ਪਾਕਿਸਤਾਨ  ਦੇ ਗੁਰੂਘਰਾਂ ਦੇ ਦਰਸ਼ਨਾਂ ਵਾਸਤੇ ਵੀਜ਼ਾ ਦਿਵਾਉਣ ਲਈ ਪਾਕਿ ਅੰਬੈਸੀ ਕੋਲ ਪਹੁੰਚ ਕਰਾਂਗਾ : ਰਮੇਸ਼ ਸਿੰਘ ਖਾਲਸਾ

image1 (2)

ਮੈਰੀਲੈਂਡ – ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਵਲੋਂ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਆਪਣੇ ਵਿੱਛੜੇ ਗੁਰੂਘਰਾਂ ਦੇ ਦਰਸ਼ਨਾਂ ਲਈ ਉਤਾਵਲੇ ਹਨ। ਪਰ ਉਨ੍ਹਾਂ ਨੂੰ ਵੀਜ਼ੇ ਦੀ ਮੁਸ਼ਕਲ ਆਉਂਦੀ ਹੈ। ਇਸ ਸਬੰਧੀ ਉਹ ਜਲਦੀ ਹੀ ਪਾਕਿਸਤਾਨ ਦੇ ਅੰਬੈਸਡਰ ਨੂੰ ਮਿਲਕੇ ਪਹੁੰਚ ਕਰਨਗੇ, ਕਿ ਪ੍ਰਵਾਸੀ ਨਾਨਕ ਨਾਮ ਲੇਵਾ ਸੰਗਤਾਂ ਲਈ ਪਹੁੰਚ ਵੀਜ਼ੇ ਦਾ ਪ੍ਰਬੰਧ ਕੀਤਾ ਜਾਵੇ। ਜੋ ਵੀਜ਼ਾ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਲੰਬਾ ਸਮਾਂ ਲਟਕਾਇਆ ਨਾ ਜਾਵੇ।
ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੀ ਵਧੀਆ ਕੀਰਤਨੀਏ ਹਨ। ਉਨ੍ਹਾਂ ਨੂੰ ਕਦੇ ਵੀ ਕਿਸੇ ਗੁਰੂਘਰ ਨੇ ਸੱਦਾ ਨਹੀਂ ਦਿੱਤਾ ।ਸੋ ਬਾਲਟੀਮੋਰ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੂੰ ਪਹਿਲ ਕਦਮੀ ਕਰਕੇ ਨਨਕਾਣਾ ਸਾਹਿਬ ਦੇ ਹਜ਼ੂਰੀ ਰਾਗੀਆ ਨੂੰ ਬੁਲਾਉਣਾ  ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਪਾਕਿਸਤਾਨ ਦੇ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਹਨ।ਪਰ ਉਂਨਾਂ ਕਦੇ ਵੀ ਕਿਸੇ ਕੋਲੋਂ ਪੈਸੇ ਨਹੀਂ ਲਏ ਹਨ। ਉਨ੍ਹਾਂ ਦੀ ਇੱਛਾ ਹੈ ਕਿ ਇੱਕ ਪੰਜਾਬੀ ਸਕੂਲ ਪਾਕਿਸਤਾਨ ਵਿੱਚ ਬਣਾਇਆ ਜਾਵੇ। ਜਿਸ ਲਈ ਸੰਗਤਾਂ ਉੱਥੇ ਆ ਕੇ ਮਦਦ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਲਟੀਮੋਰ ਗੁਰੂਘਰ ਦੇ ਖਾਲਸਾ ਪੰਜਾਬੀ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਨੂੰ ਬਹੁਤ ਚੰਗਾ ਲੱਗਾ। ਅਧਿਆਪਕਾਂ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਗਿੱਲ ਨੂੰ ਜਿਨ੍ਹਾਂ ਦੇ ਉਪਰਾਲੇ ਸਦਕਾ ਵਿਦਿਆਰਥੀ ਕਾਫੀ ਕੁਝ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿੱਖਿਆ ਪ੍ਰਤੀ ਸੇਵਾ ਦੀ ਜਾਣਕਾਰੀ ਮਿਲੀ ਜੋ ਮੇਰੇ ਲਈ ਲਾਹੇਵੰਦ ਸਾਬਤ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀ ਕਾਫੀ ਸੋਝੀ ਰੱਖਦੇ ਹਨ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਅਤੇ ਸਿੱਖਾਂ ਨੂੰ ਜਬਰੀ ਇਸਲਾਮ ਬਣਾਉਣ ਸੰਬੰਧੀ ਛਪੀ ਖਬਰ ਬਾਰੇ ਮੈਨੂੰ ਪੁੱਛਿਆ ਜੋ ਕਿ ਮੇਰੇ ਲਈ ਹੈਰਾਨੀ ਵੀ ਸੀ । ਕਿ ਬੱਚੇ ਬਹੁਤ ਤੇਜ਼ ਬੁੱਧੀ ਵਾਲੇ ਹਨ ਜੋ ਅਖਬਾਰਾਂ ਪੜ੍ਹਦੇ ਹਨ ।ਪਾਕਿਸਤਾਨ ਸਿੱਖਾਂ ਬਾਰੇ ਬੱਚੇ ਬਹੁਤ ਖਿਆਲ ਰੱਖਦੇ ਹਨ।
ਉਨ੍ਹਾਂ ਵਲੋਂ ਪਾਕਿਸਤਾਨ ਵਿੱਚ ਮਰਦਮ ਸ਼ੁਮਾਰੀ ਸਮੇਂ ਸਿੱਖਾਂ ਦਾ ਨਾਮ ਸ਼ਾਮਲ ਕਰਨ ਅਤੇ ਅਨੰਦ ਮੈਰਿਜ਼ ਐਕਟ ਨੂੰ ਲਾਗੂ ਕਰਵਾਉਣ ਦਾ ਜ਼ਿਕਰ ਕੀਤਾ ਜੋ ਬਾਖੂਬ ਉਪਰਾਲਾ ਸੀ। ਉਨ੍ਹਾਂ ਕਿਹਾ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਹੈ, ਮੈਂ ਇਨ੍ਹਾਂ ਦਾ ਹਮੇਸ਼ਾ ਰਿਣੀ ਰਹਾਂਗਾ। ਸਾਡੀ ਕੋਸ਼ਿਸ਼ ਹੈ ਕਿ ਸਾਰੇ ਇਤਿਹਾਸਕ ਗੁਰੂਘਰ ਸੰਗਤਾਂ ਲਈ ਖੁਲ੍ਹਣ ਜਿਸ ਲਈ ਤੁਹਾਡੇ ਸਹਿਯੋਗ ਤੇ ਸੇਵਾ ਦੀ ਪਾਕਿਸਤਾਨੀ ਸਿੱਖਾਂ ਨੂੰ ਲੋੜ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਮੇਸ਼ ਸਿੰਘ ਖਾਲਸਾ ਨੂੰ ਸਿਰੋਪਾ, ਸ਼ਮਸ਼ੀਰ ਅਤੇ ਨਿਤਨੇਮ ਦੇ ਗੁਟਕਿਆਂ ਨੂੰ ਸਨਮਾਨ ਵਜੋਂ ਦਿੱਤਾ ਤਾਂ ਜੋ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਹਮੇਸ਼ਾ ਰਮੇਸ਼ ਸਿਘ ਯਾਦ ਰੱਖਣ। ਸਟੇਜ ਦੀ ਸੇਵਾ ਬਾਬਾ ਗੁਰਚਰਨ ਸਿੰਘ ਨੇ ਬਹੁਤ ਵਧੀਆ ਨਿਭਾਈ। ਸਨਮਾਨ ਸਮੇਂ ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ, ਚੇਅਰਮੈਨ ਦਲਵੀਰ ਸਿੰਘ, ਸਕੱਤਰ ਗੁਰਚਰਨ ਸਿੰਘ ਹਾਜ਼ਰ ਰਹੇ। ਸਮੁੱਚਾ ਸਮਾਗਮ ਕਾਬਲੇ ਤਾਰੀਫ ਸੀ।

Install Punjabi Akhbar App

Install
×