ਬਲਾਤਕਾਰ ਤੇ ਛੇੜਛਾੜ ਘਟਨਾਵਾਂ ਦੇ ਹੋ ਰਹੇ ਵਾਧੇ ਕਾਰਨ ਸ਼ਰਮ ਨਾਲ ਸਿਰ ਝੁਕ ਜਾਂਦੈ

balwinder singh bhullar 190707 Artical

ਪੰਜਾਬ ਦੀ ਧਰਤੀ ਤੇ ਹੋ ਰਹੇ ਅਪਰਾਧਾਂ ਦੇ ਵਾਧੇ, ਖ਼ਾਸ ਕਰਕੇ ਬਲਾਤਕਾਰ ਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ, ਜਿਸ ਨੂੰ ਪੜ੍ਹਦਿਆਂ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕਾਂ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਨਾ ਰਾਜ ਸਰਕਾਰ ਸੁਹਿਰਦ ਹੈ ਅਤੇ ਨਾ ਹੀ ਪੰਜਾਬ ਪੁਲਿਸ। ਇੱਥੇ ਹੀ ਬੱਸ ਨਹੀਂ ਅਦਾਲਤਾਂ ਵਿੱਚ ਹੋਇਆ ਮਹਿੰਗਾ ਇਨਸਾਫ਼ ਵੀ ਕੁੱਝ ਹੱਦ ਤੱਕ ਜ਼ੁੰਮੇਵਾਰ ਦਿਖਾਈ ਦਿੰਦਾ ਹੈ।

ਜੇਕਰ ਲੰਬੇ ਸਮੇਂ ਦੀ ਪੜਚੋਲ ਕਰਨ ਦੀ ਬਜਾਏ ਪਿਛਲੇ ਇੱਕ ਹਫ਼ਤੇ ਦੀਆਂ ਅਖ਼ਬਾਰਾਂ ਵਿੱਚ ਲੱਗੀਆਂ ਅਜਿਹੀਆਂ ਖ਼ਬਰਾਂ ਤੇ ਚਰਚਾ ਕੀਤੀ ਜਾਵੇ ਤਾਂ ਇੱਕ ਘਟਨਾ ਕਾਹਨੂੰਵਾਲ ਦੇ ਨਜ਼ਦੀਕ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਰਾਜਪੁਰਾ ਦੀ ਹੈ। ਇਸ ਪਿੰਡ ਦਾ ਜਨਕ ਸਿੰਘ ਨਸ਼ੇ ਦੀ ਹਾਲਤ ਵਿੱਚ ਆਪਣੀ ਨਾਬਾਲਗ ਪੁੱਤਰੀ ਨੂੰ ਕਰੀਬ ਦੋ ਮਹੀਨੇ ਤੋਂ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਬੀਤੇ ਦਿਨ ਲੜਕੀ ਨੇ ਇਨਕਾਰ ਕਰਦਿਆਂ ਰੌਲਾ ਪਾਇਆ ਤਾਂ ਮਾਮਲਾ ਗੁਆਂਢੀਆਂ ਦੇ ਧਿਆਨ ‘ਚ ਆਇਆ ਅਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ।

ਦੂਜੀ ਘਟਨਾ ਤਰਨਤਾਰਨ ਦੇ ਨਜ਼ਦੀਕ ਪਿੰਡ ਜਗਤਪੁਰ ਦੀ ਹੈ। ਇਸ ਪਿੰਡ ਦੇ ਤੀਹ ਸਾਲਾ ਨੌਜਵਾਨ ਲਖਵਿੰਦਰ ਸਿੰਘ ਲੱਖਾ ਨੇ ਗੁਆਂਢੀਆਂ ਦੀ ਨਬਾਲਗ ਮੰਦਬੁੱਧੀ ਲੜਕੀ ਨਾਲ ਉਸ ਵਕਤ ਜਬਰਜਨਾਹ ਕੀਤਾ, ਜਦ ਉਸਦੀ ਮਾਂ ਡਿਊਟੀ ਤੇ ਗਈ ਹੋਈ ਸੀ। ਘਟਨਾ ਵਾਪਰੀ ਨੂੰ ਇੱਕ ਹਫ਼ਤਾ ਹੋ ਗਿਆ, ਮੁਕੱਦਮਾ ਦਰਜ ਕਰਾਉਣ ਵਿੱਚ ਕਾਫ਼ੀ ਪਰੇਸ਼ਾਨੀ ਹੋਈ। ਤੀਜੀ ਘਟਨਾ ਜ਼ਿਲ੍ਹਾ ਮੁਕਤਸਰ ਦੀ ਹੈ, ਇਸ ਜ਼ਿਲ੍ਹੇ ਦੇ ਇੱਕ ਹੋਮਗਾਰਡ ਮੁਲਾਜ਼ਮ ਦੇ ਵੀਹ ਸਾਲ ਦੇ ਲੜਕੇ ਗੋਰਾ ਸਿੰਘ ਨੇ ੫ ਸਾਲਾਂ ਦੀ ਬੱਚੀ ਨੂੰ ਆਪਣੇ ਘਰ ਲਿਜਾ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਦਾ ਲੜਕਾ ਹੋਣ ਕਰਕੇ ਮੁਕੱਦਮਾ ਦਰਜ ਕਰਨ ਤੋਂ ਪੁਲਿਸ ਟਾਲ ਮਟੋਲ ਕਰਦੀ ਰਹੀ। ਲੋਕਾਂ ਨੇ ਪ੍ਰਦਰਸ਼ਨ ਕਰਕੇ ਮੁਕੱਦਮਾ ਦਰਜ ਕਰਵਾਇਆ।

ਚੌਥੀ ਘਟਨਾ ਜ਼ਿਲ੍ਹਾ ਬਠਿੰਡਾ ਦੀ ਮੰਡੀ ਭੁੱਚੋ ਮੰਡੀ ਦੀ ਹੈ। ਇੱਥੋਂ ਦਾ ਇੱਕ ਸਬਜ਼ੀ ਵਿਕਰੇਤਾ ਜਤਿੰਦਰ ਕੁਮਾਰ ਇੱਕ ਲੜਕੇ ਨਾਲ ਕਾਫ਼ੀ ਚਿਰ ਤੋਂ ਬਦਫੈਲੀ ਕਰਦਾ ਆ ਰਿਹਾ ਸੀ। ਉਸ ਨੇ ਲੜਕੇ ਦੀ ਇੱਕ ਅਸ਼ਲੀਲ ਵੀਡੀਓ ਬਣਾ ਲਈ ਅਤੇ ਫਿਰ ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਦਫੈਲੀ ਕਰਦਾ ਰਿਹਾ। ਜਤਿੰਦਰ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਅਤੇ ਗ੍ਰਿਫ਼ਤਾਰ ਕਰਵਾਉਣ ਲਈ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਪਈ।

ਇਹ ਚਾਰ ਘਟਨਾਵਾਂ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕਰਦੀਆਂ ਹਨ। ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਭਾਵੇਂ ਕਈ ਕਾਰਨ ਹਨ, ਪਰ ਸਭ ਤੋਂ ਵੱਡਾ ਕਾਰਨ ਪੁਲਿਸ ਦੀ ਅਣਗਹਿਲੀ ਜਾਂ ਵਿਭਾਗ ਵਿੱਚ ਫੈਲਿਆ ਭ੍ਰਿਸ਼ਟਾਚਾਰ ਹੈ, ਜਿਸ ਕਰਕੇ ਦੋਸ਼ੀਆਂ ਵਿਰੁੱਧ ਸਮੇਂ ਸਿਰ ਠੋਸ ਕਾਰਵਾਈ ਨਹੀਂ ਹੁੰਦੀ ਅਤੇ ਅਪਰਾਧੀਆਂ ਦਾ ਹੌਸਲਾ ਵਧਦਾ ਹੈ। ਇਸ ਗੱਲ ਨੂੰ ਨਸ਼ਿਆਂ ਸਬੰਧੀ ਹੋਏ ਇੱਕ ਜਨਤਕ ਇਕੱਠ ਵਿੱਚ ਸੱਚ ਤੇ ਪਹਿਰਾ ਦੇਣ ਵਾਲਾ ਇਮਾਨਦਾਰ ਅਫ਼ਸਰ ਸ੍ਰੀ ਸੰਦੀਪ ਗੋਇਲ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜਪੁਰ ਵੀ ਸਪਸ਼ਟ ਕਰ ਚੁੱਕਾ ਹੈ, ਜਿਨ੍ਹਾਂ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦੋਸ਼ੀਆਂ ਦਾ ਪੱਖ ਪੂਰਨ ਵਾਲੇ ਜਾਂ ਆਪਣੇ ਫ਼ਰਜ਼ਾਂ ਅਨੁਸਾਰ ਇਨਸਾਫ਼ ਨਾ ਦੇਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਲੀਆਂ ਭੇਡਾਂ ਕਹਿੰਦਿਆਂ ਟਕੋਰ ਕੀਤੀ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਰਾਜ ਸਰਕਾਰ ਵੀ ਇਹਨਾਂ ਮਾਮਲਿਆਂ ਵਿੱਚ ਸੁਹਿਰਦ ਦਿਖਾਈ ਨਹੀਂ ਦਿੰਦੀ। ਜੇਕਰ ਪੁਲਿਸ ਕਾਰਵਾਈ ਨਾ ਹੋਵੇ ਤਾਂ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਉੱਚ ਅਧਿਕਾਰੀਆਂ ਨੂੰ ਠੋਸ ਕਾਰਵਾਈ ਕਰਨ ਦੀ ਹਦਾਇਤ ਕਰੇ। ਰੋਜ਼ਾਨਾ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਹਨ, ਸਰਕਾਰ ਕੋਲ ਕਟਿੰਗਾਂ ਪਹੁੰਚਦੀਆਂ ਹਨ ਪਰ ਪੜ੍ਹ ਕੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣਾ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਦਾ ਲੋਕ ਮੁੱਦਿਆਂ ਜਾਂ ਉਨ੍ਹਾਂ ਦੀ ਇੱਜ਼ਤ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਹੈ, ਉਹ ਆਪਣੇ ਵਿਰੋਧੀਆਂ ਵਿਰੁੱਧ ਭੜਾਸ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਤ੍ਹਾ ਦਾ ਸਮਾਂ ਲੰਘਾ ਰਹੀਆਂ ਹਨ।

