ਔਰਤ ਅਸੁਰੱਖਿਅਤ ਮਾਮਲਿਆਂ ਵਿੱਚ ਭਾਰਤ ਦਾ ਪਹਿਲਾ ਸਥਾਨ ਚਿੰਤਾ ਦਾ ਵਿਸ਼ਾ

9
ਜਿਸਨੂੰ ਵੀ ਇਤਿਹਾਸ ਦਾ ਜਰ੍ਹਾ ਜਿਨਾ ਵੀ ਗਿਆਨ ਹੈ ਉਹ ਇਹ ਜਾਣਦਾ ਹੈ ਕਿ ਮਹਾਨ ਸਮਾਜਕ ਤਬਦੀਲੀਆਂ ਔਰਤਾਂ ਦੇ ਉਭਾਰ ਤੋਂ ਬਿਨ੍ਹਾਂ ਅਸੰਭਵ ਹਨ। ਸਮਾਜਕ ਤਰੱਕੀ ਸਹੀ ਢੰਗ ਨਾਲ ਔਰਤਾਂ ਦੀ ਸਮਾਜਕ ਪੁਜੀਸ਼ਨ ਤੋਂ ਹੀ ਮਿਣੀ ਜਾ ਸਕਦੀ ਹੈ। ਇਹ ਵੀ ਸੱਚਾਈ ਹੈ ਕਿ ਜਦੋਂ ਤੱਕ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸੰਸਾਰ ਦਾ ਭਲਾ ਨਹੀਂ ਹੋ ਸਕਦਾ। ਪਰ ਦੁਨੀਆਂ ਭਰ ਵਿੱਚ ਔਰਤ ਜਾਤੀ ਨਾਲ ਕੀ ਵਾਪਰ ਰਿਹੈ, ਜੇ ਇਸਤੇ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਦੁੱਖ ਤੇ ਚਿੰਤਾ ਨਾਲ ਮਨ ਉਦਾਸ ਹੀ ਨਹੀਂ ਸਗੋਂ ਸ਼ਰਮਸਾਰ ਹੋ ਜਾਂਦਾ ਹੈ।

ਦੁਨੀਆਂ ਦੇ ਹਰ ਕੋਨੇ ਵਿੱਚ ਔਰਤਾਂ ਨਾਲ ਮਾਰਕੁੱਟ, ਜਿਨਸੀ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਅਮਰੀਕਾ ਵਰਗੇ ਅਗਾਂਹਵਧੂ, ਭਾਰਤ ਵਰਗੇ ਰਿਸ਼ੀਆ ਮੁਨੀਆਂ ਗੁਰੂਆਂ ਦੇ ਦੇਸ਼ ਅਤੇ ਧਾਰਮਿਕ ਕੱਟੜਤਾ ਵਾਲੇ ਮੁਸਲਿਮ ਦੇਸ਼ਾਂ ਵਿੱਚ ਵੀ ਵਾਪਰ ਰਹੀਆਂ ਹਨ। ਕੌਮੀ ਅਪਰਾਧ ਰਿਕਾਰਡ ਬਿਓਰੋ ਅਨੁਸਾਰ ਸੰਸਾਰ ਭਰ ‘ਚ ਹਰ ੩ ਮਿੰਟ ਵਿੱਚ ਕਿਸੇ ਨਾ ਕਿਸੇ ਔਰਤ ਤੇ ਜ਼ੁਲਮ ਹੁੰਦਾ ਹੈ ਅਤੇ ਹਰ 29 ਮਿੰਟ ਵਿੱਚ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ। ਗਰੀਬਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ ਅਤੇ ਕਈ ਵਾਰ ਤਾਂ ਗੈਂਗਰੇਪ ਕੀਤੇ ਜਾਂਦੇ ਹਨ, ਪਰ ਤਕੜਿਆਂ ਦੇ ਜੋਰ ਸਦਕਾ ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਦਾ।

