“ਰਾਮਗੜ੍ਹੀਆ ਵਿਰਾਸਤ” ਕੌਫ਼ੀ ਟੇਬਲ ਪੁਸਤਕ ਰਾਮਗੜ੍ਹੀਆ ਕੌਮ ਦਾ ਵਿਸ਼ਵਕੋਸ਼ ਹੈ: ਸ. ਤਰਲੋਚਨ ਸਿੰਘ

ਪਟਿਆਲਾ :- ਪਿਛਲੇ ਦਿਨੀਂ ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ ਗਿਣਤੀ ਤੇ ਸਾਬਕਾ ਰਾਜ ਸਭਾ ਮੈਂਬਰ ਦੀ ਪਟਿਆਲਾ ਆਮਦ ਉਤੇ ਸ. ਜੈਤੇਗ ਸਿੰਘ ਅਨੰਤ  ਵੱਲੋਂ ਤਿਆਰ ਕੀਤੀ “ਰਾਮਗੜ੍ਹੀਆ ਵਿਰਾਸਤ” ਕੌਫ਼ੀ ਟੇਬਲ ਪੁਸਤਕ ਸਰਦਾਰ ਜੋਤਿੰਦਰ ਸਿੰਘ, ਕੋਆਰਡੀਨੇਟਰ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦਾ ਇੰਡੀਆ ਚੈਪਟਰ ਵੱਲੋਂ  ਭੇਂਟ ਕਰਨ ਉਪਰੰਤ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਰਾਮਗੜ੍ਹੀਆ ਵਿਰਾਸਤ ਦਾ ਸਿੱਖ ਕੌਮ ਵਿੱਚ ਬਹੁਤ ਵੱਡਾ ਰੋਲ ਹੈ । ਸਿੱਖ ਇਤਿਹਾਸ ਵਿੱਚ ਜੇ ਕਿਸੇ ਨੇ ਪਹਿਲੀ ਵਾਰ ਇਸ ਗੱਲ ਦੀ ਕਦਰ ਪਾਈ ਹੈ ਕਿ ਇਤਿਹਾਸ ਨੂੰ ਸੰਭਾਲਣਾ ਕਿਵੇਂ ਹੈ? ਤਾਂ ਉਹ ਜੱਸਾ ਸਿੰਘ ਰਾਮਗੜ੍ਹੀਆ ਹੈ । ਸ. ਜੈਤੇਗ ਸਿੰਘ ਅਨੰਤ ਨੇ ਜਿਸ ਮਿਹਨਤ ਸ਼ਿੱਦਤ, ਸਿਆਣਪ ਅਤੇ ਦੂਰਅੰਦੇਸ਼ੀ ਨਾਲ ਇਹ ਪੁਸਤਕ ਤਿਆਰ ਕੀਤੀ ਹੈ ਉਹ ਆਪਣੇ ਆਪ ਵਿਚ ਇਤਿਹਾਸਕ ਕਾਰਜ ਹੈ । ਮੇਰੀ ਨਜ਼ਰ ਵਿੱਚ ਇਹ ਰਾਮਗਡ਼੍ਹੀਆ ਕੌਮ ਦਾ ਵਿਸ਼ਵਕੋਸ਼ ਹੈ ।  ਇਹ ਪੁਸਤਕ ਸੰਪੂਰਨ ਰੂਪ ਵਿਚ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਤਰਜਮਾਨੀ ਕਰਦੀ ਹੈ । ਇਸ ਇਤਿਹਾਸਕ ਤੇ ਯਾਦਗਾਰੀ ਕਾਰਜ ਵਿੱਚ  ਰਾਮਗਡ਼੍ਹੀਆ ਕੌਮ ਦੇ ਧਾਰਮਿਕ,ਰਾਜਨੀਤਿਕ, ਵਿੱਦਿਅਕ,  ਉਦਯੋਗਿਕ, ਸਾਹਿਤਕ, ਕਲਾ, ਸੰਗੀਤ, ਦੇਸ਼ ਭਗਤੀ ਦੀ ਬਹਾਦਰੀ ਦਾ ਵਗਦਾ ਦਰਿਆ ਹੈ। ਜੈਤੇਗ ਸਿੰਘ ਅਨੰਤ ਦੇ ਪਿਛਲੇ ਤਿੰਨਾਂ ਸਾਲਾਂ ਤੋਂ ਬੇਹੱਦ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਹੋਣ ਦੇ ਬਾਵਜੂਦ ਐਡਾ ਵੱਡਾ ਕਾਰਜ ਕਰਨਾ ਛੋਟਾ ਕੰਮ ਨਹੀਂ । ਮੈਂ ਉਸ ਦੀ ਤੀਖਣ ਬੁੱਧੀ ਦੀ ਦਾਦ ਦਿੰਦਾ ਹਾਂ । ਜਿਸ ਨੇ ਲੰਮੀ ਬੀਮਾਰੀ ਦੇ ਬਾਵਜੂਦ ਇਤਿਹਾਸਕ ਕਾਰਜ ਕਰ ਕੇ ਸਮੁੱਚੇ ਸਿੱਖ ਜਗਤ ਵਿਚ ਆਪਣੀ ਅਮਿੱਟ ਥਾਂ ਛੱਡ ਦਿੱਤੀ ਹੈ ।

  ਸ. ਤਰਲੋਚਨ ਸਿੰਘ  ਨੂੰ ਰਾਮਗੜ੍ਹੀਆ ਵਿਰਾਸਤ ਕੌਫੀ ਟੇਬਲ ਪੁਸਤਕ ਸ. ਜੋਤਿੰਦਰ ਸਿੰਘ ਭੇਂਟ ਕਰਦੇ ਹੋਏ

Welcome to Punjabi Akhbar

Install Punjabi Akhbar
×