ਕੀ ਰਾਜਸਥਾਨ ਸਰਕਾਰ ਵਿਚ ਬਗ਼ਾਵਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ?

ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਹੋਈ ਬਗ਼ਾਵਤ ਦਾ ਪੰਜਾਬ ਸਰਕਾਰ ਤੇ ਕੋਈ ਪ੍ਰਭਾਵ ਪੈ ਸਕਦਾ ਹੈ ? ਇਸ ਬਾਰੇ ਅੱਜ ਕੱਲ੍ਹ ਖੁੰਢ ਚਰਚਾਵਾਂ ਅਤੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਵਿਚ ਬੁੱਧੀਜੀਵੀਆਂ ਦੀਆਂ ਚੁੰਝ ਚਰਚਾਵਾਂ, ਦਫ਼ਤਰਾਂ ਵਿਚ ਬਾਬੂਆਂ ਦੀਆਂ ਵਾਰਤਾਵਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਲੈੱਕਟ੍ਰਾਨਿਕ ਮੀਡੀਆ ਵਿਚ ਪੈਨਲ ਵਿਚਾਰ ਚਰਚਾਵਾਂ ਵਿਚ ਹਰ ਥਾਂ ਤੇ ਇਹੋ ਵਿਚਾਰ ਵਟਾਂਦਰੇ ਹੋ ਰਹੇ ਹਨ ਕਿ ਕੀ ਗੁਆਂਢੀ ਰਾਜ ਰਾਜਸਥਾਨ ਦੀ ਸਿਆਸੀ ਉਥੱਲ ਪਥੱਲ ਦਾ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਸਰ ਪੈ ਸਕਦਾ ਹੈ ? ਸਭ ਤੋਂ ਜ਼ਿਆਦਾ ਇਨ੍ਹਾਂ ਕਿਆਸ ਅਰਾਈਆਂ ਨੂੰ ਤੂਲ ਇਲੈੱਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਜਿਸ ਵਿਚ ਵਟਸ ਅਪ, ਇੰਸਟਾਗ੍ਰਾਮ ਅਤੇ ਫੇਸ ਬੁੱਕ ਸ਼ਾਮਲ ਹਨ, ਉਨ੍ਹਾਂ ਰਾਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਥਾਵਾਂ ਤੇ ਜਿਹੜੀਆਂ ਖ਼ਬਰਾਂ ਦਿੱਤੀਆਂ ਜਾਂ ਟੈਲੀਕਾਸਟ ਬਰਾਡਕਾਸਟ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਰਾਜਨੀਤਕ ਧਮਾਕਾ ਹੋਣ ਦੀ ਸੰਭਾਵਨਾ ਕਿਹਾ ਜਾਂਦਾ ਹੈ। ਇਨ੍ਹਾਂ ਖ਼ਬਰਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰੋਨਿਕ ਮੀਡੀਆ ਨੇ ਤਾਂ ਪਾਣੀ ਵਿਚ ਮਧਾਣੀ ਪਾਈ ਹੋਈ ਹੈ, ਜਿਸ ਦੇ ਰਿੜਕਣ ਨਾਲ ਕੁੱਝ ਵੀ ਨਹੀਂ ਨਿਕਲਣਾ ਨਹੀਂ, ਭਾਵ ਕੋਈ ਵੀ ਤਬਦੀਲੀ ਹੋਣ ਦੀ ਸੰਭਾਵਨਾ ਹੈ ਹੀ ਨਹੀਂ। ਗੱਲ ਨਵਜੋਤ ਸਿੰਘ ਸਿੱਧੂ ਤੋਂ ਤੁਰਦੀ ਹੈ ਤੇ ਉਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਵਾਲੇ ਬਿਨਾਂ ਵਜਾਹ ਹੀ ਭੰਬਲਭੂਸੇ ਵਿਚ ਪਏ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆਂ ਲਗਭਗ ਸਾਢੇ ਤਿੰਨ ਸਾਲ ਹੋ ਗਏ ਹਨ। ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਵਿਚ ਮੰਤਰੀਆਂ ਦੀ ਰੱਦੋ ਬਦਲ, ਉਨ੍ਹਾਂ ਦੀ ਆਪਸੀ ਖਹਿਬਾਜ਼ੀ ਅਤੇ ਵਿਧਾਨਕਾਰਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ‘ਤੇ ਅਸੰਤੁਸ਼ਟੀ ਦੀਆਂ ਖ਼ਬਰਾਂ ਮੀਡੀਆ ਵਿਚ ਚਟਕਾਰਿਆਂ ਨਾਲ ਆਉਂਦੀਆਂ ਰਹੀਆਂ ਹਨ। ਭਾਵੇਂ ਅਜੇ ਤੱਕ ਕੋਈ ਸਾਰਥਿਕ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ।

ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ, ਉਦੋਂ ਤੋਂ ਹੀ ਮੀਡੀਆ ਬੜੀ ਸਰਗਰਮੀ ਨਾਲ ਇਹ ਕਹਿ ਰਿਹਾ ਸੀ ਕਿ ਉਹ ਪੰਜਾਬ ਸਰਕਾਰ ਵਿਚ ਉਪ ਮੁੱਖ ਮੰਤਰੀ ਬਣੇਗਾ ਪ੍ਰੰਤੂ ਕਦੀ ਵੀ ਕਿਸੇ ਪੱਤਰਕਾਰ ਨੇ ਸੰਜੀਦਗੀ ਨਾਲ ਨਹੀਂ ਸੋਚਿਆ ਸੀ ਕਿ ਜੇਕਰ ਪੰਜਾਬ ਵਿਚ ਇੱਕ ਸਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇਗਾ ਤਾਂ ਦੂਜੇ ਨੰਬਰ ਤੇ ਹਮੇਸ਼ਾ ਹਿੰਦੂ ਮੰਤਰੀ ਹੀ ਹੁੰਦਾ ਹੈ। ਕਿਉਂਕਿ ਪੰਜਾਬ ਵਿਚ ਹਿੰਦੂ ਵਰਗ ਨੂੰ ਕਿਸੇ ਕੀਮਤ ਤੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ, ਜਿਸ ਦੀ ਬਦੌਲਤ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਉਪ ਮੁੱਖ ਮੰਤਰੀ ਬਣ ਸਕਦਾ ਹੈ। ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਵੀ ਤੀਜੇ ਨੰਬਰ ਤੇ ਬਣਾਇਆ ਗਿਆ ਸੀ ਪ੍ਰੰਤੂ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲੇ ਦੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪਾਰਟੀ ਵਿਚ ਸੀਨੀਅਰ ਅਤੇ ਆਪਣੇ ਰੋਹਬ ਦਾਬ ਵਾਲਾ ਸਿਆਸੀ ਨੇਤਾ ਹੈ। ਸ਼ਾਹੀ ਪਰਿਵਾਰ ਨਾਲ ਸੰਬੰਧਿਤ ਹੈ, ਜਿਸ ਦੇ ਪੁਰਖੇ ਵੀ ਗਾਂਧੀ ਪਰਿਵਾਰ ਦੇ ਨਜ਼ਦੀਕ ਰਹੇ ਹਨ। ਉਸਦੀ ਕਾਰਜਸ਼ੈਲੀ ਵੀ ਵੱਖਰੀ ਕਿਸਮ ਦੀ ਹੈ। ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰ ਚਲਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵਿਚ ਗੁਣ ਆਮ ਸਿਆਸਤਦਾਨਾਂ ਨਾਲੋਂ ਵਧੇਰੇ ਕਹੇ ਜਾ ਸਕਦੇ ਹਨ। ਉਹ ਬੁਲਾਰਾ ਕਮਾਲ ਦਾ ਹੈ। ਇਮਾਨਦਾਰ ਹੈ ਪ੍ਰੰਤੂ ਮੁੱਖ ਮੰਤਰੀ ਬਣਨ ਲਈ ਬਹੁਤਾ ਕਾਹਲਾ ਹੈ। ਸਿਆਸਤ ਵਿਚ ਸਹਿਜ ਪੱਕੇ ਸੋ ਮੀਠਾ ਹੋਏ ਦੀ ਨੀਤੀ ਸਫਲ ਰਹਿੰਦੀ ਹੈ। ਲੋਕਾਂ ਦੀ ਨਿਗਾਹ ਵਿਚ ਉਹ ਮੁੱਖ ਮੰਤਰੀ ਦੇ ਯੋਗ ਵੀ ਗਿਣਿਆਂ ਜਾਂਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਵਿਚ ਉਹ ਬਿਲਕੁਲ ਨਵਾਂ ਅਤੇ ਅਨਾੜੀ ਹੈ। ਕਾਂਗਰਸ ਹਾਈ ਕਮਾਂਡ ਵਿਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਜ਼ਦੀਕ ਹੈ। ਇਹ ਸਾਰੇ ਗੁਣਾਂ ਦੇ ਬਾਵਜੂਦ ਵੀ ਉਹ ਹਮੇਸ਼ਾ ਵਾਦ-ਵਿਵਾਦ ਵਿਚ ਰਹਿੰਦਾ ਹੈ। ਬੋਲਣ ਲੱਗਿਆਂ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ। ਆਮ ਕਰਕੇ ਸਾਰੇ ਵਾਦ ਵਿਵਾਦ ਉਸ ਦੇ ਬਿਆਨਾ ਨਾਲ ਹੀ ਪੈਦਾ ਹੁੰਦੇ ਰਹੇ ਹਨ। ਸਿਆਸਤ ਦਾ ਖਿਲਾੜੀ ਨਹੀਂ ਅਤੇ ਸਿਆਸਤ ਦੀਆਂ ਤਿਗੜਮਬਾਜ਼ੀਆਂ ਵਿਚ ਵੀ ਅਨਾੜੀ ਹੈ। ਸਿਆਸਤਦਾਨ ਲਚਕਦਾਰ ਵੀ ਹੋਣਾ ਚਾਹੀਦਾ ਹੈ । ਕਾਠ ਦੀ ਹੱਡੀ ਬਣਕੇ ਸਿਆਸਤ ਵਿਚ ਵਿਚਰਨਾ ਅਸੰਭਵ ਹੁੰਦਾ ਹੈ।
ਸਿਆਸਤ ਵਿਚ ਬਗ਼ਾਵਤ ਭਾਵੇਂ ਆਮ ਜਹੀ ਗੱਲ ਹੈ। ਵਿਚਾਰਾਂ ਵਿਚ ਵਖਰੇਵਾਂ ਹੋਣਾ ਪਰਜਾਤੰਤਰ ਦੇ ਸ਼ੁੱਭ ਸੰਕੇਤ ਹੁੰਦੇ ਹਨ। ਬਗ਼ਾਵਤਾਂ ਸਾਰੀਆਂ ਪਾਰਟੀਆਂ ਵਿਚ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸਮੁੰਦਰ ਵਿਚ ਰਹਿੰਦਿਆਂ ਮਗਰ ਮੱਛ ਨਾਲ ਵੈਰ ਰੱਖਣਾ ਮਹਿੰਗਾ ਪੈ ਜਾਂਦਾ ਹੈ। ਇਹੋ ਗੱਲ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ। ਮੰਤਰੀ ਮੰਡਲ ਵਿਚ ਹੁੰਦਿਆਂ ਕਿਸੇ ਵੀ ਮੰਤਰੀ ਨੂੰ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਰੱਖਣੇ ਜ਼ਰੂਰੀ ਹੁੰਦੇ ਹਨ। ਹਾਈ ਕਮਾਂਡ ਤਾਂ ਦੂਰ ਹੁੰਦੀ ਹੈ, ਹਰ ਰੋਜ਼ ਤਾਂ ਮੁੱਖ ਮੰਤਰੀ ਨਾਲ ਹੀ ਵਿਚਰਨਾ ਹੁੰਦਾ ਹੈ। ਕਹਿਣ ਤੋਂ ਭਾਵ ਰੱਬ ਨੇੜੇ ਕਿ ਘਸੁੰਨ। ਕੋਈ ਵੀ ਪਾਰਟੀ ਅਨੁਸ਼ਾਸਨ ਤੋਂ ਬਿਨਾ ਨਹੀਂ ਚੱਲ ਸਕਦੀ। ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਭਗ ਇੱਕ ਸਾਲ ਤੋਂ ਸਿਆਸਤ ਵਿਚ ਸਰਗਰਮ ਨਹੀਂ ਹੈ। ਸਿਆਸਤ ਵਿਚ ਤਾਂ ਹਰ ਵਕਤ ਲੋਕਾਂ ਨਾਲ ਜੁੜੇ ਰਹਿਣ ਵਿਚ ਹੀ ਭਲਾ ਹੁੰਦਾ ਹੈ। ਜਿਹੜਾ ਨੇਤਾ ਲੋਕਾਂ ਨਾਲ ਬਾਵਾਸਤਾ ਰਹਿੰਦਾ ਹੈ, ਉਹ ਹੀ ਹਮੇਸ਼ਾ ਸਫਲ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿ ਕੇ ਸਿਆਸਤ ਨਹੀਂ ਹੁੰਦੀ। ਲੋਕਾਂ ਦੇ ਵਿਚ ਵੜ੍ਹ ਕੇ ਹੀ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਕਰਕੇ ਇੱਕ ਦਿਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਿਲੀ ਇੱਛਾ ਵੀ ਹੈ ਪ੍ਰੰਤੂ ਅਜੇ ਉਸ ਲਈ ਦਿੱਲੀ ਦੂਰ ਹੈ। ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਭਗ ਡੇਢ ਸਾਲ ਵਿਚ ਹੋਣ ਵਾਲੀਆਂ ਹਨ। ਇਸ ਲਈ ਕਿਸੇ ਕਿਸਮ ਦੇ ਬਦਲਾਅ ਦੀ ਸੰਭਾਵਨਾ ਨਹੀਂ। ਇਸ ਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਕੋਲ ਠੋਸ ਬਹੁਮਤ ਹੈ, ਜਦੋਂ ਕਿ ਮੱਧ ਪ੍ਰਦੇਸ ਅਤੇ ਰਾਜਸਥਾਨ ਵਿਚ ਬਹੁਮਤ ਬਹੁਤਾ ਵੱਡਾ ਨਹੀਂ ਸੀ। ਉਥੇ ਅਸਥਿਰਤਾ ਦਾ ਮਾਹੌਲ ਸੀ। ਪੰਜਾਬ ਵਿਚ ਅਜਿਹਾ ਨਹੀਂ ਕਿਉਂਕਿ ਵਿਧਾਨਕਾਰ ਤਾਂ ਹੁਣ ਅਗਲੀਆਂ ਚੋਣਾਂ ਲਈ ਆਪੋ ਆਪਣੀਆਂ ਟਿਕਟਾਂ ਲੈਣ ਦੀ ਕੋਸ਼ਿਸ਼ ਵਿਚ ਰੁੱਝ ਜਾਣਗੇ। ਉਹ ਅਜਿਹੇ ਹਾਲਾਤ ਪੈਦਾ ਕਰਨ ਦੇ ਸਮਰੱਥ ਹੀ ਨਹੀਂ। ਉਨ੍ਹਾਂ ਨੇ ਤਾਂ ਆਪੋ ਆਪਣੇ ਹਲਕਿਆਂ ਲਈ ਸਰਕਾਰ ਤੋਂ ਗਰਾਂਟਾਂ ਲੈਣੀਆਂ ਹਨ। ਜੇਕਰ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਸੰਬੰਧ ਸੁਹਾਵਣੇ ਹੋਣਗੇ ਤਾਂ ਹੀ ਗਰਾਂਟਾਂ ਦੇ ਗੱਫੇ ਮਿਲਣਗੇ।
ਸਿਆਸੀ ਕਿਆਸ ਅਰਾਈਆਂ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਲਈ ਚਲਾਈਆਂ ਜਾਂਦੀਆਂ ਹਨ। ਇਹ ਕਿਆਸ ਅਰਾਈਆਂ ਪਾਰਟੀ ਦਾ ਨੁਕਸਾਨ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਕੋਲ ਵਿਧਾਨਕਾਰਾਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਦਾ ਅਕਸ ਵੀ ਲੋਕਾਂ ਵਿਚ ਬਹੁਤਾ ਪ੍ਰਭਾਵਸ਼ਾਲੀ ਨਹੀਂ। ਅਕਾਲੀ ਦਲ ਤਾਂ ਦਲ-ਦਲ ਵਿਚ ਫਸਿਆ ਹੋਇਆ ਹੈ। ਉਸ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਹੀ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਗ਼ਲਤੀ ਤੇ ਗ਼ਲਤੀ ਕਰੀ ਜਾਂਦਾ ਹੈ। ਹੁਣ ਸੀ ਬੀ ਆਈ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਉਸ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰੇਗੀ। ਭਾਰਤੀ ਜਨਤਾ ਪਾਰਟੀ ਨੂੰ ਤਿੰਨ ਖੇਤੀ ਆਰਡੀਨੈਂਸਾਂ ਨੇ ਘੁੰਮਣਘੇਰੀ ਵਿਚ ਪਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿਧਾਨਕਾਰਾਂ ਤੇ ਪਕੜ ਵੀ ਮਜ਼ਬੂਤ ਹੈ। ਕੇਂਦਰੀ ਕਾਂਗਰਸ ਇਤਨੀ ਕਮਜ਼ੋਰ ਹੈ ਕਿ ਉਹ ਅਜਿਹਾ ਫ਼ੈਸਲਾ ਲੈਣ ਦੇ ਸਮਰੱਥ ਹੀ ਨਹੀਂ। ਕਰੋਨਾ ਨਾਲ ਨਿਪਟਣ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ ਪ੍ਰਸੰਸਾ ਨੇ ਸਰਕਾਰ ਦੀਆਂ ਅਸਫਲਤਾਵਾਂ ਉਪਰ ਪਰਦਾ ਪਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪੁਰਾਣੇ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਸਮਝਦੇ ਸਨ, ਉਹ ਹਰ ਹਾਲਤ ਵਿਚ ਉਸ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕਰਨਗੇ। ਕੱਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਕਹਾਵਤ ਵੀ ਸਿੱਧੂ ਤੇ ਢੁਕਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੀ ਪਾਰੀ ਵੀ ਖੇਡੇਗਾ। ਪ੍ਰਤਾਪ ਸਿੰਘ ਬਾਜਵਾ ਜੋ ਦਿੱਲੀ ਦਰਬਾਰ ਵਿਚ ਸੁਣੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਵੱਡਾ ਦਾਅਵੇਦਾਰ ਸਮਝਦਾ ਹੈ, ਉਹ ਵੀ ਆਪਣੇ ਪੱਤੇ ਚਲਾਏਗਾ। ਇਸੇ ਤਰ੍ਹਾਂ ਹਿੰਦੂ ਨੇਤਾਵਾਂ ਵਿਚੋਂ ਬ੍ਰਹਮ ਮਹਿੰਦਰਾ ਜਿਹੜਾ ਵਰਤਮਾਨ ਮੰਤਰੀ ਮੰਡਲ ਵਿਚ ਦੂਜੇ ਨੰਬਰ ਤੇ ਹੈ ਅਤੇ ਸੁਨੀਲ ਕੁਮਾਰ ਜਾਖੜ ਜਿਹੜਾ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹੈ ਅਤੇ ਸਰਵ ਪ੍ਰਵਾਨ ਜੱਟ /ਹਿੰਦੂ ਸਿਆਸੀ ਨੇਤਾ ਹੈ, ਉਸ ਦਾ ਅਕਸ ਵੀ ਸਾਫ਼ ਸੁਥਰਾ ਅਤੇ ਬ੍ਰਹਮ ਮਹਿੰਦਰਾ ਤੇ ਜਾਖੜ ਦੋਹਾਂ ਦੀ ਦਿੱਲੀ ਦਰਬਾਰ ਵਿਚ ਚੰਗੀ ਪਹੁੰਚ ਹੈ।