ਮਿਸਾਲ ਵਜੋਂ ਬੀਤੇ ਸਾਲ ਸਲੀਮ ਕੁਰੈਸੀ ਆਪਣੀ ਗਰਭਵਤੀ ਭੈਣ ਦਾ ਪਤਾ ਲੈਣ ਲਈ ਪਰਿਵਾਰ ਸਮੇਤ ਬੁਲੰਦ ਸ਼ਹਿਰ ਵੱਲ ਜਾਂਦਾ ਹੋਇਆ ਜਦ ਨੋਇਡਾ ਦੇ ਨਜਦੀਕ ਗੌਤਮ ਬੁੱਧ ਨਗਰ ਜਿਲ੍ਹੇ ਦੇ ਜੇਵਰ ਇਲਾਕੇ ਵਿੱਚ ਪੁੱਜਾ ਤਾਂ ਗੁੰਡਿਆਂ ਨੇ ਉਸਦੀ ਕਾਰ ਦੇ ਟਾਇਰ ਵਿੱਚ ਗੋਲੀ ਮਾਰ ਕੇ ਕਾਰ ਰੋਕ ਲਈ, ਮਰਦਾਂ ਨੂੰ ਬੰਨ੍ਹ ਦਿੱਤਾ ਅਤੇ ਔਰਤਾਂ ਨੂੰ ਖੇਤਾਂ ਵਿੱਚ ਲਿਜਾ ਕੇ ਉਹਨਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਡਰਾਇਵਰ ਨੇ ਵਿਰੋਧ ਕਰਨ ਦੀ ਜੁਅੱਰਤ ਕੀਤੀ ਤਾਂ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸਤੋਂ ਪਹਿਲਾਂ ਹਰਿਆਣਾ ਵਿੱਚ ਜਦੋ ਜਾਟ ਅੰਦੋਲਨ ਚੱਲ ਰਿਹਾ ਸੀ ਤਾਂ ਗੜਗਾਓ ਨਜਦੀਕ ਗੁੰਡਿਆਂ ਨੇ ਗੱਡੀਆਂ ਰੋਕ ਰੋਕ ਕੇ ਮਰਦਾਂ ਦੀ ਕੁੱਟ ਮਾਰ ਕਰਦਿਆਂ ਉਹਨਾਂ ਦੀਆਂ ਔਰਤਾਂ ਤੇ ਲੜਕੀਆਂ ਨੂੰ ਖੋਹ ਕੇ ਉਹਨਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਸਨ, ਸਮੇਂ ਦੀ ਸਰਕਾਰ ਨੇ ਇਹਨਾਂ ਘਟਨਾਵਾਂ ਵਾਪਰੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਇਹ ਘਟਨਾਵਾਂ ਨੂੰ ਅਦਾਲਤ ਅਤੇ ਸਰਕਾਰ ਵੱਲੋਂ ਸੱਚ ਮੰਨਿਆ ਗਿਆ ਸੀ।

ਬੇਗਾਨਿਆਂ ਵੱਲੋਂ ਭਾਵੇਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ, ਪਰ ਉਸਤੋਂ ਵੀ ਖਤਰਨਾਕ ਹੈ ਆਪਣਿਆਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ। ਘਰਾਂ ਦੇ ਅੰਦਰ ਲੜਕੀਆਂ ਔਰਤਾਂ ਆਪਣਿਆਂ ਹੱਥੋਂ ਛੇੜਛਾੜ ਜਾਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ, ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਆਪਣੀ ਇੱਜਤ ਨੂੰ ਲੋਕਾਂ ਸਾਹਮਣੇ ਉਛਾਲਣ ਤੋਂ ਬਚਾਉਣ ਲਈ ਉਹ ਚੁੱਪ ਵੱਟ ਕੇ ਇਹਨਾਂ ਪੀੜਾਂ ਨੂੰ ਆਪਣੇ ਸਰੀਰਾਂ ਤੇ ਹੰਢਾ ਰਹੀਆਂ ਹਨ, ਪਰ ਕੁਝ ਕੁ ਅਜਿਹੇ ਕੇਸ ਉਦੋਂ ਸਾਹਮਣੇ ਆ ਜਾਂਦੇ ਹਨ, ਜਦ ਅਜਿਹੀ ਕਾਰਵਾਈ ਨੂੰ ਕੋਈ ਬੇਗਾਨਾ ਵਿਅਕਤੀ ਵੇਖ ਲੈਂਦਾ ਹੈ ਜਾਂ ਧੱਕੇਸ਼ਾਹੀ ਬਰਦਾਸਤ ਤੋਂ ਬਾਹਰ ਹੋ ਜਾਂਦੀ ਹੈ।

