ਤਿਰਛੀ ਨਜ਼ਰ: ਅਫ਼ਸੋਸਨਾਕ ਹੈ ਕੰਵਰ ਸੰਧੂ ਨਾਲ ਪਟਿਆਲੇ ਜੇਲ੍ਹ ਵਿਚ ਵਾਪਰੀ ਘਟਨਾ

rajoana kanwar sandhu 00119, 2015 ਦਸੰਬਰ ਨੂੰ ਪਟਿਆਲੇ ਦੀ ਜੇਲ੍ਹ ਵਿਚ ਨਾਮਵਰ ਮੀਡੀਆ ਹਸਤੀ ਕੰਵਰ ਸੰਧੂ ਨਾਲ ਵਾਪਰੀ ਘਟਨਾ ਚਰਚਾ ਦਾ ਵਿਸ਼ਾ ਵੀ ਹੈ ਅਤੇ ਵਿਵਾਦਾਂ ਦਾ ਵੀ।ਘਟਨਾ ਬਾਰੇ ਟਕਰਾਵੇਂ, ਆਪਾ ਵਿਰੋਧੀ ਅਤੇ ਵੱਖ ਵੱਖ ਤਰ੍ਹਾਂ ਦੇ ਪੱਖ ਅਤੇ ਦਾਅਵੇ ਆਉਣ ਕਾਰਨ ਕਈ ਸਵਾਲ ਖੜ੍ਹੇ ਹੋਏ ਹਨ।
ਕੰਵਰ ਸੰਧੂ ਜੇਲ੍ਹ ਵਿਚੋਂ ਕਿਓਂ ਗਏ? ਕਿਵੇਂ ਅਤੇ ਕਿਸ ਦੇ ਨਾਲ ਗਏ? ਕੌਣ ਉਨ੍ਹਾ ਨੂੰ ਲੈਕੇ ਗਿਆ? ਸਾਰੀ ਘਟਨਾ ਪਿੱਛੇ ਕਿਸ ਦਾ ਕੀ ਮਕਸਦ ਸੀ? ਉਨ੍ਹਾ ਦੀ ਜੇਲ੍ਹ ਵਿਚ ਐਂਟਰੀ ਕਿਸ ਆਧਾਰ ਤੇ ਹੋਈ? ਉਨ੍ਹਾ ਦੀ ਰਾਜੋਆਨਾ ਨਾਲ ਮੁਲਾਕਾਤ ਕਿਵੇਂ ਕਾਰਵਾਈ ਗਈ? ਇਸ ਲਈ ਜ਼ਿੰਮੇਵਾਰ ਕੌਣ ਹੈ? ਪਿੰਕੀ ਕੈਟ ਉਸ ਵੇਲੇ ਕਿੱਥੇ ਸੀ ਜਾਂ ਸਾਰੇ ਘਟਨਾਕ੍ਰਮ ਵਿਚ ਉਸਦਾ ਕੀ ਰੋਲ ਸੀ?ਕੀ ਇਹ ਘਟਨਾ ਅਚਨਚੇਤੀ ਵਾਪਰੀ ਜਾਂ ਪਹਿਲਾਂ ਹੀ ਵਿਓਂਤੀ ਹੋਈ ਸੀ?ਪਟਿਆਲੇ ਜੇਲ੍ਹ ਦੀ ਘਟਨਾ ਦੀ ਸੀ ਸੀ ਟੀ ਵੀ ਫੁੱਟੇਜ ਦਾ ਚੋਣਵਾਂ ਹਿੱਸਾ ਹੀ ਕਿਓਂ ਅਤੇ ਕਿਵੇਂ ਲੀਕ ਹੋਇਆ ਜਦੋਂ ਕਿ ਇਹ ਫੁੱਟੇਜ ਸਿਰਫ਼ ਜੇਲ੍ਹ ਅਧਿਕਾਰੀਆਂ ਦੇ ਕਬਜ਼ੇ ਵਿਚ ਹੀ ਸੀ?
ਇਨ੍ਹਾ ਅਤੇ ਹੋਰ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਂ ਤਾਂ ਕਿਸੇ ਨਿਰਪੱਖ ਜਾਂਚ ਰਾਹੀਂ ਸਾਹਮਣੇ ਆ ਸਕਦੇ ਨੇ ਤੇ ਜਾਂ ਫਿਰ ਸਮਾਂ ਹੀ ਦੱਸੇਗਾ ਅਤੇ ਸਬੂਤਾਂ ਸਮੇਤ ਘਟਨਾ ਦਾ ਪੂਰਾ ਵੇਰਵਾ ਤਾਂ ਅਜੇ ਸਾਹਮਣੇ ਆਏਗਾ ਪਰ ਜੋ ਕੁਝ ਹੁਣ ਤੱਕ ਨਸ਼ਰ ਹੋਇਆ ਹੈ ਇਸਤੋਂ ਪਰ ਫਿਰ ਵੀ  ਇਹੀ ਪ੍ਰਭਾਵ  ਬੰਦਾ ਹੈ ਕਿਕਿ ਪਟਿਆਲੇ ਜੇਲ੍ਹ ਵਿਚ ਹੀ ਬੰਦ ਬੇਅੰਤ ਸਿੰਘ ਕਤਲ ਕਾਂਡ ਵਿਚ ਸਜ਼ਾ-ਯਾਫ਼ਤਾ ਕੈਦੀ ਭਾਈ ਬਲਵੰਤ ਸਿੰਘ ਰਾਜੋ ਆਣਾ ਨੇ ਕਥਿਤ ਰੂਪ ਵਿਚ ਕੰਵਰ ਸੰਧੂ’ਤੇ ਹਮਲਾ ਕਰਨ ਦੇ ਮੰਤਵ ਨਾਲ ਕੰਵਰ ਸੰਧੂ ਨਾਲ ਹੱਥੋਪਾਈ / ਕੁੱਟਮਾਰ ਕੀਤੀ।
ਕੰਵਰ ਸੰਧੂ ਵੱਲੋਂ ਆਪਣੇ ਵੀਡੀਓ ਬਲਾਗ ਰਾਹੀਂ ਪੇਸ਼ ਕੀਤੇ ਪੱਖ ਅਤੇ ਜੇਲ੍ਹ ਦੇ ਸੀ ਸੀ ਟੀ ਵੀ ਕੈਮਰੇ ਦੀ ਲੀਕ ਕੀਤੀ ਗਈ ਫੁੱਟੇਜ ਵਿੱਚ ਵਿਰੋਧ ਦਿਖਾਈ ਦਿੰਦਾ ਹੈ।ਇਸ ਫੁੱਟੇਜ ਵਿੱਚ ਅਸਲ ਘਟਨਾ ਵਾਲਾ ਹਿੱਸਾ ਨਹੀਂ ਹੈ ਕਿ ਇਹ ਕਿਵੇਂ ਵਾਪਰਿਆ ਅਤੇ ਉਥੇ ਕੌਣ ਕੌਣ ਸੀ? ਸਾਰੀ ਫੁੱਟੇਜ ਵਿੱਚ ਕਿਧਰੇ ਵੀ ਭਾਈ ਰਾਜੋਆਨਾ ਨਹੀਂ ਦਿੱਸ ਰਹੇ ਪਰ ਕੰਵਰ ਸੰਧੂ ਦੀ ਦੀ ਹਾਲਤ, ਹੱਥੋਪਾਈ/ਮਾਰ-ਕੁਟਾਈ ਦਾ ਨਤੀਜਾ ਹੀ ਦਰਸਾਉਂਦੀ ਹੈ। ਪੰਜਾਬ ਦੇ ਡੀ ਆਈ ਜੀ ਜੇਲ੍ਹਾਂ ਲਖਵਿੰਦਰ ਸਿੰਘ ਜਾਖੜ ਨੇ ਆਨ ਦੀ ਰਿਕਾਰਡ ਇਹ ਕਿਹਾ ਕਿ ਕੰਵਰ ਸੰਧੂ ਨਾਲ ਹੱਥੋਪਾਈ ਹੋਈ।
ਸੀਨੀਅਰ ਜੇਲ੍ਹ ਅਧਿਕਾਰੀ ਤਾਂ ਪਹਿਲਾਂ ਹੀ ਜਾਂਚ ਵਿਚ ਲੱਗੇ ਹੋਏ ਪਰ ਹੁਣ ਸੀ ਐਮ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਤੀਜੇ ਦੀ ਵੀ ਉਡੀਕ ਕਰਨੀ ਪਵੇਗੀ।
