ਹੱਡ-ਬੀਤੀ ਕਥਾ: ਲੱਕ-ਪੀੜ ਦਾ ਜੱਫ਼ਾ ਤੇ ਮਾਂ

ਪਿਛਲੇ ਦਿਨੀ ਲੱਕ-ਪੀੜ ਨੇ ਐਸਾ ਜੱਫ਼ਾ ਪਾਇਆ ਕਿ ਹੱਦ ਹੀ ਕਰ ਦਿੱਤੀ,ਹੱਦ ਕੀ,ਹੱਦ ਨਾਲੋਂ ਵੱਧ ਹੀ ਕਰ ਦਿੱਤੀ।ਜਨਾਨੀ ਨਾਲੋਂ ਵੀ ਵੱਧ ਗੁਲਾਮੀ ਕਰਵਾਕੇ ਛੱਡੀ।ਜੇ ਇੱਕ ਲੱਤ ਉਤਾਂਹ ਕੀਤੀ ਤਾਂ ਉਤਾਂਹ ਹੀ ਰਹਿ ਗਈ,ਜੇ ਹੇਠਾਂ ਕੀਤੀ ਤਾਂ ਹੇਠਾਂ ਹੀ ਰਹਿ ਗਈ,ਜੇ ਲੱਕੋਂ ਹੇਠਾਂ ਝੁਕਿਆ ਤਾਂ ਹੇਠਾਂ ਹੀ ਰਹਿ ਗਿਆ,ਇਉਂ ਲੱਗੇ ਜਿਵੇਂ ਸਾਰੀ ਦੀ ਸਾਰੀ ਮਸ਼ੀਨ ਹੀ ਜਾਮ ਹੋ ਗਈ ਹੋਵੇ।ਐਸਾ ਗਿਅਰ ਬਕਸਾ ਜਾਮ ਹੋਇਆ ਕਿ ਚੱਲਣ ਦਾ ਜਿਵੇਂ ਨਾਮ ਹੀ ਨਾ ਲਵੇ।ਦਵਾਈ,ਡਾਕਟਰ ਤੋਂ ਲੈਕੇ ਹਕੀਮ ਅਫ਼ਗਾਨੀ ਤੇ ਹਕੀਮ ਅਫ਼ਗਾਨੀ ਤੋਂ ਲੈਕੇ ਟੂਣੇ-ਟੋਟਕੇ ਤੇ ਟੂਣੇ-ਟੋਟਕਿਆਂ ਤੋਂ ਵੀ ਅਗਾਂਹ ਹੀ ਪਹੁੰਚਾਕੇ ਦਮ ਲਿਆ।ਐਸਾ ਭੈੜਾ ਜੱਫ਼ਾ ਤਾਂ ਕਦੇ ਕਿਸੇ ਭਲਵਾਨ ਨੇ ਵੀ ਕਿਸੇ ਦੂਜੇ ਭਲਵਾਨ ਨੂੰ ਕੁਸ਼ਤੀ ਜਾਂ ਫਿਰ ਕਬੱਡੀ ਵਿਚ ਵੀ ਨਹੀਂ ਪਾਇਆ ਹੋਵੇਗਾ ਜਿਵੇਂ ਦਾ ਇਸ ਲੱਕ-ਪੀੜ ਨੇ ਮੈਨੂੰ ਪਾਇਆ।ਕੋਈ ਆਖੇ ਜੀ,ਨਸ ਦੱਬ ਗਈ ਏ,ਕੋਈ ਆਖੇ ਜੀ,ਹੱਡੀ ਖਿਸਕ ਗਈ ਏ,ਕੋਈ ਆਖੇ ਜੀ,ਹੱਡੀ ਕਮਜ਼ੋਰ ਪੈ ਗਈ ਏ ਤੇ ਕੋਈ ਭਲਾਮਾਣਸ ਆਖੇ ਜੀ,ਬਾਈ ਹੋ ਗਈ ਏ।ਪਹਿਲਾਂ ਤਾਂ ਗਰਮ ਚੀਜਾਂ ਖਾ-ਖਾਕੇ,ਅਜਵਾਇਣ ਦੀ ਚਾਹ ਪੀ-ਪੀ ਕੇ ਬਥੇਰਾ ਇਲਾਜ ਕੀਤਾ ਪਰ ਜਦ ਗੱਲ ਨਾ ਬਣੀ ਤਾਂ ਡਾਕਟਰ ਕੋਲ ਜਾਣਾ ਹੀ ਪਿਆ।ਡਾਕਟਰ ਨੇ ਬਥੇਰੀਆਂ ਲੱਤਾਂ ਉਤਾਂਹ-ਹੇਠਾਂ ਕਰਕੇ ਨਿਰਖਣ ਕੀਤਾ।ਲੋਹੇ ਦੀ ਛੋਟੀ ਜਿਹੀ ਹਥੌੜੀ ਨਾਲ ਠਕੋਰ-ਠਕੋਰ ਕੇ ਵੀ ਵੇਖਿਆ ਤੇ ਪੰਡ ਦਵਾਈਆਂ ਦੀ ਵੀ ਨਾਲ ਬਣ ਦਿੱਤੀ ਤੇ ਬੋਲਿਆ૷”ਐਕਸਰਸਾਈਜ ਵੀ ਕਰੀ ਜਾ ਜਿਹੜੀ ਮੈਂ ਦੱਸੀ ਏ,ਇਹੋ ਵਧੀਆ ਤੇ ਸਸਤਾ ਇਲਾਜ ਏ”
”ਫਿਰ ਦਵਾਈ ਦੀ ਕੀ ਲੋੜ ਏ ਡਾਕਟਰ ਸਾਹਿਬ”ਮੈਂ ਭੋਲੇਪਣ ਚ’ਕਿਹਾ।
”ਇਹਦੀ ਵੀ ਲੋੜ ਏ,ਇਸ ਤੋਂ ਬਿਨਾਂ ਗੱਲ ਨਹੀਂ ਬਣਨੀ”ਡਾਕਟਰ ਨੇ ਕਿਹਾ।
”ਅੱਛਾ”ਮੈਂ ਕਿਹਾ।
”ਹਾਂ ਜੀ”ਡਾਕਟਰ ਨੇ ਕਿਹਾ।
”ਫਿਰ ਖਾਣੀ ਹੀ ਪਵੇਗੀ”
”ਬਿਲਕੁਲ”ਡਾਕਟਰ ਨੇ ਕਿਹਾ।
ਦਵਾਈ ਖਾਣ ਤੋਂ ਬਾਅਦ ਵੀ ਗੱਲ ਨਾ ਬਣੀ,ਮਨ ਫਿਰ ਭਟਕਿਆ।ਫਿਰ ਇੱਕ ਹਕੀਮ ਤੋਂ ਦਵਾਈ ਖਾਧੀ,ਗੱਲ ਫਿਰ ਵੀ ਨਾ ਬਣੀ।ਫਿਰ ਕਿਸੇ ਤੋਂ ਪਤਾ ਲੱਗਾ ਕਿ ਇੱਕ ਭਲਵਾਨ ਏ,ਕਿਂਗੜੀ ਭਲਵਾਨ,ਜਿਹੜਾ ਮਾਲਸ਼ ਕਰਦਾ ਏ ਤਾਂ ਇਹ ਦਰਦ ਠੀਕ ਹੋ ਜਾਂਦਾ ਏ।ਫਿਰ ਕੀ ਸੀ ਉਸ ਤੋਂ ਮਾਲਸ਼ ਵੀ ਕਰਵਾਈ ਤੇ ਨਾਲੇ ਉਸ ਦੀਆਂ ਫੁੱਕਰੀਆਂ ਵੀ ਸੁਣੀਆਂ।ਮਾਲਸ਼ ਨਾਲ ਥੋੜ੍ਹਾ ਫ਼ਰਕ ਪਿਆ ਪਰ ਅਗਲੇ ਦਿਨ ਫਿਰ ਉਵੇਂ ਹੀ।ਮਨ ਪਰੇਸ਼ਾਨ ਹੋ ਗਿਆ।ਮਨ ਹੀ ਮਨ ਸੋਚਿਆ ਯਾਰਾਂ ਐਣੀ ਗੁਲਾਮੀ ਤਾਂ ਘਰਵਾਲੀ ਦੀ ਵੀ ਨਹੀਂ ਸੀ ਕੀਤੀ ਜਿੰਨੀ ਇਸ ਲੱਕ-ਪੀੜ ਨੇ ਕਰਵਾਈ ਏ।ਫਿਰ ਵੱਖਰੇ-ਵੱਖਰੇ ਬੰਦੇ ਤੋਂ ਵੱਖਰੀ-ਵੱਖਰੀ ਸਲਾਹ।