ਰਾਜਿੰਦਰ ਕੌਰ ਭੱਠਲ ਜਿਹੜੀ ਸਭ ਤੋਂ ਜ਼ਿਆਦਾ ਸੀਨੀਅਰ ਨੇਤਾ ਹੈ ਅਤੇ ਮੁੱਖ ਮੰਤਰੀ ਰਹਿ ਚੁੱਕੀ ਹੈ ਪ੍ਰੰਤੂ ਅਜੇ ਚੁੱਪ ਬੈਠੀ ਤੇਲ ਅਤੇ ਤੇਲ ਦੀ ਧਾਰ ਵੇਖ ਰਹੀ ਹੈ, ਉਹ ਵੀ ਕੋਸ਼ਿਸ਼ ਕਰੇਗੀ। ਸਿਆਸਤਦਾਨ ਦਾ ਚੁੱਪ ਬੈਠਣਾ ਵੀ ਖ਼ਤਰੇ ਦੀ ਘੰਟੀ ਹੁੰਦਾ ਹੈ। ਅਨੁਸੂਚਿਤ ਜਾਤੀਆਂ ਵਿਚੋਂ ਸ਼ਮਸ਼ੇਰ ਸਿੰਘ ਦੂਲੋ ਵੀ ਤਾਕ ਵਿਚ ਬੈਠਾ ਹੈ ਜੋ ਕਿਸੇ ਸਮੇਂ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦਾ ਨਜ਼ਦੀਕੀ ਰਿਹਾ ਹੈ ਪ੍ਰੰਤੂ ਉਸਦੀ ਬੇੜੀ ਵਿਚ ਉਸ ਦੇ ਪਰਿਵਾਰ ਨੇ ਹੀ ਵੱਟੇ ਪਾ ਦਿੱਤੇ ਹਨ ਕਿਉਂਕਿ ਉਸਦੀ ਪਤਨੀ ਹਰਬੰਸ ਕੌਰ ਦੂਲੋ ਅਤੇ ਲੜਕਾ ਬੰਨੀ ਦੂਲੋ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਬੈਠੇ ਹਨ। ਪਛੜੀਆਂ ਸ਼੍ਰੇਣੀਆਂ ਵਿਚੋਂ ਸਭ ਤੋਂ ਸੀਨੀਅਰ ਅਤੇ ਮਜ਼ਬੂਤ ਦਾਅਵੇਦਾਰ ਉਮੀਦਵਾਰ ਲਾਲ ਸਿੰਘ ਹੈ, ਜਿਸ ਦੀ ਕਾਂਗਰਸ ਹਾਈ ਕਮਾਂਡ ਵਿਚ ਰਸਾਈ ਹੈ। ਉਹ ਪੰਜਾਬ ਦੇ ਹਰ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇੱਕ ਹੈ, ਉਹ ਵੀ ਅਜੇ ਖਾਲੀ ਨਹੀਂ ਪ੍ਰੰਤੂ ਦਾਅਵੇਦਾਰਾਂ ਦੀ ਸੂਚੀ ਲੰਬੀ ਹੈ। ਇਸ ਤੋਂ ਇਲਾਵਾ ਨੌਜਵਾਨ ਜਿਹੜੇ ਰਾਹੁਲ ਗਾਂਧੀ ਦੀ ਮੁੱਛ ਦਾ ਵਾਲ ਕਹਾਉਂਦੇ ਹਨ, ਉਹ ਵੀ ਆਪਣੀਆਂ ਚਾਲਾਂ ਚੱਲਣਗੇ। ਪੰਜਾਬ ਦੇ ਸਿਆਸਤਦਾਨ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹਨ। ਬਹੁਤੀ ਚਰਚਾ ਨਵਜੋਤ ਸਿੰਘ ਸਿੱਧੂ ਬਾਰੇ ਹੀ ਹੋ ਰਹੀ ਹੈ ਪ੍ਰੰਤੂ ਉਸ ਨੇ ਮੰਤਰੀ ਹੁੰਦਿਆਂ ਵੀ ਵਿਧਾਨਕਾਰਾਂ ਨਾਲ ਸੁਖਾਵੇਂ ਸੰਬੰਧ ਨਹੀਂ ਰੱਖੇ। ਸਾਫ਼ ਕਿਰਦਾਰ ਵਾਲੇ ਵਿਧਾਨਕਾਰ ਪ੍ਰਗਟ ਸਿੰਘ ਤੋਂ ਬਿਨਾ ਹੋਰ ਕੋਈ ਵਿਧਾਨਕਾਰ ਕਦੀ ਵੀ ਉਸਦੀ ਮਦਦ ਤੇ ਅੱਗੇ ਨਹੀਂ ਆਇਆ। ਭਾਵੇਂ ਸਿਆਸਤ ਵਿਚ ਅਸੰਭਵ ਵੀ ਸੰਭਵ ਹੋ ਸਕਦਾ ਹੈ ਪ੍ਰੰਤੂ ਪੰਜਾਬ ਦੀ ਸਰਕਾਰ ਵਿਚ ਤਬਦੀਲੀ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ।

(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)