ਨਿਊਜ਼ੀਲੈਂਡ ਦੇ ਵਿਚ 5.5 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੇ ‘ਸ੍ਰੀ ਰਾਮ ਮੰਦਿਰ’ ਦਾ ਹੋਇਆ ਉਦਘਾਟਨ

NZ PIC 13 June-2ਆਕਲੈਂਡ ਦੇ ਹੈਂਡਰਸਨ ਖੇਤਰ ਦੀ ‘ਬ੍ਰਿਕ ਸਟ੍ਰੀਟ’ ਉਤੇ 5.5 ਮਿਲੀਅਨ ਡਾਲਰ (ਲਗਪਗ 24.63 ਕਰੋੜ ਰੁਪਏ) ਦੀ ਲਾਗਤ ਨਾਲ ਚਾਰ ਸਾਲਾਂ ਦੇ ਵਿਚ ਤਿਆਰ ਹੋਏ ‘ਸ੍ਰੀ ਰਾਮ ਮੰਦਿਰ’ ਦਾ ਪਾਠ-ਪੂਜਾ ਨਾਲ ਅੱਜ ਰਸਮੀ ਉਦਘਾਟਨ ਕੀਤਾ ਗਿਆ। ਇਸ ਸਬੰਧ ਦੇ ਵਿਚ 6 ਜੂਨ ਤੋਂ ਹੀ ਹਫਤਾਵਾਰੀ ਪ੍ਰੋਗਰਾਮ ਅਤੇ ਪਾਠ ਪੂਜਾ ਸਮਾਗਮ ਚੱਲ ਰਹੇ ਸਨ। ਇਹ ਮੰਦਿਰ ਨਿਰਮਾਣ ਪਿਛਲੇ ਸਾਲ ਚਾਰ ਸਾਲਾਂ ਤੋਂ ਜਾਰੀ ਸੀ। ਇਸਦੇ ਉਤੇ ਲੱਗੇ 2 ਵੱਡੇ ਗੁੰਬਦ ਅਤੇ 6 ਥੋੜ੍ਹੇ ਛੋਟੇ ਗੁੰਬਦ ਇੰਡੀਆ ਤੋਂ ਮੰਗਵਾਏ ਗਏ ਹਨ। ਦੋ ਗੁੰਬਦਾਂ ਦੇ ਉਤੇ ਸੋਨੇ ਦੀ ਪਰਤ ਵਾਲੀਆਂ ਪਲੇਟਾਂ ਵੀ ਲਗਾਈਆਂ ਗਈਆਂ ਹਨ। ਸ੍ਰੀ ਰਾਮ ਮੰਦਿਰ ਚੈਰੀਟੇਬਲ ਟ੍ਰਸਟ ਵੱਲੋਂ ਇਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਇਕ ਇਸੇ ਉਦਘਾਟਨੀ ਸਮਾਰੋਹ ਦੇ ਸਬੰਧ ਦੇ ਵਿਚ ਇਕ ਰੱਥ ਯਾਤਰਾ ਵੀ ਕੱਢੀ ਗਈ। ਹਿੰਦੂ ਧਰਮ ਦਾ ਆਕਲੈਂਡ ਸ਼ਹਿਰੀ ਖੇਤਰ ਦੇ ਵਿਚ ਇਹ ਤੀਜਾ ਵੱਡਾ ਮੰਦਿਰ ਹੈ। ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਬੀਚ ਹੈਵਨ ਨਾਰਥ ਸ਼ੋਰ ਅਤੇ ਟਾਈਡਲ ਰੋਡ ਮੈਂਗਰੀ ਵਿਖੇ ਵੀ ਦੋ ਮੰਦਿਰ ਬਣਾਏ ਗਏ ਹਨ। ਉਂਜ ਆਕਲੈਂਡ ਦੇ ਵਿਚ ਹੁਣ ਮੰਦਿਰਾਂ ਦੀ ਗਿਣਤੀ 17 ਹੋ ਗਈ ਹੈ। 2006 ਦੇ ਵਿਚ ਇਥੇ ਹਿੰਦੂਆਂ ਦੀ ਗਿਣਤੀ 45,324 ਸੀ ਜੋ ਕਿ 2013 ਦੀ ਜਨ ਸੰਖਿਆ ਮੁਤਾਬਿਕ 61,458 ਹੋ ਗਈ ਹੈ ਜੋ ਕਿ ਆਕਲੈਂਡ ਦੀ 4.3% ਹੈ।
2000 ਵਰਗ ਮੀਟਰ ਵਿਚ ਫੈਲੇ ਇਸ ਮੰਦਿਰ ਦੇ ਗੁੰਬਦ ਦੀ ਉਚਾਈ 24 ਮੀਟਰ ਹੈ। ਧਰਤ ਪੱਧਰ ਉਤੇ 400 ਲੋਕ ਬੈਠ ਸਕਦੇ ਹਨ ਅਤੇ ਦੂਜੀ ਮੰਜਿਲ ਉਤੇ 500 ਦੇ ਕਰੀਬ ਮੰਦਿਰ ਵਿਚ ਬੈਠ ਸਕਦੇ ਹਨ। ਸਥਾਨਕ ਟ੍ਰਸਟਾਂ ਵੱਲੋਂ ਇਸ ਮੰਦਿਰ ਦੀ ਉਸਾਰੀ ਵਿਚ 2 ਲੱਖ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਮੰਦਿਰ ਵਿਚ ਬਹੁਤ ਹੀ ਸੁੰਦਰ ਮਾਰਬਲ ਲਗਾਇਆ ਗਿਆ ਹੈ। ਦੋ ਪਾਦਰੀ ਇੰਡੀਆ ਤੋਂ ਪਰਿਵਾਰਾਂ ਸਮੇਤ ਇਥੇ ਪੁੱਜੇ ਹਨ।

Install Punjabi Akhbar App

Install
×