ਕਮਾਲ ਏ,ਕੋਈ ਆਖੇ ਅਦਰਕ ਦੀ ਤਰੀ ਬਣਾ ਕੇ ਖਾ ਤੇ ਕੋਈ ਆਖੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ।ਫਿਰ ਕੀ ਸੀ ਅਦਰਕ ਦੀ ਤਰੀ ਵੀ ਬਣਾ ਕੇ ਖਾਧੀ,ਅਲਸੀ ਦੀਆਂ ਪਿੰਨੀਆਂ ਵੀ ਬਣਾਕੇ ਖਾਧੀਆਂ ਪਰ ਗੱਲ ਮੁਕਦੀ-ਮੁਕਾਉਂਦੀ ਉੱਥੇ ਹੀ ਰਹੀ।ਰਾਤ ਨੂੰ ਨੀਂਦ ਨਾ ਆਵੇ,ਦਿਨ ਨੂੰ ਚੈਨ ਨਾ ਆਵੇ,ਕਦੇ ਲੱਗੇ ਕਿ ਇਹ ਕਰਮਾਂ ਦਾ ਦੁੱਖ ਹੈ ਹੰਢਾਉਣਾ ਹੀ ਪਵੇਗਾ ਤੇ ਕਦੇ ਲੱਗੇ ਕਿ ਇਹ ਬੀਮਾਰੀ ਮੈਨੂੰ ਹੀ ਲੱਗਣੀ ਸੀ,ਬੜੇ ਅਜੀਬ ਜਿਹੇ ਹਾਲਾਤ ਬਣ ਗਏ,ਕੁਝ ਵੀ ਸਮਝ ਨਹੀਂ ਸੀ ਆ ਰਿਹਾ।
ਫਿਰ ਇੱਕ ਦਿਨ ਸੁੱਤੇ-ਸੁੱਤੇ ਬੀਵੀ ਨੇ ਕਿਹਾ ਕਿ ਕਿਤੇ ਕਿਸੇ ਨਿਖੱਤੇ ਦੀ ਭੈੜੀ-ਨਜ਼ਰ ਤਾਂ ਨਹੀਂ ਲੱਗ ਗਈ।ਮੈਂ ਦਿਮਯਗ਼ ਦੀ ਰੀਲ ਇੱਧਰ-ਉੱਧਰ ਘੁਮਾਈ,ਵਧੇਰਾ ਮੱਥਾ ਮਾਰਿਆ ਫਿਰ ਯਾਦ ਆਇਆ ਕਿ ਇੱਕ ਦਿਨ ਸੈਰ ਕਰਦੇ-ਕਰਦੇ ਮੇਰੇ ਪਿੱਛੇ ਇੱਕ ਆਦਮੀ ਨੇ ਮੈਨੂੰ ਆਵਾਜ਼ ਮਾਰਕੇ ਕਿਹਾ ਸੀ ਕਿ”ਭਾਈ ਜੀ ਤੁਸੀਂ ਸੈਰ ਬੜੀ ਤੇਜ਼-ਤੇਜ਼ ਕਰਦੇ ਓ,ਵੇਖਕੇ ਮਨ ਬੜਾ ਖੁਸ਼ ਹੁੰਦਾ ਏ,ਹੁਣ ਮੈਂ ਵੀ ਆਪਣਾ ਵਜ਼ਨ ਘਟਾਕੇ ਤੁਹਾਡੇ ਵਾਂਗ ਤੇਜ਼-ਤੇਜ਼ ਸੈਰ ਕਰਨੀ ਏ”ਬਸ ਫਿਰ ਕੀ ਸੀ ਉਸ ਤੋਂ ਅਗਲੇ ਹੀ ਦਿਨ ਮੇਰਾ ਕੰਮ ਹੋ ਗਿਆ ਸੀ।ਹੁਣ ਮੈਨੂੰ ਯਾਦ ਆ ਗਿਆ ਸੀ।
”ਉਸ ਨਿਖੱਤੇ ਦੀ ਹੀ ਨਜ਼ਰ ਲੱਗੀ ਏ”ਮੇਰੀ ਬੀਵੀ ਨੇ ਕਿਹਾ।
