ ਖਾਨਾਪੂਰਤੀ ਬਣਦਾ ਰਹੇਗਾ, ਓਨੀ ਦੇਰ ਇਹ ਵਹਿਸ਼ੀ ਕਾਰੇ ਬੰਦ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਜਦੋਂ ਤੱਕ ਇਸ ਵਹਿਸ਼ੀ ਵਰਤਾਰੇ ਦੇ ਖ਼ਿਲਾਫ਼ ਲੋਕ ਲਹਿਰ ਨਹੀਂ ਬਣਦੀ ਓਨੀ ਦੇਰ ਨਾਂ ਹੀ ਹਕੂਮਤਾਂ ਦੇ ਕੰਨ ਤੇ ਜੂੰ ਸਰਕਣੀ ਹੈ ਅਤੇ ਨਾ ਹੀ ਬਲਾਤਕਾਰੀ ਭੇੜੀਆਂ ਦੀ ਦਰ ਚ ਕਮੀ ਆ ਸਕਦੀ ਹੈ। ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਨਸਲੀ ਭਿੰਨ ਭੇਦ ਤੋ ਉੱਪਰ ਉੱਠ ਕੇ ਲੋਕ ਏਕਤਾ ਨਾਲ ਵਿੱਢੇ ਫ਼ੈਸਲਾਕੁਨ ਸੰਘਰਸ਼ ਹੀ ਇੱਕੋ ਇੱਕ ਹੱਲ ਹੋ ਸਕਦੇ ਹਨ।