ਇੱਕ ਵਿਸ਼ਲੇਸਣ ਮੇਅਰ ਦੀ ਚੋਣ ਨੇ ਵਿਧਾਨ ਸਭਾ ਹਲਕਾ ਬਠਿੰਡਾ ਦੀ ਭਵਿੱਖੀ ਤਸਵੀਰ ਸਪਸ਼ਟ ਕੀਤੀ

ਮੇਅਰ ਦੀ ਕੁਰਸੀ ਵੇਚਣ ਦੀ ਚਰਚਾ ਜੋਰਾਂ ਤੇ

ਕਾਂਗਰਸ ਪਾਰਟੀ ਦੇ ਕਈ ਦਹਾਕਿਆਂ ਤੋਂ ਚਲੇ ਆ ਰਹੇ ਟਕਸਾਲੀ ਸੀਨੀਅਰ ਆਗੂ ਨੂੰ ਦਰਕਿਨਾਰ ਕਰਦਿਆਂ ਸ੍ਰੋਮਣੀ ਅਕਾਲੀ ਚੋਂ ਕੁੱਝ ਮਹੀਨੇ ਪਹਿਲਾਂ ਕਾਂਗਰਸ ਵਿੱਚ ਸਾਮਲ ਹੋਏ ਇੱਕ ਸ਼ਰਾਬ ਦੇ ਕਾਰੋਬਾਰੀ ਦੀ ਪਤਨੀ ਨੂੰ ਨਗਰ ਨਿਗਮ ਦੀ ਮੇਅਰ ਬਣਾਉਣ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦੀ ਭਵਿੱਖ ਦੀ ਤਸਵੀਰ ਪਰਤੱਖ ਹੋ ਗਈ ਹੈ। ਨਗਰ ਨਿਗਮ ਦੇ ਮੁੱਖ ਤਿੰਨ ਅਹੁਦਿਆਂ ਚੋਂ ਦੋ ਸਾਬਕਾ ਅਕਾਲੀ ਆਗੂਆਂ ਨੂੰ ਸੌਂਪ ਦਿੱਤੇ ਹਨ, ਜਦ ਕਿ ਕਾਂਗਰਸ ਦੇ ਹਿੱਸੇ ਇੱਕ ਅਹੁਦਾ ਹੀ ਆਇਆ ਹੈ। ਆਮ ਲੋਕ ਇਸ ਚੋਣ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਤੀ ਨੂੰ ਵੀ ਚੈਲਿੰਗ ਦੇ ਰੂਪ ਵਿੱਚ ਵੇਖ ਰਹੇ ਹਨ।
17 ਫਰਵਰੀ ਨੂੰ ਘੋਸਿਤ ਹੋਏ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਅਨੁਸਾਰ 50 ਵਾਰਡਾਂ ਚੋਂ 43 ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕਰ ਲਈ ਸੀ, ਸੱਤ ਵਾਰਡਾਂ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਸਨ, ਜਦ ਕਿ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਹਲਣ ਵਿੱਚ ਵੀ ਸਫ਼ਲ ਨਹੀਂ ਸੀ ਹੋਈ। ਇਹਨਾਂ ਚੋਣਾਂ ਦੀ ਵੱਡੀ ਇਤਿਹਾਸਕ ਗੱਲ ਇਹ ਸੀ ਕਿ ਨਗਰ ਨਿਗਮ ਤੇ ਪਹਿਲੀ ਵਾਰ ਕਾਂਗਰਸ ਕਾਬਜ ਹੋਈ ਸੀ। ਜਿੱਤ ਤੋਂ ਬਾਅਦ ਸ਼ਹਿਰ ਦੇ ਵਿਕਾਸ ਲਈ ਸਭ ਤੋਂ ਅਹਿਮ ਤੇ ਮਹੱਤਵਪੂਰਨ ਮਾਮਲਾ ਸੀ ਮੇਅਰ ਦੀ ਚੋਣ ਦਾ। ਮੇਅਰ ਬਣਾਉਣ ਲਈ ਸ੍ਰ: ਜਗਰੂਪ ਸਿੰਘ ਗਿੱਲ ਨੂੰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿਵਾ ਕੇ ਕੌਂਸਲਰ ਦੀ ਚੋਣ ਲੜਾਈ ਸੀ। ਸ੍ਰ: ਗਿੱਲ ਦਹਾਕਿਆਂ ਤੋਂ ਕਾਂਗਰਸ ਦੇ ਟਕਸਾਲੀ ਆਗੂ ਵਜੋਂ ਵਿਚਰ ਰਹੇ ਹਨ। ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦਿਆਂ ਤੇ ਰਹੇ ਅਤੇ ਸ਼ਹਿਰ ਦੀਆਂ ਕਈ ਜਨਤਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਹਨ। 1979 ਤੋਂ ਉਹ ਨਗਰ ਕੌਂਸਲ ਤੇ ਨਿਗਮ ਦੀਆਂ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ, ਉਹ ਛੇ ਵਾਰ ਕੌਂਸਲਰ ਦੀ ਚੋਣ ਜਿੱਤੇ ਹਨ। ਉਹ ਬੇਦਾਗ, ਬੇਲਾਗ, ਇਮਾਨਦਾਰ, ਗਰੀਬ ਗੁਰਬੇ ਦੇ ਹਮਦਰਦ ਤੇ ਲੋਕ ਹਿਤਾਂ ਦੇ ਰਾਖੇ ਮੰਨੇ ਜਾਂਦੇ ਹਨ। ਨਗਰ ਕੌਂਸਲ ਦੇ ਪ੍ਰਧਾਨ ਰਹਿਣ ਸਦਕਾ ਉਹਨਾਂ ਨੂੰ ਚੰਗਾ ਤਜਰਬਾ ਵੀ ਹੈ।
ਸ੍ਰ: ਗਿੱਲ ਦੀ ਸੀਨੀਆਰਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਨੇੜਤਾ ਨੂੰ ਵੇਖਦਿਆਂ ਬਠਿੰਡਾ ਵਾਸੀ ਉਹਨਾਂ ਨੂੰ ਮੇਅਰ ਵਜੋਂ ਦੇਖਣ ਦੀ ਇੱਛਾ ਰਖਦੇ ਸਨ, ਤਾਂ ਜੋ ਸ਼ਹਿਰ ਦਾ ਚੰਗਾ ਵਿਕਾਸ ਹੋ ਸਕੇ। ਬੀਤੇ ਦਿਨ ਹੋਈ ਮੇਅਰ ਦੀ ਚੋਣ ਸਮੇਂ ਉਹਨਾਂ ਨੂੰ ਦਰ ਕਿਨਾਰ ਕਰ ਦਿੱਤਾ। ਜੇ ਕੇਵਲ ਉਹਨਾਂ ਨੂੰ ਹੀ ਇਸ ਅਹੁਦੇ ਤੋਂ ਦੂਰ ਰੱਖਣ ਦੀ ਗੱਲ ਹੁੰਦੀ ਤਾਂ ਬਤੌਰ ਕੌਂਸਲਰ ਸੀਨੀਅਰ ਟਕਸਾਲੀ ਆਗੂ ਅਸੋਕ ਕੁਮਾਰ ਪ੍ਰਧਾਨ, ਸੀਨੀਅਰ ਆਗੂ ਰਾਜ ਨੰਬਰਦਾਰ ਦਾ ਪੁੱਤਰ ਵਿਵੇਕ ਕੁਮਾਰ, ਪਵਨ ਮਾਨੀ ਦੀ ਪਤਨੀ, ਬਲਰਾਜ ਸਿੰਘ ਪੱਕਾ ਕਲਾਂ ਵਰਗੇ ਕਈ ਕਾਂਗਰਸੀ ਆਗੂ ਜਿੱਤੇ ਹੋਏ ਹਨ, ਜਿਹਨਾਂ ਦੀ ਗਿੱਲ ਤੋਂ ਬਾਅਦ ਸੀਨੀਆਰਤਾ ਬਣਦੀ ਸੀ। ਇਸ ਚੋਣ ਲਈ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਅਬਜਰਬਰ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿੱਚ ਮੇਅਰ ਦੀ ਚੋਣ ਲਈ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਤੋਂ ਕੁੱਝ ਹੀ ਸਮਾਂ ਪਹਿਲਾਂ ਕਾਂਗਰਸ ਵਿੱਚ ਸਾਮਲ ਕਰਵਾਏ ਸ਼ਰਾਬ ਕਾਰੋਬਾਰੀ ਸੰਦੀਪ ਸਿੰਘ ਦੀ ਪਤਨੀ ਸ੍ਰੀਮਤੀ ਰਮਨ ਗੋਇਲ ਦਾ ਨਾਂ ਪੇਸ਼ ਕੀਤਾ ਅਤੇ ਹੱਥ ਖੜੇ ਕਰਵਾ ਕੇ ਸਹਿਮਤੀ ਲਈ।