ਮਿਸਾਲ ਦੇ ਤੌਰ ਤੇ ਕੁਝ ਸਮਾਂ ਪਹਿਲਾਂ ਸਾਡੇ ਦੇਸ਼ ਦੇ ਵੱਡੇ ਸ਼ਹਿਰ ਨੋਇਡਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਮਾਸੀ ਦੀ ਧੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸੇ ਤਰ੍ਹਾਂ ਫਰੂਖਾਵਾਦ ਦੇ ਗਗੋਈਪੁਰ ‘ਚ ਮਾਮੇ ਦੇ ਮੁੰਡੇ ਨੇ ਅਜਿਹਾ ਕੀਤਾ, ਭੋਜਪੁਰ ਜਿਲ੍ਹੇ ਦੇ ਪਿੰਡ ਮੁਕੰਦਪੁਰ ਵਿੱਚ ਚਾਚੇ ਦੇ ਲੜਕੇ ਨੇ ਆਪਣੀ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ, ਇਲਾਹਾਬਾਦ ‘ਚ ਪਿਤਾ ਨੇ ਨਬਾਲਗ ਧੀ ਨਾਲ ਬਲਾਤਕਾਰ ਦੀ ਕੋਸਿਸ਼ ਕੀਤੀ ਗੱਲ ਬਾਹਰ ਨਿਕਲਣ ਤੇ ਪਤਾ ਲੱਗਾ ਕਿ ਉਹ ਆਪਣੀ ਵੱਡੀ ਧੀ ਨਾਲ ਵੀ ਬਲਾਤਕਾਰ ਕਰਦਾ ਰਿਹਾ ਹੈ। ਦਿੱਲੀ ਰਹਿ ਰਹੇ ਉਤਰਾਖੰਡ ਦੇ ਇੱਕ ਨੌਜਵਾਨ ਵੱਲੋਂ ਆਪਣੀ 6 ਸਾਲ ਦੀ ਮਤਰੇਈ ਧੀ ਨਾਲ ਜਿਨਸੀ ਛੇੜਛਾੜ ਕਰਨ ਦੀ ਖ਼ਬਰ ਪ੍ਰਕਾਸਿਤ ਹੋਈ ਹੈ।

ਜਗਾਧਰੀ ਵਿਖੇ ਇੱਕ ਸਹੁਰਾ ਲੰਬੇ ਸਮੇਂ ਤੋਂ ਆਪਣੀ ਨੂੰਹ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ, ਜਿਸਤੋਂ ਉਹ ਗਰਭਵਤੀ ਵੀ ਹੋ ਗਈ। ਓਮੇਸ ਮਹਿਤੋ ਨਾਂ ਦੇ ਵਿਅਕਤੀ ਨੇ ਆਪਣੀ ਨੂੰਹ ਪੁਸਪਾ ਨਾਲ ਸਰੀਰਕ ਸਬੰਧ ਕਾਇਮ ਕਰ ਲਏ ਸਨ। ਪੰਜਾਬ ਦੇ ਜਿਲ੍ਹਾ ਫਾਜਿਲਕਾ ਦੇ ਪਿੰਡ ਸੇਰ ਗਰਗ ਵਿਖੇ ਇੱਕ ਬਾਪ ਨੇ ਆਪਣੀ 14 ਸਾਲਾ ਪੁੱਤਰੀ ਨਾਲ ਬਲਾਤਕਾਰ ਕੀਤਾ, ਹਰਿਆਣਾ ਰੋਹਤਕ ਜਿਲੇ ਵਿੱਚ ਮਤਰੇਏ ਪਿਤਾ ਨੇ 10 ਵਰ੍ਹਿਆਂ ਦੀ ਨਬਾਲਗ ਧੀ ਨਾਲ ਬਲਾਤਕਾਰ ਕਰਕੇ ੳਸਨੂੰ ਗਰਭਵਤੀ ਕਰ ਦਿੱਤਾ। ਇਸੇ ਤਰ੍ਹਾਂ ਲੁਧਿਆਣਾ ਦੇ ਦੁਗਰੀ ਇਲਾਕੇ ‘ਚ ਇੱਕ ਭਰਾ ਨੇ ਆਪਣੀ ਭੈਣ ਨੂੰ ਹਵਸ਼ ਦੀ ਸ਼ਿਕਾਰ ਬਣਾਇਆ।