ਅਸੂਲੀ ਤੌਰ ਤੇ ਮੇਰੀ ਰਾਏ ਇਹ ਹੈ ਕਿ ਪੱਤਰਕਾਰਾਂ ਨੂੰ ਸਿਰਫ਼ ਰਿਪੋਰਟਿੰਗ ਕਰਕੇ ਹਿੰਸਾ ਦਾ ਸ਼ਿਕਾਰ ਬਣਾਉਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਇਹ ਛੋਟੇ ਪੱਧਰ ਦੀ ਹੋਵੇ ਜਾਂ ਦਾ ਵੱਡੇ ਪੱਧਰ ਦੀ, ਭਾਵੇਂ ਇਹ ਹੱਥੋਪਾਈ ਹੋਵੇ ਜਾਂ ਪੱਗ ਢਾਹੁਣ ਦੀ ਹੋਵੇ; ਇਹ ਹਿੰਸਾ ਭਾਵੇਂ ਪੁਲਿਸ ਜਾਂ ਸਰਕਾਰੀ ਧਿਰ ਦੀ ਹੋਵੇ ਜਾਂ ਫਿਰ ਕਿਸੇ ਸਿਆਸੀ, ਧਾਰਮਿਕ ਜਾਂ ਗ਼ੈਰ-ਸਿਆਸੀ ਜਥੇਬੰਦੀ ਵੱਲੋਂ ਤੇ ਜਾਂ ਕਿਸੇ ਜਾਤੀ ਤੌਰ ਤੇ ਕਿਸੇ ਇੱਕ ਬੰਦੇ ਵੱਲੋਂ ਕੀਤੀ ਗਈ ਹੋਵੇ- ਹਿੰਸਾ ਤਾਂ ਹਿੰਸਾ ਹੀ ਹੈ।
ਜੇਕਰ ਕੋਈ ਗ਼ਲਤ ਰੀਪੋਰਟਿੰਗ ਹੁੰਦੀ ਹੈ ਜਾਂ ਕਿਸੇ ਵਿਅਕਤੀ, ਸੰਸਥਾ ਜਾਂ ਸਰਕਾਰ ਨੂੰ  ਨੂੰ ਕਿਸੇ ਖ਼ਬਰ/ ਰਿਪੋਰਟ / ਇੰਟਰਵਿਊ ਤੇ ਕੋਈ ਇਤਰਾਜ਼ ਹੈ ਤਾਂ ਇਸ ਦਾ ਖੰਡਨ ਕਰਨ ਅਤੇ ਇਸ ਨੂੰ ਰੱਦ ਕਰਨ ਜਾਂ ਆਪਣਾ ਪੱਖ ਰੱਖਣ ਲਈ ਕਿੰਨੇ ਹੀ ਸੰਚਾਰ ਸਾਧਨ ਮੌਜੂਦ ਨੇ।
ਇਸਤੋਂ ਇਲਾਵਾ ਵੀ ਜੇਕਰ ਕੋਈ ਇਹ ਸਮਝਦਾ ਹੈ ਕਿ ਕਿਸੇ ਪੱਤਰਕਾਰ, ਕਾਲਮ ਲੇਖਕ ਜਾਂ ਬਲੌਗਰ ਨੇ ਜਾਣਬੁੱਝ ਕੇ ਉਸਦਾ ਅਕਸ ਖ਼ਰਾਬ ਕਰਨ ਲਈ ਕੋਈ ਰੀਪੋਰਟਿੰਗ ਕੀਤੀ ਹੈ ਜਾਂ ਟਿੱਪਣੀ ਕੀਤੀ ਹੈ ਤਾਂ ਇਸ ਬਾਰੇ ਕਾਨੂੰਨੀ ਚਾਰਾਜੋਈ ਵੀ ਕੀਤੀ ਜਾ ਸਕਦੀ ਹੈ ਪਰ ਅਜਿਹੀ ਰਿਪੋਰਟ ਜਾਂ ਲਿਖਤ ਦਾ  ਦਾ ਜਵਾਬ ਹਿੰਸਾ ਵਿਚ ਦੇਣਾ ਜ਼ਾਇਜ਼ ਨਹੀਂ।