”ਹੋ ਸਕਦਾ ਏ”ਮੈਂ ਕਿਹਾ ਨਾਲੇ ਜ਼ਨਾਨੀ ਆਖੇ ਤੇ ਮੈਂ ਨਾ ਮੰਨਾ ਇਹ ਕਿਵੇਂ ਹੋ ਸਕਦਾ ਏ।ਚੰਗੀ ਤਰਾਂ ਸੋਚਿਆ ਤਾਂ ਗੱਲ ਠੀਕ ਵੀ ਲੱਗੀ।ਫਿਰ ਦੱਸ ਪਈ ਕਿ ਸਾਡੇ ਘਰ ਤੋਂ ਕੋਈ ਦਸ-ਬਾਰਾਂ ਕਿਲੋਮੀਟਰ ਤੇ ਇੱਕ ਬੰਦਾ ਏ ਜੋ ਪੀੜ ਦਾ ਫਾਂਡਾ ਕਰਦਾ ਏ ਕਿਉਂ ਜੋ ਉਸਨੂੰ ਕੋਈ ਬਖ਼ਸ਼ ਏ,ਫਿਰ ਨਜ਼ਰ ਦਾ ਤਾਂ ਇਹੋ ਹੀ ਇਲਾਜ ਏ।ਫਿਰ ਤਿੰਨ-ਹਫਤੇ ਨਿੱਠਕੇ ਫਾਂਡੇ ਕਰਵਾਏ ਪਰ ਗੱਲ ਫਿਰ ਵੀ ਨਾ ਬਣੀ।ਹੁਣ ਕੀ ਕਰਾਂ,ਗੱਲ ਕੁਝ ਸਮਝ ਨਾ ਆਵੇ ਤੇ ਨਾ ਦਰਦ ਸਹਿਣ ਹੋਵੇ।ਝੂਰੀ ਵੀ ਜਾਵਾਂ,ਕੁਝ ਸਮਝ ਵੀ ਨਾ ਆਵੇ,ਦਵਾਈ ਖਾਣ ਨੂੰ ਜੀਅ ਨਾ ਕਰੇ ਪਰ ਮਰਾਂ ਕੀ ਨਾ ਕਰਾਂ।ਫਿਰ ਇੱਕ ਦਿਨ ਯਾਦ ਆਇਆ ਕਿ ਛੋਟੇ ਹੁੰਦੇ ਕਦੇ-ਕਦੇ ਮਾਂ ਨਜ਼ਰ ਲਾਉਂਦੀ ਸੀ ਮਿਰਚਾਂ ਮੇਰੇ ਸਿਰ ਤੋਂ ਵਾਰਕੇ ਸਾੜਦੀ ਹੁੰਦੀ ਸੀ।ਬੀਵੀ ਨੂੰ ਕਿਹਾ ਇਹੋ ਨੁਸਖਾ ਕਰਕੇ ਵੇਖ ਸ਼ਾਇਦ ਨਜ਼ਰ ਲੱਥ ਜਾਵੇ ਤੇ ਦਰਦ ਠੀਕ ਹੋ ਜਾਵੇ ।ਉਸ ਵੀ ਵਿਚਾਰੀ ਨੇ ਇੱਕ ਮਿੰਟ ਨਾ ਲਗਾਇਆ ਤੇ ਫਟਾਫਟ ਮਿਰਚਾਂ ਮੇਰੇ ਸਿਰ ਤੋਂ ਵਾਰਕੇ ਸਾੜ ਦਿੱਤੀਆਂ ਪਰ ਗੱਲ ਫਿਰ ਵੀ ਨਾ ਬਣੀ।ਮੈਂ ਸੋਚਿਆ ਸ਼ਾਇਦ ਉਸਨੂੰ ਟੋਟਕਾ ਕਰਨਾ ਨਹੀਂ ਆਇਆ ਜਾਂ ਫਿਰ ਨਜ਼ਰ ਕੁਝ ਜ਼ਿਆਦਾ ਹੀ ਲੱਗ ਗਈ ਏ ਜਿਹੜੀ ਮਾੜੇ-ਮੋਟੇ ਨੁਸਖੇ ਨਾਲ ਲੱਥ ਨਹੀਂ ਰਹੀ।ਪਰ ਲੱਕ ਦਾ ਜਿੱਦੀ ਦਰਦ ਜਿਉਂ ਦਾ ਤਿਉਂ ਹੀ ਰਿਹਾ।