ਇਸਤੋਂ ਇਲਾਵਾ ਜੇਕਰ ਮਾਰਕੁੱਟ, ਛੇੜਛਾੜ, ਜਬਰਦਸਤੀ ਸ਼ਾਦੀ ਕਰ ਦੇਣ, ਜਨਮ ਤੋਂ ਪਹਿਲਾਂ ਭਰੂਣ ਦੀ ਹੱਤਿਆ ਕਰਨ, ਘਰਾਂ ਵਿੱਚ ਕੰਮ ਕਰਨ ਵਾਲੀਆਂ ਗਰੀਬ ਔਰਤਾਂ ਦਾ ਜਿਨਸੀ ਸੋਸਣ ਜਾਂ ਕਾਰਖਾਨਿਆਂ ਵਿੱਚ ਮਜਦੂਰ ਔਰਤਾਂ ਦੇ ਜਿਸਮਾਂ ਨੂੰ ਨੋਚ ਲੈਣ ਦੀਆਂ ਘਟਨਾਵਾਂ ਦੇ ਅੰਕੜੇ ਇਕੱਠੇ ਕਰਨ ਦੇ ਯਤਨ ਕੀਤੇ ਜਾਣ ਤਾਂ ਸ਼ਾਇਦ ਉਹਨਾਂ ਦੀ ਗਿਣਤੀ ਕਰਨੀ ਵੀ ਅਸੰਭਵ ਹੈ। ਅਜਿਹੀਆਂ ਘਟਨਾਵਾਂ ਭਾਵੇਂ ਦੁਨੀਆਂ ਦੇ ਹਰ ਦੇਸ਼ ਵਿੱਚ ਵਾਪਰ ਰਹੀਆਂ ਹਨ, ਪਰ ਦੇਵੀ ਦੇਵਤਿਆਂ ਗੁਰੂਆਂ ਪੀਰਾਂ ਫ਼ਕੀਰਾਂ ਦੇ ਦੇਸ਼ ਭਾਰਤ ‘ਚ ਔਰਤਾਂ ਉੱਪਰ ਜੁਲਮਾਂ ਵਿੱਚ ਹੋ ਰਿਹਾ ਲਗਾਤਾਰ ਵਾਧਾ ਚਿੰਤਾਜਨਕ ਤੇ ਸ਼ਰਮਨਾਕ ਹੈ।

ਰਿਪੋਰਟ ਅਨੁਸਾਰ ਸਾਲ 2011 ਵਿੱਚ ਔਰਤਾਂ ਨਾਲ ਭੇਦ ਭਾਵ ਵੱਧ ਕਿੱਥੇ, ਯੋਨ ਹਿੰਸਾਂ ਵਧੇਰੇ ਕਿੱਥੇ, ਬਿਨਾਂ ਸਹਿਮਤੀ ਸੈਕਸ, ਜਬਰਦਸਤੀ ਵਿਆਹ ਕਰ ਦੇਣ ਆਦਿ ਸਵਾਲ ਲੈ ਕੇ ਦੁਨੀਆਂ ਪੱਧਰ ਤੇ ਸਰਵੇ ਕਰਵਾਇਆ ਗਿਆ ਸੀ ਤਾਂ ਅਫਗਾਨਸਤਾਨ, ਪਾਕਿਸਤਾਨ, ਸੋਮਾਲੀਆ, ਭਾਰਤ, ਕਾਗੋ ਆਦਿ ਦੇਸਾਂ ਨੂੰ ਔਰਤਾਂ ਲਈ ਵਧੇਰੇ ਅਸੁਰੱਖਿਅਤ ਮੰਨਿਆ ਗਿਆ ਸੀ, ਇਸ ਸਰਵੇ ਵਿੱਚ ਭਾਰਤ ਚੌਥੇ ਸਥਾਨ ਉੱਪਰ ਸੀ। ਇਸ ਉਪਰੰਤ 2012 ਵਿੱਚ ਵਾਪਰੇ ਦਿੱਲੀ ਦੇ ਬਹੁਚਰਚਿਤ ਨਿਰਭੈ ਗੈਂਗਰੇਪ ਕਾਂਡ ਉਪਰੰਤ ਸਰਕਾਰਾਂ ਵੱਲੋਂ ਮਾਮਲਾ ਜਾਣਬੁੱਝ ਕੇ ਅੱਖੋਂ ਓਹਲੇ ਕਰਨ ਦੀ ਕੋਸਿਸ਼ ਕਰਨ, ਔਰਤਾਂ ਦੀ ਸੁਰੱਖਿਆ ਲਈ ਠੋਸ ਨੀਤੀ ਤਹਿ ਨਾ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਢੁੱਕਵੀਂ ਸਜ਼ਾ ਨਾ ਦੇਣ ਕਾਰਨ ਗਲਤ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਣ ਲੱਗਾ। ਰੇਲਾਂ ਬੱਸਾਂ ਗੱਡੀਆਂ ਅਤੇ ਹੋਰ ਪਬਲਿਕ ਥਾਵਾਂ ਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰਨ ਲੱਗੀਆਂ।

