ਰਾਜਸੀ ਸ਼ਰਨ ਵਾਲਿਆਂ ਨੂੰ ਪਾਸਪੋਰਟ-ਵੀਜ਼ੇ ਮਿਲਣੇ ਹੋਏ ਸ਼ੁਰੂ

image1

ਸਿੱਖਸ ਆਫ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ : ਚੇਅਰਮੈਨ ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ ਡੀ. ਸੀ. 5 ਅਕਤੂਬਰ (ਰਾਜ ਗੋਗਨਾ) – ਸਿੱਖਸ ਆਫ ਅਮਰੀਕਾ ਸੰਸਥਾ ਵਲੋਂ ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੰਗ ਪੱਤਰ ਹੂਸਟਨ ( ਟੈਕਸਾਸ )ਵਿਖੇ ਦਿੱਤਾ ਗਿਆ ਸੀ। ਜਿਸ ਵਿੱਚ ਤਿੰਨ ਮੰਗਾਂ ਤੇ ਜ਼ੋਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਭਾਰਤ ਪਹੁੰਚਦਿਆਂ ਹੀ ਦੋ ਮੰਗਾਂ ਤੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਸਦਕਾ ਅਮਰੀਕਾ ਚ’ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਵਿਦੇਸ਼ ਮੰਤਰੀ ਜੈ ਸ਼ੰਕਰ  ਨੇ  ਇੱਥੋਂ ਦੇ ਇਕ ਪੰਜਾਬੀ ਚੈਨਲ ਦੇ ਨੁਮਾਇੰਦੇ ਡਾ. ਸੁਖਪਾਲ ਸਿੰਘ ਨਾਲ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਰਾਜਸੀ ਸ਼ਰਨ ਪ੍ਰਾਪਤ ਕਰਤਾ ਨੂੰ ਵੀਜ਼ੇ ਪਾਸਪੋਰਟ ਦੇਣ ਦਾ ਸਿਲਸਿਲਾ ਭਾਰਤੀ ਅੰਬੈਸੀ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਰਕੇ ਰਾਜਸੀ ਸ਼ਰਨ ਪ੍ਰਾਪਤ ਕਰਤਾ ਆਪਣੇ ਪਰਿਵਾਰਾਂ ਨੂੰ ਆਪਣੇ ਮੁਲਕ ਜਾ ਕੇ ਅਸਾਨੀ ਨਾਲ ਮਿਲ ਸਕਣਗੇ।ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਵਲੋਂ ਚੰਗੀ ਖਬਰ ਦਾ ਜ਼ਿਕਰ ਹੂਸਟਨ ਵਿਖੇ ਸਿੱਖਸ ਆਫ ਅਮਰੀਕਾ ਨਾਲ ਕੀਤਾ ਸੀ। ਜਿਸ ਤਹਿਤ ਜੇਲ੍ਹ ਟਰਮ ਪੂਰੀ ਕਰ ਚੁੱਕੇ ਸਿੰਘਾਂ ਨੂੰ ਛੱਡਣ ਦਾ ਫੈਸਲਾ ਵੀ ਲਿਆ ਗਿਆ ਸੀ।ਰਿਹਾਈ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਜੇਲ੍ਹ ਟਰਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦਾ ਧੰਨਵਾਦ ਕੀਤਾ, ਉੱਥੇ ਕਿਹਾ ਕਿ ਪ੍ਰਧਾਨ ਮੰਤਰੀ ਸਿੱਖਾਂ ਪ੍ਰਤੀ ਬਹੁਤ ਸੰਜੀਦਾ ਹਨ। ਉਨ੍ਹਾਂ ਨਾਲ ਟੇਬਲ ਤੇ ਗੱਲ ਕਰਕੇ ਬਾਕੀ ਰਹਿੰਦੇ ਮਸਲੇ ਵੀ ਹੱਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੈਮੋਰੰਡਮ ਤੇ ਤੁਰੰਤ ਕਾਰਵਾਈ ਕਰਕੇ ਸਿੱਖਾਂ ਦੇ ਮਨ ਜਿੱਤੇ ਹਨ।ਅਤੇ  ਉਹ ਵਿਸ਼ੇਸ਼ ਧੰਨਵਾਦ ਦੇ ਪਾਤਰ ਹਨ।

ਆਤਮਾ ਸਿੰਘ ਨਿਊਜਰਸੀ ਨੇ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਹੌਲ ਬਣਿਆ ਹੋਇਆ । ਰਾਜਸੀ ਸ਼ਰਨ ਪ੍ਰਾਪਤ ਕਰਤਾ ਦੀ ਮੰਗ ਪੂਰੀ  ਕਰਕੇ ਪ੍ਰਧਾਨ ਮੰਤਰੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੇ ਗੂੜ੍ਹੇ ਮਿੱਤਰ ਹਨ।ਕੰਵਲਜੀਤ ਸਿੰਘ ਸੋਨੀ ਸਿੱਖ ਅਫੇਅਰ ਦੇ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਹੀ ਸਿੱਖਾਂ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਹੈ। ਜਿਸ ਸਦਕਾ ਕਰਤਾਰਪੁਰ ਕੋਰੀਡੋਰ ਖੋਲ੍ਹਣਾ, ਕਾਲੀ ਸੂਚੀ ਖਤਮ ਕਰਨਾ, ਸਜ਼ਾ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਛੱਡਣਾ ਅਤੇ ਰਾਜਸੀ ਸ਼ਰਨ ਪ੍ਰਾਪਤ ਕਰਤਾ ਨੂੰ ਵੀਜ਼ੇ-ਪਾਸਪੋਰਟ ਦੇਣਾ ਆਦਿ ਮੰਗਾ ਨੂੰ ਪ੍ਰਵਾਨ ਕੀਤਾ ਹੈ।ਸਾਡੀ ਮਿਲਣੀ ਦਾ ਸਾਰਥਕ ਨਤੀਜਾ ਹੈ ਜਿਸ ਲਈ ਅਸੀਂ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਾਂ।ਅਡੱਪਾ ਪ੍ਰਸਾਦ ਨੇ ਕਿਹਾ ਕਿ ਸਿੱਖ ਭਾਰਤ ਦਾ ਅਟੁੱਟ ਅੰਗ ਹਨ। ਉਨ੍ਹਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਦੇ ਧਿਆਨ ਹਿੱਤ ਲਿਆਂਦਾ ਹੈ। ਆਸ ਹੈ ਕਿ ਉਹ ਵੀ ਪੂਰਾ ਹੋ ਜਾਵੇਗਾ। ਸਮੁੱਚੇ ਤੌਰ ਤੇ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਵਲੋਂ ਲਏ ਗਏ ਫੈਸਲਿਆਂ ਤੇ ਖੁਸ਼ ਹੈ।

Install Punjabi Akhbar App

Install
×