ਇੱਥੇ ਹੀ ਬੱਸ ਨਹੀਂ ਅਦਾਲਤਾਂ ਵਿੱਚ ਇਨਸਾਫ਼ ਮਹਿੰਗਾ ਹੋਣ ਅਤੇ ਜਲਦੀ ਨਾ ਮਿਲ ਸਕਣਾ ਵੀ ਅਜਿਹੀਆਂ ਘਟਨਾਵਾਂ ਲਈ ਕੁੱਝ ਹੱਦ ਤੱਕ ਜ਼ੁੰਮੇਵਾਰ ਹੈ। ਆਮ ਤੌਰ ਤੇ ਬਲਾਤਕਾਰ ਦੀਆਂ ਸ਼ਿਕਾਰ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਲੜਕੀਆਂ ਹੀ ਹੁੰਦੀਆਂ ਹਨ, ਜਦ ਕਿ ਬਲਾਤਕਾਰੀ ਅਮੀਰਜ਼ਾਦੇ ਹੁੰਦੇ ਹਨ। ਅਮੀਰ ਲੋਕਾਂ ਦੇ ਵਿਰੁੱਧ ਗ਼ਰੀਬ ਲੋਕ ਇਨਸਾਫ਼ ਹਾਸਲ ਨਹੀਂ ਕਰ ਸਕਦੇ। ਇੱਕ ਸਮਾਂ ਸੀ ਜਦ ਅਦਾਲਤਾਂ ਅਖ਼ਬਾਰਾਂ ਚੋਂ ਪੜ੍ਹ ਕੇ ਖ਼ੁਦ ਵੀ ਕਾਰਵਾਈ ਕਰ ਲੈਂਦੀਆਂ ਸਨ, ਪਰ ਹੁਣ ਅਦਾਲਤਾਂ ਤੇ ਪਏ ਬੇਲੋੜੇ ਬੋਝ ਨੇ ਇਹ ਪ੍ਰਕਿਰਿਆ ਵੀ ਠੱਪ ਹੀ ਕਰ ਦਿੱਤੀ ਹੈ। ਕੁਲ ਮਿਲਾ ਕੇ ਅਜਿਹੀਆਂ ਅਪਰਾਧਿਕ ਘਟਨਾਵਾਂ ਲਈ ਪੁਲਿਸ ਦੀ ਮਿਲੀਭੁਗਤ, ਰਾਜ ਸਰਕਾਰ ਦੀ ਅੱਖਾਂ ਮੀਚਣ ਦੀ ਨੀਤੀ ਤੇ ਮਹਿੰਗਾ ਇਨਸਾਫ਼ ਹੀ ਜ਼ੁੰਮੇਵਾਰ ਹਨ। ਅਜਿਹੇ ਸਮੇਂ ਬੁੱਧੀਜੀਵੀ, ਪੱਤਰਕਾਰ, ਮਨੁੱਖੀ ਅਧਿਕਾਰ ਸਭਾਵਾਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਲੋਕਾਂ ਦੀ ਅਗਵਾਈ ਕਰਕੇ ਆਵਾਜ਼ ਬੁਲੰਦ ਕਰਨ ਤਾਂ ਜੋ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ।

Install Punjabi Akhbar App

Install
×