ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰੀਕ ਸਿੰਘ ਸੰਘਾ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਦੀ ਤਰਫ ਤੋਂ ਪੰਜਾਬ ਦੇ ਮੌਜੂਦਾ ਵਿਧਾਇਕ (ਹਲਕਾ ਗਿੱਦੜਬਾਹਾ) ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਵੜਿੰਗ ਦੇ ਯੂਥ ਕਾਂਗਰਸ ਇੰਡੀਆ ਦੇ ਪ੍ਰਧਾਨ ਬਨਣ ਉਤੇ ਵਧਾਈ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਕਿਸੇ ਨੌਜਵਾਨ ਨੂੰ 21 ਸਾਲਾਂ ਬਾਅਦ ਕੌਮੀ ਪ੍ਰਧਾਨਗੀ ਸੌਂਪ ਕੇ ਪੰਜਾਬੀਆਂ ਦੇ ਮਾਣ ਨੂੰ ਪਾਰਟੀ ਦੇ ਵਿਚ ਵਧਾਇਆ ਹੈ। ਇਕ ਗਰੀਬ ਕਿਸਾਨ ਪਰਿਵਾਰ ਦੇ ਵਿਚ ਜਨਮੇ ਇਸ 37 ਸਾਲਾ ਨੌਜਵਾਨ ਨੇ ਛੋਟੀ ਉਮਰ ਦੇ ਵਿਚ ਹੀ ਸਿਆਸੀ ਜੀਵਨ ਦੀ ਸ਼ੁਰੂਆਤ ਯੂਥ ਕਾਂਗਰਸ ਮੁਕਤਸਰ ਦੇ ਬਲਾਕ ਪ੍ਰਧਾਨ ਤੋਂ ਕੀਤੀ ਸੀ ਅਤੇ ਅੱਜ ਰਾਸ਼ਟਰੀ ਪੱਧਰ ‘ਤੇ ਪ੍ਰਧਾਨਗੀ ਕਰਨਗੇ। ਵਿਦੇਸ਼ਾਂ ਦੇ ਵਿਚ ਕਾਂਗਰਸ ਇਕਾਈਆਂ ਵੱਲੋਂ ਇਹ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਸ੍ਰੀ ਰਾਜਾ ਵੜਿੰਗ ਪੂਰੇ ਦੇਸ਼ ਦੇ ਅਤੇ ਵਿਦੇਸ਼ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰਿਉਂ ਸਿਰਜ ਸਵਾਰ ਕੇ ਯੂਥ ਕਾਂਗਰਸ ਦੇ ਵਿਚ ਇਕ ਨਵੀਂ ਰੂਹ ਭਰਨਗੇ।