ਠੰਢ ਵੀ ਇਸ ਵਾਰ ਚੰਗੀ-ਚੋਖੀ ਪੈ ਰਹੀ ਸੀ।ਕਦੇ ਲੱਗੇ ਕਿ ਦਰਦ ਜ਼ਿਆਦਾ ਠੰਢ ਕਰਕੇ ਹੋ ਰਿਹਾ ਪਰ ਮਨ ਬੜਾ ਪਰੇਸ਼ਾਨ ਕਿ ਯਾਰ ਇਸ ਉਮਰੇ ਹੀ ਪੇਸ਼ ਪੈ ਗਈ ਏ ਲੱਕ-ਪੀੜ।ਕੁਝ ਵੀ ਸਮਝ ਨਾ ਆਵੇ।ਫਿਰ ਯਾਦ ਆਇਆ ਕਿ ਇੱਕ ਵਾਰ ਜਦ ਮੈਨੂੰ ਬੁਖਾਰ ਚੜਿਆ ਸੀ ਤਾਂ ਮਾਂ ਨੇ ਇੱਕ ਗੰਦੀ ਜੁੱਤੀ ਲਈ ਸੀ ਤੇ ਮੇਰੇ ਵੱਟ-ਵੱਟਕੇ ਕਿੰਨੀ ਵਾਰੀ ਮਾਰੀਆਂ ਸਨ ਤੇ ਨਾਲੇ ਬੋਲੀ ਜਾਂਦੀ ਸੀ”ਵੇ ਮੋਇਆ ਬੁਖ਼ਾਰਾ,ਤੂੰ ਜਾਂਦਾ ਕਿ ਨਹੀਂ ਇੱਥੋਂ,ਚਲ ਦਫ਼ਾ ਹੋ ਜਾ ਕੁਤਿਆ-ਕਮੀਨਿਆ ਨਿਕਲ ਜਾ ਮੇਰੇ ਮੁੰਡੇ ਦੇ ਸ਼ਰੀਰ ਚੋਂ,ਨਹੀਂ ਤਾਂ ਬੜੀਆਂ ਜੁੱਤੀਆਂ ਮਾਰਾਂਗੀ”ਤੇ ਫਿਰ ਮੈਨੂੰ ਯਾਦ ਏ ਕਿ ਉਹ ਜੁੱਤੀਆਂ ਖਾਣ ਦੀ ਦੇਰ ਸੀ ਕਿ ਐਣੇ ਦਿਨਾਂ ਦਾ ਜਿੱਦੀ ਬੁਖਾਰ ਮਿੰਟਾਂ ਚ’ਹੀ ਰਫ਼ੂ-ਚੱਕਰ ਹੋ ਗਿਆ ਸੀ।ਦਸ-ਪੰਦਰਾਂ ਦਿਨਾਂ ਤੋਂ ਉਹ ਬੁਖ਼ਾਰ ਹਟਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ,ਉਸ ਦਿਨ ਇਹ ਗਲ ਬਿਲਕੁਲ ਸਹੀ ਸਾਬਤ ਹੋਈ ਸੀ ਕਿ ਜਿਸ ਦਾ ਕੋਈ ਇਲਾਜ ਨਹੀਂ ਹੁੰਦਾ ਉਸਦਾ ਇਲਾਜ ਜੁੱਤੀਆਂ ਹੀ ਹੁੰਦਾ ਏ।
ਪਰ ਹੁਣ ਸੱਮਸਿਆ ਇਹ ਸੀ ਕਿ ਜੁੱਤੀਆਂ ਖਾਧੀਆਂ ਕਿਸ ਤੋਂ ਜਾਣ ਮਾਂ ਤਾਂ ਕਦੇ ਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੀ ਸੀ।