ਡਾ. ਰਾਜਵੰਤ ਕੌਰ ‘ਪੰਜਾਬੀ’ ਦੀ ਪੁਸਤਕ ‘ਡੂੰਘੀ ਢਾਬ ਵਣਾਂ ਦੇ ਓਹਲੇ’ ਦਾ ਲੋਕ-ਅਰਪਣ

ਦੋ ਸਾਬਕਾ ਡਿਪਟੀ ਕਮਿਸ਼ਨਰਾਂ ਨੇ ਕੀਤੀ ਸ਼ਲਾਘਾ

ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਰਚਿਤ ਪੁਸਤਕ ‘ਡੂੰਘੀ ਢਾਬ ਵਣਾਂ ਦੇ ਓਹਲੇ’ ਦਾ ਪੰਜਾਬ ਦੇ ਦੋ ਸਾਬਕਾ ਡਿਪਟੀ ਕਮਿਸ਼ਨਰਾਂ ਸ. ਜੀ.ਕੇ.ਸਿੰਘ, ਆਈ.ਏ.ਐਸ. ਅਤੇ ਡਾ. ਕਰਮਜੀਤ ਸਿੰਘ ਸਰਾ, ਆਈ.ਏ.ਐਸ. ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਵਿਖੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਦੀ ਰਿਹਾਇਸ਼ ਤੇ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਅਤੇ ਲੇਖਕ ਸ. ਜੀ.ਕੇ.ਸਿੰਘ, ਆਈ.ਏ.ਐਸ. ਨੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਪ੍ਰਤਿਬੱਧ ਲੇਖਿਕਾ ਵਿਚ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਦੇ ਅਣਗੌਲੇ ਪੱਖਾਂ ਨੂੰ ਉਜਾਗਰ ਕਰਨ ਦੀ ਸੰਭਾਵਨਾ ਹੈ ਜਿਸ ਦਾ ਵਿਦਿਆਰਥੀਆਂ, ਖੋਜਾਰਥੀਆਂ ਅਤੇ ਆਮ ਪਾਠਕਾਂ ਨੂੰ ਲਾਭ ਹੋਵੇਗਾ।

ਡਾ. ਕਰਮਜੀਤ ਸਿੰਘ ਸਰਾ, ਆਈ.ਏ.ਐਸ. ਨੇ ਡਾ. ਪੰਜਾਬੀ ਨੂੰ ਇਸ ਨਵੀਂ ਪ੍ਰਾਪਤੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਪੂਰੇ ਪਰਿਵਾਰ ਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਪ੍ਰਤੀ ਜਜ਼ਬਾ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਜਿਹਾ ਸਾਹਿਤ ਪੰਜਾਬ ਤੇ ਪੰਜਾਬੀਅਤ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। ਡਾ. ਰਾਜਵੰਤ ਕੌਰ ਪੰਜਾਬੀ ਨੇ ਪੁਸਤਕ ਦੀ ਸਿਰਜਣਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਉਹਨਾਂ ਦੀ ਪੰਜ ਸਾਲਾਂ ਦੀ ਖੋਜ ਵਿਚੋਂ ਪੈਦਾ ਹੋਈ ਹੈ ਜਿਸ ਵਿਚ ਨਵੀਂ ਪੀੜ੍ਹੀ ਨੂੰ ਆਪਣੀ ਸਭਿਆਚਾਰਕ ਵਿਰਾਸਤ ਦੇ ਉਸਾਰੂ ਅਤੇ ਮਾਰੂ ਪੱਖਾਂ ਬਾਰੇ ਚੇਤੰਨ ਕਰਵਾਉਣ ਦਾ ਯਤਨ ਕੀਤਾ ਗਿਆ ਹੈ।ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ ਵੱਲੋਂ ਛਾਪੀ ਗਈ ਇਸ ਪੁਸਤਕ ਦਾ ਉਘੇ ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਵੀ ਵਿਸ਼ੇਸ਼ ਸਵਾਗਤ ਕਰਦਿਆਂ ਕਿਹਾ ਹੈ ਕਿ ਯਕੀਨਨ ਇਹ ਲੇਖਿਕਾ ਪੰਜਾਬੀ ਮਾਂ ਬੋਲੀ ਦੀ ਸੇਵਾ ਰਾਹੀਂ ਆਪਣੇ ਤਖੱਲਸ ਦੀ ਲੱਜ ਪਾਲਦੀ ਰਹੇਗੀ।
ਅੰਤ ਵਿਚ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਸਭ ਦਾ ਧੰਨਵਾਦ ਕੀਤਾ।
ਡਾ. ਰਾਜਵੰਤ ਕੌਰ ‘ਪੰਜਾਬੀ’ ਰਚਿਤ ਪੁਸਤਕ ‘ਡੂੰਘੀ ਢਾਬ ਵਣਾਂ ਦੇ ਓਹਲੇ’ ਦਾ ਲੋਕ ਅਰਪਣ ਕਰਦੇ ਹੋਏ ਸ. ਜੀ.ਕੇ.ਸਿੰਘ,ਆਈ.ਏ.ਐਸ., ਡਾ. ਕਰਮਜੀਤ ਸਿੰਘ ਸਰਾ,ਆਈ.ਏ.ਐਸ. ਅਤੇ ਡਾ. ਦਰਸ਼ਨ ਸਿੰਘ ਆਸ਼ਟ।

Install Punjabi Akhbar App

Install
×