ਇਹ ਵੀ ਠੀਕ ਹੈ ਕਿ ਮੀਡੀਆ ਅਤੇ ਪੱਤਰਕਾਰਾਂ ਨੂੰ ਵੀ ਸਰਕਾਰਾਂ, ਸਿਆਸੀ ਪਾਰਟੀਆਂ ਅਤੇ ਘਟਨਾਵਾਂ ਦੀ ਰਿਪੋਰਟਿੰਗ ਕਰਨ ਵੇਲੇ ਜਾਂ ਪੜਚੋਲਵੀਂ ਲੇਖਣੀ ਮੌਕੇ ਹਕੀਕਤ ਜ਼ਰੂਰ ਉਜਾਗਰ ਕਰਨੀ ਚਾਹੀਦੀ ਹੈ ਪਰ ਅਜਿਹਾ ਕਰਦੇ ਸਮੇਂ ਸਮਤੋਲ ਰੱਖਣਾ ਲਾਜ਼ਮੀ ਹੈ ਅਤੇ ਕਿਸੇ ਧਿਰ ਵੱਲ ਉਲਾਰ ਹੋ ਕੇ ਰੀਪੋਰਟਿੰਗ ਕਰਨ ਜਾਂ ਸਿਰਫ਼ ਇੱਕ ਧਿਰ ਦੀ ਵਕਾਲਤ ਕਰਨ ਦੀ ਰੁਚੀ ਤੋਂ ਬਚਣਾ ਚਾਹੀਦਾ ਹੈ।ਸੱਚਾਈ ਨੂੰ ਸਾਹਮਣੇ ਲਿਆਉਂਦੇ ਹੋਏ ਵੀ ਵਿਰੋਧੀ ਧਿਰ ਅਤੇ ਪੱਤਰਕਾਰੀ ਵਿਚਕਾਰਲੀ ਲਕੀਰ ਕਾਇਮ ਰੱਖਣੀ ਚਾਹੀਦੀ ਹੈ।
ਇੱਕ ਹੋਰ ਪਹਿਲੂ ਬਾਰੇ ਮੈਂ ਜ਼ਰੂਰ ਚਰਚਾ ਕਰਨੀ ਚਾਹਾਂਗਾ ਉਹ ਹੈ ਪੱਤਰਕਾਰਾਂ ਵੱਲੋਂ  ਖ਼ਾਸ ਜਾਂ ਖੋਜ ਖ਼ਬਰ ਲਈ ਕਾਨੂੰਨੀ ਹੱਦਾਂ ਉਲੰਘਣ ਜਾਂ ਚੋਰੀ-ਛਿਪੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਿਆਂ ਦੀ ਅੰਦਰਲੀ ਸੂਚਨਾ ਹਾਸਲ ਕਰਨ ਲਈ ਵਰਤੇ ਗਏ ਢੰਗ ਤਰੀਕਿਆਂ ਦੀ ਵਾਜਬੀਅਤ ਦਾ ਮੁੱਦਾ। ਟੀ ਵੀ ਚੈਨਲਾਂ ਵੱਲੋਂ ਕੀਤੇ ਜਾਂਦੇ ਸਟਿੰਗ ਆਪ੍ਰੇਸ਼ਨ ਵੀ ਇਸੇ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਨੇ। ਇਹ ਹਮੇਸ਼ਾ ਹੀ ਵਾਦ-ਵਿਵਾਦ ਦਾ ਮੁੱਦਾ ਰਿਹਾ ਹੈ ਕਿ ਇਹ ਢੰਗ -ਤਰੀਕੇ ਕਿਥੋਂ ਜ਼ਾਇਜ਼ ਹਨ? ਪਰ ਇਹ ਹਕੀਕਤ ਹੈ ਕਿ ਬਹੁਤ ਵਾਰ ਅੰਦਰਲਾ ਸੱਚ, ਅਜਿਹੇ ਢੰਗ ਤਰੀਕੇ ਵਰਤ ਕੇ ਹੀ ਬਾਹਰ ਆਉਂਦਾ ਰਿਹਾ ਹੈ ਜਾਂ ਲਿਆਉਣਾ ਪੈਂਦਾ ਰਿਹਾ ਹੈ ਜੋ ਕਿ ਮੁਲਕਾਂ ਅਤੇ ਸੂਬਿਆਂ ਦੀ ਸਿਆਸੀ-ਸਮਾਜੀ ਫਿਜ਼ਾ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ ਹੈ।