ਘਰਵਾਲੀ ਨਾਲ ਗੱਲ ਕੀਤੀ ਤਾਂ ਉਹ ਹੱਸ ਪਈ ਫਿਰ ਮੈਂ ਵੀ ਹੱਸ ਪਿਆ ਹੱਸਦੇ-ਹੱਸਦੇ ਲੱਕ ਦੀ ਪੀੜ ਵੀ ਹੱਸੀ ਤੇ ਇੱਕ ਚੀਸ ਜਿਹੀ ਲੱਕ ਨੂੰ ਪਈ ਤੇ ਇੱਕ ਕੜਾਕਾ ਜਿਹਾ ਨਿਕਲਿਆ,ਕੀ ਕਰਾਂ ਕੁਝ ਸਮਝ ਨਾ ਆਵੇ ਕਿ ਜੁੱਤੀਆਂ ਕਿਵੇਂ ਖਾਧੀਆਂ ਜਾਣ।ਘਰਵਾਲੀ ਨੂੰ ਕਿਹਾ ਤਾਂ ਉਸ ਸਾਫ਼ ਨਾਂਹ ਕਰ ਦਿੱਤੀ ”ਮੈਥੋਂ ਨੀਂ ਹੋਣਾ ਇਹ ਕੰਮ”ਵਧੇਰਾ ਸਮਝਾਇਆ ਕਿ ਕਿਹੜਾ ਕੋਈ ਵੇਖਦਾ ਪਿਆ ਏ ਪਰ ਉਹ ਵੀ ਲੱਕ-ਪੀੜ ਵਾਂਗ ਜਿੱਦੀ ਹੀ ਨਿਕਲੀ।ਨਈ ਮੰਨੀ,ਮੈਂ ਫਿਰ ਕਿਹਾ ਕਿ ਅੰਦਰ ਵੜਕੇ ਹੀ ਇਹ ਜੁੱਤੀਆਂ ਵਾਲਾ ਕੰਮ ਕਰ ਲੈਣੇ ਆਂ,ਆਪਸ ਦੀ ਗੱਲ ਏ ਪਰ ਉਹ ਆਖਰ ਹਾਰਕੇ ਬੋਲੀ”ਜੋ ਮਰਜ਼ੀ ਆਖੋ ਮੈਂ ਇਹ ਕੰਮ ਨਹੀਂਓ ਕਰਨਾ,ਮੈਂ ਨਰਕ ਦੀ ਭਾਗੀ ਕਿਉਂ ਬਣਾ”।
ਫਿਰ ਅਚਾਨਕ ਅਗਲੇ ਦਿਨ ਮੇਰੀ ਸੱਸ ਮੇਰੀ ਦਰਦ ਦਾ ਪਤਾ ਲੈਣ ਆਈ।ਮੈਂ ਉਸ ਨਾਲ ਵੀ ਜੁੱਤੀਆਂ ਵਾਲੀ ਗੱਲ ਕੀਤੀ ਤਾਂ ਉਹ ਮੇਰੇ ਮੁੰਹੋ ਇਵੇਂ ਦੀ ਗੱਲ ਸੁਣਕੇ ਜਿਵੇਂ ਥਿੜ੍ਹਕ ਜਿਹੀ ਗਈ”ਵੇ ਪੁੱਤ,ਜਵਾਈ-ਭਾਈ ਨੂੰ ਮੈਂ ਜੁੱਤੀਆਂ ਮਾਰਦੀ ਚੰਗੀ ਲਗਣੀ ਆਂ ਭਲਾ,ਜੇ ਗੱਲ ਹੁੰਦੀ ਕਿਸੇ ਗੁਆਚੇ-ਭਾਲੇ ਦੀ ਤਾਂ ਠੀਕ ਸੀ,ਮੈਂ ਚਰਖਾ ਪੁੱਠਾ ਫੇਰਦੀ ਤਾਂ ਉਸਨੂੰ ਆਪੇ ਹੀ ਘਰ ਦੀ ਯਾਦ ਆ ਜਾਂਦੀ ਤੇ ਉਹ ਵਾਪਸ ਆ ਜਾਂਦਾ ਪਰ ਪੁੱਤਰ ਇਹ ਜੁੱਤੀਆਂ ਮਾਰਨ ਵਾਲੀ ਗੱਲ ਤਾਂ ਝੂਠੀ ਏ,ਇਹ ਮੈਥੋਂ ਨਹੀਂਓ ਹੋਣਾ”ਆਖਰ ਮੇਰੀ ਸੱਸ ਨੇ ਵੀ ਸਾਫ਼ ਨਾਂਹ ਕਰ ਦਿੱਤੀ।