ਇਸ ਮੌਕੇ ਜਮਹੂਰੀ ਢੰਗ ਨਾਲ ਗੁਪਤ ਵੋਟਿੰਗ ਕਰਵਾਉਣ ਦੀ ਵੀ ਮੰਗ ਕੀਤੀ ਗਈ, ਪਰ ਉਸਨੂੰ ਰੱਦ ਕਰ ਦਿੱਤਾ ਗਿਆ। ਹੱਥ ਖੜੇ ਕਰਵਾਏ ਤਾਂ ਸਿਰਫ 29 ਕੌਂਸਲਰਾਂ ਨੇ ਸਹਿਮਤੀ ਦਿੱਤੀ। ਅਬਜਰਬਰ ਸ੍ਰੀ ਚੰਨੀ ਨੇ ਸ੍ਰੀਮਤੀ ਰਮਨ ਗੋਇਲ ਨੂੰ ਮੇਅਰ ਚੁਣੀ ਜਾਣ ਦਾ ਐਲਾਨ ਕਰ ਦਿੱਤਾ। ਇਸਤੋਂ ਇਲਾਵਾ ਅਕਾਲੀ ਦਲ ਚੋਂ ਹੀ ਆਏ ਮਾ: ਹਰਮੰਦਰ ਸਿੰਘ ਜੋ ਪਿਛਲੀ ਵਾਰ ਅਕਾਲੀ ਦਲ ਦੇ ਸੀਨੀਅਰ ਕੌਂਸਲਰ ਸਨ, ਨੂੰ ਸੀਨੀਅਰ ਡਿਪਟੀ ਮੇਅਰ ਬਣਾਉਣ ਲਈ ਨਾਂ ਪੇਸ ਕੀਤਾ ਅਤੇ ਸ੍ਰੀ ਅਸੋਕ ਕੁਮਾਰ ਪ੍ਰਧਾਨ ਨੂੰ ਡਿਪਟੀ ਮੇਅਰ ਲਈ। ਇਹ ਸੁਣਨ ਤੇ ਸ੍ਰੀ ਅਸੋਕ ਕੁਮਾਰ ਨੇ ਡਿਪਟੀ ਮੇਅਰ ਦਾ ਆਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਮਜਬੂਰੀ ਬੱਸ ਸ੍ਰੀ ਅਸੋਕ ਕੁਮਾਰ ਨੂੰ ਸੀਨੀਅਰ ਡਿਪਟੀ ਮੇਅਰ ਬਣਾਉਣਾ ਪਿਆ ਅਤੇ ਮਾ: ਹਰਮੰਦਰ ਸਿੰਘ ਡਿਪਟੀ ਮੇਅਰ ਬਣੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਚੋਂ ਇੱਕ ਅਹੁਦਾ ਅਨੁਸੂਚਿਤ ਜਾਤੀ ਲਈ ਰੱਖਣਾ ਵੀ ਜਰੂਰੀ ਸੀ, ਪਰ ਉਹਨਾਂ ਨਾਲ ਵਿਤਕਰਾ ਕਰਦਿਆਂ ਅੱਖੋਂ ਓਹਲੇ ਕਰ ਦਿੱਤਾ ਗਿਆ।
ਇਸ ਚੋਣ ਦੀ ਖ਼ਬਰ ਜਦ ਸ਼ਹਿਰ ਵਾਸੀਆਂ ਤੱਕ ਪੁੱਜੀ ਤਾਂ ਆਮ ਸ਼ਹਿਰੀ ਹੈਰਾਨ ਹੀ ਨਹੀ ਹੋਏ ਬਲਕਿ ਉਹਨਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਹਰ ਗਲੀ ਮੁਹੱਲੇ, ਹੱਟੀ ਭੱਠੀ, ਦਫ਼ਤਰ ਦੁਕਾਨ ਆਦਿ ਵਿੱਚ ਇਸ ਸਬੰਧੀ ਚਰਚਾ ਹੁੰਦੀ ਰਹੀ ਕਿ ਇਹ ਚੋਣ ਸਹੀ ਨਹੀ ਹੋਈ ਤੇ ਸ੍ਰ: ਗਿੱਲ ਨਾਲ ਸਰੇਆਮ ਧੱਕੇਸ਼ਾਹੀ ਹੈ। ਇਸ ਲਹਿਰ ਨੇ ਸ੍ਰ: ਗਿੱਲ ਦਾ ਸਿਆਸੀ ਕੱਦ ਬੁੱਤ ਸਗੋਂ ਹੋਰ ਉੱਚਾ ਕਰ ਦਿੱਤਾ। ਜਦ ਕਿ ਸ਼ਹਿਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੂੰ ਕੋਸ ਰਹੇ ਹਨ। ਮੇਅਰ ਦੀ ਇਸ ਹੋਈ ਚੋਣ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਗਰਸ ਪਾਰਟੀ ਨੂੰ ਖ਼ਮਿਆਜਾ ਭੁਗਤਣਾ ਪਵੇਗਾ। ਵੋਟਰ ਅੱਜ ਦਾ ਗੁੱਸਾ ਉਹਨਾਂ ਚੋਣਾਂ ਵਿੱਚ ਕੱਢਣਗੇ। ਇੱਥੇ ਇਹ ਵੀ ਵਰਨਣ ਕਰਨਾ ਜਰਰੀ ਹੈ ਸ੍ਰੀਮਤੀ ਰਮਨ ਗੋਇਲ ਦੇ ਮੇਅਰ ਬਣਨ ਉਪਰੰਤ ਜੋ ਸ਼ਹਿਰ ਵਿੱਚ ਬੋਰਡ ਲਗਾਏ ਗਏ ਹਨ, ਉਹਨਾਂ ਤੇ ਮੇਅਰ ਦੇ ਨਾਲ ਤਸਵੀਰ ਛਾਪ ਕੇ ਇੱਕ ਅਜਿਹਾ ਵਿਅਕਤੀ ਸੁਆਗਤ ਕਰ ਰਿਹੈ ਜੋ ਨਗਰ ਨਿਗਮ ਚੋਣਾਂ ‘ਚ ਅਕਾਲੀ ਦਲ ਦੀ ਟਿਕਟ ਤੇ ਲੜਿਆ ਸੀ, ਇਹ ਬਰੋਰਡ ਵੀ ਕਾਫ਼ੀ ਸਥਿਤੀ ਸ਼ਪਸ਼ਟ ਕਰਦੇ ਹਨ।
ਇਸ ਮਾਮਲੇ ਸਬੰਧੀ ਸ੍ਰ: ਜਗਰੂਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਮੈਨੂੰ ਕਿਹਾ ਸੀ, ਕਿ ਸਾਡੇ ਕੋਲ ਮੇਅਰ ਦਾ ਹੋਰ ਕੋਈ ਚਿਹਰਾ ਨਹੀਂ, ਤੁਸ਼ੀ ਨਿਗਮ ਦੀ ਚੋਣ ਲੜੋ। ਇਸਤੋਂ ਬਾਅਦ ਹੀ ਮੈ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜੀ ਤੇ ਕੌਂਸਲਰ ਬਣਿਆ। ਚੋਣਾਂ ਲੰਘਦਿਆਂ ਹੀ ਮੈਨੂੰ ਅੱਖੋਂ ਪਰੋਖੇ ਕਰਨਾ ਸੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜੋ ਕੁੱਝ ਹੋ ਰਿਹਾ ਹੈ ਲੋਕਾਂ ਨੂੰ ਪਤਾ ਹੀ ਹੈ, ਉਸਨੂੰ ਬਰਕਰਾਰ ਰੱਖਣ ਲਈ ਮੇਅਰ ਦਾ ਵੱਡਾ ਰੋਲ ਹੋਵੇਗਾ, ਉਹ ਮੈਂ ਨਹੀਂ ਕਰਨਾ ਸੀ।
ਸ੍ਰ: ਗਿੱਲ ਨੇ ਕਿਹਾ ਕਿ ਮੈਨੂੰ ਪਾਸੇ ਕਰਨ ਲਈ ਹੀ ਹਿੰਦੂ ਮੇਅਰ ਬਣਾਉਣ ਦਾ ਪੱਤਾ ਖੇਡਿਆ ਗਿਆ। ਇਸ ਤਰ੍ਹਾਂ ਜਾਤਾਂ ਧਰਮਾਂ ਵਿੱਚ ਵੰਡਣ ਦੀ ਸਾਜਿਸ ਰਚੀ। ਮੈਂ ਕਿਹਾ ਕਿ ਮੇਅਰ ਛੱਡ ਭਾਵੇ ਕੌਂਸਲਰ ਵੀ ਨਾ ਬਣਾਓ, ਪਰ ਰੱਬ ਦੇ ਵਾਸਤੇ ਲੋਕਾਂ ਨੂੰ ਧਰਮਾਂ ਜਾਤਾਂ ਵਿੱਚ ਨਾ ਵੰਡੋ। ਅੰਗਰੇਜਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਵੰਡਿਆ ਸੀ ਪਰ ਜਦ ਹਿੰਦੂ ਮੁਸਲਮਾਨ ਸਿੱਖ ਇਸਾਈ ਇਕੱਠੇ ਹੋ ਕੇ ਲੜੇ ਤਾਂ ਹੀ ਦੇਸ਼ ਅਜਾਦ ਹੋਇਆ ਸੀ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰ: ਗਿੱਲ ਨੇ ਕਿਹਾ ਕਿ ਸ੍ਰੀ ਚੰਨੀ ਨੇ ਮੈਨੂੰ ਪੁੱਛਿਆ ਕਿ ਮੇਅਰ ਕਿਸਨੂੰ ਬਣਾਇਆ ਜਾਵੇ ਤਾਂ ਮੈ ਸਪਸ਼ਟ ਕਹਿ ਦਿੱਤਾ ਸੀ, ” ਮੈਨੂੰ ਪਤਾ ਹੈ ਪੰਜ ਦਿਨਾਂ ਹੋਏ ਫੈਸਲਾ ਹੋ ਚੁੱਕਾ ਹੈ, ਤੁਹਾਨੂੰ ਜਿਹੜਾ ਲਫਾਫਾ ਫੜਾਇਆ ਹੈ ਉਸ ਵਿਚਲਾ ਨਾ ਬੋਲ ਦਿਓ ਸਾਨੂੰ ਮੂਰਖ ਨਾ ਬਣਾਓ।” ਉਹਨਾਂ ਕਿਹਾ ਸ੍ਰੀ ਚੰਨੀ ਕਿਹੜਾ ਸਿਆਸਤਦਾਨ ਹੈ, ਉਸਦੇ ਆਪਣੇ ਹਲਕੇ ਦੇ ਸਾਰੇ ਕਾਂਗਰਸੀ ਹਾਰ ਗਏ ਹਨ, ਉਸਦਾ ਆਪਣਾ ਭਰਾ ਕੌਸਲਰ ਨਹੀਂ ਬਣ ਸਕਿਆ। ਉਹ ਬਠਿੰਡਾ ਦਾ ਅਬਜਰਬਰ ਬਣ ਕੇ ਆ ਗਿਆ, ਉਸਤੋਂ ਕੀ ਆਸ ਰੱਖੀ ਜਾ ਸਕਦੀ ਸੀ।
ਉਹਨਾਂ ਮੰਨਿਆ ਕਿ ਰਾਜਨੀਤੀ ‘ਚ ਪੈਸੇ ਦਾ ਵੱਡਾ ਰੋਲ ਹੈ। ਮੈਂ ਤੀਹ ਸਾਲਾਂ ਤੋਂ ਵਿਧਾਇਕ ਦਾ ਸੰਭਾਵੀ ਉਮੀਦਵਾਰ ਹਾਂ ਪਰ ਪੈਸੇ ਕਾਰਨ ਸਫ਼ਲ ਨਹੀਂ ਹੋਇਆ। ਦੂਜੀ ਗੱਲ ਡਿਕਟੇਟਰ ਹਮੇਸਾਂ ਉਹਨਾਂ ਨਾਲ ਹੀ ਧੱਕਾ ਕਰਦਾ ਹੁੰਦਾ ਹੈ, ਜਿਹਨਾਂ ਨੇ ਉਸਦੀ ਮੱਦਦ ਕੀਤੀ ਹੋਵੇ, ਤਾਂ ਜੋ ਉਸਦੇ ਬਰਾਬਰ ਨਾ ਪਹੁੰਚ ਜਾਵੇ। ਇੱਕ ਸੁਆਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇ ਯੋਜਨਾ ਬੋਰਡ ਦੀ ਚੇਅਰਮੈਨੀ ਦੇਣੀ ਚਾਹੀ ਤਾਂ ਹੁਣ ਮੈਂ ਨਹੀਂ ਲਵਾਂਗਾ। ਮੈਨੂੰ ਲੋਕਾਂ ਨੇ ਕੌਂਸਲਰ ਬਣਾਇਆ ਹੈ ਤੇ ਮੈਂ ਕੌਂਸਲਰ ਬਣ ਕੇ ਨਿਗਮ ਵਿੱਚ ਤੇ ਬਾਹਰ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਉਹਨਾਂ ਕਿਹਾ ਮੈਂ ਸੇਵਾ ਤੇ ਸਿਆਸਤ ਕਰਦਾ ਰਹਾਂਗਾ ਅਤੇ ਉਸਦਾ ਨਤੀਜਾ ਵੀ ਸਾਹਮਣੇ ਆਵੇਗਾ।