ਸਾਲ 2018 ਵਿੱਚ ਗਲੋਬਲ ਐਕਸਪਾਰਟਸ਼ ਵੱਲੋਂ ਸਰਵੇਖਣ ਕਰਵਾਇਆ ਗਿਆ ਤਾਂ ਔਰਤ ਅਸੁਰੱਖਿਅਤ ਮਾਮਲਿਆਂ ਵਿੱਚ ਭਾਰਤ ਪਹਿਲੇ ਸਥਾਨ ਤੇ ਪਹੁੰਚ ਚੁੱਕਾ ਸਪਸ਼ਟ ਹੋਇਆ। ਅਫਗਾਨਸਤਾਨ ਤੇ ਸੀਰੀਆ ਦੂਜੇ ਅਤੇ ਅਮਰੀਕਾ ਤੀਜੇ ਸਥਾਨ ਤੇ ਰਿਹਾ, ਜਦ ਕਿ ਸੋਮਾਲੀਆ ਚੌਥੇ ਅਤੇ ਸਾਉਦੀ ਅਰਬ ਪੰਜਵੇਂ ਥਾਂ ਤੇ ਰਿਹਾ। ਨਿੱਤ ਦਿਨ ਭਾਰਤ ਵਿੱਚ ਬਲਾਤਕਾਰ, ਸਮੂਹਿਕ ਬਲਾਤਕਾਰ, ਮਸੂਮ ਬੱਚੀਆਂ ਨਾਲ ਬਲਾਤਕਾਰ ਤੇ ਕਤਲ, ਘਰੇਲੂ ਹਿੰਸਾ, ਔਰਤਾਂ ਨੂੰ ਗੁਲਾਮ ਬਣਾਉਣ, ਔਰਤਾਂ ਦੀ ਵੇਚ ਖਰੀਦ, ਜਬਰਦਸਤੀ ਵਿਆਹ, ਬਗੈਰ ਸਹਿਮਤੀ ਸੈਕਸ, ਦਾਜ ਲਈ ਕਤਲ, ਤਲਾਕ, ਭਰੂਣ ਹੱਤਿਆ, ਮਾਰਕੁੱਟ ਆਦਿ ਘਟਨਾਵਾਂ ਵਾਪਰਦੀਆਂ ਹੀ ਨਹੀਂ ਬਲਕਿ ਉਹਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਚਿੰਤਾਜਨਕ ਅਤੇ ਸ਼ਰਮਨਾਕ ਹੈ।

ਜਿਹੜੀ ਸਰਕਾਰ ਮਾਂ, ਪਤਨੀ ਤੇ ਧੀ ਦਾ ਰੁਤਬਾ ਹਾਸਲ ਕਰਨ ਵਾਲੀ ਔਰਤ ਦੀ ਸੁਰੱਖਿਆ ਹੀ ਨਹੀਂ ਕਰ ਸਕਦੀ, ਉਸਤੋਂ ਹੋਰ ਆਸ ਕਿਵੇਂ ਰੱਖੀ ਜਾ ਸਕਦੀ ਹੈ? ਸੋ ਸਰਕਾਰਾਂ, ਅਦਾਲਤਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਬੁੱਧੀਜੀਵੀਆਂ ਵੱਲੋਂ ਇਸ ਅਤੀ ਸੰਵੇਦਨਸ਼ੀਲ ਮਾਮਲੇ ਵੱਲ ਉਚੇਚਾ ਧਿਆਨ ਦੇਣਾ ਸਮੇਂ ਦੀ ਲੋੜ ਹੈ।

ਬਲਵਿੰਦਰ ਸਿੰਘ ਭੁੱਲਰ

+91 98882-75913

Install Punjabi Akhbar App

Install
×