ਹੁਣ ਕੀ ਕਰਾਂ ਸਮਝ ਨਹੀਂ ਸੀ ਆ ਰਿਹਾ, ਨਾਲੇ ਹੁਣ ਇਸ ਉਮਰੇ ਕਿਸੇ ਹੋਰ ਤੋਂ ਜੁੱਤੀਆਂ ਖਾਣੀਆਂ ਚੰਗਾ ਵੀ ਨਹੀਂ ਸੀ ਲੱਗਦਾ।ਬੜੀ ਡਾਢੀ ਦੁਬਿਦਾ ਸੀ।
ਫਿਰ ਇੱਕ ਦਿਨ ਮੇਰੇ ਇੱਕ ਦੋਸਤ ਦਾ ਪਾਪਾ ਮੇਰੇ ਕੋਲ ਕਿਸੇ ਕੰਮ ਲਈ ਆਇਆ।ਮੈਂ ਚਾਣਚੱਕ ਹੀ ਉਸ ਨਾਲ ਜੁੱਤੀਆਂ ਵਾਲੀ ਗੱਲ ਕੀਤੀ।ਉਹ ਵੀ ਸੁਣ ਕੇ ਉੱਚੀ-ਉੱਚੀ ਹੱਸ ਪਿਆ ਤੇ ਆਖਣ ਲੱਗਾ”ਬਈ ਇਹ ਨਖਿੱਧ ਕੰਮ ਕਰਨ ਦੀ ਕੀ ਲੋੜ ਏ,ਮੈਂ ਉਸ ਸੱਚੇ-ਪਾਤਸ਼ਾਹ ਨੂੰ ਯਾਦ ਕਰਕੇ ਤੇਰੀ ਪਿੱਠ ਅਤੇ ਲੱਕ ਤੇ ਹੱਥ ਫੇਰ ਦਿੰਦਾ ਹਾਂ।ਵਾਹੇ ਗੁਰੂ ਆਪੇ ਹੀ ਇਸ ਨਾ-ਮੁਰਾਦ ਪੀੜ ਨੂੰ ਠੀਕ ਕਰ ਦਵੇਗਾ।ਫਿਰ ਪਾਪਾ ਜੀ ਨੇ ਰੱਬ ਦਾ ਨਾਮ ਲੈਕੇ ਮੇਰੀ ਪਿੱਠ ਅਤੇ ਲੱਕ ਤੇ ਹੱਥ ਫੇਰ ਦਿੱਤਾ ਤੇ ਦਰਦ ਹੌਲੀ-ਹੌਲੀ ਠੀਕ ਹੋ ਗਿਆ ਪਰ ਮਾਂ ਦੇ ਟੋਟਕੇ ਤੇ ਮਾਂ ਦੀਆਂ ਜੁੱਤੀਆਂ ਬਹੁਤ ਯਾਦ ਆਈਆਂ।ਮਾਂ ਵੀ ਬੜੀ ਚੇਤੇ ਆਈ ਤੇ ਅੱਜ ਪਤਾ ਲੱਗਾ ਕਿ ਮਾਂ ਦੀਆਂ ਜੁੱਤੀਆਂ ਵਿਚ ਕਿੰਨੀ ਤਾਕਤ ਸੀ ਕਿ ਜੋ ਭੈੜੀ ਤੋਂ ਵੀ ਭੈੜੀ ਸ਼ੈਅ ਨੂੰ ਵੀ ਸਾਡੀ ਜ਼ਿੰਦਗੀ ਤੇ ਸਾਡੇ ਸ਼ਰੀਰ ਵਿੱਚੋਂ ਕਿਵੇਂ ਦੂਰ ਭਜਾ ਦਿੰਦੀ ਸੀ।

( ਰਾਜੇਸ਼ ਗੁਪਤਾ) +91 9501096001: email-rajeshniti00@gmail.com

Install Punjabi Akhbar App

Install
×