ਹੁਣ ਤਾਂ ਫੇਰ ਆਰ ਟੀ ਆਈ ਦਾ ਹਥਿਆਰ ਮੌਜੂਦ ਹੈ ਪਰ ਕੁਝ ਵਰ੍ਹੇ ਪਹਿਲਾਂ ਤੱਕਤਾਂ ਮੇਰੇ ਵਰਗੇ ਪੱਤਰਕਾਰਾਂ ਨੂੰ ਖੋਜ ਖ਼ਬਰ ਲਈ, ਮੇਰੇ ਵਰਗਿਆਂ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਦੀ ਅੰਦਰਲੀ ਜਾਣਕਾਰੀ ਅਤੇ ਸੂਚਨਾ ਹਾਸਲ ਕਰਨ ਲਈ ਚੋਰੀ-ਛਿਪੇ ਕਈ ਢੰਗ ਤਰੀਕੇ ਵਰਤਣੇ ਪੈਂਦੇ ਸਨ।ਆਫ਼ ਦੀ ਰਿਕਾਰਡ ਸਰਕਾਰੀ ਫਾਈਲਾਂ ਵੀ ਦੇਖਣੀਆਂ ਪੈਂਦੀਆਂ ਸਨ।ਕਈ ਸਾਲ ਪਹਿਲਾਂ ਇੰਡੀਅਨ ਐਕਸਪ੍ਰੈਸ ਵਰਗੇ ਅਖ਼ਬਾਰ ਦੇ ਪੱਤਰਕਾਰਾਂ ਨੇ ਔਰਤਾਂ ਦੀ ਖ਼ਰੀਦ ਵੇਚ ਦੇ ਧੰਦੇ ਨੂੰ ਬੇਨਕਾਬ ਕਰਨ ਲਈ ਕਮਲਾ ਵਰਗੀ ਔਰਤ ਦੀ ਖ਼ੁਦ ਖ਼ਰੀਦ ਤਕ ਵੀ ਕੀਤੀ ਸੀ।ਆਪਣੇ ਆਪ ਵਿਚ ਇਹ ਅਨੈਤਿਕ ਅਤੇ ਗ਼ੈਰ-ਕਾਨੂੰਨੀ ਕਾਰਵਾਈ ਸੀ ਪਰ ਇਸ ਦਾ ਮੰਤਵ ਇੱਕ ਸਮਾਜੀ-ਪ੍ਰਬੰਧ ਦੀ ਇੱਕ ਬੁਰਾਈ ਅਤੇ ਸਕੈਂਡਲ ਨੂੰ ਬੇਨਕਾਬ ਕਰਨਾ ਸੀ।
ਇਸ ਲਈ ਕਿਸੇ ਪੱਤਰਕਾਰ ਵੱਲੋਂ ਕਿਸੇ ਖੋਜ ਖ਼ਬਰ ਜਾਂ ਕਿਸੇ ਸਕੈਮ ਦਾ ਪਰਦਾਫਾਸ਼ ਕਰਨ ਲਈ ਕੀਤੀ ਗਈ ਕਾਰਵਾਈ  ਨੂੰ ਕਾਨੂੰਨੀ, ਗ਼ੈਰ-ਕਾਨੂੰਨੀ ਜਾਂ ਗ਼ੈਰ-ਵਾਜਬ ਕਰਾਰ ਦੇਣ ਤੋਂ ਪਹਿਲਾਂ ਉਸ ਕਾਰਵਾਈ ਦੇ ਮੰਤਵ ਤੋਂ ਇਲਾਵਾ ਸਮੇਂ ਸਮੇਂ ਅਤੇ ਸਥਾਨ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।ਉੱਪਰ ਜ਼ਿਕਰ ਕੀਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਹਮਣੇ ਆਉਣੇ ਭਾਵੇਂ ਬਾਕੀ ਨੇ ਪਰ ਫਿਰ ਵੀ ਪਟਿਆਲੇ ਜੇਲ੍ਹ ਵਿਚ ਕੰਵਰ ਸੰਧੂ ਨਾਲ ਵਾਪਰੀ ਹਿੰਸਾ ਦੀ ਘਟਨਾ ਅਫ਼ਸੋਸਨਾਕ ਅਤੇ ਨਿੰਦਣਯੋਗ ਹੈ।