ਇਸ ਮਾਮਲੇ ਤੇ ਜੇ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਕੇਵਲ ਸੁਆਲ ਹੀ ਨਹੀਂ ਉਠਾਏ ਬਲਕਿ ਬਠਿੰਡਾ ਦੇ ਵਿਕਾਸ ਵਿੱਚ ਖੜੋਤ ਆਉਣ ਦੀ ਚਿੰਤਾ ਵੀ ਪ੍ਰਗਟ ਕੀਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਸੀਨੀਆਰਤਾ ਦਾ ਘਾਣ ਕਰਕੇ ਮੈਡਮ ਰਮਨ ਗੋਇਲ ਨੂੰ ਮੇਅਰ ਨਿਯੁਕਤ ਕਰਨ ਤੇ ਜਗਰੂਪ ਗਿੱਲ ਵੱਲੋਂ ਲਗਾਏ ਦੋਸਾਂ ਅਤੇ ਸ਼ਹਿਰ ਵਿੱਚ ਚਲਦੀ ਕੁਰਸੀ ਵੇਚਣ ਦੀ ਚਰਚਾ ਦਾ ਖਜਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਜਵਾਬ ਦੇਣ ਕਿ ਸੌਦਾ ਕਿਨ੍ਹੇ ਵਿੱਚ ਹੋਇਆ ਹੈ? ਉਹਨਾਂ ਕਿਹਾ ਕਿ ਸੀਨੀਆਰਤਾ ਮੁਤਾਬਿਕ ਚੋਣ ਹੁੰਦੀ ਤਾਂ ਸ਼ਹਿਰ ਦਾ ਵਿਕਾਸ ਤੇ ਲੋਕਾਂ ਦਾ ਫਾਇਦਾ ਹੁੰਦਾ।
ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਨਵਦੀਪ ਸਿੰਘ ਜੀਦਾ ਦਾ ਕਹਿਣਾ ਹੈ ਕਿ ਇਸ ਚੋਣ ਵਿੱਚ ਪੈਸਾ ਭਾਰੂ ਰਿਹਾ ਹੈ। ਉਹਨਾਂ ਕਿਹਾ ਕਿ ਤਜਰਬੇਕਾਰ ਤੇ ਸੀਨੀਅਰ ਨੇਤਾ ਦੀ ਬਜਾਏ ਇੱਕ ਨਵੇਂ ਚਿਹਰੇ ਨੂੰ ਇਹ ਮਹੱਤਵਪੂਰਨ ਆਹੁਦਾ ਸੰਭਾਲ ਦੇਣਾ, ਸ਼ਹਿਰ ਦੇ ਹਿਤ ਵਿੱਚ ਨਹੀਂ ਹੈ। ਸੀ ਪੀ ਆਈ ਐੱਮ ਦੇ ਜਿਲ੍ਹਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਐਡਵੋਕੇਟ ਨੇ ਇਸ ਮਾਮਲੇ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੇਅਰ ਦੀ ਚੋਣ ਮੈਰਿਟ ਤੇ ਹੋਣੀ ਚਾਹੀਦੀ ਸੀ। ਨਵੇ ਚਿਹਰੇ ਨੂੰ ਮੇਅਰ ਬਣਾ ਕੇ ਕੇਵਲ ਸ੍ਰ: ਗਿੱਲ ਨਾਲ ਹੀ ਜਿਆਦਤੀ ਨਹੀਂ ਹੋਈ, ਸਮੁੱਚੇ ਸ਼ਹਿਰ ਵਾਸੀਆਂ ਨਾਲ ਜਿਆਦਤੀ ਕੀਤੀ ਗਈ ਹੈ। ਨਗਰ ਨਿਗਮ ਚੋਣਾਂ ਸਮੇਂ ਲੋਕਾਂ ਨੇ ਸ੍ਰ: ਗਿੱਲ ਨੂੰ ਮੇਅਰ ਵਜੋਂ ਵੇਖਦਿਆਂ ਹੀ ਕਾਂਗਰਸ ਨੂੰ ਵੋਟਾਂ ਪਾਈਆਂ, ਪਰ ਹੁਣ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਹਨ।

Install Punjabi Akhbar App

Install
×